
ਮਾਤਾ ਸੁਲੱਖਣੀ ਜੀ ਦਾ ਜਨਮ ਪਿੰਡ ਪੱਖੋਕੇ, ਜ਼ਿਲ੍ਹਾ ਗੁਰਦਾਸਪੁਰ ਵਿਚ ਮੂਲ ਚੰਦ ਚੋਣਾ ਖੱਤਰੀ ਦੇ ਘਰ ਮਾਤਾ ਚੰਦੋ ਦੀ ਕੁੱਖੋਂ ਹੋਇਆ। ਆਪ ਦਾ ਜਨਮ ੧੨ ਅਕਤੂਬਰ, ੧੪੭੬ ਈ. ਦੇ ਦਿਨ ਹੋਇਆ ਸੀ। ਭਾਈ ਮੂਲ ਚੰਦ ਜੀ ਪੱਖੋਕੇ ਦੇ ਇਲਾਕੇ ਦੇ ਪਟਵਾਰੀ ਸਨ ਅਤੇ ਬਟਾਲੇ ਰਹਿੰਦੇ ਸਨ। ਮਾਤਾ ਸੁਲੱਖਣੀ ਜੀ ਦਾ ਵਿਆਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ੨੪ ਸਤੰਬਰ, ੧੪੮੭ ਈ. ਨੂੰ ਬਟਾਲਾ ਵਿਖੇ ਹੋਇਆ। ਇਹ ਰਿਸ਼ਤਾ ਕਰਾਉਣ ਵਿਚ ਵਧੇਰੇ ਉੱਦਮ ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਦਾ ਸੀ। ਆਪ ਦੇ ਘਰ ੧੦ ਅਗਸਤ, ੧੪੯੪ ਈ. ਦੇ ਦਿਨ ਸ੍ਰੀ ਚੰਦ ਜੀ ਅਤੇ ੧੩ ਫਰਵਰੀ, ੧੪੯੭ ਈ. ਦੇ ਦਿਨ ਸੀ ਲਖਮੀ ਦਾਸ ਜੀ (ਦੋ ਬੇਟੇ) ਪੈਦਾ ਹੋਏ। ਮਾਤਾ ਸੁਲੱਖਣੀ ਜੀ ਬਹੁਤ ਸਬਰ ਵਾਲੀ ਇਸਤਰੀ ਸਨ ਜਿਨ੍ਹਾਂ ਨੇ ਆਪਣੇ ਪਤੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਾਲਾਂ ਬੱਧੀ ਪ੍ਰਚਾਰ ਯਾਤਰਾਵਾਂ ‘ਤੇ ਜਾਣ ਤੋਂ ਬਾਅਦ ਘਰ ਸੰਭਾਲਿਆ । ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਕਾਰਜਾਂ ਵਿਚ ਕਦੀ ਵੀ ਰੁਕਾਵਟ ਨਹੀਂ ਬਣੇ, ਸਗੋਂ ਉਨ੍ਹਾਂ ਘਰ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ। ਗੁਰੂ ਨਾਨਕ ਸਾਹਿਬ ਦੀ ਧਰਮ ਪਤਨੀ ਇੰਨੀ ਸੁਚੱਜੀ ਸੀ ਕਿ ਗੁਰੂ ਜੀ ਦਾ ਮਿਸ਼ਨ ਤੇ ਗ੍ਰਿਹਸਥ ਦੋਵੇਂ 2 ਬੜੇ ਹੀ ਸਫਲਤਾ-ਪੂਰਵਕ ਨੇਪਰੇ ਚੜ੍ਹੇ। ਮਾਤਾ ਸੁਲੱਖਣੀ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਵਿਚ ਇਸ ਸਹਾਇਤਾ ਲਈ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ।
ਡਾ. ਗੁਰਪ੍ਰੀਤ ਸਿੰਘ