ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥(ਅੰਗ ੧੩੬)
ਫਲਗੁਣਿ ਦਾ ਮਹੀਨਾ ਬਾਰਹ ਮਾਹਾ ਅਨੁਸਾਰ ਬਾਰਵਾਂ ਮਹੀਨਾ ਹੈ। ਮਾਘਿ ਤੇ ਫਲਗੁਣਿ-ਸਿਸੀਅਰ ਰੁੱਤ ਦੇ ਮਹੀਨੇ ਹਨ। ਇਸ ਮਹੀਨੇ ਦੇ ਨਾਮਕਰਣ ਬਾਰੇ ਜਾਣੀਏ ਤਾਂ ‘ਮਹਾਨ ਕੋਸ਼’ ਅਨੁਸਾਰ ਜਿਸ ਦੀ ਪੂਰਨਮਾਸ਼ੀ ਨੂੰ ਚੰਦ੍ਰਮਾ- ਪੂਰਵਾਫਾਲਗੁਨੀ ਅਥਵਾ ਉਤਰਾ ਫਾਲੁਗੁਣੀ ਨਛੱਤ੍ਰ ਵਿਚ ਉਦੈ ਹੋਵੇ।
ਸੰਖਿਆ ਕੋਸ਼ ਅਨੁਸਾਰ ਸਤਾਈ ਨਛੱਤ੍ਰਾਂ ਵਿੱਚੋਂ ਗਿਆਰਵਾਂ ਨਛੱਤ੍ਰ ਪੂਰਵਾ ਫਾਲਗੁਣੀ ਤੇ ਬਾਰਵਾਂ ਉਤਰਾ ਫਾਲਗੁਨੀ ਹੈ।
ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ (ਸੰਸਕ੍ਰਿਤ ਫਾਲਗੁਨ) ਫੱਗਣ ਦਾ ਮਹੀਨਾ। ਇਸ ਲਈ ਇਨ੍ਹਾਂ ਨਛੱਤ੍ਰਾਂ ਤੋਂ ਇਸ ਮਹੀਨੇ ਦਾ ਨਾਮ ਫਲਗੁਣਿ ਰੱਖਿਆ ਗਿਆ।
‘ਸਮ ਅਰਥ ਕੋਸ਼’ ਵਿਚ ਫਲਗੁਣਿ ਦੇ ਸਮਾਨਅਰਥੀ ਸ਼ਬਦ- ਤਪਸਯ, ਤਪਾ, ਫਲਗੁਣ, ਨਾਗ, ਫਾਲਗੁਨ, ਫਾਲ ਗੁਣਿਕ ਆਦਿ ਹਨ। ਆਮ ਬੋਲਚਾਲ ਵਿਚ ਅਸੀਂ ‘ਫੱਗਣ ਸ਼ਬਦ ਉਚਾਰਦੇ ਹਾਂ। ਇਸ ਮਹੀਨੇ ਸਰਦ ਰੁੱਤ ਦਾ ਜੋਰ ਘੱਟਣ ਕਰਕੇ ਫੱਗਣ ਕੰਧੀ ਲੱਗਣਾ ਲੋਕ ਮੁਹਾਵਰਾ ਹੈ, ਭਾਵ ਧੁੱਪ ਤੋਂ ਬਚਾਉ ਲਈ ਕੰਧ ਦੀ ਛਾਂ ਦਾ ਸਹਾਰਾ ਭਾਲਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਰੁੱਤ ਬਦਲਾਓ ਦਾ ਨਕਸ਼ਾ ਇਉਂ ਵੀ ਉਚਾਰਿਆ ਗਿਆ ਹੈ :
ਅੱਸੂ ਸਿਆਲਾ ਜੰਮਿਆਂ,
ਕੱਤੇ ਵੱਡਾ ਹੋ।
ਮੱਘਰ ਫੌਜਾਂ ਚਾੜੀਆਂ,
ਪੋਹ ਲੜਾਈ ਹੋ।
ਮਾਘ ਪਾਲਾ ਜੰਮਿਆਂ,
ਫੱਗਣ ਕੀਤਾ ਸੋ।
ਚੇਤਰ ਪਿੰਡ ਪੜ੍ਹਾਇਆ,
ਵੈਸਾਖ ਵਿਦਿਆ ਹੋ।
ਦਸਮ ਪਾਤਸ਼ਾਹ ਜੀ ਨੇ ਬ੍ਰਿਹ ਨਾਟਕ ਬਾਰਾਮਾਹ ਵਿਚ ਸ਼ਬਦ ‘ਫਾਗੁਨ’ ਲਿਖਿਆ ਹੈ। ਇਸ ਮਹੀਨੇ ਬ੍ਰਿਹੋਂ ਕੁੱਠੀ ਆਤਮਾ ਦੀ ਅਵਸਥਾ ਨੂੰ ਇਉਂ ਬਿਆਨ ਕੀਤਾ ਹੈ :
ਫਾਗੁਨ ਫਾਗ ਬਯੋ ਅਨੁਰਾਗ ਸੁਹਾਗਨ ਭਾਗ ਸੁਹਾਗ ਸੁਹਾਈ॥
ਕੇਸਰ ਚੀਰ ਬਨਾਇ ਸਰੀਰ ਗੁਲਾਬ ਅਬੀਰ ਗੁਲਾਲ ਉਡਾਈ॥
ਸੋ ਛਬਿ ਮੈ ਨ ਲਖੀ ਜਨ ਦ੍ਵਾਦਸ ਮਾਸ ਕੀ ਸੋਭਤ ਆਗ ਜਗਾਈ॥
ਆਸ ਕੋ ਤ੍ਯਾਗ ਨਿਰਾਸ ਭਈ ਟਸਯੋ ਨ ਹੀਯੋ ਕਸਕ੍ਯੋ ਨ ਕਸਾਈ॥੯੨੫॥
(ਸ੍ਰੀ ਦਸਮ ਗ੍ਰੰਥ, ਪੰਨਾ ੩੭੭-੭੮)
ਭਾਵ – ਸੁਹਾਗ ਭਾਗ ਵਾਲੀਆਂ ਸੁਹਾਗਣਾਂ ਨੂੰ ਫੱਗਣ ਦੇ ਮਹੀਨੇ ਅਨੰਤ ਖ਼ੁਸ਼ੀ ਹੈ।
ਉਨ੍ਹਾਂ ਸਰੀਰ ਦੇ ਕੱਪੜੇ ਕੇਸਰ ਰੰਗੇ ਕੀਤੇ ਹਨ ਤੇ ਗੁਲਾਬ ਦੇ ਅਰਕ ਤੋਂ ਤਿਆਰ ਸੁਗੰਧੀ ਵਾਲੀ ਗੁਲਾਲ ਮਲਦੀਆਂ ਹਨ। ਉਸ ਦੀ ਉਪਮਾ (ਛਬਿ) ਮੈਂ ਇਹੋ ਜਾਣੀ ਹੈ ਕਿ ਮਾਨੋਂ ਬਾਰਾਂ ਮਹੀਨਿਆਂ (ਦ੍ਵਾਦਸ ਮਾਸ) ਦੀ ਸੁੱਤੀ ਪ੍ਰੇਮ ਅਗਨੀ ਜਗਾਈ ਹੈ ਪਰ ਮੈਂ ਆਸ ਨੂੰ . ਤਿਆਗ ਕੇ ਨਿਰਾਸ ਹਾਂ ਕਿ ਪ੍ਰੇਮੀ ਦਾ ਹਿਰਦਾ ਨਹੀਂ ਝੁਕਿਆ (ਟਸਕਯੋ) ਤੇ ਨਾ ਹੀ ਸਾਡੀ ਖਿੱਚ (ਕਸਯੋ) ਹੈ।
ਫਲਗੁਣਿ ਦੇ ਮਹੀਨੇ ਪ੍ਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਹ ਮਾਹਾ ਤੁਖਾਰੀ ਵਿਚ
ਇਉਂ ਉਪਦੇਸ਼ ਬਖ਼ਸ਼ਿਸ਼ ਕੀਤਾ ਹੈ :
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥
ਅਨਦਿਨੁ ਰਹਸੁ ਭਇਆ
ਆਪੁ ਗਵਾਇਆ॥
ਭਾਵ ਕਿ ਸਖਤ ਸਰਦੀ ਤੋਂ ਬਾਅਦ ਰੁੱਤ ਬਦਲੀ ਤੇ ਫੱਗਣ ਦੇ ਮਹੀਨੇ ‘ਚ ਜਿਸ ਜੀਵ ਦੇ ਮਨ ਵਿਚ ਪ੍ਰਭੂ ਪਿਆਰ ਮਿੱਠਾ ਲੱਗਾ ਅਤੇ ਜਿਸ ਨੇ ਆਪਾ ਭਾਵ ਗੁਆ ਲਿਆ, ਉਸ ਦੇ ਮਨ ਵਿਚ ਹਰ ਵੇਲੇ ਖਿੜਾਓ ਬਣਿਆ ਰਹਿੰਦਾ ਹੈ।
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ
ਕਰਿ ਕਿਰਪਾ ਘਰਿ ਆਓ॥
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥
ਜਦ ਜੀਵ ਨੇ ਮਾਇਆ ਦਾ ਮੋਹ ਦੂਰ ਕੀਤਾ ਤੇ ਜਦ ਪ੍ਰਭੂ ਨੂੰ ਚੰਗਾ ਲੱਗਾ ਤੇ ਉਸ ਦੀ ਕਿਰਪਾ ਨਾਲ ਹਿਰਦੇ ਰੂਪੀ ਘਰ ਵਿਚ ਪ੍ਰਭੂ ਦਾ ਆਉਣਾ ਹੋਇਆ। ਦੂਜੇ ਪਾਸੇ ਪ੍ਰਭੂ ਪਿਆਰ ਤੋਂ ਸੱਖਣੀ ਅਨੇਕਾਂ ਸ਼ਿੰਗਾਰ ਕਰਦੀ ਹੈ ਪਰ ਦੁਹਾਗਣ ਨੂੰ ਪ੍ਰਭੂ ਕੰਤ ਦੇ ਮਹੱਲ ਵਿਚ ਥਾਂ ਨਹੀਂ ਮਿਲਿਆ।
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
ਜੋ ਜੀਵ-ਇਸਤਰੀ ਪ੍ਰਭੂ ਕੰਤ ਨੇ ਅਪਣਾਅ ਲਈ, ਉਹ ਸਮਝੋ ਹਾਰ, ਬਾਜੂਬੰਦ, ਰੇਸ਼ਮੀ ਬਸਤਰਾਂ ਆਦਿ ਨਾਲ ਸਹਿਜੇ ਹੀ ਸ਼ਿੰਗਾਰੀ ਗਈ। ਅੰਤ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੋ ਜੀਵ-ਇਸਤਰੀ ਗੁਰੂ ਨੇ ਆਪਣੇ ਲੜ ਲਾ ਲਈ, ਉਸ ਨੇ ਆਪਣੇ ਹਿਰਦੇ ਘਰ ਵਿਚ ਹੀ ਪ੍ਰਭੂ ਕੰਤ ਦਾ ਮਿਲਾਪ ਪ੍ਰਾਪਤ ਕਰ ਲਿਆ।
ਭਾਵੇਂ ਕਿਸੇ ਮਤ ਵਿਚ ਫੱਗਣ ਮਹੀਨੇ ਦੇ ਹਨੇਰੇ ਪੱਖ ਦੀ ਇਕਾਦਸ਼ੀ ਨੂੰ ਵਿਜੈ ਇਕਾਦਸ਼ੀ ਦਾ ਵਰਤ ਵੀ ਰੱਖਿਆ ਜਾਂਦਾ ਕਿ ਮਨੁੱਖ ਅਗਲੇਰੇ ਜਨਮ ਵਿਚ ਰਾਜ ਭਾਗ ਦਾ ਅਧਿਕਾਰੀ ਬਣੇਗਾ ਅਤੇ ਵਿਰੋਧੀਆਂ ਉੱਪਰ ਜਿੱਤ ਪ੍ਰਾਪਤ ਕਰਨ ਲਈ ਹਨੇਰੇ ਪੱਖ ਦੀ ਇਕਾਦਸ਼ੀ ਦੇ ਵਰਤ ਦਾ ਵਿਚਾਰ ਵੀ ਹੈ। ਗੁਰਮਤਿ ਵਿਚ ਅਜਿਹਾ ਕੋਈ ਵੀ ਭਰਮ ਕਰਮ ਨਹੀਂ ਹੈ। ਸਤਿਗੁਰਾਂ ਨੇ ਫਲਗੁਣਿ ਮਹੀਨੇ ਪ੍ਰਥਾਇ ਸਾਨੂੰ ਜੋ ਉਪਦੇਸ਼ ਬਖ਼ਸ਼ਿਆ ਹੈ, ਅਸੀਂ ਉਸ ਉੱਪਰ ਭਰੋਸੇ ਨਾਲ ਪਹਿਰਾ ਦੇਣਾ ਹੈ। ਬਾਰਹ ਮਾਹਾ ਮਾਂਝ ਵਿਚ ਪੰਚਮ ਪਾਤਸ਼ਾਹ ਜੀ
ਉਪਦੇਸ਼ ਦ੍ਰਿੜਾਉਂਦੇ ਹਨ :
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥
ਭਾਵ – ਫੱਗਣ ਦੇ ਮਹੀਨੇ ਜਦ ਪ੍ਰਭੂ ਪ੍ਰੀਤਮ-ਜੀਵ ਰੂਪੀ ਇਸਤਰੀ ਦੇ ਹਿਰਦੇ ਵਿਚ ਪ੍ਰਗਟ ਹੋਏ ਤਾਂ ਆਤਮਿਕ ਅਨੰਦ ਦੀ ਪ੍ਰਾਪਤੀ ਹੋਈ। ਪ੍ਰਭੂ ਮਿਲਾਪ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਸਹਾਈ ਹੋਏ ਤੇ ਕਿਰਪਾ ਕਰ ਕੇ ਪ੍ਰਭੂ ਨਾਲ ਮਿਲਾ ਦਿੱਤਾ।
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥
(ਅੰਗ ੧੩੬)
ਪ੍ਰਭੂ ਮਿਲਾਪ ਸਦਕਾ ਹਿਰਦਾ ਰੂਪੀ ਸੇਜ ਸੁਹਾਵਣੀ ਹੋਈ ਤੇ ਸਾਰੇ ਸੁਖ ਪ੍ਰਾਪਤ ਹੋ ਗਏ ਤੇ ਹੁਣ ਦੁੱਖਾਂ ਲਈ ਥਾਂ ਹੀ ਨਹੀਂ ਰਹੀ। ਇੱਛਾ ਪੂਰੀ ਹੋਈ ਤਾਂ ਜੀਵ-ਇਸਤਰੀ ਵਡਭਾਗਣ ਹੋ ਗਈ ਤੇ ਉਸ ਨੇ ਪ੍ਰਭੂ ਮਾਲਕ ਨੂੰ ਪ੍ਰਾਪਤ ਕਰ ਲਿਆ।
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥
ਅਜਿਹੀਆਂ ਵਡਭਾਗਣਾਂ ਸਤਸੰਗੀ ਸਹੇਲੀਆਂ ਨਾਲ ਮਿਲ ਕੇ ਪ੍ਰਭੂ ਦੀ ਸਿਫਤ-ਸਾਲਾਹ ਦੇ ਗੀਤ ਭਾਵ ਗੁਰਬਾਣੀ ਗਾਉਂਦੀਆਂ ਹਨ ਤੇ ਪ੍ਰਭੂ ਵਰਗਾ ਉਨ੍ਹਾਂ ਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ, ਜੋ ਉਸ ਦੀ ਬਰਾਬਰੀ ਕਰ ਸਕੇ।
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥
ਪ੍ਰਭੂ ਨੇ ਉਨ੍ਹਾਂ ਦਾ ਲੋਕ ਪ੍ਰਲੋਕ ਸਵਾਰ ਦਿੱਤਾ ਤੇ ਅਚਲ ਸਥਾਨ ਬਖ਼ਸ਼ ਦਿੱਤਾ।
ਸੰਸਾਰ ਸਮੁੰਦਰ ਦੀਆਂ ਮਾਰੂ ਲਹਿਰਾਂ ਤੋਂ ਬਚਾਅ ਲਿਆ ਤੇ ਜਨਮ-ਮਰਨ ਦਾ ਗੇੜ ਖ਼ਤਮ ਕਰ ਦਿੱਤਾ।
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥੧੩॥
ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਡੀ ਜੀਭ ਇਕ ਹੈ ਤੇ ਪ੍ਰਭੂ ਦੇ ਗੁਣ ਅਨੇਕ ਹਨ
ਪਰ ਜੋ ਜੀਵ ਉਸ ਦੇ ਚਰਨੀਂ ਲੱਗ ਗਏ ਉਹ ਤਰ ਗਏ। ਇਸ ਲਈ ਫੱਗਣ ਦੇ ਮਹੀਨੇ ਉਸ ਸਮਰੱਥ ਪ੍ਰਭੂ ਦੀ ਨਿੱਤ ਸਿਫਤ-ਸਾਲਾਹ ਕਰਨੀ ਚਾਹੀਦੀ ਹੈ ਭਾਵ ਕਿ ਉਸ ਨੂੰ ਸਿਮਰਨਾ ਚਾਹੀਦਾ ਹੈ, ਜਿਸ ਨੂੰ ਆਪਣੀ ਵਡਿਆਈ ਦਾ ਰੱਤਾ ਭਰ ਵੀ ਲਾਲਚ ਨਹੀਂ ਪਰ ਇਸ ਵਿਚ ਸਾਡਾ ਭਲਾ ਹੈ।
ਬਾਰਹ ਮਾਹਾ ਬਾਣੀ ਦੇ ਅੰਤ ਵਿਚ ਤੱਤਸਾਰ ਹੈ ਕਿ ਜਦ ਕੋਈ ਜੀਵ ਬਾਰਾਂ ਮਹੀਨੇ ਹੀ ਉਸ ਪ੍ਰਭੂ ਦੀ ਬੰਦਗੀ ਤੇ ਭਾਣੇ ਵਿਚ ਗੁਜ਼ਾਰਦਾ ਹੈ ਤਾਂ ਨਾਮ ਧਿਆਉਣ ਵਾਲਿਆਂ ਨੂੰ ਕੀ ਪ੍ਰਾਪਤੀ ਹੋਈ ? ਸਤਿਗੁਰੂ ਜੀ ਫਰਮਾਉਂਦੇ ਹਨ :
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ॥
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ॥ ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ॥
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ॥
ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ॥ ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ॥ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥੧੪॥੧॥
ਭਾਵ : ਜਿਸ-ਜਿਸ ਜੀਵ ਨੇ ਪ੍ਰਭੂ ਨਾਮ ਸਿਮਰਿਆ, ਉਨ੍ਹਾਂ ਦੇ ਸਾਰੇ ਕਾਰਜ ਸੰਵਰ ਗਏ। ਪੂਰੇ ਗੁਰੂ ਨੂੰ ਜਦ ਅਰਾਧਿਆ ਤਾਂ ਅਰਾਧਣ ਵਾਲੇ ਸੱਚੀ ਦਰਗਾਹ ਵਿਚ ਪ੍ਰਵਾਨ ਚੜ੍ਹ ਗਏ। ਸਾਰੇ ਸੁੱਖਾਂ ਦਾ ਖ਼ਜ਼ਾਨਾ ਤਾਂ ਪ੍ਰਭੂ ਦੇ ਚਰਨ ਕਮਲ ਹਨ, ਇਸ ਲਈ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਉਹ ਪਾਰ ਹੋ ਗਏ। ਉਨ੍ਹਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕਰ ਲਈ ਤੇ ਤ੍ਰਿਸ਼ਨਾ ਦੀ ਅੱਗ ਵਿਚ ਨਾ ਸੜੇ। ਵਿਅਰਥ ਦੇ ਝੂਠੇ ਲਾਲਚ ਖ਼ਤਮ ਹੋ ਗਏ ਤੇ ਸੱਚ ਨਾਲ ਭਰਪੂਰ ਹੋ ਕੇ ਪੂਰਨ ਪੁਰਸ਼ ਹੋ ਗਏ। ਉਹ ਮਨ ਵਿਚ ਇਕ ਪ੍ਰਭੂ ਨੂੰ ਟਿਕਾ ਕੇ ਉਸ ਨੂੰ ਸਿਮਰਦੇ ਰਹੇ। ਇਸ ਲਈ ਪ੍ਰਭੂ ਮਿੱਤਰ ਦੀ ਨਜ਼ਰ ਵਾਲਿਆਂ ਲਈ ਸਾਰੇ ਹੀ ਮਹੀਨੇ, ਦਿਨ, ਮਹੂਰਤ (ਸਮੇਂ) ਭਲੇ ਹਨ। ਨਾਨਕ ਤਾਂ ਦਰਸ਼ਨ ਦੀ ਦਾਤ ਮੰਗਦਾ ਹੈ, ਹੇ ਪ੍ਰਭੂ ਜੀ ! ਮਿਹਰ ਕਰੋ। ਤੱਤਸਾਰ ਵਜੋਂ ਸਿੱਖ ਨੇ ਗੁਰਬਾਣੀ ਉੱਪਰ ਭਰੋਸਾ ਰੱਖਣਾ ਹੈ ਤੇ ਉਸ ਦੇ ਸਾਰੇ ਹੀ ਮਹੀਨੇ ਸਫਲ ਹੋਣਗੇ।
ਡਾ. ਇੰਦਰਜੀਤ ਸਿੰਘ ਗੋਗੋਆਣੀ
