79 views 2 secs 0 comments

੨੬ ਫਰਵਰੀ ਨੂੰ ਜਨਮ ਦਿਹਾੜੇ ’ਤੇ ਵਿਸ਼ੇਸ਼ : ਸਾਹਿਬਜ਼ਾਦਾ ਫ਼ਤਿਹ ਸਿੰਘ

ਲੇਖ
February 24, 2025

ਡਾ. ਗੁਰਪ੍ਰੀਤ ਸਿੰਘ

ਸਾਹਿਬਜ਼ਾਦਾ ਫ਼ਤਿਹ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਛੋਟਾ ਸਪੁੱਤਰ ਸੀ। ਇਸ ਦਾ ਜਨਮ ੨੬ ਫਰਵਰੀ, ੧੬੯੯ ਈ. ਨੂੰ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਸਾਹਿਬਜ਼ਾਦਾ ਫ਼ਤਿਹ ਸਿੰਘ ਅਜੇ ੨ ਸਾਲ ਦੀ ਉਮਰ ਦੇ ਵੀ ਨਹੀਂ ਸਨ ਹੋਏ ਜਦ ਇਹਨਾਂ ਦੇ ਮਾਤਾ ਜੀ ੫ ਦਸੰਬਰ, ੧੭੦੦ ਈ. ਦੇ ਦਿਨ ਚੜ੍ਹਾਈ ਕਰ ਗਏ । ਸਾਹਿਬਜ਼ਾਦਾ ਫ਼ਤਿਹ ਸਿੰਘ ਦਾ ਪਾਲਣ-ਪੋਸ਼ਣ ਮਾਤਾ ਗੁਜਰੀ ਜੀ ਕੋਲ ਹੀ ਹੋਇਆ ਸੀ। ਆਪ ਜੀ ਨੇ ਬਾਣੀ ਕੰਠ ਕੀਤੀ ਅਤੇ ਗਤਕਾ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਸਨ। ‘ ਕੁਝ ਨਿਹੰਗ ਸਿੰਘ ਦੁਮਾਲੇ ਵਿਚਲੇ ਫ਼ੱਰਰੇ ਦੀ ਸ਼ੁਰੂਆਤ ਸਾਹਿਬਜ਼ਾਦਾ ਫ਼ਤਿਹ ਸਿੰਘ ਤੋਂ ਮੰਨਦੇ ਹਨ। ੧੬ ਜਨਵਰੀ, ੧੭੦੪ ਈ. ਨੂੰ ਅਜਮੇਰ ਚੰਦ ਨੇ ਜਦ ਸ੍ਰੀ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ ਸੀ ਤਾਂ ਸਿੱਖਾਂ ਦੀ ਫ਼ੌਜ ਵਿਚ ਭਾਈ ਮਾਨ ਸਿੰਘ ਕੋਲ ਨਿਸ਼ਾਨ ਸਾਹਿਬ ਸੀ। ਜੰਗ ਦੌਰਾਨ ਭਾਈ ਮਾਨ ਸਿੰਘ ਜ਼ਖ਼ਮੀ ਹੋ ਗਏ ਤੇ ਨਿਸ਼ਾਨ ਸਾਹਿਬ ਵੀ ਟੁੱਟ ਕੇ ਜ਼ਮੀਨ ‘ਤੇ ਡਿਗ ਪਿਆ। ਜਦ ਗੁਰੂ ਜੀ ਕੋਲ ਇਹ ਖ਼ਬਰ ਪਹੁੰਚੀ ਤਾਂ ਗੁਰੂ ਜੀ ਨੇ ਆਪਣੀ ਵੱਡੀ ਸੁਰਮਈ ਦਸਤਾਰ ਹੇਠਾਂ ਬੰਨੀ ਨੀਲੀ ਕੇਸਕੀ ਵਿੱਚੋਂ ਇਕ ਲੀਰ ਪਾੜ੍ਹ ਕੇ ਦਸਤਾਰ ਵਿਚ ਫ਼ਰਰੇ ਵਾਂਗ ਸਜਾ ਲਈ ਤੇ ਕਿਹਾ ਕਿ ਹੁਣ ਖ਼ਾਲਸੇ ਦਾ ਨਿਸ਼ਾਨ ਕਦੇ ਵੀ ਨਾ ਟੁਟੇਗਾ, ਨਾ ਡਿੱਗੇਗਾ, ਨਾ ਝੁਕੇਗਾ। ਬਾਕੀ ਸਿੰਘਾਂ ਕੋਲ ਬੈਠੇ ੬ ਕੁ ਸਾਲਾਂ ਦੇ ਸਾਹਿਬਜ਼ਾਦਾ ਫ਼ਤਿਹ ਸਿੰਘ ਨੇ ਵੀ ਫ਼ੱਰਰਾ ਸਜ਼ਾ ਲਿਆ। ਇਸ ਦਿਨ ਤੋਂ ਨਿਹੰਗ ਸਿੰਘਾਂ ਦੀਆਂ ਦਸਤਾਰਾਂ ਵਿਚ ਫ਼ੱਰਰੇ ਸਜਾਉਣ ਦੀ ਸ਼ੁਰੂਆਤ ਹੋਈ।

੧੭੦੫ ਈ. ਨੂੰ ਜਦ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਜੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨਾਲ ਸਹੇੜੀ ਪਹੁੰਚੇ। ਇਥੋਂ ਗ੍ਰਿਫਤਾਰ ਕਰ ਕੇ ਸਰਹਿੰਦ ਪਹੁੰਚਾਇਆ ਗਿਆ। ਇਥੇ ਹੀ ੧੨ ਦਸੰਬਰ, ੧੭੦੫ ਈ. ਨੀਹਾਂ ਵਿਚ ਚਿਣ ਦਿੱਤਾ ਗਿਆ। ਪਰ ਛੇਤੀ ਹੀ ਦੀਵਾਰ ਢੱਠ ਗਈ। ਸਾਹਿਬਜ਼ਾਦੇ ਅਜੇ ਸਹਿਕ ਰਹੇ ਸਨ । ਵਜ਼ੀਰ ਖਾਨ ਨੇ ਦੋਹਾਂ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦਿੱਤਾ । ਇਸ ਤਰ੍ਹਾਂ ੬ ਸਾਲ ਦੀ ਉਮਰ ਵਿਚ ਸਾਹਿਬਜ਼ਾਦਾ ਫ਼ਤਿਹ ਸਿੰਘ ਸ਼ਹਾਦਤ ਪਾ ਗਏ ਸਨ।