ਭਗਤ ਰਵਿਦਾਸ ਜੀ ਦਾ ਸਮਕਾਲੀ ਸਮਾਜ ਜਾਤ-ਪਾਤ, ਕਰਮ-ਕਾਂਡਾਂ ਅਤੇ ਧਾਰਮਿਕ ਕੱਟੜਤਾ ਆਦਿ ਦੇ ਰੋਗਾਂ ਨਾਲ ਪੀੜਤ ਸੀ। ਇਕ ਪਾਸੇ ਆਮ ਲੋਕ ਬਦੇਸ਼ੀ ਹਕੂਮਤ ਦੀ ਗੁਲਾਮੀ ਸਹਿ ਰਹੇ ਸਨ, ਤਾਂ ਦੂਜੇ ਪਾਸੇ ਸੁਦੇਸ਼ੀ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਕਥਿਤ ਨੀਵੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਧਾਰਮਿਕ ਅਤੇ ਸਮਾਜਕ ਅਧਿਕਾਰਾਂ ਤੋਂ ਵਾਂਝਿਆ ਕੀਤਾ ਹੋਇਆ ਸੀ। ਇਸ ਸਮੇਂ ਸ਼ੂਦਰ ਜਾਤ ਦਾ ਧਾਰਮਿਕ ਵਿਸ਼ਿਆਂ ਉੱਪਰ ਬੋਲਣ ਜਾਂ ਸੁਣਨ ਨੂੰ ਅਪਰਾਧ ਮੰਨਿਆਂ ਜਾਂਦਾ ਸੀ। ਅਛੂਤ ਜਾਤ ਦੇ ਲੋਕਾਂ ਨਾਲ ਤਾਂ ਪਸ਼ੂਆਂ ਨਾਲੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਕੁੱਤਾ ਤਾਂ ਖੂਹ ਤੋਂ ਪਾਣੀ ਪੀ ਸਕਦਾ ਸੀ, ਪਰ ਅਛੂਤ ਨਹੀਂ। ਇਨ੍ਹਾਂ ਵਿਚੋਂ ਜੇ ਕੋਈ ਅਧਿਆਤਮਿਕ ਪ੍ਰਾਪਤੀ ਲਈ ਯਤਨ ਕਰਦਾ ਸੀ ਤਾਂ ਉਸ ਨੂੰ ਸਖਤ ਤਸੀਹੇ ਸਹਿਣੇ ਪੈਂਦੇ ਸਨ। ਇਹ ਕੁਝ ਕਈ ਸਦੀਆਂ ਤੋਂ ਚਲ ਰਿਹਾ ਸੀ। ਇਥੋਂ ਤੱਕ ਲਿਖਿਆ ਮਿਲਦਾ ਹੈ ਕਿ ਮਰਿਯਾਦਾ ਪਰਸ਼ੋਤਮ ਭਗਵਾਨ ਰਾਮ ਚੰਦਰ ਜੀ ਦੇ ‘ਰਾਮ ਰਾਜ’ ਵਿਚ ਸੰਬੁਕ ਨਾਮੀ ਇਕ ਸ਼ੂਦਰ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਸੀ ਕਿਉਂ ਚ ਉਹ ‘ਰਾਮ’ ਦਾ ਨਾਮ ਜਪ ਰਿਹਾ ਸੀ।
ਪੁਜਾਰੀ ਅਤੇ ਪੁਰੋਹਿਤ ਸ਼੍ਰੇਣੀ ਨੇ ਯੋਜਨਾ-ਬੱਧ ਢੰਗ ਨਾਲ ਧਾਰਮਿਕ ਗ੍ਰੰਥਾਂ ਵਿਚ ਮਨੁੱਖਾਂ ਵਿਚ ਵੰਡ ਪਾਈ। ਮਨੂੰ ਸਿਮਰਤੀ ਗ੍ਰੰਥਾਂ ਵਿਚ ਲਿਖਿਆ ਗਿਆ ਕਿ ਜੇ ਕੋਈ ਦਲਿਤ ਵੇਦ ਪਾਠ ਸੁਣ ਲਏ ਤਾਂ ਉਸ ਦੇ ਕੰਨਾਂ ਵਿਚ ਸਿੱਕਾ ਪਿਘਲਾ ਕੇ ਪਾਇਆ ਜਾਣਾ ਚਾਹੀਦਾ ਹੈ ਅਤੇ ਜੇ ਉਹ ਮੂੰਹ ਤੋਂ ਵੇਦ ਪਾਠ ਉਚਾਰੇ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਣੀ ਚਾਹੀਦੀ ਹੈ। ਪਰੋਹਿਤ ਲੋਕ ਧਾਰਮਿਕ ਗ੍ਰੰਥਾਂ ਦੀ ਮਨ-ਭਾਉਂਦੀ ਵਿਆਖਿਆ ਕਰਦੇ ਸਨ। ਉਨ੍ਹਾਂ ਇਹ ਗੱਲ ਦ੍ਰਿੜ ਕਰਾਈ ਕਿ ਨੀਵੀਆਂ ਜਾਤਾਂ ਦੇ ਲੋਕ ਨੀਚ ਅਤੇ ਘਟੀਆ ਹੁੰਦੇ ਹਨ। ਇਸ ਮਾਨਵਤਾ ਵਿਰੋਧੀ ਧਾਰਮਿਕ ਸ਼ੋਸ਼ਣ ਦੇ ਵਿਰੁੱਧ ਮੱਧਕਾਲ ਵਿਚ ਭਗਤੀ ਲਹਿਰ ਦਾ ਚਲਣਾ, ਇਕ ਕਰਾਮਾਤ ਤੋਂ ਘੱਟ ਨਹੀਂ ਸੀ। ਬਨਾਰਸ ਬ੍ਰਾਹਮਣਵਾਦੀ ਅੰਦੋਲਨ ਤੇ ਸਭਿਆਚਾਰ ਦਾ ਕੇਂਦਰ ਸੀ। ਇਥੋਂ ਹੀ ਇਸ ਦੇ ਵਿਰੋਧ ਵਿਚ ਭਗਤੀ ਲਹਿਰ ਦਾ ਆਰੰਭ ਹੋਇਆ। ਇਸ ਲਹਿਰ ਦੇ ਦੇ ਪ੍ਰਮੁੱਖ ਨੇਤਾ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਸਨ। ਇਹ ਦੇਵੇਂ ਨੀਵੀਆਂ ਜਾਤਾਂ ਨਾਲ ਸੰਬੰਧਿਤ ਸਨ। ਭਗਤਾਂ ਨੇ ਜਾਤ-ਪਾਤ ਨੂੰ ਵੰਗਾਰਿਆ ਅਤੇ ਬ੍ਰਾਹਮਣੀ ਵਿਚਾਰਧਾਰਾ ਦਾ ਖੰਡਨ ਕੀਤਾ। ਇਹ ਪਰਮਾਤਮਾ ਦੀ ਲੀਲ੍ਹਾ ਹੀ ਸੀ ਕਿ ਬ੍ਰਾਹਮਣੀ ਵਿਚਾਰਧਾਰਾ ਨੂੰ ਚੁਣੌਤੀ ਇਨ੍ਹਾਂ ਨੀਵੀਆਂ ਸ਼੍ਰੇਣੀਆਂ ਵਿਚ ਪੈਦਾ ਹੋਏ, ਕੁਝ ਚੁਣੇ ਹੋਏ ਲੋਕਾਂ ਨੇ ਬਨਾਰਸ ਵਿਚ ਹੀ ਦਿੱਤੀ।
ਭਗਤ ਰਵਿਦਾਸ ਜੀ ਅਜਿਹੇ ਹੀ ਭ੍ਰਿਸ਼ਟ ਸਮਾਜਿਕ ਪ੍ਰਬੰਧ ਵਿਚ ਪੈਦਾ ਹੋਏ। ਉਨ੍ਹਾਂ ਅਛੂਤ ਲੋਕਾਂ ਉੱਪਰ ਹੋ ਰਹੇ ਜ਼ੁਲਮ ਨੂੰ ਆਪਣੇ ਪਿੰਡੇ ਉੱਪਰ ਹੰਢਾਇਆ ਅਤੇ ਫਿਰ ਆਪਣੀ ਬਾਣੀ ਵਿਚ ਇਸ ਵਿਰੁੱਧ ਦ੍ਰਿੜਤਾਪੂਰਵਕ ਆਵਾਜ਼ ਵੀ ਉਠਾਈ। ਉਨ੍ਹਾਂ ਆਪਣੀ ਜਾਤ ਤੇ ਕੰਮ ਨੂੰ ਘਟੀਆ ਜਾਣ ਕੇ ਛਿਪਾਇਆ ਨਹੀਂ, ਸਗੋਂ ਡੰਕੇ ਦੀ ਚੋਟ ‘ਤੇ ਦੱਸਿਆ।
ਭਗਤ ਰਵਿਦਾਸ ਜੀ ਦੇ ਜਨਮ ਸਥਾਨ, ਜਨਮ ਮਿਤੀ ਅਤੇ ਚਲਾਣੇ ਦੀ ਮਿਤੀ ਬਾਰੇ ਪੱਕੀ ਜਾਣਕਾਰੀ ਦੀ ਅਣਹੋਂਦ ਹੋਣ ਕਾਰਣ, ਵਿਦਵਾਨਾਂ ਵਿਚ ਕਈ ਮੱਤ ਪਾਏ ਜਾਂਦੇ ਹਨ। ਫਿਰ ਵੀ ਵਧੇਰੇ ਵਿਦਵਾਨ ਆਪ ਜੀ ਦਾ ਜਨਮ ਮਾਘ ਸੁਦੀ ੧੫, ਸੰਮਤ ੧੪੩੩ ਨੂੰ ਮੰਨਦੇ ਹਨ। ਭਾਈ ਕਾਨ੍ਹ ਸਿੰਘ ਹੁਰਾਂ ਭਗਤ ਰਵਿਦਾਸ ਜੀ ਦੀ ਜਨਮ ਮਿਤੀ ਹਾੜ ਦੀ ਪੂਰਨਮਾਸ਼ੀ ੧੪੫੬ ਬਿਕ੍ਰਮੀ ਮੰਨੀ ਹੈ। ਡਾ. ਸਾਬਰ ਨੇ ਭਗਤ ਜੀ ਦੀ ਜਨਮ ਮਿਤੀ ਮਾਘ ਸੁਦੀ ੧੫. ੧੪੩੩ ਸੰਮਤ ਮੰਨਦੇ ਹੋਏ ਭੀ, ਅੰਤਮ ਰੂਪ ਵਿਚ ਕੁਝ ਕਹਿਣ ਤੋਂ ਸੰਕੋਚ ਕੀਤਾ ਹੈ।
ਜਿਥੋਂ ਤਕ ਜਨਮ ਸਥਾਨ ਦਾ ਪ੍ਰਸ਼ਨ ਹੈ, ਇਸ ਬਾਰੇ ਕੁਝ ਵਿਦਵਾਨ ਆਪ ਜੀ ਦਾ ਜਨਮ ਸਥਾਨ ਰਾਜਸਥਾਨ ਅਤੇ ਕੁਝ ਗੁਜਰਾਤ ਵੀ ਮੰਨਦੇ ਹਨ, ਪਰ ਇਸ ਬਾਰੇ ਭਗਤ ਰਵਿਦਾਸ ਜੀ ਨੇ ਆਪ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਨਾਰਸ ਜਾਂ ਇਸ ਦੇ ਨੇੜੇ-ਤੇੜੇ ਦੇ ਵਸਨੀਕ ਸਨ:
ਮੇਰੀ ਜਾਤਿ ਕੁਟ ਬਾਂਢਲਾ ਢੇਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ ੧੨੯੩)
ਉਪਰੋਕਤ ਪੰਕਤੀ ਵਿਚ ਭਗਤ ਜੀ ਨੇ ਆਪਣੇ ਪਿਤਾ-ਪੁਰਖੀ ਕਿੱਤੇ ਦੀ ਵੀ ਪੂਰੀ ਜਾਣਕਾਰੀ ਦਿੱਤੀ ਹੈ। ਇਸ ਬਾਰੇ ਭਾਈ ਗੁਰਦਾਸ ਜੀ ਵੀ ਪ੍ਰੋੜਤਾ ਕਰਦੇ ਹਨ:
ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ।
ਛੋਟੀ ਉਮਰ ਤੋਂ ਹੀ ਭਗਤ ਜੀ ਬੁੱਧੀਮਾਨ ਅਤੇ ਮਿਹਨਤੀ ਸਨ। ਕਿਹਾ ਜਾਂਦਾ ਹੈ ਕਿ ਸੱਤ ਵਰ੍ਹਿਆਂ ਦੀ ਉਮਰ ਵਿਚ ਹੀ ਭਗਤ ਜੀ ਨਉਧਾ ਭਗਤੀ ਵਿਚ ਪਰਪੱਕ ਹੋ ਗਏ ਸਨ। ਆਪ ਜੀ ਦੇ ਮਨ ਵਿਚ ਦੀਨ-ਦੁਖੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਅਤੇ ਭਲਾਈ ਕਰਨ ਦਾ ਜਜ਼ਬਾ ਭਰਿਆ ਹੋਇਆ ਸੀ। ਜੇ ਕੁਝ ਉਨ੍ਹਾਂ ਨੂੰ ਘਰੋਂ ਮਿਲਦਾ, ਉਸ ਨੂੰ ਲੋੜਵੰਦਾਂ ਵਿਚ ਵੰਡ ਦਿੰਦੇ ਸਨ। ਭਗਤੀ ਵਿਚ ਲੀਨ ਰਹਿਣ ਕਾਰਣ, ਆਪ ਜੀ ਘਰੇਲੂ ਕੰਮਾਂ ਵਿਚ ਦਿਲਚਸਪੀ ਨਹੀਂ ਲੈਂਦੇ ਸਨ। ਇਸ ਲਈ ਘਰ ਵਾਲਿਆਂ ਨੇ ਆਪ ਜੀ ਦੀ ਸ਼ਾਦੀ ਕਰ ਦਿੱਤੀ। ਪਰ, ਇਸ ਗ੍ਰਹਿਸਤੀ ਜੀਵਨ ਨੇ ਉਨ੍ਹਾਂ ਦੇ ਰੱਬੀ-ਪ੍ਰੇਮ ਨੂੰ ਪ੍ਰਭਾਵਿਤ ਨ ਕੀਤਾ। ਆਪ ਜੀ ਦੀ ਪਤਨੀ ਅਤੇ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਹਾਂ, ਇਹ ਜ਼ਰੂਰ ਪਤਾ ਚਲਦਾ ਹੈ ਕਿ ਆਪ ਜੀ ਨੂੰ ਘਰ ‘ਚੋਂ ਕੱਢ ਦਿੱਤਾ ਅਤੇ ਆਪ ਜੀ ਪਿੰਡ ਦੇ ਬਾਹਰ ਇਕ ਝੌਂਪੜੀ ਵਿਚ ਰਹਿਣ ਲੱਗੇ ਜਿੱਥੇ ਆਪ ਪਰਮਾਤਮਾ ਦਾ ਨਾਮ ਜਪਦੇ ਅਤੇ ਪਿਤਾ-ਪੁਰਖੀ ਕਿੱਤੇ ਰਾਹੀਂ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦੇ। ਇਸੇ ਤਰ੍ਹਾਂ ਦੀ ਸੱਚੀ-ਸੁੱਚੀ ਕਿਰਤ ‘ਚੋਂ ਹੀ ਜ਼ਰੂਰਤਮੰਦ ਲੋਕਾਂ ਦੀ ਲੋੜ ਪੂਰੀ ਕਰਦੇ। ਆਪ ਜੀ ਸਭਨਾਂ ਨਾਲ ਹਮਦਰਦੀ ਕਰਦੇ ਸਨ। ਇਸ ਲਈ ਆਪ ਜੀ ਦੀ ਲੋਕ-ਪ੍ਰਿਯਤਾ ਵਧਣ ਲੱਗੀ।
ਆਪ ਜੀ ਦੀ ਵਧਦੀ ਲੋਕ-ਪ੍ਰਿਯਤਾ ਨੂੰ ਵੇਖ ਕੇ, ਕੱਟੜਪੰਥੀ ਬ੍ਰਾਹਮਣਾਂ ਦੁਆਰਾ ਸਹਿਆ ਨਾ ਗਿਆ ਅਤੇ ਉਨ੍ਹਾਂ ਨਿਰਾਸ਼ ਹੋ ਕੇ ਉਸ ਸਮੇਂ ਦੇ ਹਾਕਮ ਕੋਲ ਸ਼ਿਕਾਇਤ ਕੀਤੀ ਕਿ ਰਵਿਦਾਸ ਨੀਵੀਂ ਜਾਤੀ ਦਾ ਹੁੰਦਾ ਹੋਇਆ, ਧਾਰਮਿਕ ਉਪਦੇਸ਼ ਦਿੰਦਾ ਹੈ। ਪਰ ਇਸ ਸ਼ਿਕਾਇਤ ਦਾ ਉਨ੍ਹਾਂ ਨੂੰ ਮਨ-ਇੱਛਤ ਲਾਭ ਨ ਹੋਇਆ। ਲੋਕ ਦਿਨੋਂ-ਦਿਨ ਭਗਤ ਜੀ ਦੇ ਸ਼ਰਧਾਲੂ ਬਣਦੇ ਗਏ। ਇਥੋਂ ਤੱਕ ਕਿ ਚਿਤੌੜ ਦੀ ਰਾਣੀ ਝਾਲੀ ਬਾਈ ਵੀ ਰਵਿਦਾਸ ਜੀ ਦੇ ਦਰਸ਼ਨਾਂ ਲਈ ਆਈ ਅਤੇ ਉਹ ਭਗਤ ਜੀ ਦੀ ਸ਼ਿਸ਼ ਬਣ ਗਈ। ਇਹ ਗੱਲ ਵੀ ਬ੍ਰਾਹਮਣ ਸ਼੍ਰੇਣੀ ਨੂੰ ਪਰੇਸ਼ਾਨ ਕਰਨ ਵਾਲੀ ਸੀ।
ਇਕ ਵੇਰ ਰਾਣੀ ਤਾਲੀ ਬਾਈ ਦੇ ਸੱਦੇ ਉੱਪਰ, ਭਗਤ ਰਵਿਦਾਸ ਜੀ ਚਿਤੌੜ ਪਹੁੰਚੇ। ਰਾਣੀ ਨੇ ਕਈ ਸਥਾਨਕ ਬ੍ਰਾਹਮਣਾਂ ਨੂੰ ਵੀ ਭੋਜਨ ਲਈ ਸੱਦਾ ਦਿੱਤਾ ਹੋਇਆ ਸੀ। ਬ੍ਰਾਹਮਣਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਕਿਹਾ ਕਿ ਭਗਤ ਜੀ ਨੂੰ ਅਛੂਤ ਹੋਣ ਕਾਰਣ ਪਹਿਲਾਂ ਭੋਜਨ ਨਾ ਕਰਾਇਆ ਜਾਵੇ। ਭਗਤ ਜੀ ਨਿਮਰਤਾ ਵਿਚ ਆ ਗਏ ਅਤੇ ਕਹਿਣ ਲੱਗੇ ਕਿ ‘ਮੈਂ ਭੋਜਨ ਤੁਹਾਡੇ ਬਾਅਦ ਹੀ ਕਰਾਂਗਾ।” ਜਦੋਂ ਬ੍ਰਾਹਮਣਾਂ ਨੇ ਭੋਜਨ ਸ਼ੁਰੂ ਕੀਤਾ ਤਾਂ ਸਭ ਬ੍ਰਾਹਮਣ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਭਗਤ ਰਵਿਦਾਸ ਜੀ ਹਰੇਕ ਬ੍ਰਾਹਮਣ ਦੇ ਨਾਲ ਬੈਠ ਕੇ ਭੋਜਨ ਕਰ ਰਹੇ ਹਨ। ਭਗਤ ਜੀ ਦੀ ਐਸੀ ਵਡਿਆਈ ਵੇਖ ਕੇ ਸਾਰੇ ਬ੍ਰਾਹਮਣ ਸ਼ਰਮਿੰਦੇ ਹੋਏ।
ਭਗਤ ਜੀ ਦੇ ਜੀਵਨ ਨਾਲ ਕਈ ਕਰਾਮਾਤਾਂ ਜੁੜੀਆਂ ਹੋਈਆਂ ਹਨ, ਜੋ ਕਿ ਬਾਅਦ ਵਿਚ ਸ਼ਰਧਾਲੂਆਂ ਵੱਲੋਂ ਜੋੜੀਆਂ ਗਈਆਂ ਹਨ। ਜਿਵੇਂ ਗੰਗਾ ਮਾਈ ਦੁਆਰਾ ਹੱਥ ਬਾਹਰ ਕੱਢ ਕੇ ਭੇਟਾ ਮੰਗਣੀ। ਇਹ ਘਟਨਾਵਾਂ ਭਗਤ ਰਵਿਦਾਸ ਜੀ ਦੀ ਮਹਿਮਾ ‘ਚ ਵਾਧਾ ਕਰਦੀਆਂ ਹਨ।
ਭਗਤ ਰਵਿਦਾਸ ਜੀ ਸਮਾਜਿਕ ਅਤੇ ਸੰਸਾਰਕ ਤੌਰ ‘ਤੇ ਭਾਵੇਂ ਗਰੀਬ ਸਨ, ਪਰ ਅਧਿਆਤਮਕ ਪੱਖ ਤੋਂ ਉਹ ਬਹੁਤ ਅਮੀਰ ਸਨ। ਉਨ੍ਹਾਂ ਨੇ ਆਪਣਾ ਜੀਵਨ ਸਾਦਗੀ ਅਤੇ ਸੇਵਾ ਵਿਚ ਬਤੀਤ ਕੀਤਾ। ਆਪ ਜੀ ਦੀ ਸਮੁੱਚੀ ਵਿਚਾਰਧਾਰਾ, ਜੋ ਆਪ ਜੀ ਦੀ ਬਾਣੀ ਵਿਚ ਮਿਲਦੀ ਹੈ, ਨੇ ਦਲਿਤ ਸ਼੍ਰੇਣੀਆਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਇਸ ਸ਼ਕਤੀਸ਼ਾਲੀ ਵਿਚਾਰਧਾਰਾ ਵਿਚ ਅਜਿਹਾ ਕੀ ਸੀ, ਇਸ ਬਾਰੇ ਵਿਚਾਰ ਕਰਨੀ ਹੀ ਸਾਡੇ ਇਸ ਲੇਖ ਦਾ ਮੁੱਖ ਵਿਸ਼ਾ ਹੈ।
(ਭਗਤ ਰਵਿਦਾਸ ਜੀ:ਜੀਵਨ ਤੇ ਵਿਚਾਰਧਾਰਾ ਲੇਖਕ: ਰੂਪ ਸਿੰਘ-ਡਾ. ਗੁਰਸ਼ਰਨਜੀਤ ਸਿੰਘ, ਪ੍ਰਕਾਸ਼ਿਤ:ਧਰਮ ਪ੍ਰਚਾਰ ਕਮੇਟੀ, ਐਸਜੀਪੀਸੀ, ਵਿਚੋਂ ਧੰਨਵਾਦ ਸਹਿਤ)
