1 views 5 secs 0 comments

1 ਮਾਘ ,14 ਜਨਵਰੀ ਨੂੰ ਨੀਂਹ ਪੱਥਰ ਦਿਵਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਮਹੱਤਵ

ਲੇਖ
January 14, 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੇ ਕੇਂਦਰੀ ਧਾਰਮਿਕ ਅਸਥਾਨ ਹੈ। ਇਹ ਕੇਵਲ ਇੱਕ ਇਮਾਰਤ ਜਾਂ ਤੀਰਥ ਸਥਾਨ ਹੀ ਨਹੀਂ, ਸਗੋਂ ਸਿੱਖੀ ਦੇ ਆਤਮਕ, ਸਮਾਜਿਕ, ਧਾਰਮਿਕ ਅਤੇ ਮਨੁੱਖਤਾ-ਪੱਖੀ ਦਰਸ਼ਨ ਦਾ ਜੀਵੰਤ ਪ੍ਰਤੀਕ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਵਿੱਚ ਗੁਰੂ ਸਾਹਿਬਾਨ ਦੀ ਦੂਰਦਰਸ਼ੀ ਸੋਚ, ਸਮਾਨਤਾ ਦਾ ਸੰਦੇਸ਼ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਸਾਫ਼ ਝਲਕਦੀ ਹੈ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦਾ ਪਿਛੋਕੜ
ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਨੀਂਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ 1577 ਈਸਵੀ ਵਿੱਚ ਰੱਖੀ। ਗੁਰੂ ਰਾਮਦਾਸ ਜੀ ਨੇ ਇਸ ਸਥਾਨ ਨੂੰ ਆਤਮਕ ਕੇਂਦਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਬਣਾਈ।
ਇਸ ਪਵਿੱਤਰ ਸਰੋਵਰ ਦੀ ਖੁਦਾਈ ਦੀ ਸੇਵਾ ਸਿੱਖ ਸੰਗਤਾਂ ਵੱਲੋਂ ਪ੍ਰੇਮ ਅਤੇ ਸ਼ਰਧਾ ਨਾਲ ਕੀਤੀ ਗਈ। ਇਸ ਵਿਚ ਅਨੇਕਾਂ ਗੁਰਸਿੱਖਾਂ ਨੇ ਅਪਣਾ ਯੋਗਦਾਨ ਪਾਇਆ।
ਇਸ ਸਰੋਵਰ ਨੂੰ ਬਾਅਦ ਵਿੱਚ ਅੰਮ੍ਰਿਤ ਸਰੋਵਰ ਕਿਹਾ ਗਿਆ, ਜਿਸ ਤੋਂ “ਅੰਮ੍ਰਿਤਸਰ” ਨਾਮ ਪ੍ਰਚਲਿਤ ਹੋਇਆ। ਇਹ ਸਰੋਵਰ ਸਿਰਫ਼ ਜਲ ਦਾ ਭੰਡਾਰ ਨਹੀਂ, ਸਗੋਂ ਆਤਮਕ ਸ਼ੁੱਧਤਾ, ਨਾਮ-ਸਿਮਰਨ ਅਤੇ ਅੰਦਰੂਨੀ ਇਸ਼ਨਾਨ ਦਾ ਪ੍ਰਤੀਕ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ:-

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਦਾ ਮਹਾਨ ਕਾਰਜ ਸੰਪੂਰਨ ਕੀਤਾ। ਸਿੱਖ ਇਤਿਹਾਸ ਅਨੁਸਾਰ, 1588 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਮੁਸਲਮਾਨ ਸੁਫ਼ੀ ਸੰਤ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ। ਇਹ ਘਟਨਾ ਸਿੱਖੀ ਦੀ ਉਸ ਸਰਬ-ਸਾਂਝੀ ਸੋਚ ਨੂੰ ਦਰਸਾਉਂਦੀ ਹੈ, ਜਿਸ ਅਨੁਸਾਰ ਧਰਮ ਮਨੁੱਖ ਨੂੰ ਜੋੜਨ ਦਾ ਸਾਧਨ ਹੈ, ਵੰਡਣ ਦਾ ਨਹੀਂ।

1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਇੱਥੇ ਪ੍ਰਕਾਸ਼ਿਤ ਕੀਤਾ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ।

ਵਾਸਤੂਕਲਾ ਅਤੇ ਵਿਲੱਖਣ ਬਣਤਰ:-

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਾਸਤੂਕਲਾ ਬਿਲਕੁਲ ਵਿਲੱਖਣ ਹੈ। ਇਹ ਸਥਾਨ ਜ਼ਮੀਨ ਤੋਂ ਹੇਠਾਂ ਬਣਿਆ ਹੋਇਆ ਹੈ, ਜੋ ਨਿਮਰਤਾ ਦਾ ਪ੍ਰਤੀਕ ਹੈ। ਹੋਰ ਧਾਰਮਿਕ ਇਮਾਰਤਾਂ ਉੱਚਾਈ ‘ਤੇ ਬਣਦੀਆਂ ਹਨ, ਪਰ ਦਰਬਾਰ ਸਾਹਿਬ ਮਨੁੱਖ ਨੂੰ ਝੁਕ ਕੇ ਆਉਣ ਦਾ ਸੰਦੇਸ਼ ਦਿੰਦਾ ਹੈ।
ਇਸ ਦੇ ਚਾਰ ਦਰਵਾਜ਼ੇ ਹਨ, ਜੋ ਇਹ ਦਰਸਾਉਂਦੇ ਹਨ ਕਿ ਇਹ ਧਰਮ, ਜਾਤ, ਵਰਣ, ਲਿੰਗ ਜਾਂ ਦੇਸ਼ ਦੀ ਕੋਈ ਸੀਮਾ ਨਹੀਂ ਰੱਖਦਾ। ਹਰ ਦਿਸ਼ਾ ਤੋਂ ਹਰ ਮਨੁੱਖ ਲਈ ਇਹ ਦਰ ਖੁੱਲ੍ਹੇ ਹਨ। ਇਹ ਗੁਰਬਾਣੀ ਦੇ ਇਸ ਫ਼ਲਸਫ਼ੇ ਨੂੰ ਪ੍ਰਗਟ ਕਰਦਾ ਹੈ:
“ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ।”
ਸਰੋਵਰ ਦੇ ਵਿਚਕਾਰ ਸਥਿਤ ਇਹ ਮੰਦਰ ਆਤਮਕ ਕੇਂਦਰਤਾ ਅਤੇ ਨਾਮ ਦੇ ਚੱਕਰ ਦਾ ਪ੍ਰਤੀਕ ਹੈ।
ਗੁਰਬਾਣੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿਰਫ਼ ਇਮਾਰਤ ਨਹੀਂ, ਸਗੋਂ ਗੁਰਬਾਣੀ ਦਾ ਕੇਂਦਰ ਹੈ। ਇੱਥੇ ਹਰ ਵੇਲੇ ਗੁਰਬਾਣੀ ਦਾ ਕੀਰਤਨ ਹੋਣਾ ਸਿੱਖ ਜੀਵਨ ਦੀ ਮੁੱਢਲੀ ਰੀਤ ਹੈ। ਗੁਰੂ ਅਰਜਨ ਦੇਵ ਜੀ ਨੇ ਖੁਦ ਕਿਹਾ:
“ਹਰਿਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ।”
ਇਸ ਪੰਕਤੀ ਅਨੁਸਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਨੁੱਖ ਦੇ ਅੰਦਰਲੇ ਹਰਿਮੰਦਰ ਦਾ ਪ੍ਰਤੀਕ ਹੈ, ਜਿੱਥੇ ਗਿਆਨ ਦਾ ਰਤਨ ਪ੍ਰਗਟ ਹੁੰਦਾ ਹੈ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼:-
1604 ਈਸਵੀ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਸਿੱਖ ਇਤਿਹਾਸ ਦੀ ਇਕ ਮਹੱਤਵਪੂਰਨ ਘਟਨਾ ਹੈ। ਇਸ ਨਾਲ ਸਿੱਖੀ ਨੂੰ ਇਕ ਸਥਿਰ ਧਾਰਮਿਕ ਆਧਾਰ( ਜੀਵੰਤ ਗ੍ਰੰਥ ਦੇ ਰੂਪ) ਵਿਚ ਮਿਲਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿ ਦੀ ਬਾਣੀ ਨੂੰ ਵੀ ਸ਼ਾਮਲ ਕਰਕੇ ਸਿੱਖੀ ਦੀ ਵਿਸ਼ਾਲਤਾ ਅਤੇ ਸਮਾਨਤਾ ਨੂੰ ਸਥਾਪਿਤ ਕੀਤਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਲੰਗਰ ਪ੍ਰਥਾ:-

ਦਰਬਾਰ ਸਾਹਿਬ ਨਾਲ ਜੁੜੀ ਲੰਗਰ ਪ੍ਰਥਾ ਸਿੱਖੀ ਦੇ ਸਮਾਜਿਕ ਦਰਸ਼ਨ ਦੀ ਜੀਵੰਤ ਉਦਾਹਰਨ ਹੈ। ਇੱਥੇ ਹਰ ਮਨੁੱਖ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਕੋ ਪੰਗਤ ਵਿੱਚ ਬੈਠ ਕੇ ਭੋਜਨ ਮਿਲਦਾ ਹੈ। ਇਹ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ “ਵੰਡ ਛਕੋ” ਦੇ ਸਿਧਾਂਤ ‘ਤੇ ਅਧਾਰਿਤ ਹੈ।

ਸਿੱਖ ਇਤਿਹਾਸ ਵਿੱਚ ਮਹੱਤਵ:-

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਇਤਿਹਾਸ ਦੇ ਅਨੇਕਾਂ ਸੰਘਰਸ਼ਾਂ ਦਾ ਗਵਾਹ ਹੈ। ਅਹਿਮਦ ਸ਼ਾਹ ਅਬਦਾਲੀ ਦੇ ਹਮਲੇ, ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਦਾ ਯੁੱਗ, ਜੂਨ 1984 ਦਾ ਘੱਲੂਘਾਰਾ —ਹਰ ਦੌਰ ਵਿੱਚ ਇਸ ਅਸਥਾਨ ਨੇ ਸਿੱਖਾਂ ਨੂੰ ਇਕਜੁੱਟ ਰੱਖਿਆ। ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਨੂੰ ਸੋਨੇ ਨਾਲ ਮੜ੍ਹਵਾਇਆ।

ਆਧੁਨਿਕ ਦੌਰ ਵਿੱਚ ਮਹੱਤਵ:-

ਅੱਜ ਦੇ ਯੁੱਗ ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਦੇ ਸਿੱਖਾਂ ਲਈ ਆਤਮਕ ਕੇਂਦਰ ਹੈ। ਹਰ ਰੋਜ਼ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਹਨ। ਇਹ ਸਥਾਨ ਸ਼ਾਂਤੀ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਂਦਾ ਹੈ।

ਸਿੱਖੀ ਦੀ ਆਤਮਾ :-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦੀ ਆਤਮਾ ਹੈ। ਇਸ ਦੀ ਸਥਾਪਨਾ ਗੁਰੂ ਸਾਹਿਬਾਨ ਦੀ ਉਸ ਮਹਾਨ ਸੋਚ ਦਾ ਨਤੀਜਾ ਹੈ, ਜੋ ਮਨੁੱਖਤਾ ਨੂੰ ਇੱਕਤਾ, ਨਿਮਰਤਾ ਅਤੇ ਸੱਚ ਦੇ ਰਾਹ ‘ਤੇ ਲੈ ਜਾਣਾ ਚਾਹੁੰਦੀ ਸੀ। ਇਹ ਅਸਥਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚਾ ਧਰਮ ਸੇਵਾ, ਸਮਾਨਤਾ ਅਤੇ ਪ੍ਰੇਮ ਵਿਚ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਦਾ ਹੀ ਸਰਬੱਤ ਦੇ ਭਲੇ ਦਾ ਦਾ ਸੰਦੇਸ਼ ਦਿੰਦਾ ਹੈ।

ਗੁਰਪ੍ਰੀਤ ਸਿੰਘ, ਸੰਪਾਦਕ, ਖ਼ਾਲਸਾ ਅਖ਼ਬਾਰ