ਪਗੜੀ ਪਹਿਲੇ-ਪਹਿਲ ਭਾਰਤ ਵਿਚ ਕਿਵੇਂ ਤੇ ਕਦੋਂ ਪ੍ਰਚੱਲਤ ਹੋਈ ਇਸ ਬਾਰੇ ਭਾਵੇਂ ਹੋਰ ਪ੍ਰਮਾਣ ਤਾਂ ਨਹੀਂ ਮਿਲਦੇ, ਪਰ ਇਸ ਬਾਰੇ ਸੰਸਕ੍ਰਿਤ ਵਿਚ ਇਕ ‘ਉਸ਼ਣੀਕ’ ਸ਼ਬਦ ਹੈ ਜਿਸ ਦਾ ਮਤਲਬ ਹੈ ਉਹ ਪਹਿਰਾਵਾ, ਜੋ ਸਿਰ ਨੂੰ ਉਸ਼ਣ (ਗਰਮੀ) ਤੋਂ ਬਚਾਈ ਰੱਖੇ। ਇਸ ਤਰ੍ਹਾਂ ਇਹ ‘ਉਸ਼ਣੀਕ’ ਸ਼ਬਦ ਅਸਲ ਵਿਚ ਕਿਰੀਟ, ਮੁਕਟ, ਤਾਜ ਜਾਂ ਟੋਪੀ ਦਾ ਹੀ ਕੁਝ ਪ੍ਰਯਾਵਾਚੀ ਹੈ, ਜੋ ਰਾਮਾਇਣ ਜਾਂ ਮਹਾਂਭਾਰਤ ਦੇ ਸਮੇਂ ਛਤ੍ਰੀ ਰਾਜੇ, ਮਹਾਰਾਜੇ ਤੇ ਸਰਦਾਰ ਪਹਿਨਦੇ ਸਨ। ਆਰੀਆ ਲੋਕਾਂ ਨੇ ਪਗੜੀ ਦਾ ਪਹਿਰਾਵਾ ਜੋ ਭਾਰਤ ਵਾਸੀ ਦ੍ਰਾਵਿੜਾਂ ਜਾਂ ਅਸੀਰੀਆ ਤੇ ਬੇਬੀਲੋਨੀਆਂ ਦੇ ਲੋਕਾਂ ਵਿਚ ਈਸਾ ਤੋਂ ਤਿੰਨ-ਚਾਰ ਹਜ਼ਾਰ ਵਰ੍ਹੇ ਪਹਿਲਾਂ ਪ੍ਰਚੱਲਤ ਸੀ, ਇਨ੍ਹਾਂ ਆਦਿ ਵਾਸੀਆਂ ਤੋਂ ਹੀ ਲਿਆ ਸੀ। ਪਗੜੀ ਅਥਵਾ ਦਸਤਾਰ ਈਸਾ ਤੋਂ ੩੦੦੦-੪੦੦੦ ਵਰ੍ਹੇ ਪਹਿਲਾਂ ਅਸੀਰੀਅਨ ਜਾਂ ਬੇਬੀਲੋਨੀਅਨ ਦੇਵਤਿਆਂ ਦੇ ਸਿਰਾਂ ਦਾ ਸ਼ਿੰਗਾਰ ਸੀ। ਇਨ੍ਹਾਂ ਦੇਸ਼ਾਂ ਦੇ ਬਾਦਸ਼ਾਹ ਤੇ ਉਨ੍ਹਾਂ ਦੇ ਦਰਬਾਰੀ ਸਿਰਾਂ ਉੱਤੇ ਪਗੜੀਆਂ ਬੰਨ੍ਹਣ ਵਿਚ ਬੜਾ ਫ਼ਖ਼ਰ ਸਮਝਦੇ ਸਨ । ਆਰੀਆ ਲੋਕ, ਜੋ ਮੱਧ ਏਸ਼ੀਆ ਵਿੱਚੋਂ ਭਾਰਤ ਵਿਚ ਆ ਕੇ ਆਬਾਦ ਹੋਏ, ਪਹਿਲੇ-ਪਹਿਲ ਇਕ ਕੱਪੜੇ ਜਾਂ ਇਉਂ ਕਹੋ ਕਿ ਅੱਧੜਵੰਜੇ ਦੀ ਹਾਲਤ ਵਿਚ ਹੀ ਰਹਿੰਦੇ ਸਨ ਤੇ ਉਨ੍ਹਾਂ ਪਾਸ ਤਨ ਢੱਕਣ ਨੂੰ ਸਿਰਫ਼ ਦੋ ਬਸਤਰ ਹੁੰਦੇ ਸਨ- (੧) ਉੱਤਰੀਯ (ਪਰਨਾ) ਤੇ (੨) ਅੰਤਰੀਯ (ਧੋਤੀ ਜਾਂ ਕਹਾਈ), ਜਿਨ੍ਹਾਂ ਬਾਰੇ ਅਜਾਇਬ ਘਰਾਂ ਵਿੱਚੋਂ ਪੁਰਾਣੇ ਰਿਖੀਆਂ-ਮੁਨੀਆਂ ਤੇ ਯੋਧਿਆਂ ਦੀਆਂ ਪ੍ਰਸਤਰ ਮੂਰਤੀਆਂ ਦੇਖਣ ‘ਤੇ ਸਾਫ਼ ਪਤਾ ਲੱਗਦਾ ਹੈ। ਇਸ ਤੋਂ ਪਿੱਛੋਂ ਮੌਰਯਾਂ, ਗੁਪਤਾਂ ਜਾਂ ਰਾਜਪੂਤਾਂ ਦੇ ਸਮੇਂ, ਜਦ ਇਥੇ ਪਗੜੀ ਬੰਨ੍ਹਣ ਦਾ ਰਿਵਾਜ ਤੁਰਿਆ ਤੇ ਵਿਦੇਸ਼ੀ ਹਮਲਾਵਰਾਂ ਦੇ ਪ੍ਰਭਾਵ ਹੇਠ ਹੋਰ ਵੀ ਕਈ ਸਮਾਜਿਕ ਤੇ ਵਿਹਾਰਿਕ ਉਲਟ-ਫੇਰ ਹੋਏ ਤਾਂ ਕਿਰੀਟ ਜਾਂ ਮੁਕਟ ਦੀ ਥਾਵੇਂ ਪਗੜੀ ਵੀ ‘ਉਸ਼ਣੀਕ’ ਦੇ ਅਰਥਾਂ ਵਿਚ ਹੀ ਲਈ ਜਾਣ ਲੱਗ ਪਈ। ਇਸਲਾਮ ਦੀਆਂ ਜਿੱਤਾਂ ਨਾਲ ਨਾ ਕੇਵਲ ਭਾਰਤ ਵਿਚ ਹੀ, ਸਗੋਂ ਹੋਰ ਦੇਸ਼ਾਂ ਵਿਚ ਵੀ ਲੋਕੀ ਪਗੜੀਆਂ ਬੰਨ੍ਹਣ ਵਿਚ ਬੜਾ ਮਾਣ ਤੇ ਫ਼ਖ਼ਰ ਸਮਝਣ ਲੱਗ ਪਏ। ਇਥੋਂ ਤਕ ਕਿ ੧੯ਵੀਂ ਸਦੀ ਵਿਚ ਕੁਝ ਯੂਰਪੀਅਨ ਮਰਦਾਂ ਤੇ ਇਸਤਰੀਆਂ ਨੇ ਵੀ ਪਗੜੀ ਨੂੰ ਅਪਣਾ ਕੇ ਆਪਣੇ ਫੈਸ਼ਨ ਵਿਚ ਦਾਖਲ ਕਰ ਲਿਆ ਸੀ।
ਪੰਜਾਬ ਬੇਸ਼ੱਕ ਦ੍ਰਾਵਿੜਾਂ ਪਿੱਛੋਂ ਆਰੀਅਨ ਦਾ ਨਿਵਾਸ-ਸਥਾਨ ਤਾਂ ਵੈਦਿਕ ਸਮੇਂ ਵਿਚ ਹੀ ਬਣ ਚੁਕਾ ਸੀ, ਪਰ ਪਗੜੀ ਦਾ ਰਿਵਾਜ ਇਥੇ ਦ੍ਰਾਵਿੜਾਂ ਤੋਂ ਹੀ ਚੱਲਿਆ। ਪਿੱਛੋਂ ਫੇਰ ਇਸ ਪਹਿਰਾਵੇ ਨੂੰ ਯੂਨਾਨੀਆਂ, ਸ਼ਕਾਂ, ਹੂਣਾਂ, ਪਾਰਥੀਆਂ ਤੇ ਮੁਸਲਮਾਨਾਂ ਨੇ ਕਿਸ ਹੱਦ ਤਕ ਜਾਰੀ ਰੱਖਿਆ ਭਾਵੇਂ ਇਹ ਕਹਿਣਾ ਤਾਂ ਬੜੀ ਔਖੀ ਜਿਹੀ ਗੱਲ ਹੈ ਕਿ ਪਗੜੀ ਕਦੋਂ ਤੇ ਕਿਵੇਂ ਕੀਹਦੇ ਸਿਰ ‘ਤੇ ਜਾ ਕੇ ਟਿਕਦੀ ਰਹੀ ਕਿਉਂਕਿ ਪੰਜਾਬ ਭਾਰਤ ਦਾ ਪੱਛਮੀ ਦਰਵਾਜ਼ਾ ਹੈ ਤੇ ਇਸ ਦਰਵਾਜ਼ੇ ਥਾਣੀਂ ਆਰੀਆ, ਯੂਨਾਨੀ, ਈਰਾਨੀ ਆਦਿ ਲੰਘਦੇ ਰਹੇ ਹਨ। ਅਜਿਹੇ ਸਾਰੇ ਦੇ ਸਾਰੇ ਇਤਿਹਾਸਕ ਮਸਲੇ ਸਮੇਂ ਦੇ ਉਲਟ-ਫੇਰ ਦੀਆਂ ਅਨ੍ਹੇਰੀਆਂ ਖੋਹਾਂ ਵਿਚ ਜਾ ਲੁਕੇ ਹਨ। ਜੇ ਉਨ੍ਹਾਂ ਦਾ ਕੋਈ ਇਤਿਹਾਸਕ ਹਿਸਾਬ ਜਾਂ ਵਹੀ-ਖਾਤਾ ਕਿਸੇ ਨੇ ਸਾਂਭ ਕੇ ਰੱਖਿਆ ਵੀ ਹੋਵੇ ਤਾਂ ਉਹ ਸਾਨੂੰ ਅਜੇ ਤਕ ਕਿਤੋਂ ਮਿਲ ਨਹੀਂ ਰਿਹਾ।
ਸਿੱਖਾਂ ਤੋਂ ਛੁਟ ਪਗੜੀ ਦਾ ਰਿਵਾਜ ਬਹੁਤਾ ਪੰਜਾਬ ਦੇ ਹਿੰਦੂਆਂ ਵਿਚ ਵੀ ਹੈ ਤੇ ਮੁਸਲਮਾਨਾਂ ਵਿਚ ਵੀ। ਬੰਗਾਲ, ਮਦਰਾਸ, ਬੰਬਈ, ਗੁਜਰਾਤ, ਰਾਜਸਥਾਨ ਆਦਿ ਇਲਾਕਿਆਂ ਵਿਚ ਪਗੜੀ ਕਈ ਅਨੋਖੇ ਤੇ ਕਲਾਤਮਕ ਢੰਗ ਵਰਤ ਕੇ ਬੰਨ੍ਹੀ ਜਾਂਦੀ ਹੈ ਤੇ ਪੰਜਾਬ ਦੀ ਪਗੜੀ ਦੇ ਮੁਕਾਬਲੇ ‘ਤੇ ਉਹ ਬੜੀ ਓਪਰੀ-ਓਪਰੀ ਲੱਗਦੀ ਹੈ। ਜਿਵੇਂ ਸੁਲਤਾਨ ਟੀਪੂ, ਮੀਰ ਜਾਫ਼ਰ ਦੀ ਪਗੜੀ ਨਾਲ ਮਾਰਵਾੜੀਆਂ ਤੇ ਮਰਾਠਿਆਂ ਦੀ ਪਗੜੀ ਨਹੀਂ ਮਿਲਦੀ, ਤਿਵੇਂ ਪੁਰਾਣੇ ਸਿੱਖਾਂ ਦੇ ਦਸਤਾਰ ਦੇ ਬੰਧੇਜ ਨੂੰ ਜੇ ਮੁਗ਼ਲਈ ਦਸਤਾਰ ਨਾਲ ਮਿਲਾਇਆ ਜਾਵੇ ਤਾਂ ਉਹ ਕਈ ਥਾਵੇਂ ਰਾਜਸੀ ਮੇਲ-ਮਿਲਾਪ ਦੇ ਬਾਵਜੂਦ ਵੀ ਅੱਡਰੀ ਹੀ ਨਜ਼ਰ ਆਵੇਗੀ। ਪ੍ਰਮਾਣ ਵਜੋਂ ਸਿੱਖ ਗੁਰੂ ਸਾਹਿਬਾਨ ਦੀ ਦਸਤਾਰ ਦੇ ਬੰਧੇਜ ਉਨ੍ਹਾਂ ਦੀਆਂ ਪੁਰਾਤਨ ਤਸਵੀਰਾਂ ਤੋਂ ਲਏ ਜਾ ਸਕਦੇ ਹਨ। ਮਦਰਾਸੀ ਪਗੜੀ ਹੇਠ, ਜਿਵੇਂ ਕਿ ਸੁਲਤਾਨ ਟੀਪੂ ਦੀ ਪਗੜੀ ਦੀ ਮਿਸਾਲ ਹੈ, ਕੰਨ ਹਮੇਸ਼ਾਂ ਨੰਗੇ ਰਹਿੰਦੇ ਹਨ ਤੇ ਮਾਰਵਾੜੀ ਲੋਕ ਵੀ ਪਗੜੀ ਬੜੇ ਵਿਕੋਲਿੱਤਰੇ ਢੰਗ ਨਾਲ ਬੰਨ੍ਹਦੇ ਹਨ। ਇਕ ਬਾਰੀਕ ਮਲਮਲ ਦਾ ਥਾਨ ਲੈ ਕੇ ਪਹਿਲਾਂ ਉਹ ਉਸ ਨੂੰ ਚੰਗੀ ਤਰ੍ਹਾਂ ਰੰਗਾਉਂਦੇ ਹਨ ਤੇ ਫਿਰ ਲੰਮੀਆਂ ਲੀਰਾਂ ਕਰ ਕੇ ਉਨ੍ਹਾਂ ਨੂੰ ਲਾਂ ਵਾਂਗੂ ਮਰੋੜੀਆਂ ਦੇ ਕੇ ਇਰਦ-ਗਿਰਦ ਵਿੰਗੇ-ਟੇਢੇ ਢੰਗ ਨਾਲ ਲਪੇਟ ਲੈਂਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਰੱਸੀਆਂ ਨਾਲ ਕੱਸ ਕੇ ਗੇਂਦ ਮੜ੍ਹੀ ਜਾਂਦੀ ਹੈ। ਫਿਰ ਸੁਆਦਲੀ ਗੱਲ ਇਹ ਹੈ ਕਿ ਉਹ ਗੇਂਦ ਵਾਂਗੂ ਮੜ੍ਹੀ ਹੋਈ ਪੱਗ ਪਹਿਲਾਂ ਸਾਰਾ ਦਿਨ ਸੇਠ ਜੀ ਦੇ ਸਿਰ ਉੱਤੇ ਉਸੇ ਤਰ੍ਹਾਂ ਟਿਕੀ ਰਹਿੰਦੀ ਹੈ ਤੇ ਫਿਰ ਸ਼ਾਮ ਨੂੰ ਟੋਪੀ ਵਾਂਗ ਉਸੇ ਤਰ੍ਹਾਂ ਬਣੀ-ਠਣੀ ਲਾਹ ਕੇ ਕਿੱਲੀ ਉੱਤੇ ਟੰਗ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਉਹ ਬੰਨ੍ਹੀ-ਬੰਨ੍ਹਾਈ ਪੱਗ ਨਾ ਜਾਣੇ ਕਿਤਨਾ ਚਿਰ ਇੱਕੇ ਸਿਰ ਉੱਤੇ ਹੰਢਦੀ ਤੇ ਫਿਰ ਕੁਝ ਸਮੇਂ ਬਾਅਦ ਤਦ ਹੀ ਸਿਰ ਤੋਂ ਲਾਹ ਕੇ ਖੋਲ੍ਹੀ ਜਾਂ ਬਦਲੀ ਜਾਂਦੀ ਹੈ, ਜਦ ਉਹ ਪੂਰੀ ਤਰ੍ਹਾਂ ਮੈਲੀ ਜਾਂ ਬਦਰੰਗ ਹੋ ਜਾਵੇ, ਅਥਵਾ ਕਿਸੇ ਨੁੱਕਰੋਂ ਫਟ ਕੇ ਖ਼ਰਾਬ ਹੋ ਜਾਵੇ। ਰਾਜਸਥਾਨੀ ਸ਼ਮਲੇਦਾਰ ਪਗੜੀ, ਜੋ ਖਾਸ ਤੌਰ ‘ਤੇ ਟੇਢੀ ਕਰਕੇ ਬੰਨ੍ਹੀ ਜਾਂਦੀ ਹੈ, ਭਾਵੇਂ ਹੈ ਤਾਂ ਮੁਸਲਮਾਨਾਂ ਦੀ ਨਕਲ ਹੀ, ਪਰ ਸਿਫ਼ਤ ਹੈ ਕਿ ਇਸ ਦੇ ਪਿੱਠ ਪਿੱਛੇ ਲਮਕਦੇ ਲੜ ਨੂੰ ਉੱਪਰ ਕੁੰਜ ਕੇ ਰੱਖਣ ਲਈ ਇਕ ਪੀਡੀ ਗੰਢ ਦਿੱਤੀ ਜਾਂਦੀ ਹੈ। ਇਹੋ ਗੰਢ ਰਾਜਪੂਤੀ ਪਗੜੀ ਦੇ ਬੰਧੇਜ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।
ਪੱਗਾਂ ਦੇ ਫ਼ਰਕ ਜਾਚਣ ਲਈ ਜੇ ਮੁਸਲਮਾਨੀ ਬੰਧੇਜ ਨੂੰ ਹੀ ਲਿਆ ਜਾਵੇ ਤਾਂ ਗਜ਼ਨਵੀ ਪੱਗ, ਖ਼ਿਲਜੀਆਂ ਦੀ ਪੱਗ, ਸੱਯਦਾਨੀ ਪੱਗ, ਅਫ਼ਗਾਨੀ ਪੱਗ ਤੇ ਪਠਾਣੀ ਪੱਗ, ਭਾਵੇਂ ਇਹ ਸਾਰੀਆਂ ਹੀ ਪੱਗਾਂ ਪੰਜਾਬ ਵਿੱਚੋਂ ਹੀ ਹੋ ਕੇ ਲੰਘੀਆਂ ਹਨ, ਪਰ ਮੁਗ਼ਲਈ ਪੱਗ, ਜਿਸ ਨੂੰ ਸ਼ਾਹ ਬਾਬਰ, ਹਮਾਯੂੰ ਤੇ ਅਕਬਰ ਬੰਨ੍ਹਦੇ ਰਹੇ ਹਨ ਤੇ ਅਕਬਰੀ ਦਰਬਾਰ ਦੇ ਨੌਂ ਰਤਨਾਂ ਨੇ ਜੋ ਪਗੜੀ ਅਪਣਾਈ ਤੇ ਰਾਜਪੂਤ ਵੀ ਮਹਾਰਾਣਾ ਜੈਪੁਰ, ਜੋਧਪੁਰ, ਬੀਕਾਨੇਰ ਆਦਿ ਜਿਸ ਦੀ ਨਕਲ ਕਰਦੇ ਰਹੇ, ਇਕ ਰੀਝਾਂ ਭਰੇ ਹੁਨਰ ਦੀ ਨਿਸ਼ਾਨੀ ਸੀ। ਕਹਿੰਦੇ ਹਨ ਕਿ ਇਕ ਵੇਰ ਸ਼ਾਹ ਅਕਬਰ ਨੇ ਹਾਸੇ-ਮਖ਼ੌਲ ਵਿਚ ਹੀ ਚੰਗੀ ਮਾੜੀ ਪਗੜੀ ਦਾ ਬੰਧੇਜ ਦੇਖਣ ਲਈ ਭਰੇ ਦਰਬਾਰ ਮੁੱਲਾਂ ਦੁਪਿਆਜ਼ਾ ਨਾਲ ਬੀਰਬਲ ਦਾ ਜੱਫਾ ਪਵਾ ਦਿੱਤਾ । ਮੁੱਲਾਂ ਦੁਪਿਆਜ਼ਾ ਅਰਬ ਦਾ ਜੰਮ-ਪਲ ਹੋਣ ਕਰਕੇ ਪਗੜੀ ਬੰਨ੍ਹਣ ਵਿਚ ਬੜਾ ਮਾਹਿਰ ਸੀ । ਪਰ ਬੀਰਬਲ ਨਾਰਨੌਲ (ਦਿੱਲੀ ਦੇ ਨੇੜੇ) ਦਾ ਵਸਨੀਕ ਸੀ, ਜਿਸ ਨੂੰ ਪਗੜੀ ਬੰਨ੍ਹਣੀ ਉੱਕੀ ਹੀ ਨਹੀਂ ਸੀ ਆਉਂਦੀ। ਗੱਲ ਅਸਲ ਵਿਚ ਇਉਂ ਹੋਈ ਕਿ ਦੋਵੇਂ ਫ਼ਰੀਕ ਜਿਦ-ਜਿਦ ਕੇ ਘਰੋਂ ਪਗੜੀਆਂ ਬੰਨ੍ਹ-ਬੰਨ੍ਹਾ ਆਏ, ਪਰ ਜਦ ਬਾਦਸ਼ਾਹ ਦੇ ਕਹਿਣ ‘ਤੇ ਉਹੋ ਪਗੜੀਆਂ ਢਾਹ ਕੇ ਮੁੜ ਨਵੇਂ ਸਿਰਿਓਂ ਦਰਬਾਰ ਵਿਚ ਬੰਨ੍ਹਣ ਲੱਗੇ ਤਾਂ ਮੁੱਲਾਂ ਦੁਪਿਆਜ਼ਾ ਚੰਗੀ ਪਗੜੀ ਬੰਨ੍ਹਣ ਕਰਕੇ ਜਿੱਤਿਆ ਤੇ ਬੀਰਬਲ ਮੁਕਾਬਲੇ ‘ਤੇ ਹਾਰ ਗਿਆ ਜਿਸ ਕਰਕੇ ਉਸ ਦਾ ਸਾਰੇ ਪਾਸਿਓਂ ਮਖੌਲ ਉਡਿਆ। ਅਕਬਰ ਵਾਂਗੂ ਹੀ ਸ਼ਾਹ ਜਹਾਂਗੀਰ ਦੇ ਦਰਬਾਰੀਆਂ ਵਿਚ ਵੀ ਚੰਗੀ ਪਗੜੀ ਦੇ ਬੰਧੇਜ ਉੱਤੇ ਬੜਾ ਜ਼ੋਰ ਦਿੱਤਾ ਜਾਂਦਾ ਸੀ। ਸ਼ਾਹ ਜਹਾਂਗੀਰ ਦੇ ਮੁਕਾਬਲੇ ‘ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰੀ ਢਾਡੀ ਅਬਦੁੱਲੇ ਨੇ ਉਨ੍ਹਾਂ ਦੀ ਪਗੜੀ ਨੂੰ ਸੁਹਣੇ ਬੰਧੇਜ ਦੀ ਨਿਸ਼ਾਨੀ ਸਮਝ ਕੇ ਇਨ੍ਹਾਂ ਸ਼ਬਦਾਂ ਨਾਲ ਸਲਾਹਿਆ ਹੈ:-
ਦੋ ਤਲਵਾਰੀਂ ਬੱਧੀਆਂ, ਇਕ ਮੀਰ ਦੀ ਇਕ ਪੀਰ ਦੀ।
ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ। …
ਪੱਗ ਤੇਰੀ, ਕੀ ਜਹਾਂਗੀਰ ਦੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਸਤਾਰ ਦੇ ਬੰਧੇਜ ਨੂੰ ਸੋਧ-ਸਵਾਰ ਕੇ ‘ਗੁਰਮੁਖੀ ਦਸਤਾਰੇ’ ਦਾ ਨਾਂ ਦਿੱਤਾ ਗਿਆ ਤੇ ਸੰਮਤ ੧੭੫੬ ਬਿ. ਵਿਚ ਜਦ ਖਾਲਸਾ ਪੰਥ ਸਾਜਿਆ ਤਾਂ ਰਹਿਤਨਾਮਿਆਂ ਅਨੁਸਾਰ ਦਸਤਾਰ ਸਿੱਖ ਪੰਥ ਦਾ ਇਕ ਲਾਜ਼ਮੀ ਅੰਗ ਕਰਾਰ ਦਿੱਤੀ ਗਈ ਤੇ ਹੁਕਮ ਦਿੱਤਾ ਕਿ ਜੋ ਸਿੱਖ ਦਸਤਾਰ-ਹੀਨ ਅਥਵਾ ਨੰਗੇ ਸਿਰ ਰਹੇ ਸੋ ਤਨਖਾਹੀਆ। ਇਨ੍ਹਾਂ ਹੀ ਰਹਿਤਨਾਮਿਆਂ ਦੇ ਕਾਰਨ, ਸਿੱਖਾਂ ਵਿੱਚੋਂ ਕਈ ਜਥੇਬੰਦੀਆਂ ਦੇ ਸਿੰਘ ਨਾ-ਕੇਵਲ ਆਪ ਹੀ ਦਸਤਾਰਾਂ ਸਜਾਉਂਦੇ ਹਨ, ਸਗੋਂ ਉਨ੍ਹਾਂ ਦੀਆਂ ਸਿੰਘਣੀਆਂ ਵੀ ਦਸਤਾਰਾਂ ਸਜਾਉਂਦੀਆਂ ਹਨ ਤੇ ਜੇ ਸਿੰਘ ਪਰਵਾਰ ਸਮੇਤ ਦਸਤਾਰ ਦਾ ਧਾਰਨੀ ਨਾ ਹੋਵੇ ਤਾਂ ਉਸ ਨੂੰ ਆਪਣੇ ਜਥੇ ਵਿਚ ਸ਼ਾਮਲ ਨਹੀਂ ਕਰਦੇ। ਸਿੱਖਾਂ ਵਿੱਚੋਂ ਵੀ ਨਿਹੰਗ ਸਿੰਘਾਂ ਦੀ ਦੁਮਾਲੇਦਾਰ ਪੱਗ, ਤੱਤ ਖਾਲਸਿਆਂ ਦੀ ਪੱਗ, ਨਿਰਮਲੇ ਸੰਤਾਂ ਦੀ ਪੱਗ, ਉਦਾਸੀਆਂ ਦੀ ਪੱਗ, ਨਾਮਧਾਰੀਆਂ ਦੀ ਪੱਗ, ਇਹ ਪੱਗਾਂ ਨਾ ਕੇਵਲ ਆਪਸ ਵਿਚ ਥੋੜ੍ਹਾ-ਬਾਹਲਾ ਫ਼ਰਕ ਹੀ ਰੱਖਦੀਆਂ ਹਨ, ਸਗੋਂ ਵੱਖੋ-ਵੱਖ ਵਿਚਾਰਕ ਦ੍ਰਿਸ਼ਟੀਕੋਣਾਂ ਨੂੰ ਮੁੱਖ ਰੱਖ ਕੇ ਕਿਸੇ ਹੱਦ ਤਕ ਕੁਝ ਅਹਿਮੀਅਤ ਵੀ ਰੱਖਦੀਆਂ ਹਨ। ਫੌਜ ਜਾਂ ਪੁਲਿਸ ਦੇ ਪੰਜਾਬੀ ਸਿਪਾਹੀ, ਚਾਹੇ ਉਹ ਹਿੰਦੂ, ਮੁਸਲਮਾਨ, ਅਥਵਾ ਸਿੱਖ ਕੁਝ ਵੀ ਹੋਣ, ਪਗੜੀ ਦਾ ਠੁਕਦਾਰ ਬੰਧੇਜ ਰੱਖਣ ਕਰਕੇ ਬੜੇ ਪ੍ਰਸਿੱਧ ਹਨ। ਇਨ੍ਹਾਂ ਦੇ ਮੁਕਾਬਲੇ ‘ਤੇ ਯੂ. ਪੀ., ਮੱਧ ਪ੍ਰਦੇਸ਼ ਜਾਂ ਕਿਸੇ ਹੋਰ ਇਲਾਕੇ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਪਗੜੀ ਵਿਚ ਉਹ ਗੱਲ ਨਹੀਂ। ਕਿਸੇ ਸਮੇਂ ਖਾਲਸਾ ਦਰਬਾਰ ਲਾਹੌਰ ਦੀਆਂ ਤਿੱਲੇਦਾਰ ਪਗੜੀਆਂ ਦਾ ਬੰਧੇਜ ਭਾਵੇਂ ਬੜਾ ਮਸ਼ਹੂਰ ਸੀ, ਉਹ ਵੀ ਜਦ ਲਾਹੌਰ ਵਿਚ ਆਏ ਸਾਲ ਬਸੰਤ ਪੰਚਮੀ ਦਾ ਮੇਲਾ ਹੋਇਆ ਕਰਦਾ ਸੀ, ਪਰ ਪਿੱਛੋਂ ਰਿਆਸਤ ਪਟਿਆਲਾ, ਨਾਭਾ, ਜੀਂਦ ਆਦਿ ਦੀਆਂ ਜ਼ੱਰਕ-ਬੱਰਕ ਪਗੜੀਆਂ ਤੇ ਅੰਗਰੇਜ਼ੀ ਸਿੱਖ ਰੈਜਮੈਟਾਂ ਦੀਆਂ ਪਗੜੀਆਂ ਤਾਂ ਆਪਣੇ ਨਮੂਨੇ ਆਪ ਸਨ। ਇਨ੍ਹਾਂ ਵਿੱਚੋਂ ਵੀ ਪਟਿਆਲੇ ਦੇ ਫ਼ੌਜੀ ਨੌਜਵਾਨ ਤਾਂ ਆਪਣੀਆਂ ਸੁਹਣੀਆਂ ਪੱਗਾਂ ਦੇ ਕਾਰਨ ਹੋਰ ਵੀ ਮਸ਼ਹੂਰ ਸਨ।
ਇਹ ਹੈ ਪੰਜਾਬ ਦੇ ਪਹਿਰਾਵੇ ਪਗੜੀ ਦਾ ਇਤਿਹਾਸਕ ਵਿਵਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸਾਬਤ ਸੂਰਤਿ ਦਸਤਾਰ ਸਿਰਾ’ ਕਹਿ ਕੇ ਦਸਤਾਰ ਦੀ ਮਹਿਮਾ ਕੀਤੀ ਗਈ ਹੈ।\
-ਸ. ਸ਼ਮਸ਼ੇਰ ਸਿੰਘ ‘ਅਸ਼ੋਕ’
