11 views 16 secs 0 comments

13 ਪੋਹ, 27 ਦਸੰਬਰ ਸ਼ਹੀਦੀ ‘ਤੇ ਵਿਸ਼ੇਸ਼: ਸਿਦਕ, ਸਾਹਸ ਤੇ ਸਹਿਣਸ਼ੀਲਤਾ ਦੀ ਮੂਰਤ – ਮਾਤਾ ਗੁਜਰੀ ਜੀ

ਲੇਖ
December 27, 2025

ਸਿੱਖ ਇਤਿਹਾਸ ਵਿਚ ਮਾਤਾ ਗੁਜਰੀ ਜੀ ਦੇ ਬਲੀਦਾਨ ਦੀ ਗਾਥਾ ਬੇਮਿਸਾਲ ਹੈ। ਆਪ ਦੀ ਸੰਸਾਰ ਨੂੰ ਮਹਾਨ ਦੇਣ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਤੇ ਜੰਞੂ ਦੀ ਰਾਖੀ ਹਿਤ ਕੁਰਬਾਨੀ ਦੇਣ ਲਈ ਅਡੋਲਤਾ ਨਾਲ ਦਿੱਲੀ ਵਿਖੇ ਭੇਜਣਾ ਹੈ। ਛੋਟੇ-ਛੋਟੇ ਸਾਹਿਬਜ਼ਾਦਿਆਂ (ਪੋਤਿਆਂ) ਵਿਚ ਦ੍ਰਿੜ੍ਹਤਾ ਤੇ ਸਿਦਕ ਪੈਦਾ ਕਰ ਕੇ ਉਨ੍ਹਾਂ ਨੂੰ ਈਨ ਨਾ ਮੰਨਣ ਲਈ ਤਿਆਰ ਕਰਨਾ ਤੇ ਉਨ੍ਹਾਂ ਦੀ ਸ਼ਹਾਦਤ ਪਿੱਛੋਂ ਖ਼ੁਦ ਸਵਾਸ ਤਿਆਗ ਦੇਣਾ ਵੀ ਉਨ੍ਹਾਂ ਦੀ ਸਿੱਖ ਧਰਮ ਪ੍ਰਤੀ ਲਾਸਾਨੀ ਦੇਣ ਹੈ।
ਮਾਤਾ ਗੁਜਰੀ ਜੀ ਸੰਸਾਰ ਦੀ ਉਹ ਪੂਜਨੀਕ ਮਾਤਾ ਹਨ, ਜਿਨ੍ਹਾਂ ਨੇ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਛੱਬੀ ਸਾਲ, ਛੇ ਮਹੀਨੇ, ਤੇਰਾਂ ਦਿਨ ਦੀ ਤਪੱਸਿਆ ਦੌਰਾਨ ਦੁਨਿਆਵੀ ਸੁੱਖਾਂ ਦਾ ਤਿਆਗ ਕਰ ਕੇ ਤਨਦੇਹੀ ਨਾਲ ਸੇਵਾ ਕੀਤੀ। ਜਿਥੇ ਆਪ ਨੂੰ ਪਹਿਲੀ ਸਿੱਖ ਸ਼ਹੀਦ ਔਰਤ ਹੋਣ ਦਾ ਮਾਣ ਪ੍ਰਾਪਤ ਹੈ, ਉੱਥੇ ਉਹ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਪਤਨੀ, ਸ਼ਹੀਦ ਸ੍ਰੀ ਕ੍ਰਿਪਾਲ ਚੰਦ ਦੀ ਭੈਣ, ਚਾਰ ਸ਼ਹੀਦ ਪੋਤਰਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਦਾਦੀ ਤੇ ਪੰਜ ਸ਼ਹੀਦ ਦੋਹਤਿਆਂ (ਬੀਬੀ ਵੀਰੋ ਜੀ ਦੇ ਸਪੁੱਤਰਾਂ-ਭਾਈ ਸੰਗੋ ਸ਼ਾਹ ਤੇ ਜੀਤ ਮੱਲ) ਦੀ ਮਾਮੀ ਸਨ।
ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਖੇ ਭਾਈ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੌਰ ਦੇ ਘਰ 1619 ਈਸਵੀ ‘ਚ ਹੋਇਆ। ਆਪ ਦਾ ਆਨੰਦ ਕਾਰਜ ਛੋਟੀ ਉਮਰੇ (ਮਾਰਚ 1632) ਵਿਚ ਗੁਰੂ ਤੇਗ ਬਹਾਦਰ ਜੀ ਨਾਲ ਹੋ ਗਿਆ ਸੀ। ਵਿਆਹ ਤੋਂ ਪਿੱਛੋਂ ਆਪ ਆਪਣੇ ਪਤੀ ਨਾਲ ਅੰਮ੍ਰਿਤਸਰ ਆ ਕੇ ਰਹਿਣ ਲੱਗੇ। ਆਪ ਸੱਚ ਦੇ ਧਾਰਨੀ ਤੇ ਪਰਮਾਤਮਾ ‘ਚ ਵਿਸ਼ਵਾਸ ਰੱਖਦੇ ਸਨ।
ਮਾਤਾ ਜੀ ਸੇਵਾ, ਸਿਮਰਨ ਤੇ ਤਿਆਗ ਦੀ ਜਿਉਂਦੀ-ਜਾਗਦੀ ਮਿਸਾਲ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਅੰਤਲੇ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਗੁਜਰੀ ਤੇ ਮਾਤਾ ਨਾਨਕੀ ਸਮੇਤ ਬਾਬੇ ਬਕਾਲੇ ਭੇਜ ਦਿੱਤਾ ਸੀ। ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਨਾਲ ਕਾਫ਼ੀ ਸਮਾਂ ਬਕਾਲੇ ਵਿਖੇ ਰਹੇ। ਆਪ ਕਈ ਘੰਟੇ ਗੁਰਬਾਣੀ ਦਾ ਜਾਪ ਕਰਦੇ। ਆਪ ਨੇ ਗੁਰੂ ਜੀ ਦੀ ਬੰਦਗੀ ਤੇ ਸਮਾਧੀ ਸਮੇਂ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੱਤਾ ਤੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ।
ਗੁਰੂ ਤੇਗ ਬਹਾਦਰ ਜੀ ਨੂੰ 1661 ਵਿਚ ਗੁਰਿਆਈ ਮਿਲੀ ਤਾਂ ਮਾਤਾ ਜੀ ਗੁਰੂ ਸਾਹਿਬ ਨਾਲ ਬਾਬਾ ਬਕਾਲਾ ਤੋਂ ਤੁਰ ਪਏ ਤੇ ਜਿੱਥੇ ਵੀ ਗੁਰੂ ਜੀ ਗਏ, ਆਪ ਉਨ੍ਹਾਂ ਦੇ ਨਾਲ ਰਹੇ। ਗੁਰੂ ਜੀ ਪ੍ਰਯਾਗ, ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੰਗਾ ਕਿਨਾਰੇ ਪਟਨਾ ਸ਼ਹਿਰ ਪਹੁੰਚੇ। ਇਥੇ ਗੁਰੂ ਜੀ ਕੁਝ ਸਮਾਂ ਪਰਿਵਾਰ ਨਾਲ ਠਹਿਰੇ ਤੇ ਫਿਰ ਪ੍ਰਚਾਰ-ਦੌਰਿਆਂ ਲਈ ਅਸਾਮ ਤੇ ਬੰਗਾਲ ਦੀ ਯਾਤਰਾ ਨੂੰ ਚੱਲ ਪਏ ਤੇ ਪਰਿਵਾਰ ਨੂੰ ਪਟਨਾ ਵਿਖੇ ਛੱਡ ਗਏ। ਗੁਰੂ ਜੀ ਨੂੰ ਪ੍ਰਚਾਰ-ਫੇਰੀ ਦੌਰਾਨ ਹੀ ਮਾਤਾ ਗੁਜਰੀ ਜੀ ਦੇ ਉਦਰ ਤੋਂ ਬਾਲਕ ਗੋਬਿੰਦ ਰਾਏ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ।
22 ਦਸੰਬਰ 1666 ਨੂੰ (ਗੁਰੂ) ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਅਵਤਾਰ ਧਾਰਿਆ। ਗੁਰੂ ਤੇਗ ਬਹਾਦਰ ਜੀ ਚਾਰ ਸਾਲ ਬਾਅਦ ਪਟਨਾ ਆਏ ਤੇ ਪਹਿਲੀ ਵਾਰ ਆਪਣੇ ਬੱਚੇ ਨੂੰ ਵੇਖਿਆ। ਫਿਰ ਗੁਰੂ ਜੀ ਪੰਜਾਬ ਆ ਗਏ, ਜਿੱਥੇ ਉਨ੍ਹਾਂ ਨੇ ਮਾਖੋਵਾਲ ਨਗਰ ਵਿਖੇ ਜ਼ਮੀਨ ਖ਼ਰੀਦ ਕੇ ‘ਚੱਕ ਨਾਨਕੀ’ ਨਗਰ ਵਸਾਇਆ, ਜੋ ਹੁਣ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਾਤਾ ਗੁਜਰੀ ਜੀ ਨੇ ਗੁਰੂ ਜੀ ਦੇ ਪ੍ਰਚਾਰ- ਦੌਰਿਆਂ ਸਮੇਂ ਬਾਲਕ ਗੋਬਿੰਦ ਰਾਏ ਦੀ ਪਰਵਰਿਸ਼ ਬੜੀ ਸੂਝ-ਬੂਝ ਨਾਲ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਕੁਝ ਸਮੇਂ ਪਿੱਛੋਂ ਪਰਿਵਾਰ ਨੂੰ ਵੀ ਪੰਜਾਬ ਵਿਖੇ ਬੁਲਾ ਲਿਆ।
ਅਨੰਦਪੁਰ ਵਿਖੇ ਕਸ਼ਮੀਰੀ ਪੰਡਿਤਾਂ ਦੀ ਵਿਥਿਆ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ (1675 ਈ:) ਸ਼ਹਾਦਤ ਦਾ ਸੰਕਲਪ ਲਿਆ ਤਾਂ ਮਾਤਾ ਜੀ ਨੇ ਇਸ ਭਾਣੇ ਨੂੰ ਅਡੋਲਤਾ ਨਾਲ ਪ੍ਰਵਾਨ ਕੀਤਾ। ਜਦੋਂ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਦਿੱਲੀ ਤੋਂ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ ਤਾਂ ਆਪ ਨੇ ਕੋਈ ਵਿਰਲਾਪ ਨਹੀਂ ਕੀਤਾ, ਸਗੋਂ ਸੀਸ ਪ੍ਰਵਾਨ ਕਰਦਿਆਂ ਕਿਹਾ, ‘ਆਪ ਜੀ ਦੀ ਤਾਂ ਨਿਭ ਗਈ ਹੈ,ਕਿਰਪਾ ਕਰਨੀ ਮੇਰੀ ਵੀ ਨਿਭ ਜਾਵੇ।’ ਗੁਰੂ-ਪਤੀ ਦੀ ਸ਼ਹਾਦਤ ਪਿੱਛੋਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਖੇਤਰ ‘ਚ ਸੁਯੋਗ ਅਗਵਾਈ ਕੀਤੀ।
ਦਸੰਬਰ 1704 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਨਾ ਪਿਆ ਤਾਂ ਸਰਸਾ ਨਦੀ ਕਿਨਾਰੇ ਪਰਿਵਾਰ ਖੇਰੂੰ- ਖੇਰੂੰ ਹੋ ਗਿਆ। ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਪੁਰਾਣੇ ਰਸੋਈਏ ਗੰਗੂ ਨਾਲ ਉਹਦੇ ਪਿੰਡ ਸਹੇੜੀ (ਮੋਰਿੰਡਾ, ਰੋਪੜ) ਚਲੇ ਗਏ। ਗੰਗੂ ਨੇ ਲਾਲਚ ਵਿਚ ਮਾਤਾ ਜੀ ਦੀਆਂ ਮੋਹਰਾਂ ਚੁਰਾ ਲਈਆਂ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਹਾਕਮਾਂ ਰਾਹੀਂ ਸੂਬਾ ਸਰਹਿੰਦ ਵਜ਼ੀਰ ਖ਼ਾਨ ਕੋਲ ਪਕੜਵਾ ਦਿੱਤਾ। ਮਾਤਾ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਸਰਹਿੰਦ ਦੇ ਠੰਢੇ ਬੁਰਜ ‘ਚ ਕੈਦ ਕਰ ਦਿੱਤਾ ਗਿਆ, ਜਿੱਥੇ ਉਹ ਸਾਹਿਬਜ਼ਾਦਿਆਂ ਨੂੰ ਸਿੱਖੀ-ਗੌਰਵ, ਸ਼ਹਾਦਤਾਂ ਤੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਆਪਣੇ ਪਿਤਾ ਤੇ ਦਾਦੇ ਦੇ ਮਾਰਗ ‘ਤੇ ਚੱਲਣ ਲਈ ਦ੍ਰਿੜ੍ਹ ਕਰਦੇ ਰਹੇ। ਮਾਤਾ ਜੀ ਨੇ ਸੂਬੇ ਦੀ ਕੈਦ ‘ਚ ਰਹਿੰਦਿਆਂ ਉਸ ਦੀ ਰਸੋਈ ਦਾ ਖਾਣਾ ਇਹ ਕਹਿ ਕੇ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਲੇਛਾਂ ਦਾ ਭੋਜਨ ਹੈ। ਗੁਰੂ-ਘਰ ਦੇ ਅਨਿੰਨ ਸ਼ਰਧਾਲੂ ਭਾਈ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਖ਼ਤਰੇ ‘ਚ ਪਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਦੁੱਧ ਨਾਲ ਸੇਵਾ ਕੀਤੀ।
ਮਾਤਾ ਜੀ ਦੀਆਂ ਸਿੱਖਿਆਵਾਂ ਅਤੇ ਸਾਖੀਆਂ ਸਦਕਾ ਸਾਹਿਬਜ਼ਾਦਿਆਂ ਨੇ ਵਜ਼ੀਰ ਖ਼ਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਧਰਮ ‘ਚ ਪ੍ਰਪੱਕ ਰਹਿ ਕੇ ਲਾਸਾਨੀ ਸ਼ਹਾਦਤ ਦਿੱਤੀ।
ਮਾਤਾ ਜੀ ਨੇ ਠੰਢੇ ਬੁਰਜ ਵਿਚ ਰਹਿੰਦਿਆਂ ਪੋਤਿਆਂ ਦੀ ਸ਼ਹਾਦਤ ਦੀ ਸੂਚਨਾ ਮਿਲਣ ‘ਤੇ ਆਪਣੇ ਸਵਾਸ ਤਿਆਗ ਦਿੱਤੇ। ਗੁਰੂ-ਘਰ ਦੇ ਇਕ ਹੋਰ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਭਾਈ ਮੋਤੀ ਰਾਮ ਦੀ ਮਦਦ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਚੰਦਨ ਦੀ ਚਿਖਾ ਤਿਆਰ ਕੀਤੀ। ਸਸਕਾਰ ਵਾਲੀ ਥਾਂ ‘ਤੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਜਿਸ ਥਾਂ ‘ਤੇ ਸਸਕਾਰ ਕੀਤਾ ਗਿਆ ਸੀ, ਉਸ ਅਸਥਾਨ ਨੂੰ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਸੋਨੇ ਦੀ ਮੋਹਰਾਂ ਖੜ੍ਹੇ ਦਾਅ ਰੱਖ ਕੇ ਸੂਬਾ ਸਰਹਿੰਦ ਪਾਸੋਂ ਖ਼ਰੀਦਿਆ ਸੀ।
ਸੇਵਾ, ਸਿਮਰਨ, ਸਿਦਕ, ਸਾਹਸ ਤੇ ਸਹਿਣਸ਼ੀਲਤਾ ਦੀ ਲਾਸਾਨੀ ਮਿਸਾਲ ਮਾਤਾ ਗੁਜਰੀ ਜੀ ਦੇ ਨਾਂ ‘ਤੇ ਫ਼ਤਹਿਗੜ੍ਹ ਸਾਹਿਬ ਵਿਖੇ ਉੱਤਰੀ ਭਾਰਤ ਦਾ ਪਹਿਲਾ ਆਟੋਨੋਮਸ ਕਾਲਜ ਸੁਸ਼ੋਭਿਤ ਹੈ, ਜਿਸ ਦਾ ਨਾਂ ਹੈ-ਮਾਤਾ ਗੁਜਰੀ ਕਾਲਜ, ਜੋ ਅੱਜ ਤੋਂ 61 ਸਾਲ ਪਹਿਲਾਂ 1957 ਵਿਚ ਸਥਾਪਿਤ ਕੀਤਾ ਗਿਆ ਸੀ। ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਹਰ ਸਾਲ 11 ਤੋਂ 13 ਪੋਹ ਤਕ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਸਿਆਣਪ ਤੇ ਦੂਰ-ਦ੍ਰਿਸ਼ਟੀ ਵਾਲੀ ਪਵਿੱਤਰ ਆਤਮਾ ਮਾਤਾ ਗੁਜਰੀ ਜੀ ਬਾਰੇ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ :
ਮੇਰਾ ਨਾਂ ਗੁਜਰੀ,
ਮੇਰੀ ਅੱਲ ਗੁਜਰੀ।
ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ,
ਪਲ ਪਲ ਗੁਜਰੀ।
ਪਹਿਲਾਂ ਪਤੀ ਦਿੱਤਾ,
ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ।
ਗੁਜਰੀ ਲੋਕ ਮੈਨੂੰ ਤਾਹੀਓਂ ਆਖਦੇ ਨੇ,
ਜਿਹੜੀ ਆਈ ਸਿਰ ਤੇ,
ਉਹ ਮੈਂ ਝੱਲ ਗੁਜਰੀ।

ਡਾ. ਕੁਲਦੀਪ ਕੌਰ
94643-60051