ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਨਿਰਣਾ:-
ਜਦ ਰਾਮਰਾਇ ਨੇ ਔਰੰਗਜ਼ੇਬ ਦੀ ਖੁਸ਼ਾਮਦ ਦੀ ਹੱਦ ਕਰ ਦਿੱਤੀ ਸੀ ਤਾਂ ਜਿਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਇਹ ਫੁਰਮਾਇਆ ਸੀ ਕਿ ਉਹ ਸਾਡੇ ਮੂੰਹ ਨਾ ਲੱਗੇ, ਉਥੇ ਨਾਲ ਹੀ ਬਚਨ ਕਹੇ ਸਨ ਕਿ-
ਗੁਰਤਾ ਉਚਿਤ ਨਹੀਂ, ਰਾਖਯੋ ਮਾਨ।
ਭਾਵ ਸਪੱਸ਼ਟ ਸੀ ਕਿ ਰਾਮਰਾਇ ਇਤਨੀ ਵੱਡੀ ਜ਼ਿੰਮੇਵਾਰੀ ਦੇ ਚੁੱਕਣ ਯੋਗ ਨਹੀਂ।
ਉਸ ਵੇਲੇ ਇਹ ਬਚਨ ਵੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਤੇ ਸਨ ਕਿ ਗੁਰੂ-ਪਦ ਦੀ ਭਾਰੀ ਜ਼ਿੰਮੇਵਾਰੀ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਹੀ ਚੁੱਕ ਸਕਦੇ ਸਨ। ‘ਸਰਬ ਸਹਾਰਹਿ ਗੁਰਤਾ ਭਾਰ’ ਦੇ ਵਾਕ ਮਹਾਰਾਜ ਨੇ ਉਚਾਰੇ ਸਨ।
ਇਹ ਵੀ ਫੁਰਮਾਇਆ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਿਥਵੀ ਸਮਾਨ ਖਿਮਾਵਾਨ ਹਨ, ਪਹਾੜ ਵਾਂਗ ਅਹਿੱਲ ਹਨ, ਨਾਮ ਵਿਚ ਹਰ ਵੇਲੇ ਜੁੜੇ ਰਹਿੰਦੇ ਹਨ ਤੇ ਦੁੱਖਾਂ ਰੂਪੀ ਹਿਰਨ ਉਨ੍ਹਾਂ ਦੀ ਇਕੋ ਭੱਬਕ ਨਾਲ ਨੱਸ ਜਾਣਗੇ :
ਸਿਮਰਹਿ ਨਾਮ ਕਿ ਸੁਨਿ ਹੈਂ ਕਾਨਨਿ।
ਦੁੱਖ ਮ੍ਰਿਗਨਿ ਕੋ ਸਿੰਘ ਜਿਮ ਕਾਨਨ ।
(ਰਾਸਿ ੧੦, ਅੰਸੂ ੨੭)
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਭਾ ਦੇ ਪ੍ਰਭਾਵ:-
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ 7 ਜੁਲਾਈ, 1656 ਨੂੰ ਕੀਰਤਪੁਰ ਸਾਹਿਬ ‘ਚ ਸ਼ੀਸ਼ ਮਹੱਲ ਵਿਖੇ ਹੋਇਆ। ਸ੍ਰੀ ਗੁਰੂ ਹਰਿਰਾਇ ਜੀ ਨੇ ਜਨਮ ਸਮੇਂ ਹੀ ਭਵਿੱਖ ਵਾਕ ਕੀਤੇ ਸਨ ਕਿ ਜੋ ਕਾਰਜ ਇਹ ਨਿਭਾਉਣਗੇ, ਹੋਰ ਕੋਈ ਨਹੀਂ ਨਿਭਾ ਸਕੇਗਾ।
ਆਪ ਜੀ ਦਾ ਚਿਹਰਾ ਅਤਿ ਮਨਮੋਹਨਾ ਤੇ ਕੋਮਲ ਸੀ। ‘ਅਦਭੁਤ ਸੁੰਦਰ ਰੂਪ ਧਰ’ ਕੇ ਸ਼ਬਦ ਸਾਖੀਕਾਰਾਂ ਲਿਖੇ ਹਨ। ਪ੍ਰਸਿੱਧ ਕਵੀ ਕੇਸ਼ਵਦਾਸ ਦੇ ਪੁੱਤਰ ਕੁਵਰੇਸ਼ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਲਿਖਿਆ ਹੈ ਕਿ ਉਨ੍ਹਾਂ ਵੱਲ ਦੇਖਿਆਂ-ਤ੍ਰਿਸ਼ਨਾ ਮੁੱਕ ਜਾਂਦੀ ਸੀ; ਦੇਖਿਆਂ ਮਨ ਨੂੰ ਖਿੱਚ ਪੈਂਦੀ ਸੀ।
ਜਦ ਬੈਠਣ ਯੋਗ ਹੋਏ ਤਾਂ ਸਮਾਧੀ ਲਗਾ ਬੈਠਦੇ, ਕੀਰਤਨ ਤੇ ਪਾਠ ਟਿਕ ਕੇ ਸੁਣਦੇ। ਜਦ ਆਪੂੰ ਪਾਠ ਕਰਨ ਯੋਗ ਹੋਏ ਤਾਂ ਸੁਰ ਵਿਚ ਪਾਠ ਕਰਦੇ। ਸਰੀਰ ਦੇ ਛੁਹਲੇ ਸਨ । ਸੁਭਾਅ ਦੇ ਸ਼ੀਲ। ਹੱਥੀਂ ਸੇਵਾ ਕਰਦੇ ਅਤੇ ਪਿਤਾ ਵਾਂਗ ਸੰਗਤਾਂ ਨੂੰ ਪ੍ਰਸ਼ਾਦ ਛਕਾ ਬਹੁਤ ਹੀ ਪ੍ਰਸੰਨ ਹੁੰਦੇ।
ਨੁਹਾਰ ਬਾਰੇ ਲਿਖਿਆ ਹੈ ਕਿ ਨੈਨ ਕਮਲ ਵਰਗੇ ਅਤੇ ਛਬਿ ਬਹੁਤ ਹੀ ਸੁੰਦਰ ਬਣ ਗਈ ਸੀ। ਕਿਸੇ ਵੱਲ ਦੇਖਦੇ ਤਾਂ ਇੰਝ ਲੱਗਦਾ ਜਿਵੇਂ ਉਸ ‘ਤੇ ਕਿਰਪਾ ਕਰ ਰਹੇ ਹਨ। ਜਦ ਬੋਲਦੇ ਤਾਂ ਇੰਝ ਲਗਦਾ ਕਿ ਗਿਆਨ ਦਾ ਸੂਰਜ ਚੜ੍ਹ ਗਿਆ ਹੈ।
ਬਹੁਤਾ ਸਮਾਂ ਪਿਤਾ ਜੀ ਪਾਸ ਹੀ ਠਹਿਰਦੇ ਤੇ ਉਨ੍ਹਾਂ ਦੀ ਕਰਣੀ ਦਾ ਪ੍ਰਭਾਵ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹਰ ਕਰਮ ‘ਤੇ ਪੈ ਰਿਹਾ ਸੀ।
ਗੁਰਤਾ ਦੇ ਲਾਇਕ:-
ਇਕ ਵਾਰੀ ਰਾਮਰਾਇ ਵੀ ਪਾਠ ਕਰ ਰਿਹਾ ਸੀ ਤੇ ਨੇੜੇ ਹੀ ਸ੍ਰੀ (ਗੁਰੂ) ਹਰਿਕ੍ਰਿਸ਼ਨ ਸਾਹਿਬ ਜੀ ਪਾਠ ਕਰਦੇ ਸਨ ਤਾਂ ਸੁਣਨ ਵਾਲੇ ਸਿੱਖ ਨੇ ਗੁਰੂ ਜੀ ਪਾਸ ਆ ਕੇ ਦੋਵਾਂ ਪੁੱਤਰਾਂ ਦੀ ਬਹੁਤ ਹੀ ਉਪਮਾ ਕੀਤੀ ਕਿ ਸਾਹਿਬਜ਼ਾਦੇ ਨਾਮ-ਰੰਗ ਵਿਚ ਰੰਗੇ ਹੋਏ ਹਨ।
ਸੱਤਵੇਂ ਪਿਤਾ ਜੀ ਦੇ ਬਚਨ ਹਨ- ਗੁਰੂ ਦੀ ਉਪਮਾ ਇਹ ਹੀ ਹੈ ਕਿ ਜਿਸ ਦੀ ਦ੍ਰਿਸ਼ਟੀ ਨਾਲ ਹੀ ਸੁੱਕੇ ਹਰੇ ਹੋ ਜਾਣ। ਮੁਰਦੇ ਜੀ ਪੈਣ, ਬੁਜ਼ਦਿਲ, ਕਾਇਰ ਕੇਹਰ ਸਮ ਸਾਹਸੀ ਹੋਣ।
ਇਹ ਹਰ ਕੋਈ ਜਾਣ ਗਿਆ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬੋਲ ਲੋਕਾਂ ਦੇ ਹਿਰਦਿਆਂ ‘ਤੇ ਅਮਿੱਟ ਭਾਵ ਛੱਡਣਗੇ।
ਮਰਯਾਦਾ ਦਰਸਾਈ:-
ਰਾਮਰਾਇ ਇਸ ਕੋਸ਼ਿਸ਼ ਵਿਚ ਸੀ ਕਿ ਮਸੰਦਾਂ ਤੇ ਸੰਗਤਾਂ ਨੂੰ ਗੰਢ ਕੇ ਆਪਣੇ ਗੁਰੂ ਹੋਣ ਦਾ ਢੰਡੋਰਾ ਦੇਵੇ। ਹੁੱਜਤਾਂ ਉਹ ਬਹੁਤ ਕਰ ਰਿਹਾ ਸੀ । ਜਦ ਗੁਰੂ ਜੀ ਨੇ ਹੁਕਮਨਾਮੇ ਭੇਜੇ ਸਨ ਕਿ ਕੋਈ ਉਸ ਨੂੰ ਦਮੜੀ ਕੌਡੀ ਨਾ ਦੇਵੇ ਤਾਂ ਉਸ ਇਹ ਆਖ ਕੇ ਧਨ ਇਕੱਠਾ ਕਰ ਲਿਆ ਸੀ ਕਿ ਗੁਰੂ ਜੀ ਨੇ ਤਾਂ ਕੌਡੀ ਦੀ ਮਨਾਹੀ ਕੀਤੀ ਹੈ, ਰੁਪਿਆਂ ਦੀ ਨਹੀਂ। ਗੁਰੂ ਜੀ ਨੇ ਹੁਕਮਨਾਮੇ ਦੂਰ ਦੇਸ਼ਾਂ ਤਕ ਭੇਜ ਦਿੱਤੇ ਕਿ ਸਾਰੇ ਕੀਰਤਪੁਰ ਸਾਹਿਬ ਪੁੱਜਣ।
ਧੀਰਮੱਲ ਵੀ ਰਾਮਰਾਇ ਦੇ ਕਹਿਣ ‘ਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਪਾਸ ਆਇਆ ਤੇ ਕਿਹਾ ਕਿ ਅੱਗੇ ਬਹੁਤ ਬਖੇੜੇ ਪਏ ਹਨ। ਰਾਮਰਾਇ ਦੀ ਔਰੰਗਜ਼ੇਬ ਨਾਲ ਸੁਲਾਹ ਹੈ, ਸੋ ਗੁਰ-ਗੱਦੀ ਉਸ ਨੂੰ ਦੇਵੋ, ਨਾ ਦੇਣ ਨਾਲ ਬੜੀ ਦੁਬਿਧਾ ਪਵੇਗੀ।
ਸ੍ਰੀ ਗੁਰੂ ਹਰਿਰਾਇ ਜੀ ਨੇ ਕਿਹਾ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੀਹ ਪਾਈ ਹੈ, ਅਸੀਂ ਤਾਂ ਉਸ ’ਤੇ ਹੀ ਟੁਰ ਰਹੇ ਹਾਂ। ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਚੰਦ ਤਾਂ ਸਭ ਗੁਣ ਲਾਇਕ ਸਨ। ਉਹਨਾਂ ਤਾਂ ਸਿਰਫ਼ ਕਹਿਣਾ ਨਹੀਂ ਸੀ ਪਾਲਿਆ ਤਾਂ ਗੁਰ-ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ।
ਇਸੇ ਤਰ੍ਹਾਂ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਡਿੱਠਾ ਕਿ ਪੁੱਤਰਾਂ ਹਿਰਦੇ ਸਰਲਤਾ ਹੀ ਨਹੀਂ ਤਾਂ ਬਾਬਾ ਅਮਰਦਾਸ ਜੀ ਨੂੰ ਸੌਂਪ ਦਿੱਤੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਨਿਰਮਾਣ ਜਾਣ ਗੁਰਗੱਦੀ ਦਿੱਤੀ।
ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਦੇਖਿਆ ਕਿ ਵੱਡਾ ਪੁੱਤਰ ਪ੍ਰਿਥੀ ਚੰਦ ਤਾਂ ਕੇਵਲ ਦਰਬ ਇਕੱਠਾ ਕਰਨ ਦੇ ਆਹਰ ਲੱਗਾ ਹੋਇਆ ਹੈ ਤੇ ਸਿਵਾਇ ਚਾਤਰੀ ਦੇ ਕੁਝ ਨਹੀਂ ਕਰਦਾ ਤੇ ਸੰਤੋਖ-ਸ਼ਾਂਤੀ ਵਾਲੀ ਕੋਈ ਚੀਜ਼ ਉਸ ਪਾਸ ਨਹੀਂ ਤਾਂ ਗੁਰੂ-ਗੱਦੀ ਉਸ ਨੂੰ ਨਾ ਦਿੱਤੀ। ਤੁਸੀਂ ਤਾਂ ਭਲੀ ਪ੍ਰਕਾਰ ਜਾਣਦੇ ਹੋ ਕਿ ਕਿਸੇ ਬਖੀਲੀ ਕਰਨ ਵਾਲੇ, ਆਪ-ਹੁਦਰੇ, ਮਾਇਆ ਪਿੱਛੇ ਖਹੁ-ਖਹੁ ਕਰਨ ਵਾਲੇ ਨੂੰ ਇਹ ਜ਼ਿੰਮੇਵਾਰੀ ਨਹੀਂ ਸੌਂਪੀ ਜਾ ਸਕਦੀ। ਰਾਮਰਾਇ ਨੇ ਦਿੱਲੀ ਜਾ ਕੇ ਕਰਾਮਾਤਾਂ ਦਿਖਾਈਆਂ, ਅਸੀਂ ਚੁੱਪ ਰਹੇ:
“ਕਰੀ ਸੁ ਕਰੀ, ਅਪਰ ਹਮ ਮਾਨੀ।”
ਪਰ ਇਹ ਕਿਵੇਂ ਸਹਾਰ ਹੁੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਥੋੜੀ ਮੱਤ ਵਾਲਾ ਕੁਝ ਦਮੜਿਆਂ ਪਿੱਛੇ ਹੀ ਵਟਾ ਦੇਵੇ। ਧੀਰਮੱਲ ਚੁੱਪ ਕਰ ਮੁੜ ਗਿਆ।
ਇਹ ਪ੍ਰਿਥੀ ਚੰਦ, ਧੀਰਮੱਲ ਜਾਂ ਰਾਮਰਾਇ ਗੁਰੂ-ਗੱਦੀ ਨੂੰ ਐਸ਼ਵਰਯ ਦੀ ਚੀਜ਼ ਖ਼ਿਆਲ ਕਰਦੇ ਸਨ। ਗੁਰਤਾ ਤਾਂ ਆਤਮ ਪਦ ਪਾ ਕੇ ਆਪਾ ਵਾਰਨਾ ਹੈ। ਨਿੱਜ ਸੁੱਖਾਂ ਦਾ ਤਿਆਗ ਕਰਕੇ ਸ੍ਰਿਸ਼ਟੀ ਦੇ ਉਧਾਰ ਲਈ ਜੁੱਟ ਜਾਣਾ ਹੈ। ਹਰ ਚੋਣ ਨਤੀਜੇ ਤੋਂ ਬੇਪਰਵਾਹ ਹੋ ਕੇ ਕੀਤੀ ਜਾਂਦੀ ਸੀ।
ਇਕ ਹੋਰ ਪੱਖੋਂ ਦੇਖੋ ਦੋਵੇਂ, ਰਾਮਰਾਇ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਕੋ ਮਾਂ ਦੇ ਜਾਏ ਹਨ। ਗੁਰ-ਜੋਤ ਸੂਰਜ ਦੀਆਂ ਕਿਰਨਾਂ ਪੈ ਦੋਵਾਂ ‘ਤੇ ਰਹੀਆਂ ਹਨ, ਪਰ ਜਦ ਖ਼ਾਲੀ ਹਿਰਦੇ ਤੇ ਡੂੰਘੇ ਟੋਇਆਂ ਤੇ ਪਈਆਂ ਤੇ ਵਿਚੋਂ ਹੀ ਰੁਲ ਪੁਲ ਗਈਆਂ। ਜਦ ਉਹੋ ਹੀ ਕਿਰਣਾਂ ਹਿਵੈ ਘਰ, ਬਰਫ਼ ਦੀਆਂ ਚੋਟੀਆਂ ‘ਤੇ ਪਈਆਂ ਤਾਂ ਚਮਕ ਉੱਠੀਆਂ, ਚੰਨ ਬਣ ਜਗਤ ਨੂੰ ਸੀਤਲਤਾ ਦੇਣ ਲੱਗੀਆਂ। ਜ਼ਰਾ ਰਲਾ ਕੇ ਪੜ੍ਹੋ ਦੋਵੇਂ ਵਾਕ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅਜ਼ਮਤ ਸਮਝ ਆ ਜਾਵੇਗੀ। ਹੁਕਮ ਸੀ, ਜੋ ਰਾਮ ਰਾਇ ਦੇ ਮੱਥੇ ਲੱਗੇਗਾ, ਉਹ ਮੇਰਾ ਸਿੱਖ ਨਹੀਂ। ਪਰ ਦੂਜੇ ਪਾਸੇ:
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥
ਗੁਰਿਆਈ ਬਖਸ਼ੀ:-
ਇਕੱਠੀਆਂ ਸੰਗਤਾਂ ਨੂੰ ਫਿਰ ਆਦੇਸ਼ ਦਿੱਤਾ ਕਿ ਇਹ ਲੋਭੀ ਲੋਕ ਆਪੋ-ਧਾਪੀ ਪਾਉਣਗੇ।
ਜਹਾਜ਼ ਨੂੰ ਤੋੜਨ-ਫੋੜਨ ਦੀ ਕੋਸ਼ਿਸ਼ ਕਰਨਗੇ; ਕਰਾਮਾਤਾਂ ਦਿਖਾਲ ਕੇ ਦੰਭ ਖਿਲਾਰਨਗੇ, ਪਰ ਤੁਸੀਂ ਦ੍ਰਿੜ੍ਹ ਰਹਿਣਾ। ਗੁਰੂ ਕੋਈ ਸਰੀਰ ਨਹੀਂ ਹੈ, ਜੋਤ ਹੈ, ਅਨੁਭਵ ਹੈ। ਉਹ ਅਨੁਭਵ ਗੁਰਬਾਣੀ ਵਿਚ ਹੈ। ‘ਆਸਾ ਦੀ ਵਾਰ’ ਦੇ ਕੀਰਤਨ ਉਪਰੰਤ ਆਪ ਜੀ ਨੇ ਚੋਰ ਕਰਨ ਵਾਲੇ ਸਿੱਖ ਨੂੰ ਹੁਕਮ ਦਿੱਤਾ ਕਿ ਚੌਰ ਹੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ‘ਤੇ ਕਰੋ।
ਆਪ ਜੀ ਨੇ ਸਿੰਘਾਸਨ ਤੋਂ ਉਠ ਕੇ ਤਖ਼ਤ ‘ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਿਠਾਲ ਕੇ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਨ ਹੀ ਆਦਰ ਦਿੱਤਾ :
ਹਾਥ ਜੋਰ ਕੈ ਮਸਤਕ ਟੇਕਿਓ।
ਸ੍ਰੀ ਨਾਨਕ ਬਪੁ ਸੁਤ ਕੋ ਭੇਟਿਓ।
ਸ਼ਬਦ ਦੀ ਥਾਪਨਾ ਦਿੱਤੀ ਤੇ ਸੰਗਤਾਂ ਨੂੰ ਕਿਹਾ—
ਸਾਡੇ ਸਮਾਨ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ। ਲੋਕ-ਪ੍ਰਲੋਕ ਦੇ ਇਹੀ ਮਾਲਕ ਹਨ। ਇਹਨਾਂ ਪਾਸ ਹੀ ਮੁਕਤੀ ਦੀ ਕੁੰਜੀ ਹੈ। ਜਗ-ਗੁਰਤਾ ਇਨ੍ਹਾਂ ਪਾਸ ਹੀ ਹੈ। ਸ਼ਰਧਾ ਧਾਰ ਕੇ ਵੀ ਲੜ ਪਕੜੇਗਾ ਸਭ ਫਲ ਪ੍ਰਾਪਤ ਹੋਣਗੇ :
ਮਾਲਿਕ ਲੋਕ ਪ੍ਰਲੋਕਹਿ ਕੇਰਾ।
ਫਲ ਪ੍ਰਾਪਤਿ ਜਿਹ ਭਾਉ ਘਨੇਰਾ ॥੨੩॥
(ਰਾਸਿ ੧੦, ਅੰਸੂ ੨੭)
ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਨੇ ਗੁਰ-ਗੱਦੀ ਸਮਰਪਨ ਦੀ ਮਰਯਾਦਾ ਨਿਭਾਈ। ਸੰਗਤਾਂ ਸਿਰ ਨਿਵਾਇਆ ਤੇ ਭੇਟਾ ਚਰਨੀਂ ਰੱਖੀਆਂ। ਨਗਾਰੇ ਵੱਜੇ:
ਧੁਜਨੀ ਮਹਿ ਧੌਸੇ ਧੁੰਕਾਰੇ ।
(ਉਹੀ)
ਇਹ ਯਾਦ ਰਹੇ ਕਿ ਨਗਾਰੇ ਵਜਾਉਣਾ ਸੁਤੰਤਰਤਾ ਦਾ ਹੀ ਚਿੰਨ੍ਹ ਹੈ। ਉਧਰ ਜਦ ਰਾਮ ਰਾਇ ਨੂੰ ਇਹ ਖ਼ਬਰ ਪੁੱਜੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਤਾਂ ‘ਗਿਰਯੋ ਮੂਰਛਾ ਖਾਇ’।
ਪ੍ਰਿੰ. ਸਤਿਬੀਰ ਸਿੰਘ