
ਆਸਾੜੁ ਤਪੰਦਾ ਤਿਸੁ ਲਗੈ
ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ
ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ
ਮਥੈ ਜੋ ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ
ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ
ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ
ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ
ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ
ਜਿਸੁ ਮਨਿ ਹਰਿ ਚਰਣ ਨਿਵਾਸ।।੫।।
(ਅੰਗ ੧੩੪)
ਨਾਹੁ = ਖਸਮ ।
ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ।
ਸੰਦੀ = ਦੀ।
ਦੁਯੈ ਭਾਇ = (ਪ੍ਰਭੂ ਤੋਂ ਬਿਨਾ ਕਿਸੇ) ਦੂਜੇ ਪਿਆਰ ਵਿਚ।
ਵਿਗੁਚੀਐ = ਖ਼ੁਆਰ ਹੋਈਦਾ ਹੈ।
ਗਲਿ = ਗਲ ਵਿਚ।
ਲੁਣੈ = ਵੱਢਦਾ ਹੈ।
ਮਥੈ = ਮੱਥੇ ਉੱਤੇ।
ਰੈਣਿ = ਰਾਤ, ਉਮਰ।
ਕੌ = ਨੂੰ।
ਭੇਟੀਐ = ਮਿਲਦਾ ਹੈ।
ਸਾਧੂ = ਗੁਰੂ।
ਖਲਾਸੁ = ਸੁਰਖ਼ਰੂ, ਆਦਰ = ਜੋਗ।
ਪ੍ਰਭ = ਹੇ ਪ੍ਰਭੂ !
ਹੋਇ = ਬਣੀ ਰਹੇ ।
ਜਿਸੁ ਮਨਿ = ਜਿਸ ਦੇ ਮਨ ਵਿਚ।
ਨਿਰਾਸ = ਟੁੱਟੇ ਹੋਏ ਦਿਲ ਵਾਲਾ।
ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ, ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ ।
(ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ) ।
(ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ ।
(ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ ।
ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ) ।
ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ—ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ, (ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ।।੫।।
-ਪ੍ਰੋ. ਸਾਹਿਬ ਸਿੰਘ