views 6 secs 0 comments

16 ਤੋਂ 18 ਦਸੰਬਰ ਸਲਾਨਾ ਜੋੜ ਮੇਲ:ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਪਾਤਸ਼ਾਹੀ ਦਸਵੀਂ, ਕੋਟਲਾ ਨਿਹੰਗ,ਰੋਪੜ

ਲੇਖ
December 18, 2025

ਰੂਪਨਗਰ-ਚੰਡੀਗੜ੍ਹ ਮਾਰਗ ‘ਤੇ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਕੋਟਲਾ ਨਿਹੰਗ, ਰੂਪਨਗਰ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਕੋਟਲਾ ਨਿਹੰਗ ਵਿਖੇ ਆਏ । ਪਹਿਲੀ ਵਾਰ 1688 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਦ ਵਾਪਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਕੋਟਲਾ ਨਿਹੰਗ ਵਿਖੇ ਰੁਕੇ। ਗੁਰੂ ਜੀ ਇਥੇ ਭੱਠੇ ‘ਤੇ ਕੰਮ ਕਰ ਰਹੇ ਲੋਕਾਂ ਪਾਸੋਂ ਕੁਝ ਸਮਾਂ ਠਹਿਰਣ ਲਈ ਜਗ੍ਹਾਂ ਬਾਰੇ ਪੁੱਛਿਆ ਤਾਂ ਮਜ਼ਦੂਰਾਂ ਨੇ ਮਜ਼ਾਕੀਆ ਲਹਿਜ਼ੇ ਵਿਚ ਭੱਠੇ ਵੱਲ ਇਸ਼ਾਰਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦੀ ਰਮਜ਼ ਨੂੰ ਸਮਝ ਲਿਆ ਅਤੇ ਜਿਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਘੋੜੇ ਦੇ ਖੁਰ ਗਰਮ ਦਹਕਦੇ ਹੋਏ ਭੱਠੇ ਵਿਚ ਲਗੇ ਤਾ ਭੱਠਾ ਇਕਦਮ ਠੰਡਾ ਹੋ ਗਿਆ। ਭੱਠਾ ਮਜ਼ਦੂਰਾਂ ਨੇ ਇਸ ਦੀ ਸੂਚਨਾ ਕੋਟਲਾ ਨਿਹੰਗ ਦੇ ਕਿਲ੍ਹੇ ‘ਚ ਰਹਿੰਦੇ ਭੱਠੇ ਦੇ ਮਾਲਕ ਨਿਹੰਗ ਖ਼ਾਂ ਪਠਾਣ ਨੂੰ ਦਿੱਤੀ। ਨਿਹੰਗ ਖ਼ਾਂ ਨੇ ਭੱਠੇ ‘ਤੇ ਪਹੁੰਚ ਕੇ ਗੁਰੂ ਜੀ ਪਾਸੋਂ ਭੁੱਲ ਬਖ਼ਸ਼ਾਈ ਤੇ ਗੁਰੂ ਜੀ ਨੂੰ ਅਪਣੇ ਕਿਲ੍ਹੇ ਵਿਚ ਜਾਣ ਲਈ ਬੇਨਤੀ ਕੀਤੀ। ਨਿਹੰਗ ਖ਼ਾਂ ਦੇ ਘਰ ਇਕ ਦਿਨ ਰਹਿਣ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਅਗਲੇ ਦਿਨ ਅਨੰਦਪੁਰ ਸਾਹਿਬ ਨੂੰ ਚੱਲੇ ਪਏ। ਇਸ ਸਥਾਨ ‘ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸੁਸ਼ੋਭਿਤ ਹੈ।
ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਜੀ 1694 ਈਸਵੀਂ ਨੂੰ ਨਿਹੰਗ ਖ਼ਾਂ ਦੇ ਬੇਟੇ ਆਲਮ ਖ਼ਾਂ ਦੀ ਮੰਗਣੀ ਮੌਕੇ ਇਥੇ ਪਧਾਰੇ ਤੇ ਕੁਝ ਦੇਰ ਭੱਠੇ ਵਾਲੀ ਜਗ੍ਹਾ ਪਰ ਰੁਕੇ। ਤੀਸਰੀ ਵਾਰ 1702 ਈਸਵੀ ਵਿਚ ਗੁਰੂ ਸਾਹਿਬ ਕੁਰੂਕਸ਼ੇਤਰ ਤੋਂ ਵਾਪਸੀ ਸਮੇਂ ਇਸ ਸਥਾਨ ‘ਤੇ ਆਏ ਅਤੇ ਚੌਥੀ ਬਾਰ 1704 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ‘ਤੇ ਜਦ ਮੁਗ਼ਲ ਅਤੇ ਪਹਾੜੀ ਫ਼ੌਜਾਂ ਨੇ ਗੁਰੂ ਜੀ ਉੱਪਰ ਹਮਲਾ ਕਰ ਦਿੱਤਾ ਸੀ ਤਾਂ ਗੁਰੂ ਸਾਹਿਬ ਇਸ ਅਸਥਾਨ ‘ਤੇ ਪਹੁੰਚੇ ਸਨ।
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਪਹਿਲੀ ਇਮਾਰਤ 1910 ਵਿਚ ਬਾਬਾ ਜੀਵਨ ਸਿੰਘ ਬੁੱਢਾ ਭੌਰਾ ਵਾਲਿਆਂ ਨੇ ਬਣਵਾਉਣੀ ਸ਼ੁਰੂ ਕੀਤੀ ਸੀ। ਬਾਅਦ ਵਿਚ 1917 ‘ਚ ਬਗ਼ੈਰ ਨੀਂਹ ਪੁੱਟਿਆਂ ਭੱਠਾ ਸਾਹਿਬ ਦੀ ਇਮਾਰਤ ਬਣਾਈ ਸੀ। ਇਸ ਤੋਂ ਬਾਦ ਲੰਗਰ ਲਈ ਇਮਾਰਤ ਬਣਵਾਈ ਗਈ। ਬਾਬਾ ਜੀਵਨ ਸਿੰਘ 23 ਸਾਲ ਇਸ ਸਥਾਨ ‘ਤੇ ਸੇਵਾ ਸਿਮਰਨ ਕਰਦੇ ਰਹੇ। ਇਸ ਤੋਂ ਬਾਦ ਸੰਤ ਹਰਨਾਮ ਸਿੰਘ ਸੁਖਰਾਮਪੁਰ ਟੱਪਰਿਆਂ ਵਾਲਿਆਂ ਨੇ ਇਹ ਸੇਵਾ ਕਰਨੀ ਸ਼ੁਰੂ ਕੀਤੀ, ਜਿਨ੍ਹਾਂ ਨੇ ਚਾਰ ਮੰਜ਼ਿਲਾ ਗੁੰਬਦ ਤੇ ਕਮਰੇ, ਲੰਗਰ ਦੀ ਸੇਵਾ ਕੀਤੀ।
1985 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ।
ਹਰ ਸਾਲ ਦਸੰਬਰ ਮਹੀਨੇ ਸ਼ਹੀਦੀ ਜੋੜ ਮੇਲ ਹੁੰਦਾ ਹੈ। ਇਸ ਵਾਰ 16 ਤੋਂ 18 ਦਸੰਬਰ ਤਕ ਸ਼ਹੀਦੀ ਜੋੜ ਮੇਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚ ਰਹੇ ਹਨ।

ਸਰਬਜੀਤ ਸਿੰਘ

(ਪੰਜਾਬੀ ਜਾਗਰਣ ਵਿਚੋਂ ਧੰਨਵਾਦ ਸਹਿਤ)