views 18 secs 0 comments

17 ਅਕਤੂਬਰ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਤੇ ਵਿਸ਼ੇਸ਼: ਕਤਿਕਿ ਮਹੀਨੇ ਰਾਹੀਂ ਗੁਰ ਉਪਦੇਸ਼

ਲੇਖ
October 16, 2025

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥
(ਅੰਗ ੧੩੫)

‘ਕਤਿਕਿ’ ਦਾ ਮਹੀਨਾ ਬਾਰਾਂ ਮਹੀਨਿਆਂ ਵਿੱਚੋਂ ਅੱਠਵੇਂ ਸਥਾਨ ‘ਤੇ ਹੈ ਅਤੇ ਭਾਰਤੀ ਛੇ ਰੁੱਤਾਂ ਅਨੁਸਾਰ ਸਰਦ ਰੁੱਤ ਦਾ ਮਹੀਨਾ ਹੈ। ‘ਮਹਾਨ ਕੋਸ਼ ਅਨੁਸਾਰ ਕੱਤਕ ਕ੍ਰਿਤਿਕਾ ਨਛੱਤਰ ਵਾਲੀ ਪੂਰਨਮਾਸ਼ੀ ਹੋਣ ਕਰਕੇ ਇਹ ਸੰਗਯਾ ਹੈ। ‘ਸੰਖਿਆ ਕੋਸ਼’ ਅਨੁਸਾਰ 27 ਨਛੱਤਰਾਂ ਵਿੱਚੋਂ ਤੀਜਾ ਨਛੱਤਰ ਕ੍ਰਿਤਿਕਾ ਹੈ। ਇਸ ਲਈ ਕ੍ਰਿਤਕਾ ਨਛੱਤਰ ਤੋਂ ਇਸ ਮਹੀਨੇ ਦਾ ਨਾਮ ਕਤਿਕਿ ਪ੍ਰਚਲਿਤ ਹੋਇਆ ਹੈ। ਉਂਜ ‘ਸਮ ਅਰਥ ਕੋਸ਼ ਵਿਚ ਕਤਿਕਿ ਦੇ ਸਮਾਨਅਰਥੀ ਸ਼ਬਦ-ਉਰਜ, ਊਰਜ, ਕੱਤਾ, ਕੱਤਿਅ, ਕਾਤਿਕ, ਕਾਰਤਿਕ, ਕਾਰਤਿਕਕ ਤੇ ਬਾਹੁਲ ਆਦਿ ਵੀ ਹਨ। ‘ਸ੍ਰੀ ਗੁਰੂ ਗ੍ਰੰਥ ਕੋਸ਼’ ਅਨੁਸਾਰ ਕਤਿਕ-ਸੰਸਕ੍ਰਿਤ ਕਾਰਤਕ। ਪ੍ਰਾਕ੍ਰਿਤ-ਕਤਿਆ। ਪੰਜਾਬੀ-ਕੱਤਕ, ਕੱਤੇ, ਕੱਤਕ ਦਾ ਮਹੀਨਾ। ਅੱਸੂ ਤੋਂ ਮਗਰਲਾ ਮਹੀਨਾ, ਗੁਲਾਬੀ ਰੁੱਤ ਆਦਿ। ਪੰਚਮ ਪਾਤਸ਼ਾਹ ਜੀ ਨੇ ਰਾਮਕਲੀ ਰੁੱਤੀ ਸਲੋਕ ਵਿਚ ਅੱਸੂ ਕੱਤੇ ਦੇ ਮਹੀਨੇ ਨੂੰ “ਰੁਤਿ ਸਰਦ ਅਡੰਬਰੋ” ਭਾਵ ਸਰਦ ਰੁੱਤ ਦਾ ਅਰੰਭ ਕਿਹਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਹਮਾਹਾ ਤੁਖਾਰੀ ਵਿਚ ਕਤਿਕਿ ਮਹੀਨੇ ਪ੍ਰਥਾਇ ਇਉਂ ਉਪਦੇਸ਼ ਦਿੱਤਾ ਹੈ :

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ॥
ਦੀਪਕੁ ਸਹਜਿ ਬਲੈ ਤਤਿ ਜਲਾਇਆ॥
(ਅੰਗ ੧੧੦੯)

ਭਾਵ – ਜਿਵੇਂ ਕੱਤਕ ਦੇ ਮਹੀਨੇ ਕਿਸਾਨ ਸਾਉਣੀ ਦੀ ਫਸਲ ਘਰ ਲੈ ਆਉਂਦਾ ਹੈ, ਤਿਵੇਂ ਹੀ ਹਰੇਕ ਜੀਵ ਨੂੰ ਕੀਤੇ ਹੋਏ, ਕਰਮਾਂ ਦਾ ਫਲ ਮਿਲ ਜਾਂਦਾ ਹੈ ਤੇ ਜੋ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਉਸ ਦੇ ਹਿਰਦੇ ਵਿਚ ਆਤਮਿਕ ਜੀਵਨ ਦੀ ਸੂਝ ਦਾ ਦੀਵਾ ਜਗ ਪੈਂਦਾ ਹੈ। ਅੱਗੇ ਸਤਿਗੁਰੂ ਫਰਮਾਉਂਦੇ ਹਨ :

ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥
(ਅੰਗ ੧੭੦੮)

ਇਸ ਤਰ੍ਹਾਂ ਆਤਮਿਕ ਜੀਵਨ ਦੀ ਸਮਝ ਦੇ ਅਨੰਦ ਦਾ ਤੇਲ ਤੇ ਚਾਨਣ ਕਰਕੇ ਪ੍ਰਭੂ ਸੰਜੋਗ ਨਾਲ ਜੀਵ ਰੂਪ ਇਸਤ੍ਰੀ ਉਮਾਹ ਵਿਚ ਆਤਮਿਕ ਅਨੰਦ ਮਾਣਦੀ ਹੈ। ਦੂਜੇ ਪਾਸੇ ਜਿਸ ਨੂੰ ਅਵਗੁਣਾਂ ਨੇ ਮਾਰ ਮੁਕਾਇਆ, ਉਹ ਆਤਮਿਕ ਮੌਤੇ ਮਰ ਗਈ ਪਰ ਜੋ ਗੁਣਾਂ ਕਰਕੇ ਵਿਕਾਰਾਂ ਵੱਲੋਂ ਸੰਭਲ ਗਈ, ਉਹ ਹੀ ਵਿਕਾਰਾਂ ਤੋਂ ਬਚੀ ਰਹੀ। ਅੰਤਲੀਆਂ ਪੰਕਤੀਆਂ ‘ਚ ਉਪਦੇਸ਼ ਹੈ :

ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ॥ ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ॥ ੧੨॥
(ਅੰਗ ੧੧੦੯)

ਭਾਵ – ਜਿਨ੍ਹਾਂ ਨੂੰ ਪ੍ਰਭੂ ਨਾਮ ਭਗਤੀ ਦਿੰਦਾ ਹੈ, ਉਹ ਹਿਰਦੇ ਦੇ ਘਰ ਵਿਚ ਟਿਕ ਬਹਿੰਦੇ ਹਨ ਤੇ ਉਨ੍ਹਾਂ ਦੇ ਅੰਦਰ ਪ੍ਰਭੂ-ਮਿਲਾਪ ਦੀ ਆਸ ਬਣੀ ਰਹਿੰਦੀ ਹੈ। ਉਹ ਜੋਦੜੀ ਕਰਦੇ ਹਨ, ਹੇ ਸਤਿਗੁਰੂ ! ਸਾਨੂੰ ਮਿਲੋ ਤੇ ਕਿਵਾੜ (ਕਪਟ) ਖੋਲ ਦਿਓ ਕਿ ਤੇਰਾ ਇਕ ਘੜੀ ਦਾ ਵਿਛੋੜਾ ਵੀ ਛੇ ਮਹੀਨੇ (ਖਟੁ ਮਾਸਾ) ਦਾ ਵਿਛੋੜਾ ਜਾਪਣ ਲੱਗਦਾ ਹੈ।

ਦਸਮ ਪਾਤਸ਼ਾਹ ਜੀ ਨੇ ਇਹ ਨਾਟਕ ਬਾਰਾਮਾਹ ਵਿਚ ਕਤਿਕਿ ਮਹੀਨੇ ਦੀਆਂ ਲੋਕ

ਮਾਨਤਾਵਾਂ, ਸੁੰਦਰ ਰੁੱਤ ਦਾ ਚਿਤਰਨ ਤੇ ਫੇਰ ਵਿਯੋਗ ਦੀ ਅਵਸਥਾ ਨੂੰ ਵਰਣਨ

ਕਰਦਿਆਂ ਫ਼ਰਮਾਇਆ ਹੈ :

ਕਾਤਕਿ ਮੈ ਗਨਿ ਦੀਪ ਪ੍ਰਕਾਸ਼ਤ ਤੈਸੇ ਅਕਾਸ਼ ਮੈ ਉਜਲਤਾਈ॥
ਜੂਪ ਜਹਾਂ ਤਹਾਂ ਫੈਲ ਰਯੋ ਸਿਗਰੇ ਨਰ ਨਾਰਨ ਖੇਲ ਮਚਾਈ॥
ਚਿੱਤ੍ਰ ਭਏ ਘਰ ਆਂਙਨ ਦੇਖ ਗਚੇ ਤਹਕੇ ਅਰੁ ਚਿਤ ਭ੍ਰਮਾਈ॥

ਆਯੋ ਨਹੀ ਮਨ ਭਾਯੋ ਤਹੀ ਟਸਕ੍ਯੋਂ ਨ ਹੀਯੋ ਕਸਯੋ ਨ ਕਸਾਈ॥੬੨੧॥
(ਸ੍ਰੀ ਦਸਮ ਗ੍ਰੰਥ)

ਭਾਵ – ਕੱਤਕ ਮਹੀਨੇ ਅਕਾਸ਼ ਬਿਲਕੁਲ ਉਜਲ ਹੋ ਗਿਆ, ਜਿਵੇਂ ਵੱਟੀ (ਗਨਿ)

ਤੇ ਦੀਪ ਮਿਲ ਕੇ ਰੋਸ਼ਨੀ ਕਰਦੇ ਹਨ। ਸਭ ਲੋਕ ਮੌਜ ਮਸਤੀ ਕਰ ਰਹੇ ਹਨ। ਘਰ ਚਿੱਤਰੇ ਜਾ ਰਹੇ ਹਨ ਤੇ ਮੇਰਾ ਮਨ ਭਰਮ ਰਿਹਾ ਹੈ। ਸਾਡਾ ਪ੍ਰੀਤਮ ਆਇਆ ਨਹੀਂ, ਨਾ ਹੀ ਉਹਦਾ ਹਿਰਦਾ ਝੁਕਿਆ (ਟਸਯੋ) ਤੇ ਨਾ ਹੀ ਕਸਿਕ (ਕਸਯੋ) ਹੈ।

ਦੂਜੇ ਪਾਸੇ ਸਾਡੇ ਸਮਾਜ ਵਿਚ ਕੱਤਕ ਦੇ ਮਹੀਨੇ ਨਾਲ ਅਨੇਕਾਂ ਵਹਿਮ-ਭਰਮ ਤੇ ਮੰਨਤਾਂ-ਮਨਾਉਤਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਕੱਤਕ ਦੇ ਮਹੀਨੇ ਜਨਮ ਲੈਣ ਵਾਲੇ ਬੱਚੇ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਲੋਕ ਮਿੱਥ ਹੈ ਕਿ ਇਸ ਮਹੀਨੇ ਪਾਪ ਸ਼ਕਤੀਆਂ ਬਲਵਾਨ ਹੁੰਦੀਆਂ ਹਨ ਤੇ ਕੱਤੇ ਮਹੀਨੇ ਜਨਮਿਆ ਬੱਚਾ ਕੁਝ ਲਈ ਬੁਰਾ ਪ੍ਰਭਾਵ ਲੈ ਕੇ ਆਉਂਦਾ ਹੈ। ਵਹਿਮੀ ਸਮਾਜ ਨੇ ਆਪੇ ਭਰਮ ਪਾਲ ਕੇ ਫਿਰ ਉਪਾਅ ਵੀ ਪ੍ਰਚਲਿਤ ਕਰ ਦਿੱਤੇ। ਜਿਵੇਂ ਚਾਰ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਫਿਰ ਚਾਰ ਘੜੇ ਪਾਣੀ ਦੇ ਉਨ੍ਹਾਂ ਦੇ ਸਾਹਮਣੇ ਰੱਖਣੇ ਤੇ ਫਿਰ ਇਨ੍ਹਾਂ ਘੜਿਆਂ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਮਾਂ ਅਤੇ ਬੱਚੇ ਉੱਪਰ ਛੱਟੇ ਮਾਰਨੇ। ਕਈ ਲੋਕ ਕੱਤੇ ਮਹੀਨੇ ਜਨਮੇ ਬੱਚੇ ਨੂੰ ਗਊ ਦੀਆਂ ਲੱਤਾਂ ਹੇਠੋਂ ਲੰਘਾਉਂਦੇ ਸਨ ਤੇ ਭਰਮ ਇਹ ਹੋਣਾ ਕਿ ਇਸ ਨੇ ਗਊ ਤੋਂ ਜਨਮ ਲਿਆ ਹੈ। ਕੁਝ ਲੋਕਾਂ ਨੇ ਅਜਿਹੇ ਬੱਚੇ ਨੂੰ ਸੱਤਾਂ ਖੂਹਾਂ ਦੇ ਪਾਣੀ ਦਾ ਇਕ ਵਿਸ਼ੇਸ਼ ਪ੍ਰਕਿਰਿਆ ਨਾਲ ਇਸ਼ਨਾਨ ਕਰਵਾਉਣਾ ਕਿ ਉਹ ਸ਼ੁੱਭ ਹੋ ਜਾਵੇ।

ਇਸੇ ਤਰ੍ਹਾਂ ਕੱਤੇ ਮਹੀਨੇ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਵੀ ਅਸ਼ੁੱਭ ਮੰਨਣਾ ਤੇ ਸਨਾਤਨ ਮਤ ਵਿਚ ਬ੍ਰਾਹਮਣ ਨੂੰ ਇਸਤਰੀ ਦਾਨ ਕਰ ਕੇ, ਫਿਰ ਵਾਪਸ ਲੈ ਲੈਣਾ।

ਕਈਆਂ ਨੇ ਕੱਤਾ ਮਹੀਨਾ ਵਿਆਹ ਸ਼ਾਦੀ ਲਈ ਵੀ ਅਸ਼ੁੱਭ ਮੰਨਿਆ ਹੈ। (ਹੋ ਸਕਦਾ ਇਸ ਮਹੀਨੇ ਖੇਤਾਂ ਵਿਚ ਕਪਾਹ ਦੀ ਚੁਗਾਈ ਕਰਕੇ ਵੀ ਨਾਲ ਗੱਲ ਜੁੜ ਗਈ ਹੋਵੇ ਅਤੇ ਇਸੇ ਮਹੀਨੇ ਇਕ ਪਲੇਗ ਦੀ ਬੀਮਾਰੀ ਜਿਸ ਨੂੰ ਕੱਤੇ ਦੀ ਬੀਮਾਰੀ ਕਹਿੰਦੇ ਸਨ-ਇਸ ਤੋਂ ਬਚਾਓ ਕਰਨ ਲਈ ਵੀ ਇਸ ਮਹੀਨੇ ਨੂੰ ਹੀ ਅਸ਼ੁੱਭ ਮੰਨ ਲਿਆ ਹੋਵੇ।) ਸ਼ਾਇਦ ਇਸੇ ਕਰਕੇ ਕੁਝ ਇਲਾਕਿਆਂ ਵਿਚ ਕੱਤੇ ਮਹੀਨੇ ਦੇ ਪਾਣੀ ਨੂੰ ਵੀ ਅਸ਼ੁੱਭ ਕਿਹਾ ਗਿਆ ਤੇ ਉਥੇ ਗਰਭਵਤੀ ਇਸਤਰੀਆਂ ਨੂੰ ਅੱਸੂ ਮਹੀਨੇ ਦਾ ਘੜਿਆਂ ‘ਚ ਇਕੱਠਾ ਕੀਤਾ ਪਾਣੀ ਪਿਲਾਇਆ ਜਾਂਦਾ ਸੀ। ਇਸ ਲਈ ਅੱਸੂ ਦੇ ਪਾਣੀ ਨੂੰ ਬਰਕਤ ਵਾਲਾ ਮੰਨਿਆ ਗਿਆ।

‘ਪੰਜਾਬੀ ਲੋਕਧਾਰਾ ਵਿਸ਼ਵ ਕੋਸ਼’ ਵਿਚ ਦਰਜ ਹੈ ਕਿ “ਪੁਰਾਤਨ ਕਾਲ ਵਿਚ ਕੱਤਕ ਦੇ ਮਹੀਨੇ ਨੂੰ ਅੰਧਕਾਰ ਦੀਆਂ ਸ਼ਕਤੀਆਂ ਦਾ ਮਹੀਨਾ ਮੰਨ ਕੇ ਸਾਰਾ ਮਹੀਨਾ ਹੀ ਲੋਕ ਦਿਨ-ਰਾਤ ਦੀਵੇ ਬਾਲਦੇ ਸਨ। ਫਿਰ ਹੌਲੀ-ਹੌਲੀ ਕੱਤਕ ਦੀ ਮੱਸਿਆ ਨੂੰ ਹੀ ਦੀਵੇ ਬਾਲੇ ਜਾਣ ਲੱਗੇ ਤੇ ਅੱਜ ਕੱਲ ਇਹੋ ਹੀ ਦੀਵਾਲੀ ਦਾ ਤਿਉਹਾਰ ਹੈ।” ਇਹ ਗੱਲ ਠੀਕ ਲੱਗਦੀ ਹੈ ਕਿ ਦੀਵਾਲੀ ਮੌਸਮੀ ਤਿਉਹਾਰ ਹੁੰਦਿਆਂ ਵੀ ਪ੍ਰਾਚੀਨ ਕਾਲ ਤੋਂ ਮੰਨਤਾਂ/ਮਨਾਉਤਾਂ ਨਾਲ ਜੁੜੀ ਹੋਈ ਹੈ। ਬਾਅਦ ਵਿਚ ਸ੍ਰੀ ਰਾਮ ਚੰਦਰ ਜੀ ਦੀ ਅਯੁੱਧਿਆ ਵਾਪਸੀ ‘ਤੇ ਦੀਵਾਲੀ ਅਤੇ ਸਿੱਖ ਕੌਮ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਵਾਪਸੀ ‘ਤੇ ‘ਬੰਦੀ ਛੋੜ ਦਿਵਸ’ ਪ੍ਰਚਲਿਤ ਹੋਏ।

ਇਸੇ ਪ੍ਰਕਾਰ ਕਿਸੇ ਮਤ ਵਿਚ ਕੱਤਕ ਪੂਰਨਮਾ ਨੂੰ ਇਸ਼ਨਾਨ ਦਾ ਮਹੱਤਵ ਦੱਸਿਆ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਕੱਤਕ ਦੀ ਪੂਰਨਮਾ ਨੂੰ ਗੰਗਾ ਦੀ ਉਤਪਤੀ ਹੋਈ, ਇਸੇ ਤਿੱਥ ਨੂੰ ਤੁਲਸਾਂ ਦਾ ਜਨਮ ਮੰਨਿਆ ਜਾਂਦਾ ਅਤੇ ਹਿੰਦੂ ਮੱਤ ਵਿਚ ਤੁਲਸੀ ਦੇ ਬੂਟੇ ਤੇ ਗੰਗਾ ਨਦੀ ਦੀ ਪੂਜਾ ਦਾ ਵਿਧਾਨ ਹੈ। ਇਸੇ ਦਿਨ ਹਿੰਦੂ ਨਵਜੰਮੇ ਬੱਚੇ ਦਾ ਮੁੰਡਨ ਸੰਸਕਾਰ ਕਰਦੇ ਹਨ ਅਤੇ ਪੂਰਨਮਾਸ਼ੀ ਦੀ ਪੂਰਬ ਸੰਧਿਆ ਨੂੰ ਮੋਇਆਂ ਦੀ ਯਾਦ ਵਿਚ ਦੀਆ ਦੇਣ ਦੀ ਰਸਮ ਕਰਦੇ ਹਨ। ਕਿਸੇ ਸਮੇਂ ਇਸੇ ਦਿਨ ਛਾਤੀਆਂ ਪਿੱਟ ਕੇ ਕੀਰਨੇ ਪਾਏ ਜਾਂਦੇ ਸਨ। (ਸਿੱਖ ਸੱਭਿਆਚਾਰ ਵਿਚ ਅਜਿਹੀ ਕਿਸੇ ਵੀ ਮੰਨਤਾ/ਮਨਾਉਤ ਨੂੰ ਨਹੀਂ ਮੰਨਿਆ ਗਿਆ ਹੈ। ਸਿੱਖ ਸਮਾਜ ਨੇ ਕਿਸੇ ਵੀ ਭਰਮ ਵਿਚ ਨਹੀਂ ਪੈਣਾ ਤੇ ਗੁਰਮਤਿ ਅਨੁਸਾਰ ਜੀਵਨ ਜੀਉਣਾ ਹੈ।)

ਹੁਣ ਅਸੀਂ ਪੰਚਮ ਪਾਤਸ਼ਾਹ ਜੀ ਵੱਲੋਂ ‘ਕਤਿਕਿ’ ਮਹੀਨੇ ਰਾਹੀਂ ਬਖ਼ਸ਼ੇ ਉਪਦੇਸ਼ ਦੀ ਵਿਚਾਰ ਕਰਦੇ ਹਾਂ। ਇਸ ਲੇਖ ਦੇ ਅਰੰਭ ਵਿਚ ਦਰਜ ਪੰਕਤੀਆਂ ਦਾ ਭਾਵ ਹੈ, “ਕੱਤੇ ਮਹੀਨੇ ਦੀ ਸੁਹਾਵਣੀ ਰੁੱਤ ਵਿਚ ਵੀ ਜੇ ਪ੍ਰਭੂ ਤੋਂ ਵਿਛੋੜਾ ਰਿਹਾ ਤਾਂ ਕੀਤੇ ਕਰਮਾਂ ਦਾ ਹੀ ਫਲ ਹੈ। ਕਿਸੇ ਹੋਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪ੍ਰਭੂ ਦੀ ਯਾਦ ਭੁੱਲ ਜਾਈਏ ਤਾਂ ਸਮੂਹ ਦੁੱਖ ਕਲੇਸ਼ ਜ਼ੋਰ ਪਾ ਲੈਂਦੇ ਹਨ :

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥
(ਅੰਗ ੧੩੫)

ਭਾਵ – ਪ੍ਰਭੂ ਤੋਂ ਮੂੰਹ ਮੋੜਿਆਂ ਲੰਮੇ ਵਿਛੋੜੇ ਪੈ ਜਾਂਦੇ ਹਨ ਅਤੇ ਜੋ ਸੰਸਾਰੀ ਭੋਗ ਹਨ ਉਹ ਪਲਾਂ ਵਿਚ ਦੁਖਦਾਈ ਹੋ ਜਾਂਦੇ ਹਨ :

ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥
(ਅੰਗ ੧੩੫)

ਇਸ ਤਰਾਂ ਦੁਖਦਾਈ ਹਾਲਤ ਵਿਚ ਕਿਸੇ ਦਾ ਵਿਚੋਲਾਪਨ ਵੀ ਕੁਝ ਨਹੀਂ ਕਰ ਸਕਦਾ ਤੇ ਨਿੱਤ ਦੇ ਰੋਇਆਂ ਦਾ ਲਾਭ ਵੀ ਨਹੀਂ ਹੁੰਦਾ। ਦੁਖੀ ਜੀਵ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਦੀ ਬਿਧ ਆ ਬਣਦੀ ਹੈ। ਅੰਤ ਫ਼ਰਮਾਨ:

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥ ੯॥
(ਅੰਗ ੧੩੫)

ਭਾਵ – ਚੰਗੇ ਭਾਗਾਂ ਨੂੰ ਪ੍ਰਭੂ-ਮਿਲਾਪ ਹੋ ਜਾਵੇ ਤਾਂ ਸਾਰੇ ਦੁੱਖ ਮਿਟ ਜਾਂਦੇ ਹਨ। ਇਸ ਲਈ ਨਾਨਕ ਦੀ ਤਾਂ ਇਹ ਬੇਨਤੀ ਹੈ ਕਿ ਬੰਧਨਾਂ ਤੋਂ ਮੁਕਤ ਕਰਨ ਵਾਲੇ ਪ੍ਰਭੂ ਮੇਰੀ ਰੱਖਿਆ ਕਰੋ। ਇਸ ਤਰ੍ਹਾਂ ਕਤਿਕਿ ਦੀ ਰੁੱਤੇ ਜਿਨ੍ਹਾਂ ਨੂੰ ਸਾਧ-ਸੰਗਤ ਮਿਲ ਜਾਏ ਉਨ੍ਹਾਂ ਦੇ ਚਿੰਤਾ ਝੋਰੇ ਮੁੱਕ ਜਾਂਦੇ ਹਨ।

ਗੁਰਮਤਿ ਅਨੁਸਾਰ ਅਸੀਂ ਪ੍ਰਭੂ ਤੋਂ ਵਿਛੜੇ ਨਹੀਂ, ਅਸੀਂ ਪ੍ਰਭੂ ਨੂੰ ਵਿਸਾਰਿਆ ਹੋਇਆ ਹੈ ਕਿਉਂਕਿ ਪ੍ਰਭੂ ਤਾਂ ਹਰ ਹਿਰਦੇ ਵਿਚ ਵੱਸਦਾ ਹੈ। ਇਸ ਲਈ ਪ੍ਰਭੂ ਦੂਰ ਨਹੀਂ, ਸਗੋਂ ਮਨੁੱਖ ਭੁੱਲਿਆ ਹੋਇਆ ਹੈ। ਮਿਲਾਪ ਦਾ ਆਧਾਰ ਗੁਰਬਾਣੀ ਜਾਪ ਤੇ ਗੁਰਮਤੀ ਜੀਵਨ-ਜਾਚ ਹੈ। ਇਹੋ ਸਤਿਗੁਰਾਂ ਦਾ ਉਪਦੇਸ਼ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ