
ਸਿੱਖ ਧਰਮ ਦੇ ਫ਼ਲਸਫ਼ੇ ਦੇ ਅਮਲ ਨੂੰ ਜੇ ਬਹੁਤ ਹੀ ਸੰਖੇਪ ਰੂਪ ਵਿਚ ਜਾਨਣਾ ਜਾਂ ਬਿਆਨਣਾ ਹੋਵੇ ਤਾਂ, ‘ਨਾਮੁ ਜਪੋ, ਕਿਰਤ ਕਰੋ ਤੇ ਵੰਡ ਛਕੋ’ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਹਰ ਕਿਸੇ ਨੂੰ, ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਖ਼ਾਤਿਰ ਕੋਈ ਨ ਕੋਈ ਕੰਮ-ਧੰਦਾ ਕਰਨਾ ਪੈਂਦੈ। ਮਨੁੱਖੀ ਸਮਾਜ ਦੇ ਸੁਚਾਰੂ ਸੰਚਾਲਨ ਲਈ ਇਹ ਅਤੀ ਅਵੱਸ਼ਕ ਹੈ ਅਤੇ ਵਿਸ਼ੇਸ਼ ਕਰਕੇ ਸਿੱਖ ਧਰਮ ‘ਕਿਰਤ ਵਿਰਤ ਕਰ ਧਰਮ ਦੀ ਹਥਹੁ ਦੇ ਕੇ ਭਲਾ ਮਨਾਇ।’ ਦੇ ਸਿਧਾਂਤ ਦੀ ਸਥਾਪਨਾ ਕਰਦਾ ਹੈ। ਇਹ ਵਿਚਾਰਧਾਰਾ ਪਿਛੋਕੜਲੇ ਮੱਤ-ਮਤਾਂਤਰਾਂ ਦੇ ਸੰਸਥਾਪਕਾਂ ਤੇ ਸਾਧਕਾਂ ਦੇ ਗ੍ਰਹਿਸਤੀ-ਜ਼ਿੰਦਗੀ ਤੋਂ, ਤੇ ਸਾਂਝੀਆਂ ਸਮਾਜਕ-ਜ਼ਿੰਮੇਵਾਰੀਆਂ ਤੋਂ ਮੂੰਹ ਫੇਰਦਿਆਂ ਤਿਆਗੀ, ਤਪੱਸਵੀ, ਵਿਰਕਤ ਤੇ ਬ੍ਰਹਮਚਾਰੀ ਆਦਿ ਭਾਂਜਵਾਦੀ ਸਿਧਾਂਤਾਂ ਦੇ ਬਿਲਕੁਲ ਵਿਪਰੀਤ ਹੈ ਅਤੇ ਆਪਣੇ ਖਾਸੇ ਨੂੰ ਹੋਰਨਾਂ ਫ਼ਲਸਫ਼ਿਆਂ ਤੋਂ ਸਪੱਸ਼ਟਤਾ ਸਹਿਤ ਨਿਖੇੜਦੀ ।
ਆਮ ਤੌਰ ‘ਤੇ ਵੱਡੇ ਅਮੀਰ ਸ਼ਾਹੂਕਾਰ, ਦੂਸਰੇ ਵਿਅਕਤੀਆਂ ਵਲੋਂ ਚਲਾਏ ਜਾਂਦੇ ਪ੍ਰੋਜੈਕਟਾਂ ਵਿਚ ਪੂੰਜੀ-ਨਿਵੇਸ਼ ਕਰਦੇ ਹਨ। ਕਈ ਕੱਚੇ-ਮਾਲ ਜਾਂ ਤਿਆਰ ਹੋਏ ਸਮਾਨ ਦੇ ਸਟਾਕਿਸਟ ਵਜੋਂ, ਤਜਾਰਤੀ ਖਰੀਦੋ-ਫਰੋਖਤ, ਸਰਾਫਾ ਬਾਜ਼ਾਰ ਜਾਂ ਸਟੌਕ ਐਕਸਚੇਂਜ ਨਾਲ ਜੁੜੇ ਵਧਦੇ-ਘਟਦੇ ਕਾਰੋਬਾਰੀ-ਕਾਰਜਾਂ ਵਿਚ ਧਨ-ਦੌਲਤਾਂ ਦੇ ਦਾਅ ਪੇਚ ਅਜ਼ਮਾਉਂਦੇ ਹਨ। ਕਈ ਔਖਿਆਈਆਂ ਭਰੇ ਕੰਮ ਲਈ ਹੌਸਲਾ ਰੱਖਣ ਵਾਲੇ ਉੱਦਮੀ, ਵੱਡੇ ਕਾਰਖਾਨੇਦਾਰ ਜਾਂ ਉਦਯੋਗਪਤੀ ਬਣਨਾ ਪਸੰਦ ਕਰਦੇ ਹਨ। ਮੱਧ ਸ਼੍ਰੇਣੀ ਨਾਲ ਸਬੰਧਤ ਪਰਿਵਾਰਾਂ ਵਾਲੇ ਆਮ ਤੌਰ ‘ਪਰ ਥੋਕ ਜਾਂ ਰਿਟੇਲ ਦਾ ਵਣਜ-ਵਪਾਰ, ਵਰਕਸ਼ਾਪਾਂ ਨਾਲ ਜੁੜੇ ਧੰਦਿਆਂ, ਵਿੱਦਿਅਕ ਤੇ ਸਿਹਤ ਸੇਵਾਵਾਂ ‘ਚ ਲੱਗੇ ਅਦਾਰਿਆਂ ਅਤੇ ਪ੍ਰਸ਼ਾਸਨਿਕ ਪ੍ਰਬੰਧਕੀ ਤੇ ਹੋਰ ਕਈ ਪ੍ਰਕਾਰ ਦੇ ਸਰਕਾਰੀ ਵਿਭਾਗਾਂ ਵਿਚ ਨੌਕਰੀ ਨੂੰ ਤਰਜੀਹ ਦਿੰਦੇ ਹਨ। ਗਰੀਬ ਵਰਗ ਉਪਜੀਵਕਾ ਕਮਾਉਣ ਖ਼ਾਤਰ, ਨਿਪੁੰਨ-ਕਾਰੀਗਰ, ਉਦਯੋਗ ਜਾਂ ਖੇਤੀਬਾੜੀ ਨਾਲ ਜੁੜੀ ਮਿਹਨਤਕਸ਼ ਕਿਰਤੀਆਂ ਦੀ ਜਮਾਤ ਹੈ ਜਿਸ ਨੂੰ ਸਹੀ ਅਰਥਾਂ ਵਿਚ ਅਸੀਂ ਦਸਾਂ-ਨਹੁੰਆਂ ਦੀ ਕਿਰਤ-ਕਮਾਈ ਦੁਆਰਾ ਹੱਕ-ਹਲਾਲ ਦੀ ਰੋਟੀ ਖਾਣ ਵਾਲੇ ਭਾਈ ਲਾਲੋ ਜੀ ਦੇ ਸੰਗੀ-ਸਾਥੀ ਆਖ ਸਕਦੇ ਹਾਂ।
ਇਹਨਾਂ ਸਾਰਿਆਂ ਪੇਸ਼ੇਵਾਰਾਨਾ-ਕਾਰਜਾਂ ਤੇ ਕੰਮਾਂ-ਧੰਦਿਆਂ ਦੀ ਪ੍ਰਕਿਰਿਆ ਵਿਚ ਕਈ ਪ੍ਰਕਾਰ ਦੀਆਂ ਸਹਸ-ਸਿਆਣਪਾਂ, ਉਲਝਣਾਂ-ਔਕੜਾਂ, ਕਨੂੰਨੀ-ਗੈਰ ਕਾਨੂੰਨੀ ਝੂਠ-ਸੱਚ, ਚੋਰੀਆਂ-ਠੱਗੀਆਂ, ਹੇਰਾ-ਫੇਰੀਆਂ, ਚੁਸਤੀਆਂ-ਚਲਾਕੀਆਂ, ਮਾਨਵੀ ਕਦਰਾਂ-ਕੀਮਤਾਂ ਤੇ ਨੈਤਿਕਤਾ ਤੋਂ ਉਲਟ ਵਿਹਾਰ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧਨਵਾਨਾਂ, ਮੁਨਾਫ਼ੇਖੋਰਾਂ ਤੇ ਜ਼ਖੀਰੇਬਾਜ਼ਾਂ ਦੀ ਹੋਰ-ਹੋਰ ਵਾਲੀ ਭੁੱਖ ਹਮੇਸ਼ਾ ਬਣੀ ਰਹਿੰਦੀ ਹੈ। ‘ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥’ ਅਨੁਸਾਰ ਐਸੇ ਧਨਵੰਤਿਆਂ ਦੀ ਤ੍ਰਿਸ਼ਨਾ ਨਹੀਂ ਬੁੱਝਦੀ, ਪਦਾਰਥਾਂ ਪਿੱਛੇ ਲੱਗਿਆਂ ਦੀ ਹਵਸ ਨਹੀਂ ਮੁੱਕਦੀ ਅਤੇ ਚਿੰਤਾ ਇਹ ਵੀ ਰਹਿੰਦੀ ਹੈ ਕਿਧਰੇ ਕੋਈ ਚੋਰੀ ਡਾਕਾ ਹੀ ਨਾ ਪੈ ਜਾਏ। ਦੂਜੇ ਪਾਸੇ ਜਿਹਨਾਂ ਦੀਆਂ ਪੈਸੇ ਵਲੋਂ ਲੋੜਾਂ-ਥੋੜਾਂ ਬਣੀਆਂ ਹੀ ਰਹਿੰਦੀਆਂ ਨੇ, ਘਰ-ਪਰਿਵਾਰ ਦਾ ਖਰਚਾ ਔਖਾ ਚਲਦੈ, ਉਹ ਵਿਚਾਰੇ ਨਿਤ ਦੀਆਂ ਚਿੰਤਾਵਾਂ-ਫ਼ਿਕਰਾਂ ਵਿਚ ਭਟਕਦੇ ਫਿਰਦੇ ਨੇ : ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
ਐਸੀਆਂ ਦੁਸ਼ਵਾਰੀਆਂ ਦਾ ਕਿਵੇਂ ਸਾਹਮਣਾ ਕਰਨਾ ਹੈ, ਦੂਜਿਆਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਲੋੜੀਂਦੀ ਕੁਲੀ ਗੁਲੀ ਜੁਲੀ ਦਾ ਕਿਵੇਂ ਬਾਨ੍ਹਣੂ ਬੰਨ੍ਹਣੈ, ਮਨੁੱਖ ਦੀ ਅਜਿਹੀ ਸੋਚ ਵਿਚਾਰ ਤੇ ਉਸ ਦੇ ਫੈਸਲਿਆਂ ਅਨੁਸਾਰ ਹੀ ਉਸ ਦਾ ਵਿਹਾਰ ਬਣੇਗਾ, ਉਸ ਦੀ ਪੇਸ਼ੇਵਰਾਨਾ ਕਿਰਤ ਦਾ ਮਿਆਰ ਬਣੇਗਾ।
ਮਨੁੱਖ ਆਪਣੀ ਚੋਣ ਕਰਨ ਵਿਚ ਸੁਤੰਤਰ ਹੈ ਕਿ ਉਸ ਨੇ ਜਿੱਥੇ ਵੀ ਦਾਅ ਲੱਗੇ ਚੋਰੀ-ਚਕਾਰੀ, ਝੂਠ-ਫਰੇਬ ਤੇ ਰਿਸ਼ਵਤਖੋਰੀ ਦਾ ਰਸਤਾ ਅਪਨਾਉਣੈ ਜਾਂ ਸੱਚ ਹੱਕ ਨਿਆਂ ਵਾਲੇ ਗੁਰਮਤਿ ਗਾਡੀ-ਰਾਹ ਦਾ ਪਾਂਧੀ ਬਣਨੈ। ਮਨੁੱਖ ਦਾ ਸੋਚਣ-ਵਿਚਾਰਨ ਉਪਰੰਤ ਚੁਣਿਆ ਰਾਹ ਹੀ ਹੌਲੀ-ਹੌਲੀ ਸਮਾਂ ਪਾ ਕੇ ਕੀਤੇ ਜਾ ਰਹੇ ਕਿੱਤੇ, ਕਿਰਤ, ਕੰਮ-ਕਾਰ ਜਾਂ ਕਾਰੋਬਾਰ ਦੀ ਚੰਗੀ-ਮੰਦੀ ਗੁਣਵੱਤਾ ਦੀ ਕਸਵੱਟੀ ਬਣੇਗਾ। ਨਿੱਤ-ਨਿੱਤ ਦੁਹਰਾਈਆਂ ਸੋਚਾਂ ਤੇ ਕੀਤੇ ਕਾਰ-ਵਿਹਾਰ ਸਾਡੀਆਂ ਆਦਤਾਂ ਬਣ ਜਾਂਦੀਆਂ ਹਨ ਅਤੇ ਇਹੀ ਆਦਤਾਂ ਪੱਕ ਕੇ ਸਾਡਾ ਸੁਭਾਵ ਖਾਸਾ, ਆਚਰਣ, ਜਿਸ ਨੂੰ ਅਸੀਂ ਧਾਰਮਿਕ ਸ਼ਬਦਾਵਲੀ ਵਿਚ ‘ਕਰਮ’ ਆਖਦੇ ਹਾਂ, ਘੜਿਆ ਜਾਂਦਾ ਹੈ ਅਤੇ ਇਹੋ ਜਮ੍ਹਾਂ ਹੁੰਦਾ ਹੁੰਦਾ ਸੰਚਿਤ ਕਰਮ, ਆਪਣੀ ਸਮੁੱਚਤਾ ਵਿਚ ਸਾਡੇ ਭਵਿੱਖ ਦਾ ਭਾਗ ਵਿਧਾਤਾ ਹੈ।
‘ਜੇਹੇ ਕਰਮ ਕਮਾਇ ਤੇਹਾ ਹੋਇਸੀ॥’ , ‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ ਅਤੇ ‘ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥’ ਜਾਂ ਜਪੁ ਬਾਣੀ ਦੇ ਅੰਤਮ ਸਲੋਕ ਵਿਚ ਆਏ ‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਆਦਿ ਗੁਰ-ਫੁਰਮਾਨ ਲੋਕ-ਮਾਨਸਿਕਤਾ ਵਿਚ ਇਤਨਾ ਡੂੰਘਾ ਪ੍ਰਭਾਵ ਬਣਾ ਚੁੱਕੇ ਨੇ ਕਿ ਇਹਨਾਂ ਵਾਕਾਂ ਨੂੰ ਆਮ ਗੱਲਬਾਤ ਵਿਚ ਮੁਹਾਵਰਿਆਂ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਪ੍ਰਤੱਖ ਰੂਪ ਵਿਚ, ਸਿੱਖ ਕਰਮ ਫਿਲਾਸਫ਼ੀ ਦੂਸਰਿਆਂ ਧਰਮਾਂ ਤੋਂ ਇਸ ਪੱਖੋਂ ਵਿਲੱਖਣ ਹੈ ਕਿ ਜਿੱਥੇ ਵਿਭਿੰਨ ਮੱਤ-ਮਤਾਂਤਰ, ਉਹਨਾਂ ਵਲੋਂ ਮਿੱਥੇ ਕਰਮਕਾਂਡੀ ਧਰਮ ਕਰਮਾਂ, ਪੂਜਾ ਅਰਚਨਾ, ਬਾਹਰਲੇ ਵਿਖਾਵੇ ਵਾਲੇ ਧਾਰਮਿਕ ਚਿੰਨ੍ਹਾਂ ਨਾਲ ਵਰਤ-ਇਸ਼ਨਾਨਾਂ ਤੇ ਪਦਾਰਥਕ ਧਨ-ਦੌਲਤਾਂ ਦੇ ਪੁੰਨ-ਦਾਨਾਂ ਉੱਪਰ ਮਾਨਵੀ-ਕਰਮਾਂ ਦਾ ਫਲ ਨਿਸਚਿਤ ਕਰਦੇ ਹਨ, ਗੁਰਬਾਣੀ ਮਨੁੱਖ ਵਲੋਂ ਵਰਤਮਾਨ ਜ਼ਿੰਦਗੀ ਵਿਚ ਅਪਣਾਈ ਗਈ ਕਿਰਤ-ਵਿਰਤ, ਵਰਤੋਂ-ਵਿਹਾਰ, ਸਦਾਚਾਰ ਦੀ ਉੱਤਮਤਾ, ਕਿਰਦਾਰ ਦੀ ਸੁੱਚਮਤਾ ਤੇ ਕਰਮਾਚਾਰ ਦੀ ਗੁਣਵੱਤਾ ਦੇ ਪ੍ਰਸੰਗਾਂ ਦਾ ਸਾਪੇਖਤਾ (relativity) ਦੇ ਦ੍ਰਿਸ਼ਟੀਕੋਣ ਤੋਂ ਮੁਲਾਂਕਣ ਕਰਦੀ ਹੈ।
ਅਸੀਂ ਜਿਹੋ ਜਿਹੇ ਵੀ ਕਰਮ ਕਰਦੇ ਹਾਂ, ਉਨ੍ਹਾਂ ਤੋਂ ਉਪਜਦੇ ਪ੍ਰਤੀਫਲ ਜਾਂ ਨਤੀਜਿਆਂ ਲਈ ਕਿਸੇ ਹੋਰ ਦੂਸਰੇ ਨੂੰ ਦੋਸ਼ੀ ਆਖਣਾ ਠੀਕ ਨਹੀਂ ਹੈ। ਸਰਬ-ਵਿਆਪਕ, ‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਪ੍ਰਭੂ ਪਰਮਾਤਮਾ ਦੀ ਸੱਚ, ਹੱਕ, ਦਇਆ, ਖਿਮਾ ਤੇ ਨਿਆਂਸ਼ੀਲ ਸਹਜ-ਪ੍ਰਕਿਰਤੀ ਨੂੰ ਵਿਸਾਰ ਕੇ ਕੀਤੇ
ਦੁਰਾਚਾਰ, ਵਿਭਚਾਰ ਤੇ ਦੁਸ਼ਕਰਮ ਹੀ ਮਨੁੱਖ ਨੂੰ ਵਿਆਪਦੇ ਸਾਰੇ ਦੁੱਖਾਂ ਰੋਗਾਂ ਦਾ ਕਾਰਨ ਹਨ। ਵਾਹਿਗੁਰੂ ਤਾਂ ਹਮੇਸ਼ਾ ਸਾਡੇ ਅੰਗ-ਸੰਗ (ਘਟਿ ਘਟਿ ਮਹਿ ਹਰਿ ਜੂ ਬਸੈ) ਮੌਜੂਦ ਰਹਿੰਦੈ ਪਰ ਅਸੀਂ ਹੀ ਕੋਈ ਗੁਨਾਹ-ਖੁਨਾਮੀ ਕਰਨ ਲੱਗਿਆਂ ਅੰਤਰਆਤਮੇ ਦੀ ਆਵਾਜ਼ ਨੂੰ ਨਹੀਂ ਸੁਣਦੇ ਜਾਂ ਜਾਣਦਿਆਂ ਬੁੱਝਦਿਆਂ ਵੀ ਬੇਮੁਖ ਹੋ ਕੇ ਅਵਗੁਣਾਂ ਦੇ ਰਾਹੇ ਤੁਰਦਿਆਂ, ਰੱਬ ਜੀ ਤੋਂ ਵਿਛੋੜਾ ਵਧਾਈ ਜਾਂਦੇ ਹਾਂ। ਪਦਾਰਥਕ ਭੋਗ-ਵਿਲਾਸ ਥੋੜ੍ਹੇ ਚਿਰ ਮਗਰੋਂ ਹੀ ਦੁਖਦਾਈ ਰੂਪ ਲੈ ਲੈਂਦੇ ਨੇ ਅਤੇ ਹੁਣ ਰੋਣਾ-ਕੁਰਲਾਉਣਾ ਕੁਝ ਨਹੀਂ ਸੰਵਾਰਦਾ। ਦੂਜੇ ਧਰਮ-ਫ਼ਲਸਫਿਆਂ ਵਲੋਂ ਭਾਵੇਂ ਮਨੁੱਖ ਦੇ ਕੀਤੇ ਪਾਪਾਂ ਦੀ ਨਿਵਿਰਤੀ ਵਾਸਤੇ ਕਈ ਤਰ੍ਹਾਂ ਦੇ ਟੂਣੇ-ਟਾਮਣੇ, ਜੰਤਰ-ਮੰਤਰ, ਤਾਂਤਰਿਕ-ਉਪਚਾਰ ਜਾਂ ਉਪਾਵਾਂ ਦਾ ਵਿਧੀ-ਵਿਧਾਨ ਸੁ-ਨਿਸ਼ਚਿਤ ਕੀਤਾ ਹੋਇਆ ਹੈ, ਪਰ ਗੁਰਬਾਣੀ ਇਹਨਾਂ ਸਾਰਿਆਂ ਭਰਮ-ਭੁਲੇਖਿਆਂ ਨੂੰ ਮੂਲੋਂ ਰੱਦ ਕਰਦੀ ਹੈ। ਕੀਤੇ ਕਰਮਾਂ ਦਾ ਮੰਦਾ-ਚੰਗਾ ਫ਼ਲ ਤਾਂ ਭੋਗਣਾ ਹੀ ਪੈਣਾ ਹੈ ਕਿਉਂਕਿ ਪ੍ਰਕਿਰਤਕ-ਨਿਯਮਾਵਲੀ ਅਨੁਸਾਰ ਹਰ ਇਕ ਕਿਰਿਆ ਦੀ ਪ੍ਰਤੀਕਿਰਿਆ ਹੋਣੀ ਅਵੱਸ਼ਕ ਹੈ ਅਤੇ ਆਪਣੇ ਜਾਂ ਕਿਸੇ ਵਿਚੋਲੇ ਅਰਥਾਤ ਪੋਪ, ਪੰਡਿਤ ਜਾਂ ਭਾਈ ਵਲੋਂ ਅਸ਼ੀਰਵਾਦ, ਕਰਮਕਾਂਡ ਜਾਂ ਰਸਮੀ ਅਰਦਾਸ ਦੀ ਭੂਮਿਕਾ ਨਿਰਰਥਕ ਹੈ :
ਕਤਿਕਿ ਕਰਮ ਕਮਾਵਣੇ
ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ
ਵਿਆਪਨਿ ਸਭੇ ਰੋਗ॥
ਵੇਮੁਖ ਹੋਏ ਰਾਮ ਤੇ
ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ
ਜਿਤੜੇ ਮਾਇਆ ਭੋਗ ॥
ਵਿਚੁ ਨ ਕੋਈ ਕਰਿ ਸਕੈ
ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ
ਲਿਖਿਆ ਧੁਰਿ ਸੰਜੋਗ ॥
(ਅੰਗ ੧੩੫)
‘ਵਿਚੁ’ ਦੇ ਚਚੇ ਪੈਰੀਂ ਔਂਕੜ ਹੈ, ਭਾਵ ਇਹ ਸ਼ਬਦ ਨਾਂਵ ਹੈ ਜਿਸ ਦੇ ਅਰਥ ਹਨ ‘ਵਿਚੋਲਾ’। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ, ‘ਵਿਚ’ ਪਦ ਦੀ ਇਸ ਰੂਪ ਵਿਚ ਵਰਤੋਂ ਕੇਵਲ ਇਕੋ ਵਾਰ, ਇੱਥੇ ਹੀ ਹੋਈ ਹੈ। ਕਰਮ-ਫ਼ਿਲਾਸਫ਼ੀ ਦੇ ਸੰਦਰਭ ਵਿਚ ਉਪਰੋਕਤ ਨਿਸਚੇ ਨੂੰ ਦ੍ਰਿੜ੍ਹ ਕਰਨ ਲਈ ਅਨੇਕਾਂ ਹੋਰ ਗੁਰਬਾਣੀ-ਪ੍ਰਮਾਣ ਉਪਲਬਧ ਹਨ :
-ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥(ਅੰਗ ੪੩੩)
-ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ
( ਅੰਗ ੯੬੪) ॥
-ਖਸਮੁ ਵਿਸਾਰਿ ਕੀਏ ਰਸ ਭੋਗ ॥ ਤਾਂ ਤਨਿ ਉਠਿ ਖਲੋਏ ਰੋਗ ॥ ( ਅੰਗ ੧੨੫੬) ਇਤਿਆਦਿਕ।
ਧਰਮ ਦਾ ਮੁੱਖ ਮੰਤਵ ਹੀ ਇਹੋ ਹੈ ਕਿ ਮਾਨਵਤਾ ਦੀ ਖੁਸ਼ਹਾਲੀ ਤੇ ਕਲਿਆਣ ਵਾਸਤੇ ਅੰਞਾਣ-ਬੰਦੇ ਨੂੰ ਵਿਕਾਰੀ ਮਨੋਬਿਰਤੀਆਂ ਵਲੋਂ ਮੋੜ ਕੇ ਚੰਗੇਰੀ-ਸੱਭਿਅਕ-ਜੀਵਨ-ਜਾਚ ਵੱਲ ਪ੍ਰੇਰਿਤ ਕਰੇ, ਚਾਉ ਪੈਦਾ ਕਰੇ ਤੇ ਅਨੁਸ਼ਾਸਨ ਬੱਧ ਜੁਗਤੀਆਂ ਦੁਆਰਾ ਕਾਇਆ ਕਲਪ ਦਾ ਸਬੱਬ ਸਿਰਜਿਆ ਜਾਵੇ। ਜਿਵੇਂ ਕਿ ਸਾਇੰਸਦਾਨ ਨਿਊਟਨ ਨੇ ਗਤੀਸ਼ੀਲਤਾ ਨਾਲ ਸਬੰਧਤ ਵਿਗਿਆਨਕ ਸਿਧਾਂਤ ਖੋਜਿਆ ਹੈ ਕਿ ਕੋਈ ਵੀ ਸ਼ੈ ਸਥਾਈ-ਸਥਿਰ ਅਵਸਥਾ ਵਿਚ ਜਾਂ ਨਿਰੰਤਰ ਗਤੀ ਵਿਚ ਰਹਿੰਦੀ ਹੈ ਅਤੇ ਅਜਿਹੀਆਂ ਸਥਿਤੀਆਂ ਪੱਕੇ ਤੌਰ ‘ਤੇ ਬਣੀਆਂ ਹੀ ਰਹਿਣਗੀਆਂ ਜਦੋਂ ਤੱਕ ਕਿ ਕੋਈ ਹੋਰ ਬਾਹਰਲੀ ਸ਼ਕਤੀ ਟਕਰਾਵ ਜਾਂ ਰੁਕਾਵਟ ਪਾ ਕੇ ਬਦਲਾਵ ਦਾ ਕਾਰਨ ਨਹੀਂ ਸਿਰਜਦੀ। ਇਸੇ ਤਰ੍ਹਾਂ ਗੁਰਮਤੀ ਗਿਆਨ ਦ੍ਰਿੜ੍ਹ ਕਰਵਾਉਂਦਾ ਹੈ ਕਿ ਜਦ ਤੱਕ ਜਿਗਿਆਸੂ-ਜਨ ਭਲੇ ਪੁਰਸ਼ਾਂ ਦੀ ਸੰਗਤ ਵਿਚ ਆਉਣ ਤੇ ਗੁਰ-ਉਪਦੇਸ਼ਾਂ ਦੀ ਪ੍ਰੇਰਨਾ ਨੂੰ ਨਿੱਤ ਦੇ ਵਰਤੋਂ-ਵਿਹਾਰ ਵਿਚ ਅਮਲ ਦੁਆਰਾ ਆਪਣੀ ਜੀਵਨ-ਘਾੜਤ ਨਹੀਂ ਸੰਵਾਰਦਾ, ਰੋਗ-ਸੋਗ ਨਹੀਂ ਬਿਨਸਦੇ। ਗੁਰੂ ਨਾਨਕ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਆਪਣੇ ਮੂਲ-ਅਸਲੇ, ਜੋਤਿ ਸਰੂਪੀ ਵਾਹਿਗੁਰੂ ਅੱਗੇ ਪ੍ਰੇਮਾ-ਭਗਤੀ ਦੁਆਰਾ ਬੇਨਤੀਆਂ-ਜੋਦੜੀਆਂ ਕਰੀਏ ਕਿ ਹੇ ਬੰਦੀ ਛੋੜ ਪ੍ਰਭੂ ਜੀਓ, ਮੈਨੂੰ ਆਪਣੀ ਨੇੜਤਾ ਦਾ ਭਾਗੀਦਾਰ ਬਣਾਵੋ ਤਾਂ ਕਿ ਮੈਂ ਹਉਮੈ-ਮਾਇਆ ਕਾਰਨ ਵਿਆਪਦੇ ਰੋਗਾਂ-ਸੋਗਾਂ ਤੋਂ ਮੁਕਤ ਹੋਵਾਂ
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥
ਸਿੱਖ ਫ਼ਲਸਫ਼ੇ ਦੀ ਪੱਕੀ ਧਾਰਨਾ ਹੈ ਕਿ “ਵਿਣੁ ਗੁਣ ਕੀਤੇ ਭਗਤਿ ਨ ਹੋਇ”॥ ਗੁਰੂ ਬਾਬਾ ਜੀ ਨੇ ਕਾਜ਼ੀਆਂ-ਮੌਲਾਣਿਆਂ ਨੂੰ ਵੀ ਇਹੋ ਸਿਧਾਂਤ ਸਮਝਾਇਆ ਸੀ ਕਿ ਹਿੰਦੂ ਹੋਵੇ ਜਾਂ ਮੁਸਲਮਾਨ, ਦੋਹਾਂ ਨੂੰ ਚੰਗੇਰੇ ਮਾਨਵੀ-ਨੈਤਿਕਤਾ ਵਾਲੇ ਕਰਮ ਕਰਨੇ ਚਾਹੀਦੇ ਨੇ, ਨਹੀਂ ਤਾਂ ‘ਸੁਭਿ ਅਮਲਾ ਬਾਝਹੁ ਦੋਨੋ ਰੋਈ॥’ ਵਾਲੀ ਹਾਲਤ ਹੀ ਬਣੇਗੀ। ਦੁਨੀਆਂ ਵਿਚ ਬਦੀ ਤੇ ਪਾਪ ਅਚਨਚੇਤ ਘਟਨਾਵਾਂ ਵਾਂਗ ਨਹੀਂ ਆ ਜਾਂਦੇ, ਇਹ ਸਾਡੇ ਇਖ਼ਲਾਕੀ-ਵਿਹਾਰ ਦੇ ਚਿਹਨਕ ਹਨ। ਪਰਸਪਰ ਮਨੁੱਖੀ ਸਾਂਝ, ਏਕਤਾ, ਇਕਸੁਰਤਾ, ਸੁਹਿਰਦਤਾ, ਸਹਿਚਾਰਤਾ, ਭਰਾਤਰੀ ਭਾਵ ਤੇ ਦੂਸਰਿਆਂ ਪ੍ਰਤੀ ਆਦਰ-ਸਤਿਕਾਰ ਵਾਲੀਆਂ ਅਧਿਆਤਮਕ-ਕੀਮਤਾਂ ਦੀ ਬੇਕਦਰੀ ਜਿੰਨੀ ਵਧੇਗੀ, ਉਸੇ ਅਨੁਪਾਤ ਵਿਚ ਵਿਸ਼ਵ-ਵਿਆਪੀ ਮਨੁੱਖਤਾ ਵਿਚ ਵੰਡੀਆਂ ਵਿਤਕਰੇ, ਵੈਰ-ਵਿਰੋਧ ਨਫ਼ਰਤਾਂ, ਖਲਬਲੀਆਂ, ਜੰਗਾਂ ਤੇ ਬਰਬਾਦੀਆਂ ਦੀਆਂ ਸੰਭਾਵਨਾਵਾਂ ਵਧਣਗੀਆਂ। ਸਹਜ-ਸੁਖੀ ਤੇ ਖੁਸ਼ਹਾਲ ਜੀਵਨ ਵਾਸਤੇ ਸਾਡੇ ਲਈ ਗੁਰਬਾਣੀ ਸਿੱਖਿਆਵਾਂ ਆਦੇਸ਼ਾਂ-ਨਿਰਦੇਸ਼ਾਂ ਦੇ ਅਨੁਰੂਪ ਹੋ ਕੇ ਕਰਮਸ਼ੀਲ ਹੋਣਾ ਅਨੀਵਾਰੀ ਹੈ:
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ।।
( ਅੰਗ ੧੩੫)
ਸਤਿਗੁਰੂ ਮਿਹਰ ਕਰਨ।
ਇੰਜੀ. ਜੋਗਿੰਦਰ ਸਿੰਘ
ਮੋ: 9463055206