1993 ਦੇ ਝੂਠੇ ਪੁਲਿਸ ਮੁਕਾਬਲੇ ‘ਚ ਤਤਕਾਲੀ ਐੱਸਐਚਓ ਸੀਤਾ ਰਾਮ ਦੋਸ਼ੀ ਕਰਾਰ; 6 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ

ਮੋਹਾਲੀ ਦੀ ਸੀ.ਬੀ.ਆਈ. ਅਦਾਲਤ ਨੇ 1993 ਦੇ ਝੂਠੇ ਮੁਕਾਬਲੇ ਵਿੱਚ ਤਤਕਾਲੀ ਐੱਸ.ਐੱਚ.ਓ. ਸੀਤਾ ਰਾਮ ਨੂੰ ਦੋਸ਼ੀ ਕਰਾਰ ਦੇ ਦਿੱਤਾ। 80 ਸਾਲਾ ਸੀਤਾ ਰਾਮ ਉੱਤੇ ਦੋ ਬੇਗੁਨਾਹ ਨੌਜਵਾਨ—ਸੁਖਵੰਤ ਸਿੰਘ ਅਤੇ ਗੁਰਦੇਵ ਸਿੰਘ ਦੀ ਹੱਤਿਆ ਦੇ ਦੋਸ਼ ਸਾਬਤ ਹੋਏ ਹਨ। 6 ਮਾਰਚ ਨੂੰ ਉਸ ਦੀ ਸਜ਼ਾ ਦਾ ਐਲਾਨ ਹੋਵੇਗਾ।

ਸੀ.ਬੀ.ਆਈ. ਦੀ ਜਾਂਚ ਦੌਰਾਨ ਇਹ ਸਿੱਧ ਹੋਇਆ ਕਿ 1993 ਵਿੱਚ ਤਰਨ ਤਾਰਨ ‘ਚ ਐੱਸ.ਐੱਚ.ਓ. ਸੀਤਾ ਰਾਮ ਅਤੇ ਹੋਰ ਪੁਲਿਸ ਮੁਲਾਜਮਾਂ ਨੇ ਦੋ ਨੌਜਵਾਨਾਂ ਨੂੰ ਚੁੱਕ ਕੇ ਗ਼ੈਰ-ਕਾਨੂੰਨੀ ਹਿਰਾਸਤ ‘ਚ ਰੱਖਿਆ, ਤਸ਼ੱਦਦ ਕੀਤਾ ਅਤੇ ਬਾਅਦ ‘ਚ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਪੁਲਿਸ ਨੇ ਇਹ ਕਹਾਣੀ ਘੜ੍ਹੀ ਕਿ ਇਹ ਨੌਜਵਾਨ 300 ਤੋਂ ਵਧੇਰੇ ਵਾਰਦਾਤਾਂ ਵਿੱਚ ਸ਼ਾਮਿਲ ਸਨ, ਪਰ ਸੀ.ਬੀ.ਆਈ. ਦੀ ਜਾਂਚ ਨੇ ਇਹ ਦਾਅਵਾ ਝੂਠਾ ਸਾਬਤ ਕਰ ਦਿੱਤਾ।

ਇਹ ਕੇਸ ਸਿਰਫ਼ ਇੱਕ ਪੁਲਿਸ ਮੁਲਾਜਮ ਦੀ ਸਜ਼ਾ ਨਹੀਂ ਬਲਕਿ ਇੱਕ ਪੂਰੇ ਦੌਰ ਦੀ ਨੀਂਹ ਹਿਲਾਉਂਦਾ ਹੈ ਜਿੱਥੇ ਪੁਲਿਸ ਨੂੰ ਸਰਕਾਰੀ ਸ਼ਹਿ ਮਿਲੀ ਹੋਈ ਸੀ। 1990ਵਿਆਂ ਦੀ ਹਾਲਤ ਅਜੇ ਵੀ ਪੰਜਾਬ ਦੇ ਘਰ-ਘਰ ਵਿੱਚ ਦਰਦ ਬਣੀ ਹੋਈ ਹੈ। ਇਹਨਾਂ ਪੁਲਿਸ ਅਧਿਕਾਰੀਆਂ ਨੇ ਤਰੱਕੀਆਂ ਅਤੇ ਇਨਾਮਾਂ ਲਈ ਬੇਗੁਨਾਹ ਲੋਕਾਂ ਦਾ ਕਤਲ ਕੀਤਾ। ਅੱਜ ਭਾਵੇਂ ਕੁਝ ਨੂੰ ਸਜ਼ਾਵਾਂ ਮਿਲ ਰਹੀਆਂ ਹਨ ਪਰ ਇਹ ਸਿੱਖ ਨਸਲਕੁਸ਼ੀ ਦੇ ਇਨਸਾਫ ਤੋਂ ਬਹੁਤ ਦੂਰ ਹੈ।

ਦਹਾਕਿਆਂ ਬਾਅਦ ਮਿਲ ਰਹੀਆਂ ਇਹ ਘੱਟ ਜਹੀਆਂ ਸਜ਼ਾਵਾਂ, ਸਿੱਖ ਕੌਮ ਦੇ ਨਾਲ ਹੋਈ ਨਸਲਕੁਸ਼ੀ ਦੀ ਭਰਪਾਈ ਨਹੀਂ ਕਰ ਸਕਦੀਆਂ।