ਭਾਈ ਅੰਮ੍ਰਿਤਪਾਲ ਸਿੰਘ ਅਸਾਮ ਜੇਲ੍ਹ ਤੋਂ ਪੰਜਾਬ ਲਿਆਂਦੇ ਜਾਣਗੇ, ਐੱਨ.ਐੱਸ.ਏ. ਦੀ ਮਿਆਦ ਖ਼ਤਮ

ਵਾਰਿਸ ਪੰਜਾਬ ਦੇ ਮੁਖੀ ਅਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ, ਜਿੱਥੇ ਉਹ ਅਪ੍ਰੈਲ 2023 ਤੋਂ ਦੋ ਸਾਲਾਂ ਤੋਂ ਐੱਨ.ਐੱਸ.ਏ. ਤਹਿਤ ਬੰਦ ਸਨ। ਅਸਾਮ ਦੀ ਇੱਕ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਟ੍ਰਾਂਜਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਜਾਵੇਗਾ।

22 ਅਪ੍ਰੈਲ 2025 ਨੂੰ ਭਾਈ ਅੰਮ੍ਰਿਤਪਾਲ ਸਿੰਘ ‘ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਐਕਟ (ਐੱਨ.ਐੱਸ.ਏ.) ਖ਼ਤਮ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਗਿਆ। ਐੱਨ.ਐੱਸ.ਏ. ਇੱਕ ਅਣਮਨੁੱਖੀ ਕਾਨੂੰਨ ਹੈ ਜੋ ਪੁਲਿਸ ਨੂੰ ਸਿਰਫ਼ ਸ਼ੱਕ ਦੇ ਆਧਾਰ ‘ਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਸਪੱਸ਼ਟ ਦੋਸ਼ ਦੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਅਧਿਕਾਰ ਦਿੰਦਾ ਹੈ।

ਭਾਈ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਨੂੰ ਪਹਿਲਾਂ ਹੀ ਪੰਜਾਬ ਲਿਆਂਦਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੇ ਕਰੀਬੀ ਸਾਥੀ ਭਾਈ ਪਪਲਪ੍ਰੀਤ ਸਿੰਘ ਸਮੇਤ ਕਈਆਂ ਨੂੰ ਹਾਲ ਹੀ ਵਿੱਚ ਪੰਜਾਬ ਲਿਆਂਦਾ ਗਿਆ ਹੈ। ਇਨ੍ਹਾਂ ਸਾਰਿਆਂ ‘ਤੇ ਅਜਨਾਲਾ ਥਾਣੇ ‘ਚ ਹੋਈ ਘਟਨਾ ਦੇ ਅਧਾਰ ‘ਤੇ ਕੇਸ ਚਲ ਰਹੇ ਹਨ, ਪਰ ਇਹ ਕੇਸ ਵੀ ਅਣਪੁਖ਼ਤਾ ਅਤੇ ਰਾਜਨੀਤਕ ਪ੍ਰੇਰਿਤ ਲੱਗਦੇ ਹਨ।

18 ਮਾਰਚ 2023 ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਅਜਨਾਲਾ ਹਮਲੇ ਦੇ ਕੇਸ ‘ਚ ਪੂਰਾ ਪੰਜਾਬ ਬੰਦ ਕਰ ਗ੍ਰਿਫ਼ਤਾਰ ਕਰਨ ਦਾ ਯਤਨ ਕੀਤਾ ਗਿਆ ਸੀ, ਪਰ ਉਨ੍ਹਾਂ ਨੇ 23 ਅਪ੍ਰੈਲ 2023 ਨੂੰ ਆਪ ਪਿੰਡ ਰੋਡੇ ਵਿਖੇ ਗ੍ਰਿਫ਼ਤਾਰੀ ਦਿੱਤੀ ਸੀ। ਉਨ੍ਹਾਂ ਉੱਤੇ ਪਹਿਲਾਂ 1 ਸਾਲ ਲਈ ਐੱਨ.ਐੱਸ.ਏ. ਲਗਾਇਆ ਗਿਆ, ਜੋ ਕਿ ਬਾਅਦ ਵਿੱਚ ਮੁੜ 1 ਹੋਰ ਸਾਲ ਲਈ ਵਧਾ ਦਿੱਤਾ ਗਿਆ।

ਹੁਣ, ਜਿਵੇਂ ਉਨ੍ਹਾਂ ਦੇ ਸਾਥੀਆਂ ਨੂੰ ਅਜਨਾਲਾ ਜਾਂ ਹੋਰ ਬੇਬੁਨਿਆਦ ਬਿਆਨਾਂ ਦੇ ਆਧਾਰ ‘ਤੇ ਚਲ ਰਹੇ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ, ਉਹੀ ਹਾਲਤ ਭਾਈ ਅੰਮ੍ਰਿਤਪਾਲ ਸਿੰਘ ਦੀ ਵੀ ਹੋ ਸਕਦੀ ਹੈ।