22 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਛੇਵੀਂ ਗੱਲਬਾਤ, ਡੱਲੇਵਾਲ ਅੱਜ ਕਰਨਗੇ ਵੱਡਾ ਐਲਾਨ

ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਛੇਵੀਂ ਮੁਲਾਕਾਤ 22 ਫਰਵਰੀ ਸ਼ਾਮ 6 ਵਜੇ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਕੇਂਦਰ ਵੱਲੋਂ ਮੀਟਿੰਗ ਬਾਰੇ ਇੱਕ ਅਧਿਕਾਰਤ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ- ਹੜਤਾਲ 87ਵੇਂ ਦਿਨ ਵਿੱਚ ਦਾਖਲ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਗੰਭੀਰ ਤਰੀਕੇ ਨਾਲ ਨਾਜ਼ੁਕ ਹੋ ਰਹੀ ਹੈ।

ਇਸ ਗੰਭੀਰ ਸਥਿਤੀ ਦੇ ਬਾਵਜੂਦ, ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਜਿਸ ਨਾਲ ਕਿਸਾਨਾਂ ਵਿੱਚ ਰੋਸ ਵਧ ਰਿਹਾ ਹੈ। ਜੇਕਰ ਸਰਕਾਰ ਨੇ ਤੁਰੰਤ ਹੱਲ ਨਹੀਂ ਕੀਤਾ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋ ਸਕਦਾ ਹੈ।

ਪਿਛਲੇ ਕਿਸਾਨ ਅੰਦੋਲਨ ਵਿੱਚ ਹਰਿਆਣਾ ਪੁਲਿਸ ਵੱਲੋਂ ਸ਼ਹੀਦ ਕੀਤੇ ਗਏ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ 21 ਫਰਵਰੀ ਨੂੰ ਮਨਾਈ ਜਾਵੇਗੀ। ਸ਼ੁਭਕਰਨ ਦੇ ਪਿੰਡ ਬੱਲੋ (ਬਠਿੰਡਾ) ਅਤੇ ਤਿੰਨੋਂ ਕਿਸਾਨ ਮੋਰਚਿਆਂ (ਖਨੌਰੀ, ਸ਼ੰਭੂ ਅਤੇ ਰਤਨਪੁਰਾ) ‘ਤੇ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ।

20 ਫਰਵਰੀ ਨੂੰ, ਜਗਜੀਤ ਸਿੰਘ ਡੱਲੇਵਾਲ ਮੀਡੀਆ ਨੂੰ ਸੰਬੋਧਨ ਕਰਨਗੇ, ਜਿਸ ਦੌਰਾਨ ਉਹ ਕਿਸਾਨ ਅੰਦੋਲਨ ਅਤੇ ਆਪਣੀ ਭੁੱਖ ਹੜਤਾਲ ਸੰਬੰਧੀ ਇੱਕ ਵੱਡਾ ਐਲਾਨ ਕਰਨਗੇ।

ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ, ਕਿਸਾਨ ਆਗੂਆਂ ਨੇ ਘੱਟੋ ਘੱਟ ਸਮਰਥਨ ਮੁੱਲ( ਐਮ.ਐਸ. ਪੀ.) ‘ਤੇ ਲੋਕਾਂ ਤੋਂ ਸੁਝਾਅ ਮੰਗਣ ਦੀ ਬੇਨਤੀ ਕੀਤੀ ਹੈ। ਕਿਸਾਨ ਖਨੌਰੀ, ਸ਼ੰਭੂ ਜਾਂ ਰਤਨਪੁਰਾ ਮੋਰਚੇ ‘ਤੇ ਆ ਕੇ ਆਪਣੇ ਸੁਝਾਅ ਦੇ ਸਕਦੇ ਹਨ ਜਾਂ ਈਮੇਲ ਰਾਹੀਂ ਆਪਣੇ ਸੁਝਾਅ ਭੇਜ ਸਕਦੇ ਹਨ।

ਅੱਜ ਜਗਜੀਤ ਸਿੰਘ ਡੱਲੇਵਾਲ ਦੇ ਐਲਾਨ ‘ਤੇ ਪੂਰੇ ਪੰਜਾਬ ਦੀ ਨਜ਼ਰ ਰਹੇਗੀ ਕਿਉਂਕਿ ਉਨ੍ਹਾਂ ਦੀ ਸਿਹਤ ਗੰਭੀਰ ਤੌਰ ‘ਤੇ ਵਿਗੜ ਰਹੀ ਹੈ। ਸਵਾਲ ਇਹ ਹੈ ਕਿ ਸਰਕਾਰ ਕਦ ਤੱਕ ਕਿਸਾਨਾਂ ਦਿਆਂ ਹੱਕਾਂ ਨੂੰ ਅਣਦੇਖੀ ਕਰਦੀ ਰਹੇਗੀ?