3 views 34 secs 0 comments

23 ਜਨਵਰੀ ਨੂੰ ਅਕਾਲ ਚਲਾਣੇ ‘ਤੇ ਵਿਸ਼ੇਸ਼: ਗੁਰੂ ਘਰ ਦੇ ਅੰਨਿਨ ਸੇਵਕ ਅਕਾਲੀ ਕੌਰ ਸਿੰਘ ਨਿਹੰਗ

ਲੇਖ
January 23, 2026

ਗੁਰਮਤਿ ਕਰਮ-ਬਿਰਤੀ ਦੇ ਸਿੰਘ-ਸਰੂਪੀ ਸੰਤ-ਸਿਪਾਹੀ ਦੀਆਂ ਮਿਸਾਲੀ ਖ਼ਾਸੀਅਤਾਂ ਵਿਚ ਅਕਾਲੀ ਕੌਰ ਸਿੰਘ ਨਿਹੰਗ ਦਾ ਨਾਂ ਵੀਹਵੀਂ ਸਦੀ ਦੀ ਦੁਰਲੱਭ ਮਿਸਾਲ ਹੈ। ‘ਹਜ਼ੂਰੀ ਸਾਥੀ’ ਪੁਸਤਕ ਵਿਚ ਅਕਾਲੀ ਕੌਰ ਸਿੰਘ ਜੀ ਨੇ ਨਿਹੰਗ ਸਿੰਘਾਂ ਦੇ ਇਤਿਹਾਸਕ ਵੇਰਵੇ ਦਿੱਤੇ ਹਨ, ਜਿਨ੍ਹਾਂ ਵਿਚ ਅਕਾਲੀ ਗਜਗਾਹਾ ਸਿੰਘ, ਬਾਬਾ ਨੈਣਾ ਸਿੰਘ, ਅਕਾਲੀ ਫੂਲਾ ਸਿੰਘ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਅਕਾਲੀ ਫ਼ੌਜਾਂ ਕਿਸੇ ਸਰਕਾਰ-ਦਰਬਾਰ ਦੇ ਚਲਾਏ ਹੋਏ ਦੁਨਿਆਵੀ ਸਿੱਕੇ ਦੇ ਤਨਖ਼ਾਹਦਾਰ’ (ਦਿਹਾੜੀਦਾਰ) ਨਹੀਂ ਹੁੰਦੇ ਪਰ ਇਹ ਪਰਉਪਕਾਰੀ ਅਨੰਤਾਂ ਦੇ ਬਣੇ ਰਹਿੰਦੇ ਹਨ। ਅਕਾਲੀ ਬਾਬਾ ਫੂਲਾ ਸਿੰਘ ਦੀਆਂ ਫ਼ੌਜਾਂ ਮਹਾਰਾਜਾ ਰਣਜੀਤ ਸਿੰਘ ਲਈ ਮੈਦਾਨ-ਏ-ਜੰਗ ਵਿਚ ਭਾਵੇਂ ਸਹਾਈ ਹੁੰਦੀਆਂ ਸਨ ਪਰ ਤਨਖ਼ਾਹਦਾਰ ਬਣ ਕੇ ਨਹੀਂ ਸਗੋਂ ਸਿੱਖੀ ਸੇਵਾ ਤੇ ਪਰਉਪਕਾਰ ਦੇ ਜਜ਼ਬੇ ਤਹਿਤ ਸ਼ਹੀਦੀਆਂ ਪਾ ਜਾਂਦੀਆਂ ਸਨ।
ਬੁੱਧ ਸਿੰਘ ਰਚਿਤ ਪੁਸਤਕ ਚੋਣਵੇਂ ਰਤਨ ਵਿਚ ਆਪ ਦੇ ਬਜ਼ੁਰਗਾਂ ਦਾ ਇਹ ਪਤਾ ਮਿਲਦਾ ਹੈ ਕਿ ਅਠਾਰਵੀਂ ਸਦੀ ਵਿਚ ਮਹਿਮੂਦ ਗਜ਼ਨਵੀ ਦੇ ਉਜਾੜੇ ਹੋਏ ਮਥੁਰਾ ਤੋਂ ਗੜ੍ਹ ਮਖਿਆਲੇ ਆਏ, ਫਿਰ ਇਥੇ ਰੈਣਾਬਾੜੀ (ਸ੍ਰੀਨਗਰ, ਕਸ਼ਮੀਰ) ਵਿਚ ਕੁਝ ਸਮਾਂ ਬਤੀਤ ਕਰ ਕੇ ਮਗਰੋਂ ਪੱਧਰ (ਚਕਾਰ) ਵਿਚ ਆ ਵਸੇ। ਉਨ੍ਹਾਂ ਵਿਚੋਂ ਇਕ ਭਾਈ ਅਮੋਲਕ ਸਿੰਘ ਬੜਾ ਉੱਚੀ ਕਰਨੀ ਵਾਲਾ ਮਹਾਪੁਰਸ਼ ਹੋਇਆ ਹੈ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਸੀ।
ਅਕਾਲੀ ਕੌਰ ਸਿੰਘ ਜੀ ਦੇ ਪੂਰਵਜਾਂ ਦੀ ਲੜੀ ਕਸ਼ਮੀਰ ਦੇ ਉਸ ਉਪਕਾਰੀ ਤੇ ਗੁਰਮੁੱਖ ਸਜਣ ਪੰਡਿਤ ਤ੍ਰਿਲੋਕੀ ਨਾਥ ਨਾਲ ਜੁੜਦੀ ਹੈ, ਜੋ ਉਨ੍ਹਾਂ ਦੁਖੀ ਕਸ਼ਮੀਰੀ ਪੰਡਿਤਾਂ ਦਾ ਮੋਹਰੀ ਬਣ ਕੇ ਆਪਣੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਅਰਜੋਈ ਗੁਜ਼ਾਰਨ ਅਨੰਦਪੁਰ ਵਿਖੇ ਆਇਆ ਸੀ। ਰੈਨਾ ਗੋਤਰ ਦਾ ਇਹ ਸਹਿਜਧਾਰੀ ਬ੍ਰਾਹਮਣ ਪਰਿਵਾਰ ਪਹਿਲਾਂ ਹੀ ਗੁਰੂ-ਘਰ ਦਾ ਸ਼ਰਧਾਲੂ ਸੀ। ਪੰਡਿਤ ਤ੍ਰਿਲੋਕੀ ਨਾਥ ਉਸ ਥਾਂ ਦਾ ਰਹਿਣ ਵਾਲਾ ਸੀ, ਜਿਸ ਦਾ ਨਾਂ ਅਜੇ ਤਕ ਰੈਨਾਵਾੜੀ’(ਸ੍ਰੀਨਗਰ) ਹੈ।
ਨਿਹੰਗ’ ਸਜ ਜਾਣ ਉਪਰੰਤ ਆਪ ਪ੍ਰਚਾਰ ਲਈ ਪਹਿਲਾਂ ਹਜ਼ੂਰ ਸਾਹਿਬ ਤੇ ਫਿਰ ਹਰਿਮੰਦਰ ਸਾਹਿਰ ਅੰਮ੍ਰਿਤਸਰ ਰਹੇ, ਜਿਥੇ ਆਪ ਹਜ਼ੂਰੀ ਲਾਇਬ੍ਰੇਰੀ ਕਾਇਮ ਕਰਨ ਲਈ ਪ੍ਰੇਰਕ ਸਾਧਨ ਸਿਧ ਹੋਏ। ਭਾਰਤ ਦੇ ਕਈ ਸ਼ਹਿਰਾਂ ਦੇ ਸਿੱਖ-ਨਿਵਾਸੀਆਂ ਤੇ ਸਿਖ-ਕੇਂਦਰਾਂ ਦੀ ਨਿਗਾਹਬਾਨੀ ਕੀਤੀ, ਜਿਵੇਂ ਸਿਕੰਦਰਾਬਾਦ, ਔਰੰਗਾਬਾਦ, ਜਬਲਪੁਰ, ਕਾਸ਼ੀ, ਪਟਨਾ ਸਾਹਿਬ, ਰਾਂਚੀ, ਬਿਹਾਰ, ਉੜੀਸਾ, ਬੰਗਾਲ, ਅਸਾਮ, ਨੇਪਾਲ, ਕਲਕੱਤਾ, ਢਾਕਾ, ਧੋਬੜੀ ਘਾਟ, ਦਰਭੰਗਾ, ਪੁਣਛ, ਜੰਮੂ, ਮੁਜੱਫ਼ਰਾਬਾਦ, ਮੀਰਪੁਰ, ਬਾਰਾਮੂਲਾ, ਸ਼੍ਰੀਨਗਰ, ਪਹਿਲਗਾਮ, ਪਟਿਆਲਾ, ਸੰਗਰੂਰ, ਕੁਰਕਸ਼ੇਤਰ, ਚਕਰਾਤਾ, ਹਰਿਦਵਾਰ ਆਦਿ। ਅਕਾਲੀ ਕੌਰ ਸਿੰਘ ਦੀ ਕੋਈ ਵਿਅਕਤੀਗਤ ਜਾਇਦਾਦ ਨਹੀਂ ਸੀ ਪਰ ਵਿੱਦਿਆ-ਦਾਨ ਦੇ ਨੁਕਤੇ ਤੋਂ ਸਕੂਲ, ਯਤੀਮਖ਼ਾਨੇ, ਰਿਫਿਊਜ਼ੀ ਕੈਂਪਾਂ ਆਦਿ ਦਾ ਸੰਚਾਲਨ ਕਰਨ ‘ਚ ਆਪ ਸਰਗਰਮ ਯੋਗਦਾਨ ਪਾਉਂਦੇ ਸਨ। ਇਨ੍ਹਾਂ ਦੀ ਸੇਵਾ ਸੰਭਾਲ ਹੋਰਾਂ ਦੀ ਸਪੁਰਦਗੀ ਵਿਚ ਰਹਿੰਦੀ ਸੀ।
ਗੁਰੂ ਨਾਨਕ ਆਸ਼ਰਮ’(ਚਕਾਰ-ਕਸ਼ਮੀਰ) ਦੇ ਇਵਜ਼ ਵਿਚ ਸਥਾਪਿਤ ਗੁਰੂ ਨਾਨਕ ਆਸ਼ਰਮ ਪਟਿਆਲਾ ਉਨ੍ਹਾਂ ਨੇ ਗਿਆਨੀ ਨਿਰੰਜਨ ਸਿੰਘ ਦੀ ਦੇਖ-ਰੇਖ ਵਿਚ ਟਿਕਾ ਦਿਤਾ ਸੀ, ਜਦਕਿ ਖ਼ੁਦ ਉਹ ਦੂਰ-ਦੂਰ ਤਕ ਯਤੀਮ, ਵਿਧਵਾਵਾਂ, ਰਿਫਿਊਜ਼ੀਆਂ ਦੀ ਸੰਭਾਲ ਪ੍ਰਤੀ ਤਤਪਰ ਰਹਿੰਦੇ ਸਨ। ਕਦੀ-ਕਦੀ ਉਹ ਆਪਣੇ ਛੋਟੇ ਭਰਾਤਾ ਸ. ਨਿਰੰਜਨ ਸਿੰਘ, 999-ਖਰਾਸੀਆਂ ਮਹੱਲਾ, ਪਟਿਆਲਾ ਦੇ ਘਰ ਟਿਕ-ਟਿਕਾਓ ਕਰ ਲੈਂਦੇ ਸਨ।
ਪੂਰਬੀ ਪੰਜਾਬ ਦੇ ਰਾਜੇ-ਮਹਾਰਾਜਿਆਂ ਵਿਚੋਂ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਉਨ੍ਹਾਂ ਦਾ ਵਿਸ਼ੇਸ਼ ਸਨੇਹ ਸੀ। ਮਹਾਰਾਜਾ‘ਨਾਭਾ’ਰਪੁਦਮਨ ਸਿੰਘ, ਮਹਾਰਾਜਾ ਫ਼ਰੀਦਕੋਟ, ਮਹਾਰਾਜਾ ਜੀਂਦ ਆਦਿ ਵੀ ਆਪ ਦਾ ਦਿਲੋਂ ਸਤਿਕਾਰ ਕਰਦੇ ਸਨ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰਸਬਦ ਰਤਨਾਕਰ’ (ਮਹਾਨ ਕੋਸ਼) ਵਿਚ ਨਾਨਕਪੰਥੀਆਂ ਦੀਆਂ ਪ੍ਰਤੀਨਿਧ ਤਸਵੀਰਾਂ ਵਿਚ ਅਕਾਲੀ ਜੀ ਦੀ ਤਸਵੀਰ ਨੂੰ ਨਿਹੰਗ ਸਿੰਘ ਦੀ ਪ੍ਰਤੀਨਿਧ ਪ੍ਰਮਾਣਿਕਤਾ ਵਜੋਂ ਟਿਕਾਇਆ ਹੋਇਆ ਹੈ। ਭਾਵੇਂ ਆਪ‘ ਸਿਆਸਤ ਤੇ ਸੰਸਾਰੀਪੁਣੇ ’(ਗ੍ਰਹਿਸਤ) ਤੋਂ ਦੂਰ ਰਹੇ ਪਰ ਦੋਵੇਂ ਧਿਰਾਂ ਆਪ ਪਾਸੋਂ ਸੇਧ ਲੈਂਦੀਆਂ ਸਨ। ਭਾਵੇਂ ਅਕਾਲੀ ਕੌਰ ਜੀ ਸੰਤ-ਸਿਪਾਹੀ ਦੀ ਬਿਰਤੀ ਪ੍ਰਤੀ ਤਨੋਂ-ਮਨੋਂ ਸਮਰਪਿਤ ਸਨ ਪਰ ਸਿਆਸਤਦਾਨ ਆਪ ਪਾਸੋਂ ਸਿਆਸੀ ਸੇਧ ਵੀ ਪ੍ਰਾਪਤ ਕਰਦੇ ਰਹੇ, ਜਿਵੇਂ 1930-35 ਦੇ ਨੇੜੇ ਜੰਮੂ-ਕਸ਼ਮੀਰ ਦੇ ਸਿਆਸੀ ਮੰਚ ਉੱਪਰ ਉਭਰ ਰਹੇ ਸ਼ੇਖ਼ ਮੁਹੰਮਦ ਅਬਦੁੱਲਾ, ਪਟਿਆਲਾ-ਨਾਭਾ ਰਾਜਸੱਤਾ ‘ਚ ਉਭਰ ਰਹੇ ਮਹਾਰਾਜਾ ਯਾਦਵਿੰਦਰ ਸਿੰਘ, ਭਾਈ ਕਾਨ੍ਹ ਸਿੰਘ ‘ਨਾਭਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਆਦਿ।
1947 ਤੋਂ ਪਹਿਲਾਂ ਜੰਮੂ ਕਸ਼ਮੀਰ ਰਿਆਸਤ ਦੇ ਸਰਕਾਰੀ ਕਰਿੰਦੇ ਦੋ ਤਰ੍ਹਾਂ ਦੇ ਸਨ- ਡੋਗਰਾ ਪਰਿਵਾਰ ਦੇ ਉਤਰਾਧਿਕਾਰੀ (ਮਹਾਰਾਜਾ ਹਰੀ ਸਿੰਘ) ਅਤੇ ਲੋਕ-ਰਾਇ ਦੇ ਮੁਦੱਈ ਨੈਸ਼ਨਲ ਕਾਨਫਰੰਸ ਦੇ ਸੰਚਾਲਕ ਸ਼ੇਖ਼ ਮੁਹੰਮਦ ਅਬਦੁੱਲਾ। ਉਕਤ ਦੋਹਾਂ ਧਿਰਾਂ ਨੂੰ ਸਿਆਸੀ ਭਵਿੱਖਤ ਨਾਲ ਨਜਿੱਠਣ ਲਈ ਸਿਖ ਭਾਈਚਾਰੇ ਦੀ ਸਹਿਮਤੀ ਦੀ ਲੋੜ ਸੀ। ਜਦੋਂ ਉਕਤ ਸਿਆਸੀ ਪਾਰਟੀ (ਸ਼ੇਖ਼ ਸਾਹਿਬ ਦੀ) ਸਰਗਰਮ ਹੋਣੀ ਸੀ ਤਾਂ ਸ਼ੇਖ਼ ਸਾਹਿਬ ਨੇ ਅਕਾਲੀ ਜੀ ਨੂੰ ਦਰਖਾਸਤ ਕੀਤੀ : ਪੀਰੋ-ਮੁਰਸ਼ਦ, ਆਪ ਏਕ ਦਫ਼ਾ ਕੌਮੀ ਸਿਆਸਤ ਕੇ ਝੰਡੇ ਕੋ ਲਹਿਰਾਨੇ ਕੇ ਵਕਤ ਸਿਰਫ ਝੰਡੇ ਕੋ ਛੂ ਕਰ ਅਪਨਾ ਆਸ਼ੀਰਵਾਦ-ਦੁਆ ਹਮੇਂ ਦੇ ਦੀਜੀਏ, ਹਮ ਖਸ਼ਕਿਸਮਤ ਹੋਂਗੇ ਔਰ ਆਪ ਕੀ ਨਿਵਾਜਿਸ਼ ਕੇ ਹੱਕਦਾਰ ਬਨ ਜਾਏਂਗੇ।’ ਸ਼ੇਖ਼ ਸਾਹਿਬ ਅਸਲ ਵਿਚ ਕੌਮੀ ਲੜਾਈ ਵਿਚ (ਪਾਰਟੀ ਲਈ) ਸਿੱਖ ਵਸੋਂ ਦੀ ਖੈਰ-ਖਾਹੀ ਪ੍ਰਾਪਤ ਕਰਨਾ ਚਾਹੁੰਦੇ ਸਨ, ਹਾਲਾਂਕਿ ਸਿੱਖਾਂ ਦੀ ਪਾਰਟੀ ‘ਅਕਾਲੀ ਦਲ’ ਆਦਿ ਪਹਿਲਾਂ ਹੀ ਮੌਜੂਦ ਸਨ।
ਅਕਾਲੀ ਜੀ ਨੇ ਪੰਜ ਅਕਾਲੀ ਸਿੱਖਾਂ ਦੀ ਪ੍ਰਤੀਨਿਧ ਗਿਣਤੀ ਸ਼ੇਖ਼ ਸਾਹਿਬ ਦੇ ਸਪੁਰਦ ਕੀਤੀ। ਕੌਮੀ ਆਜ਼ਾਦੀ ਮੁਹਿੰਮ ਵਿਚ ਸ਼ਾਮਿਲ ਰਹਿਣ ਸਬੰਧੀ ਇਨ੍ਹਾਂ ਪੰਜਾਂ ਵਿਚ ਸ. ਕਪੂਰ ਸਿੰਘ ਜਥੇਦਾਰ, ਸ. ਸੰਤ ਸਿੰਘ ਤੇਗ਼, ਜਥੇਦਾਰ ਭਾਈ ਮਾਨ ਸਿੰਘ ਸਿੰਘਪੁਰਾ, ਭਾਈ ਉਜਾਗਾਰ ਸਿੰਘ (ਚਰਾਲੀਘੁੰਡ) ਆਦਿ ਸ਼ੇਖ ਅਬਦੁੱਲਾ ਦੇ ਮਦਦਗਾਰਾਂ ਵਜੋਂ ਉਨ੍ਹਾਂ ਦੇ ਨਾਲ ਰਹੇ।
ਜੇ ਕੋਈ ਅਕਾਲੀ ਕੌਰ ਸਿੰਘ ਦੇ ਪੈਰਾਂ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਹੱਥ ਫੜ ਲੈਂਦੇ ਤੇ ਆਖਦੇ, ‘ਸਿੰਘ ਸਾਹਿਬ! ਸਿੰਘ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਬੁਲਾਣ ਦਾ ਹੁਕਮ ਹੈ…।’ ਇਕ ਵਾਰ ਆਪ ਆਸ਼ਰਮ (ਚਕਾਰ) ਦੇ ਕੰਮ-ਕਾਰਾਂ ਤੋਂ ਫਾਰਗ ਹੋ ਕੇ ਰਾਤ ਨੂੰ ਸੌਂ ਗਏ ਤਾਂ ਅੱਧੀ ਰਾਤੀਂ ਅਚਾਨਕ ਜਾਗ ਉੱਠੇ, ਤੇ ਗ੍ਰੰਥੀ ਸਾਹਿਬ ਭਾਈ ਦਲੀਪ ਸਿੰਘ ਨੂੰ ਜਾ ਜਗਾਇਆ ਤੇ ਕਿਹਾ, ‘ਉੱਠੋ ਸਿੰਘ ਸਾਹਿਬ, ਸਾਵਧਾਨ ਹੋ ਜਾਓ, ਇਸ਼ਨਾਨ ਕਰੋ ਤੇ ਮਹਾਰਾਜ ਦਾ ਪ੍ਰਕਾਸ਼ ਕਰੋ।’ ਭਾਈ ਦਲੀਪ ਸਿੰਘ ਨੇ ਕਿਹਾ,“’ਅਜੇ ਤਾਂ ਬਹੁਤ ਰਾਤ ਰਹਿੰਦੀ ਹੈ। ਅੱਜ ਇਤਨੀ ਜਲਦੀ ਕੀ ਲੋੜ ਪਈ ਹੈ ਮਹਾਰਾਜ ਦਾ ਪ੍ਰਕਾਸ਼ ਕਰਨ ਦੀ?’ ਅਕਾਲੀ ਜੀ ਨੇ ਕਿਹਾ, ‘ਸਿੰਘ ਸਾਹਿਬ, ਬਚਨ ਮੰਨੋ ਤੇ ਪ੍ਰਕਾਸ਼ ਕਰੋ।’ ਭਾਈ ਸਾਹਿਬ ਨੇ ਮਜਬੂਰ ਹੋ ਕੇ ਇਸ਼ਨਾਨ ਕਰ, ਪ੍ਰਕਾਸ਼ ਕੀਤਾ ਤਾਂ ਵੇਖਦੇ ਹਨ ਕਿ ਮਹਾਰਾਜ (ਗੁਰੂ ਗ੍ਰੰਥ) ਸਾਹਿਬ ਦਾ ਇਕ ਅੰਗ (ਪੰਨਾ) ਦੋਹਰਾ ਹੋਇਆ ਸੀ, ਆਪ ਨੇ ਉਹ ਪੰਨਾ ਸਿੱਧਾ ਕਰਵਾ ਦਿੱਤਾ ਤੇ ਕਿਹਾ ਸਿੰਘ ਸਾਹਿਬ ਧਿਆਨ ਰੱਖਿਆ ਕਰੋ।
ਇਕ ਵਾਰ ਕੁਝ ਅੰਗਰੇਜ਼ ਫ਼ੌਜੀ ਅਫਸਰਾਂ ਦੇ ਆਉਣ ‘ਤੇ ਫ਼ੌਜੀ ਸੱਜਣ ਤਾਂ ਉੱਠ ਖੜ੍ਹੇ ਹੋਏ, ਪ੍ਰੰਤੂ ਭਾਈ ਵਸਾਖਾ ਸਿੰਘ ਜੀ ਸਜੇ ਰਹੇ। ਅੰਗਰੇਜ਼ ਅਫਸਰਾਂ ਨੇ ਇਸ ਨੂੰ ਆਪਣਾ ਨਿਰਾਦਰ ਸਮਝ ਕੇ ਭਾਈ ਵਸਾਖਾ ਸਿੰਘ ਨੂੰ ਡਿਸਮਿਸ ਕਰਵਾ ਦਿੱਤਾ। ਅਕਾਲੀ ਜੀ ਨੇ ਗ੍ਰੰਥੀ ਜੀ ਦੀ ਬੜੀ ਸੇਵਾ ਕੀਤੀ ਤੇ ਉੱਠਣ ਵਾਲਿਆਂ ਨੂੰ ਗ਼ਲਤ ਗਰਦਾਨਿਆ ਤੇ ਮੁੜ ਵਸਾਖਾ ਸਿੰਘ ਨੂੰ ਗ੍ਰੰਥੀ ਨਿਯੁਕਤ ਕਰਵਾਇਆ।
ਇਕ ਵਾਰ ਅਕਾਲੀ ਕੌਰ ਸਿੰਘ ਜੀ ਭਾਈ ਵੀਰ ਸਿੰਘ ਜੀ ਨੂੰ ਮਿਲਣ ਗਏ। ਸੇਵਾਦਾਰ ਨੇ ਭਾਈ ਸਾਹਿਬ ਨੂੰ ਅੰਦਰ ਜਾ ਕੇ ਆਖਿਆ ਕਿ ‘ਤੁਹਾਨੂੰ ਇਕ ਸਿੰਘ’ ਮਿਲਣ ਆਇਆ ਹੈ।’ ਭਾਈ ਸਾਹਿਬ ਨੇ ਪੁੱਛਿਆ, “ਕੌਣ ਹੈ? ਤਾਂ ਉੱਤਰ ਮਿਲਿਆ, ‘ਇਕ ਸਿੰਘ।’ ਉੱਤਰ ਮਿਲਿਆ ਕਿ‘ ਵਕਤ ਨਹੀਂ ਹੈ। ਅਕਾਲੀ ਜੀ ਪਰਤ ਚੱਲੇ ਤਾਂ ਭਾਈ ਸਾਹਿਬ ਨੂੰ ਜਦ ਪਤਾ ਲੱਗਾ ਅਕਾਲੀ ਜੀ ’ਬਾਰੇ ਤਾਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਸੇਵਾਦਾਰ ਨੂੰ ਭੇਜ ਕੇ ਤੁਰੇ ਜਾਂਦੇ ਅਕਾਲੀ ਜੀ ਨੂੰ ਵਾਪਸ ਆਉਣ ਦੀ ਬੇਨਤੀ ਕੀਤੀ। ਅਕਾਲੀ ਜੀ ਨੇ ਕਿਹਾ, ‘ਉਨ੍ਹਾਂ ਨੂੰ ਇਕ ਸਿੰਘ ਮਿਲਣ ਆਇਆ ਸੀ, ਅਕਾਲੀ ਕੌਰ ਸਿੰਘ ਤਾਂ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੁੰਦੇ।’ ਇਸ ਉੱਤਰ ਤੋਂ ਭਾਈ ਸਾਹਿਬ ਬੋਲੇ, ‘ਅੱਜ ਅਸੀਂ ਉਮਰਾਂ ਦੀ ਕਮਾਈ ਇਕ ਛਿਣ ‘ਚ ਗੁਆ ਬੈਠੇ ਹਾਂ।’
ਪ੍ਰਿੰਸੀਪਲ ਸਤਬੀਰ ਸਿੰਘ ਦੱਸਿਆ ਕਰਦੇ ਸਨ ਕਿ 1947 ਦੇ ਨੇੜੇ ਇਕ ਵਾਰ ਦਿੱਲੀ ਵਿਖੇ ਫੈਡਰੇਸ਼ਨ ਦਾ ਸਾਲਾਨਾ ਇਕੱਠ ਹੋਣਾ ਨੀਯਤ ਹੋਇਆ। ਇਸ ਕੈਂਪ ਦੇ ਮੁੱਖ ਕਾਰਜਾਂ ਵਿਚੋਂ ਅਹਿਮ ਸੀ ਨਿਸ਼ਾਨ ਸਾਹਿਬ ਨੂੰ ਕੈਂਪ-ਅਸਥਾਨ ਵਿਖੇ ਝੁਲਾਉਣਾ। ਬਹੁਤ ਖੋਜ-ਪੜਤਾਲ ਤੋਂ ਬਾਅਦ ਫੈਡਰੇਸ਼ਨ ਦੇ ਮੈਂਬਰਾਂ ਨੂੰ ਪਤਾ ਲਗਾ ਕਿ ਅਕਾਲੀ ਕੌਰ ਸਿੰਘ ਜੀ ਦਿੱਲੀ ਵਿਖੇ ਹੀ ਹਨ। ਫੈਡਰੇਸ਼ਨ ਦੇ ਕਰਿੰਦਿਆਂ ਵਿਚ ਡਾ. ਨੇਕੀ ਜਿਹੇ ਹੋਰ ਵੀ ਸਹਿਯੋਗੀ ਕੈਂਪ ਵਿਖੇ ਹਾਜ਼ਰ ਸਨ। ਫ਼ੈਸਲੇ ਅਨੁਸਾਰ ਅਕਾਲੀ ਜੀ ਨੂੰ ਲਭ-ਲਭਾ ਕੇ ਬੇਨਤੀ ਕੀਤੀ ਗਈ ਕਿ ਨੌਜਵਾਨ ਸਿੱਖ ਪਨੀਰੀ ਦੇ ਵਾਰਸ਼ਕ ਸਮਾਗਮ ਦੀ ਸ਼ੋਭਾ ਵਧਾਉਣ ਦੀ ਕਿਰਪਾ ਕਰੋ। ਅਕਾਲੀ ਜੀ ਨੇ ਬਥੇਰਾ ਨਾਹ-ਨੁੱਕਰ ਕੀਤੀ ਪਰ ਯੰਗ-ਬਲੱਡ ਨੇ ਉਨ੍ਹਾਂ ਨੂੰ ਮਨਾ ਲਿਆ। ਆਪ ਨੇ ਉਥੇ ਪੁੱਜ ਕੇ ਪੁੱਛਿਆ :
“ਬੱਚੂ ਜੀ…ਉੱਥੇ ਸਾਡਾ ਕਾਰਜ ਕੀ ਹੋਵੇਗਾ?”ਵਿਦਿਆਰਥੀਆਂ ਨੇ ਕਿਹਾ,“’ਤੁਸੀਂ ਕਿਰਪਾ ਕਰ ਕੇ ਨਿਸ਼ਾਨ ਸਾਹਿਬ ਝੁਲਾਉਣ ਦੀ ਕਿਰਪਾ ਕਰੋ ਜੀ।’”ਅਕਾਲੀ ਜੀ ਨੇ ਪੁੱਛਿਆ,“’ਤੁਸੀਂ ਕੈਂਪ ਦੀ ਸਮਾਪਤੀ ਉਪਰੰਤ ਨਿਸ਼ਾਨ ਸਾਹਿਬ ਕਾਇਮ ਰੱਖੋਗੇ?’ ਵਿਦਿਆਰਥੀ ਨੇ ਕਿਹਾ, ‘ਨਹੀਂ ਜੀ, ਸਮਾਪਤੀ ਉਪਰੰਤ ਨਿਸ਼ਾਨ ਸਾਹਿਬ ਲਾਹ ਦਿੱਤੇ ਜਾਣਗੇ।’ ਅਕਾਲੀ ਜੀ ਨੇ ਕਿਹਾ,’ਫਿਰ ਕਿਸੇ ਹੋਰ ਲੀਡਰ ਨੂੰ ਲੱਭੋ। ਅਸੀਂ ਜਿੱਥੇ ਅਰਦਾਸ ਤੋਂ ਉਪਰੰਤ ਨਿਸ਼ਾਨ ਸਾਹਿਬ ਝੁਲਾ ਦੇਈਏ ਉੱਥੋਂ ਨਿਸ਼ਾਨ ਸਾਹਿਬ ਦਾ ਝੂਲਣਾ ਸਮਾਪਤ ਨਹੀਂ ਹੋ ਸਕਦਾ, ਭਾਵੇਂ ਸ਼ਹੀਦੀਆਂ ਕਿਉਂ ਨਾ ਪਾਉਣੀਆਂ ਪੈਣ।
ਮਿਤੀ 23 ਜਨਵਰੀ 1953 ਨੂੰ ਆਪ ਜੀ ਗੁਰੂ ਨੇ ਪਿਆਰੇ ਹੋ ਕੇ ਖ਼ਾਲਸਾ ਪੰਥ ਦੀ ਵਿਰਾਸਤ ਦੀ ਸੇਵਾ ਕਰ ਗੁਜ਼ਰੇ ਸਨ। ਸਿੱਖ ਧਰਮ ਦੇ ਅਜਿਹੇ ਸਿਰੜੀ ਗੁਰੂ ਦੇ ਪਿਆਰਿਆਂ ਦੇ ਅਸੀਂ ਸਦਾ ਦੇਣਦਾਰ ਹਾਂ।
ਧਰਮ ਦੀ ਸੇਵਾ ਸਭ ਤੋ ਉੱਪਰ
ਆਪਣੇ ਸਮੇਂ ਦੀਆਂ ਨਾਮਵਰ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਅਕਾਲੀ ਕੌਰ ਸਿੰਘ ਨਿਹੰਗ ਤੋਂ ਬੇਹੱਦ ਪ੍ਰਭਾਵਿਤ ਸਨ ਪਰ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਦੀ ਪਹੁੰਚ ਦਾ ਨਿੱਜੀ ਲਾਹਾ ਲੈਣ ਦਾ ਯਤਨ ਨਹੀਂ ਕੀਤਾ। ਅਕਾਲੀ ਕੌਰ ਸਿੰਘ ਨੇ ਯਤੀਮਾਂ, ਬੇਸਹਾਰਿਆਂ, ਲੋੜਵੰਦਾਂ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਲਈ ਆਪਣਾ ਪੂਰਾ ਜੀਵਨ ਲਾ ਦਿੱਤਾ। ਉਨ੍ਹਾਂ ਨੂੰ ਆਪਣੇ ਸਿੱਖ ਹੋਣ ‘ਤੇ ਏਨਾਂ ਮਾਣ ਸੀ ਕਿ ਭਾਈ ਵੀਰ ਸਿੰਘ ਵਰਗੀ ਨਾਮਵਰ ਸ਼ਖ਼ਸੀਅਤ ਨੂੰ ਮਿਲਣ ਲਈ ਜਾਣ ਸਮੇਂ ਵੀ ਉਨ੍ਹਾਂ ਨੇ ਆਪਣੀ ਸਮਾਜਿਕ ਹੈਸੀਅਤ ਨੂੰ ਨਹੀਂ ਸਗੋਂ ਸਿੱਖ ਦੇ ਤੌਰ ‘ਤੇ ਆਪਣੀ ਪਛਾਣ ਨੂੰ ਅਹਿਮੀਅਤ ਦਿੱਤੀ।

ਪ੍ਰੋ. ਹਿੰਮਤ ਸਿੰਘ