15 views 15 secs 0 comments

27 ਦਸੰਬਰ, ਪੋਹ ਸੁਦੀ ਸਤਵੀਂ ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼: ਹਮ ਇਹ ਕਾਜ ਜਗਤ ਮੋ ਆਏ…

ਲੇਖ
December 27, 2025

ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਅਜਿਹੇ ਇਕ ਧਰਮ-ਗੁਰੂ ਹਨ, ਜਿਨ੍ਹਾਂ ਨੇ ਆਪਣੀ ਸਵੈ-ਜੀਵਨੀ ਲਿਖੀ ਹੈ। ‘ਬਚਿੱਤ੍ਰ ਨਾਟਕ’ ਵਿਚ ਉਨ੍ਹਾਂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ੩੨ ਸਾਲ ਦੀ ਉਮਰ ਤੱਕ ਦੇ ਜੀਵਨ-ਸਮਾਚਾਰ ਦਰਜ ਹਨ। ਬਚਿਤ੍ਰ ਨਾਟਕ ੧੬੯੮ ਈ. ਵਿਚ ਮੁਕੰਮਲ ਹੋਇਆ ਮੰਨਿਆ ਜਾਂਦਾ ਹੈ। ਇਸ ਵਿਚ ਗੁਰੂ ਜੀ ਆਪਣੇ ਜੀਵਨ ਦੇ ਉਦੇਸ਼ ਬਾਰੇ ਕਹਿੰਦੇ ਹਨ-

ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨਿ॥

ਧਰਮ ਦੇ ਪ੍ਰਚਾਰ ਅਤੇ ਦੁਸ਼ਟਾਂ ਦੋਖੀਆਂ ਦੇ ਸੰਗਾਰ ਨੂੰ ਇਕ ਵਾਰ ਫਿਰ ਦ੍ਰਿੜ ਕਰਦੇ ਹੋਏ ਕਹਿੰਦੇ ਹਨ:

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾ ਤਹਾ ਤੁਮ ਧਰਮ ਬਿਥਾਰੋ॥ ਦੁਸਟ ਦੋਖਯਨਿ ਪਕਰਿ ਪਛਾਰੋ॥
(ਬਚਿਤ੍ਰ ਨਾਟਕ, ਅਧਿ: ਛੇਵਾਂ)

ਧਰਮ ਦੀ ਪ੍ਰਫੁੱਲਤਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੀ ੯ ਸਾਲ ਦੀ ਉਮਰ ਵਿਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਰਬ-ਧਰਮ ਆਜ਼ਾਦੀ ਦੀ ਰੱਖਿਆ ਲਈ ਦਿੱਲੀ ਭੇਜਿਆ। ਗੁਰੂ ਤੇਗ ਬਹਾਦਰ ਜੀ ਦਾ ਕਲਮ ਕੀਤਾ ਸੀਸ ਲੈ ਕੇ ਜਦੋਂ ਭਾਈ ਜੈਤਾ ਜੀ ਅਨੰਦਪੁਰ

ਸਾਹਿਬ ਪਹੁੰਚੇ ਤਾਂ ਬਾਲ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ, ‘ਭਾਈ ਸਾਹਿਬ, ਜਦੋਂ ਪਿਤਾ ਗੁਰੂ ਜੀ ਦੀ ਸ਼ਹੀਦੀ ਹੋਈ ਤਾਂ ਦਿੱਲੀ ਦੇ ਸਿੱਖ ਬੜੇ ਰੋਹ ਵਿਚ ਆ ਗਏ ਹੋਣਗੇ ?’ ਜੈਤਾ ਜੀ ਬੋਲੇ, ‘ਨਹੀਂ ਮਹਾਰਾਜ, ਉਸ ਭਿਆਨਕ ਸਮੇਂ ਆਮ ਲੋਕਾਂ ਵਰਗੇ ਮੂੰਹ-ਮੁਹਾਂਦਰੇ ਵਾਲੇ ਸਿੱਖ ਵੀ ਹੋਰ ਲੋਕਾਂ ਵਾਂਗ ਭੈਅ ਭੀਤ ਹੋ ਕੇ ਇਧਰ ਉਧਰ ਖਿਸਕ ਗਏ। ਭਾਈ ਜੈਤੇ ਦੇ ਇਹ ਬੋਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਬੜੇ ਰੋਹ ਵਿਚ ਆ ਗਏ। ਬੱਦਲ ਵਾਂਗ ਗਰਜ ਕੇ ਬੋਲੇ, ‘ਹੁਣ ਮੈਂ ਅਜਿਹੇ ਸਿੱਖ ਦੀ ਸਿਰਜਣਾ ਕਰਾਂਗਾ, ਜੋ ਲੱਖਾਂ ਦੀ ਭੀੜ ਵਿਚ ਖੜ੍ਹਾ ਵੀ ਵੱਖਰਾ ਹੀ ਨਜ਼ਰ ਆਵੇਗਾ-

ਲਾਖਹੁਂ ਜਗ ਕੇ ਨਰ ਇਕ ਥਾਇ।
ਤਿਨ ਮਹਿ ਮਿਲੇ ਏਕ ਸਿਖ ਜਾਇ।
ਸਭ ਮਹਿ ਪ੍ਰਥਕ ਪਛਾਨਯੋ ਪਰੈ।
ਰਲੇ ਨ ਕਿਯੂ ਹੂੰ ਕੈਸਿਹੁਂ ਕਰੈ।
(ਸੂਰਜ ਪ੍ਰਕਾਸ਼, ਭਾਈ ਸੰਤੋਖ ਸਿੰਘ)

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਦਿੱਲੀ ਦੇ ਚਾਂਦਨੀ ਚੌਕ ਵਿਚ ਹੋਈਆਂ ਇਹ ਚਾਰ ਓਜਮਈ ਸ਼ਹੀਦੀਆਂ ਵੀ ਜ਼ੁਲਮ ਦੇ ਝੱਖੜ ਨੂੰ ਠੱਲ ਨਾ ਪਾ ਸਕੀਆਂ। ਪੰਜਾਬ ਦੀਆਂ ਪਹਾੜੀ ਰਿਆਸਤਾਂ ਦੇ ਰਾਜਪੂਤ ਹਿੰਦੂ ਰਾਜੇ ਆਪਣੇ ਧਰਮ ਦੀ ਰਾਖੀ ਦੀ ਥਾਂ ਆਪਣੀਆਂ ਰਿਆਸਤਾਂ ਦੀ ਸਲਾਮਤੀ ਲਈ ਵਧੇਰੇ ਚਿੰਤਾਵਾਨ ਸਨ। ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਦੀ ਬਜਾਏ ਗੁਰੂ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਦਾ ਦੈਵੀ ਆਦੇਸ਼ ਭੁੱਲਿਆ ਨਹੀਂ ਸੀ। ਇਕ ਨਵੇਂ ਨਰੋਏ ਲੋਕ-ਹਿਤੈਸ਼ੀ ਪੰਥ ਦੀ ਸਿਰਜਣਾ ਕਰਕੇ ਮਾਨਵਤਾ ਦੇ ਦੁਸ਼ਟਾਂ-ਦੋਖੀਆਂ ਨੂੰ ਪਛਾੜਨਾ ਅਤੇ ਧਰਮ ਦਾ ਪ੍ਰਕਾਸ਼ ਕਰਨਾ ਉਨ੍ਹਾਂ ਦਾ ਉਦੇਸ਼ ਸੀ। ਉਹ ਸਹੀ ਸਮੇਂ ਦੀ ਉਡੀਕ ਵਿਚ ਸਨ। ਭਾਰਤ ਦੀ ਜਨਤਾ ਮੁਗਲਸ਼ਾਹੀ ਅਤੇ ਰਾਜਾਸ਼ਾਹੀ ਤੋਂ ਦੁਖੀ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਉੱਤੇ ਇਸਲਾਮ ਦਾ ਭੂਤ ਸਵਾਰ ਸੀ। ਹਿੰਦੂ ਤੇ ਰਾਜਪੂਤ ਰਾਜੇ ਆਪਣੇ ਧਰਮ ਅਤੇ ਗੈਰਤ ਨੂੰ ਤਿਲਾਂਜਲੀ ਦੇ ਕੇ ਮਾਨਸਿਕ ਪੱਖੋਂ ਮੁਗਲਾਂ ਦੇ ਗੁਲਾਮ ਹੋ ਗਏ ਸਨ। ਹਰ ਭਾਰਤ ਵਾਸੀ ਦੇ ਸਿਰ ਉੱਤੇ ਇਸਲਾਮ ਦੀ ਤਲਵਾਰ ਲਟਕਦੀ ਸੀ। ਅਜਿਹੇ ਸਹਿਮ ਭਰੇ ਮਾਹੌਲ ਵਿਚ ਜੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਤਾਂ ਮਾਨਵਤਾ ਦੇ ਅਹਿਮ ਸਰੋਕਾਰਾਂ ਤੋਂ ਅਲੱਗ ਰਹਿ ਕੇ ਇਕ ਸ਼ਾਂਤਮਈ ਸਾਧੂ ਦੀ ਤਰ੍ਹਾਂ ਆਪਣੇ ਡੇਰੇ ਵਿਚ ਬੈਠ ਕੇ ਅਨੰਦਮਈ ਜੀਵਨ ਬਤੀਤ ਕਰ ਸਕਦੇ ਸਨ, ਪਰ ਉਹ ਤਾਂ ਉਸ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਸਨ, ਜਿਨ੍ਹਾਂ ਨੇ ਬਾਬਰ ਨੂੰ ਪਾਪ ਦੀ ਜੰਞ ਦਾ ਲਾੜਾ ਕਹਿ ਕੇ ਵੰਗਾਰਿਆ ਸੀ। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੀ ਈਨ ਨਹੀਂ ਮੰਨੀ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਸ਼ਾਹ ਜਹਾਨ ਦੀਆਂ ਫ਼ੌਜਾਂ ਨੂੰ ਚਾਰ ਵਾਰ ਹਰਾਇਆ ਸੀ। ਉਨ੍ਹਾਂ ਦੇ ਆਪਣੇ ਪਿਤਾ ਜੀ ਦਾ ਪਵਿੱਤਰ ਸੀਸ ਜ਼ੁਲਮ ਦੀ ਤਲਵਾਰ ਦੀ ਭੇਟ ਚੜ੍ਹ ਗਿਆ ਸੀ। ਉਨ੍ਹਾਂ ਦੀ ਅਣਖੀਲੀ ਜ਼ਮੀਰ ਜ਼ੁਲਮ ਅੱਗੇ ਕਿਵੇਂ ਝੁਕ ਸਕਦੀ ਸੀ? ਗੁਰੂ ਗੋਬਿੰਦ ਸਿੰਘ ਜੀ ਇਸ ਸਮੇਂ ਦੀ ਮਨੋਦਸ਼ਾ ਉੱਤੇ ਉਰਦੂ ਦਾ ਇਹ ਸ਼ਿਅਰ ਪੂਰਾ ਢੁਕਦਾ ਹੈ

ਵੁਹ ਮਰਦ ਨਹੀਂ ਜੋ ਡਰ ਜਾਏ ਮਾਹੌਲ ਕੇ ਖੂਨੀ ਮੰਜ਼ਰ ਸੇ।
ਉਹ ਹਾਲ ਮੇਂ ਜੀਨਾ ਲਾਜ਼ਮ ਹੈ
ਜਿਸ ਹਾਲ ਮੇਂ ਜੀਨਾ ਮੁਸ਼ਕਿਲ ਹੈ।

੧੬੯੯ ਈ. ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਆਪਣੇ ਨਿਵਾਸ ਅਸਥਾਨ ਦੇ ਨੇੜੇ ਇਕ ਉੱਚੇ ਟਿੱਬੇ ਉੱਤੇ ਭਾਰਤ ਭਰ ‘ਚੋਂ ਆਈਆਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਕੀਤਾ। ਤਲਵਾਰ ਦੀ ਧਾਰ ਉੱਤੇ ਪਰਖ ਕਰਕੇ ਪੰਜ ਪਿਆਰਿਆਂ ਦੀ ਚੋਣ ਕੀਤੀ। ਦਸਮ ਪਾਤਸ਼ਾਹ ਦੇ ਇਸ ਕੌਤਿਕ ਬਾਰੇ ਭਾਈ ਗੁਰਦਾਸ ਸਿੰਘ ਆਪਣੀ ਵਾਰ ਰਾਮਕਲੀ ਵਿਚ ਇਸ ਤਰ੍ਹਾਂ ਲਿਖਦੇ ਹਨ-

ਗੁਰ ਗੋਬਿੰਦ ਸਿੰਘ ਪ੍ਰਗਟਿਓ ਦਸਵੇਂ ਅਵਤਾਰਾ।
ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ।
ਵਹ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ।
ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ ਨੀਸਾਨ ਝੁਲਾਏ।
ਫਿਰ ਸੁਖ ਉਪਜਾਏ ਜਗਤ ਮੈਂ ਸਭ ਦੁਖ ਬਿਸਰਾਏ।
ਤਬ ਸਹਜੇ ਧਰਮ ਪ੍ਰਗਾਸਿਆ ਹਰਿ ਹਰਿ ਜਸ ਗਾਏ।
ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।

ਚੁਣੇ ਗਏ ਪੰਜ ਪਿਆਰਿਆਂ ਵਿਚ ਬਹੁਗਿਣਤੀ ਉਨ੍ਹਾਂ ਸਿੰਘਾਂ ਦੀ ਸੀ, ਜੋ ਅਖੌਤੀ ਨਿਮਨ ਜਾਤੀਆਂ ਵਿਚੋਂ ਸਨ।

ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਕਰਾਮਾਤ ਇਹ ਸੀ ਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਸੂਰਬੀਰ ਅਤੇ ਯੋਧੇ ਬਣਾਇਆ, ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਗੰਨਿਆਂ ਦਾ ਫੋਗ ਸਮਝ ਕੇ ਪਰੇ ਸੁੱਟਿਆ ਹੋਇਆ ਸੀ। ਸਮੂਹ ਗੁਰੂ ਸਾਹਿਬਾਨ ਨੇ ਆਪਣੀ ਕਥਨੀ ਅਤੇ ਕਰਨੀ ਨਾਲ ਜਾਤ ਪਾਤ ਦਾ ਖੰਡਨ ਕੀਤਾ, ਪਰ ਦਸਮ ਪਾਤਸ਼ਾਹ ਨੇ ਤਾਂ ਗਰੀਬ ਸਿੱਖਾਂ ਉੱਤੇ ਬਹੁਤ ਹੀ ਕਿਰਪਾ ਕੀਤੀ । ਨਿਮਾਣਿਆਂ ਨਿਤਾਣਿਆਂ ਨੂੰ ਘੋੜਿਆਂ ਦੀਆਂ ਕਾਠੀਆਂ ਉੱਤੇ ਬਿਠਾਇਆ ਅਤੇ ਮਨੁੱਖਤਾ ਦੇ ਦੋਖੀਆਂ ਨੂੰ ਦੰਡ ਦੇਣ ਦੀ ਸ਼ਕਤੀ ਪ੍ਰਦਾਨ ਕੀਤੀ। ਜੇ ਕੁਝ ਬ੍ਰਾਹਮਣਵਾਦੀ ਲੋਕਾਂ ਨੇ ਇਤਰਾਜ਼ ਕੀਤਾ ਤਾਂ ਆਖਿਆ, ਮਿਸਰ ਜੀ, ਜੋ ਕੁਝ ਵਿਧਾਤਾ ਨੇ ਲਿਖ ਦਿੱਤਾ ਹੈ, ਉਹੀ ਕੁਝ ਪਾਈਦਾ ਹੈ, ਤੁਸੀਂ ਸ਼ੋਕ ਨਾ ਕਰੋ।”

ਜੋ ਕਿਛੁ ਲੇਖੁ ਲਿਖਿਓ ਬਿਧਾਨਾ
ਸੋਈ ਪਾਯਤੁ ਮਿਸ੍ਰ ਜੂ ਸੋਕ ਨਿਵਾਰੋ।

ਮੈਂ ਤਾਂ ਸਗੋਂ ਇਨ੍ਹਾਂ ਸਿੱਖਾਂ ਦੀ ਕਿਰਪਾ ਦਾ ਪਾਤਰ ਹਾਂ, ਕਿਉਂਕਿ-

ਜੁਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ।
(ਸਵੈਯੇ ਪਾਤਸ਼ਾਹੀ ਦਸਵੀਂ, ਦਸਮ ਗ੍ਰੰਥ)

ਇਸ ਤਰ੍ਹਾਂ ਦੀਆਂ ਵਿਚਾਰਾਂ ਉਪਰੰਤ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਵਿਚ ਗਰੀਬ ਜਾਤੀਆਂ ਨੂੰ ਵਿਸ਼ੇਸ਼ ਵਡਿਆਈ ਬਖ਼ਸ਼ਿਸ਼ ਕੀਤੀ-

ਇਹ ਵਿਚਾਰ ਕਰ ਸਤਿਗੁਰੂ ਪੰਥ ਖਾਲਸਾ ਕੀਨ।
ਭੀਰੂ ਜਾਤਿਨ ਕੇ ਤਈਂ ਅਤੀ ਬਡੱਪਨ ਦੀਨ।

(ਪ੍ਰਾਚੀਨ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਭੰਗੂ)
(ਭੀਰੂ ਜਾਤਿਨ : ਛੋਟੀਆਂ ਜਾਤੀਆਂ)-

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ-ਮੁਕਤ ਡਾ. ਸੁਰਜੀਤ ਹਾਂਸ ਲਿਖਦੇ ਹਨ, ਸਿੱਖੀ ਦਾ ਕਾਯਾਕਲਪ ਦਰਅਸਲ ਕਮੀਣਾਂ ਦੇ ਖੱਤਰੀ ਹੋਣ ਦੀ ਕਿਰਿਆ ਹੈ। ਮੁੱਖ ਗੁਰੂ ਨਾਨਕ ਦਾ ਹੈ ਅਤੇ ਸਿਖਰ ਗੁਰੂ ਗੋਬਿੰਦ ਸਿੰਘ ਦਾ। …ਸਿੱਖ ਬ੍ਰਹਮ ਵਿੱਦਿਆ ਅਨੁਸਾਰ ਦੋਵਾਂ ਗੁਰੂਆਂ ਦਾ ਇਕੋ ਰੂਪ ਹੈ।” (ਖੋਜ ਪੱਤ੍ਰਿਕਾ, ਸਤੰਬਰ ੧੯੯੮) (ਪੰਜਾਬੀ ਯੂਨੀਵਰਸਿਟੀ, ਪਟਿਆਲਾ)

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਤੇ ਮੁਗਲ ਫ਼ੌਜਾਂ

ਦੇ ਝੂਠੀਆਂ ਕਸਮਾਂ ਖਾਣ ‘ਤੇ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ ਤਾਂ ਸਮੇਂ ਦੀ ਸਰਕਾਰ ਨੇ ਸਮਝਿਆ ਕਿ ਅਸੀਂ ਗੁਰੂ ਦਾ ਅੱਡਾ ਪੁੱਟ ਦਿੱਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਹੁਣ ਛੇਤੀ ਹੀ ਸਮਾਪਤ ਹੋ ਜਾਏਗਾ। ਜਦੋਂ ਚਮਕੌਰ ਦੀ ਜੰਗ ਵਿੱਚ ਗੁਰੂ
ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਚਾਲੀ ਸਿੰਘ ਸ਼ਹੀਦ ਹੋ ਗਏ ਤਾਂ ਦੁਸ਼ਮਣਾਂ ਨੇ ਸਮਝਿਆ ਕਿ ਗੁਰੂ ਦੀ ਸਾਰੀ ਉੱਮਤ ਮਾਰੀ ਗਈ ਹੈ, ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ-

ਇਸਲਾਮ ਜ਼ਿੰਦਾ ਹੋਤਾ ਹੈ
ਹਰ ਕਰਬਲਾ ਕੇ ਬਾਅਦ।

੬੮੦ ਈ. ਵਿਚ ਇਰਾਕ ਵਿਖੇ ਕਰਬਲਾ ਦੇ ਮੈਦਾਨੇ-ਜੰਗ ਵਿਚ ਖ਼ਲੀਫ਼ਾ ਯਜ਼ੀਦ ਦੀ ਫ਼ੌਜ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹੁਸੈਨ ਨੂੰ ਤਿੰਨ ਦਿਨ ਪਿਆਸਾ ਰੱਖ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਉਂ ਜਿਉਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਤੇ ਸਿੰਘ ਸ਼ਹੀਦ ਹੋ ਰਹੇ ਸਨ, ਤਿਉਂ-ਤਿਉਂ ਉੱਤਰ-ਪੱਛਮੀ ਭਾਰਤ ਵਿਚ ਸਿੱਖ ਪੰਥ ਖ਼ਤਮ ਨਹੀਂ ਹੋ ਰਿਹਾ ਸੀ, ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸੇ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਦੈਵੀ-ਮਨੋਰਥ ਦੀ ਪੂਰਤੀ ਲਈ ਆਪਣੇ ਜੀਵਨ ਦੇ ਆਖਰੀ ਪਲ ਤੱਕ ਕਿਵੇਂ = ਯਤਨਸ਼ੀਲ ਰਹੇ ਇਸ ਪੱਖੋਂ ਉਨ੍ਹਾਂ ਦੀ ਉਮਰ ਦੇ ਆਖਰੀ ਤਿੰਨ ਸਾਲਾਂ ਦਾ ਇਤਿਹਾਸ ਦੇਖਣ ਵਾਲਾ ਹੈ । ਜੰਗ ਹੋਵੇ ਜਾਂ ਅਮਨ, ਪਟਨਾ ਹੋਵੇ ਜਾਂ ਪਾਉਂਟਾ, ਅਨੰਦਪੁਰ ਹੋਵੇ ਜਾਂ ਮਾਛੀਵਾੜਾ, ਖਿਦਰਾਣੇ ਦੀ ਢਾਬ ਹੋਵੇ ਜਾਂ ਸਾਬੋ ਕੀ ਤਲਵੰਡੀ, ਦਿੱਲੀ ਹੋਵੇ ਜਾਂ ਆਗਰਾ ਅਤੇ ਦਾਦੂ ਦੁਆਰਾ ਹੋਵੇ ਜਾਂ ਨੰਦੇੜ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਕਦਮ ਆਪਣੀ ਮੰਜ਼ਿਲ : “ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨਿ॥” ਵੱਲ ਹੀ ਗਾਮਜ਼ਨ ਰਹੇ । ਧਰਮ ਦੀ ਰਾਖੀ, ਧਾਰਮਿਕ ਆਜ਼ਾਦੀ ਅਤੇ ਜ਼ੁਲਮ-ਜਬਰ ਨੂੰ ਠੱਲ੍ਹ ਪਾਉਣ ਲਈ ਦਸਮੇਸ਼ ਗੁਰੂ ਨੇ ਮੁਗਲ ਸਰਕਾਰ ਵਿਰੁੱਧ ੧੪ ਜੰਗਾਂ ਲੜੀਆਂ। ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਜੀ ਨੇ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਲਿਖਿਆ, ਜਿਸ ਵਿਚ ਬਾਦਸ਼ਾਹ ਨੂੰ ਉਸ ਦੇ ਧਾਰਮਿਕ ਪਖੰਡ ਅਤੇ ਇਸਲਾਮੀ ਜਨੂੰਨ ਦਾ ਅਹਿਸਾਸ ਕਰਵਾ ਕੇ ਲਾਅਨਤਾਂ ਪਾਈਆਂ ਅਤੇ ੧੭੦੮ ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਨਾਂਦੇੜ ਸਾਹਿਬ ਵਿਚ ਜੋਤੀ ਜੋਤ ਸਮਾ ਗਏ ।

-ਨਰਿੰਜਨ ਸਿੰਘ ਸਾਥੀ