14 views 19 secs 0 comments

27 ਦਸੰਬਰ: ਪ੍ਰਕਾਸ਼ ਪੁਰਬ ‘ਤੇ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ

ਲੇਖ
December 27, 2025

ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਕੁਝ ਵਿਰਲੇ ਉਨ੍ਹਾਂ ਮਹਾਂਪੁਰਖਾਂ ਵਿੱਚੋਂ ਹਨ, ਜਿਨ੍ਹਾਂ ਨੂੰ ਪੂਰਨ ਕਰਮਯੋਗੀ ਕਿਹਾ ਜਾ ਸਕਦਾ ਹੈ, ਜੋ ਸੰਸਾਰ ਵਿਚ ਆਮ ਮਨੁੱਖਾਂ ਵਾਂਙੂ ਵਿਚਰਦੇ ਹੋਏ ਭੀ ਸੰਸਾਰ ਦੇ ਬੰਧਨਾਂ ਵਿਚ ਜਕੜੇ ਨਹੀਂ ਜਾਂਦੇ, ਜੋ ਆਪਣੇ ਆਪ ਨੂੰ ਪਰਮ-ਆਤਮਾ ਦੀ ਇਕ ਅੰਸ਼ ਸਮਝਦੇ ਹਨ, ਉਸ ਦਾ ਦਾਸ ਦੱਸਦੇ ਹਨ। ਉਸ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਾ ਨਹੀਂ ਜਣਾਉਂਦੇ ਅਤੇ ਇਸ ਜੀਵਨ ਨੂੰ ਉਸ ਦੀ ਦਾਤ ਜਾਣ ਕੇ ਉਸੇ ਦੀ ਸੇਵਾ ਵਿਚ ਉਸ ਦੇ ਬੰਦਿਆਂ ਦੀ ਸੇਵਾ ਵਿਚ ਲਾਈ ਰੱਖਦੇ ਹਨ।

ਉਹ ਹਰ ਕੰਮ, ਕੌਮ ਦੀ ਖਾਤਰ, ਰੱਬ ਵਲੋਂ ਮਿਲੀ ਸੇਵਾ ਦੀ ਖਾਤਰ ਕਰੀ ਜਾਂਦੇ ਹਨ।

ਉਨ੍ਹਾਂ ਦੀ ਕੋਈ ਨਿੱਜੀ ਕਾਮਨਾ ਇਸ ਵਿਚ ਕੰਮ ਨਹੀਂ ਕਰ ਰਹੀ ਹੁੰਦੀ। ਉਹ ਹਰ ਪ੍ਰਕਾਰ ਦੇ ਕੰਮ ਵਿਚ ਨਿਰਲੇਪ ਰਹਿੰਦੇ ਹਨ। ਉਹ ਗ੍ਰਹਿਸਤ ਵਿਚ ਨਿਰਮੋਹ ਅਤੇ ਮੈਦਾਨਿ ਜੰਗ ਵਿਚ ਨਿਰਵੈਰ ਰਹਿੰਦੇ ਹਨ। ਉਹ ਸੰਸਾਰ ਦਿਆਂ ਦੁੱਖਾਂ ਨੂੰ ਦੁੱਖ ਨਹੀਂ ਸਮਝਦੇ ਅਤੇ ਇਨ੍ਹਾਂ ਤੋਂ ਘਬਰਾ ਕੇ ਸੰਸਾਰੀ ਫ਼ਰਜ਼ਾਂ ਨੂੰ ਛੱਡ ਕੇ ਜੰਗਲਾਂ ਨੂੰ ਨਹੀਂ ਭੱਜ ਜਾਂਦੇ। ਉਹ ਰਣ-ਭੂਮੀ ਵਿਚ ਸੂਰਮਿਆਂ ਵਾਂਗ ਨਿੱਤਰਦੇ ਹਨ। ਵੈਰੀ ਨਾਲ ਲੋਹਾ ਲੈਂਦੇ ਹਨ ਪਰ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਨਹੀਂ ਕਰਦੇ ਅਤੇ ਨਾ ਹੀ ਸਦਾ ਲਈ ਉਸ ਨਾਲ ਵੈਰ ਸਹੇੜੀ ਰੱਖਦੇ ਹਨ। ਅਜਿਹੇ ਸਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਬਾਣੀ ਕਰਮ-ਯੋਗ ਦੀ ਸਿੱਖਿਆ ਨਾਲ ਭਰਪੂਰ ਹੈ ਅਤੇ ਜਿਨ੍ਹਾਂ ਦਾ ਜੀਵਨ ਇਕ ਪੂਰਨ ਕਰਮ-ਯੋਗੀ ਦੀ ਜੀਉਂਦੀ-ਜਾਗਦੀ ਤਸਵੀਰ ਹੈ ਜੋ ਹਰ ਸੰਸਾਰੀ ਲਈ ਆਦਰਸ਼ ਦਾ ਕੰਮ ਦੇ ਸਕਦੀ ਹੈ।

ਇਸ ਸੰਸਾਰ ਵਿਚ ਆਪਣੇ ਜੀਵਨ ਦਾ ਮਨੋਰਥ ਦੱਸਦੇ ਹੋਏ ਆਪ ਕਹਿੰਦੇ ਹਨ :-

ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥

ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖਿਯਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸ਼ਟ ਸਭਨ ਕੋ ਮੂਲ ਉਪਾਰਨ॥੪੩॥
(ਬਚਿਤ੍ਰ ਨਾਟਕ)
ਅਤੇ ਇਸ ਮਨੋਰਥ ਦੇ ਸਿਰੇ ਚੜ੍ਹਨ ਲਈ ਆਪ ਅਰਦਾਸ ਕਰਦੇ ਹਨ :-

ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ ॥
ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥

ਰਣ-ਭੂਮੀ ਵਿਚ ਜਾ ਕੇ ਭੀ ਦੁਸ਼ਟ-ਸੰਘਾਰਨ ਅਤੇ ਸੰਤ ਉਬਾਰਨ ਦੀ ਇੱਛਾ ਵਾਲਾ ਮਨੁੱਖ ਸਦਾ ਪਰਮਾਤਮਾ ਨੂੰ ਯਾਦ ਰੱਖੇ, ਇਕ ਪਾਸੜ ਹੋ ਕੇ ਖੂਨ ਦਾ ਪਿਆਸਾ ਨਾ ਬਣਿਆ ਫਿਰੇ। ਉਸ ਦੇ ਚਿੱਤ ਵਿਚ ਜੇ ਜੁੱਧ ਹੋਵੇ ਤਾਂ ਮੁਖ ‘ਤੇ ਹਰੀ ਦਾ ਸਿਮਰਨ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ :

ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੇ ਜੁਧ ਬੀਚਾਰੈ॥
(ਕ੍ਰਿਸ਼ਨਾਵਤਾਰ)

ਰੱਛਿਆ ਹਰ ਵੇਲੇ ਅਕਾਲ ਦੀ ਸਮਝੇ ਅਤੇ ਮੰਗੇ, ਜਿਵੇਂ ਅਕਾਲ ਉਸਤਤਿ ਦੀ ਬਾਣੀ ਨੂੰ ਆਰੰਭ ਕਰਦੇ ਆਪ ਕਹਿੰਦੇ ਹਨ :
ਅਕਾਲ ਪੁਰਖ ਕੀ ਰਛਾ ਹਮਨੈ॥
ਸਰਬ ਲੋਹ ਦੀ ਰਛਿਆ ਹਮਨੈ॥
ਸਰਬ ਕਾਲ ਜੀ ਦੀ ਰਛਿਆ ਹਮਨੈ॥
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥(ਅਕਾਲ ਉਸਤਤਿ)

ਅਤੇ ‘ਬੇਨਤੀ ਚੌਪਈ ਦੇ ਅੰਤ ਵਿਚ ਕਹਿੰਦੇ ਹਨ :

ਖੜਗ ਕੇਤ ਮੈ ਸਰਣਿ ਤਿਹਾਰੀ॥
ਆਪ ਹਾਥ ਦੈ ਲੇਹੁ ਉਬਾਰੀ॥ ਸਰਬ ਠੌਰ ਮੋ ਹੋਹੁ ਸਹਾਈ॥ ਦੁਸਟ ਦੋਖ ਤੇ ਲੇਹੁ ਬਚਾਈ॥੨੫॥(ਬੇਨਤੀ ਚੌਪਈ)

ਅਤੇ :

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਯੋ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥
ਸਿੰਮ੍ਰਿਤਿ ਸ਼ਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਯੋ ਸਭ ਤੋਹਿ ਬਖਾਯੋ॥(ਸ੍ਵੈਯਾ ਪਾ: ੧੦)

ਬਚਿਤ੍ਰ ਨਾਟਕ ਵਿਚ ਆਪ ਹੀ ਇਕ ਥਾਂ ਫੁਰਮਾਉਂਦੇ ਹਨ :

ਯਾ ਕਲ ਮੈਂ ਸਬ ਕਾਲ ਕਿਰਪਾਣ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੇ।

ਪਰ ਆਪ ਕਿਰਪਾਨ ਦੀ ਵਰਤੋਂ ਉੱਤੇ ਇਕ ਬੜੀ ਕਰੜੀ ਪਾਬੰਦੀ ਲਾਉਂਦੇ ਹਨ ਕਿ ਇਸ ਦੀ ਵਰਤੋਂ ਉਸ ਵੇਲੇ ਜਾਇਜ਼ ਹੈ, ਜਦੋਂ ਹੋਰ ਕੋਈ ਵੀ ਹੀਲਾ ਬਾਕੀ ਨਾ ਰਹਿ ਜਾਏ ਅਰਥਾਤ ਤਲਵਾਰ ਫੜਨ ਤੋਂ ਪਹਿਲਾਂ ਬਾਕੀ ਸਾਰੇ ਸਾਧਨ ਵਰਤ ਕੇ ਵੇਖਣੇ ਚਾਹੀਦੇ ਹਨ। ਤਲਵਾਰ ਅੰਤਲਾ ਸਾਧਨ ਹੈ, ਜਿਵੇਂ ਆਪ ਜ਼ਫ਼ਰਨਾਮੇ ਵਿਚ ਲਿਖਦੇ ਹਨ ਕਿ : ਜਦੋਂ ਸਾਰੇ ਹੀ ਹੀਲੇ ਕਾਰਗਰ ਨਾ ਹੋਣ ਤਾਂ ਸ਼ਮਸ਼ੀਰ ਪਕੜਨੀ ਉਚਿਤ ਹੈ।

ਪਰ ਤਲਵਾਰ ਦੇ ਜ਼ੋਰ ਨਾਲ ਜਦ ਜਿੱਤ ਪ੍ਰਾਪਤ ਹੋ ਜਾਵੇ ਯਾਂ ਹੋਰ ਸਾਧਨਾਂ ਨਾਲ ਸਫਲਤਾ ਮਿਲ ਜਾਏ ਤਾਂ ਮਨੁੱਖ ਨੂੰ ਹੰਕਾਰੀ ਨਹੀਂ ਹੋ ਜਾਣਾ ਚਾਹੀਦਾ, ਕਿਉਂਕਿ ਸਫਲਤਾ ਪਰਮਾਤਮਾ ਦੀ ਦਾਤ ਹੈ। ਮਨੁੱਖ ਦਾ ਕਰਮ ਇਸ ਸੰਸਾਰ ਵਿਚ ਇਸ ਦੀ ਸਾਰੀ ਮਸ਼ੀਨਰੀ ਦੇ ਇਕ ਨਿੱਕੇ ਪੁਰਜ਼ੇ ਤੋਂ ਵੱਧ ਨਹੀਂ। ਗੁਰੂ ਗੋਬਿੰਦ ਸਿੰਘ ਇਤਨੇ ਨਿਰ-ਹੰਕਾਰ ਅਤੇ ਹਲੀਮ-ਚਿਤ ਸਨ ਕਿ ਜੋ ਇਕ ਪੂਰਣ-ਬ੍ਰਹਮ ਗਿਆਨੀ ਅਤੇ ਕਰਮ-ਯੋਗੀ ਹੀ ਹੋ ਸਕਦਾ ਹੈ। ਦੇਸ਼ ਦੀ ਪੁਰਾਤਨ ਧਾਰਮਿਕ ਪਰੰਪਰਾ ਅਨੁਸਾਰ ਲੋਕ ਕਿਧਰੇ ਆਪ ਨੂੰ ਪਰਮੇਸ਼ਰ ਹੀ ਨਾ ਕਹਿਣ ਲੱਗ ਪੈਣ, ਜਦ ਇਹ ਖਿਆਲ ਆਪ ਨੂੰ ਆਇਆ ਤਾਂ ਆਪ ਨੇ ਇਸ ਦੀ ਬੜੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਮੈਂ ਤਾਂ ਕੇਵਲ ਅਕਾਲ ਪੁਰਖ ਦੇ ਹੁਕਮ ਨਾਲ ਇਥੇ ਸੰਸਾਰ ਵਿਚ ਜਗਤ ਦਾ ਤਮਾਸ਼ਾ ਦੇਖਣ ਆਇਆ ਹਾਂ ਅਤੇ ਜੋ ਮੈਨੂੰ ਪਰਮੇਸ਼ਰ ਕਹਿਣ ਦੀ ਭੁੱਲ ਕਰਨਗੇ, ਉਹ ਨਰਕ-ਕੁੰਡ ਦੇ ਭਾਗੀ ਹੋਣਗੇ। ਬਚਿੱਤ੍ਰ ਨਾਟਕ ਵਿਚ ਇਸ ਸਬੰਧੀ ਆਪ ਦੇ ਸ਼ਬਦ ਇਸ ਤਰ੍ਹਾਂ ਹਨ :

ਜੇ ਹਮ ਕੋ ਪਰਮੇਸ਼ਰ ਉਚਰਿ ਹੈ॥
ਤੇ ਸਭ ਨਰਕਿ ਕੁੰਡ ਮਹਿ ਪਰਿ ਹੈ॥
ਮੋ ਕੋ ਦਾਸੁ ਤਵਨ ਕਾ ਜਾਨੋ॥ ਯਾ ਮੈ ਭੇਦੁ ਨ ਰੰਚ ਪਛਾਨੋ॥੩੨॥
ਮੈਂ ਹੋ ਪਰਮ ਪੁਰਖ ਕੋ ਦਾਸਾ॥ ਦੇਖਨਿ ਆਯੋ ਜਗਤ ਤਮਾਸਾ॥(ਬਚਿੱਤ੍ਰ ਨਾਟਕ)

ਕਈ ਵਾਰੀ ਕੁਝ ਤੰਗ-ਦਿਲ ਲੋਕ, ਦੇਸ਼, ਭੇਖ, ਧਰਮ ਅਤੇ ਵਿਚਾਰਾਂ ਵਿਚ ਭਿੰਨ-ਭੇਦ ਹੋਣ ਕਰਕੇ ਉਨ੍ਹਾਂ ਲੋਕਾਂ ਨਾਲ, ਜੋ ਉਨ੍ਹਾਂ ਦੇ ਗੁਰਭਾਈ ਨਹੀਂ ਜਾਂ ਉਨ੍ਹਾਂ ਦੇ ਦੇਸ਼-ਵਾਸੀ ਨਹੀਂ, ਜਾਂ ਉਨ੍ਹਾਂ ਦੇ ਵਿਚਾਰ ਦੇ ਅਨੁਸਾਰੀ ਨਹੀਂ, ਘਿਰਨਾ ਕਰਨ ਲੱਗ ਪੈਂਦੇ ਹਨ। ਇਹ ਗੱਲ ਇਕ ਕਰਮ-ਯੋਗੀ ਦੇ ਧਰਮ ਦੇ ਵਿਰੁੱਧ ਹੈ। ਉਸ ਲਈ ਤਾਂ ਸਰਬ-ਸ੍ਰਿਸ਼ਟੀ ਇਕ ਪਿਤਾ ਪਰਮਾਤਮਾ ਦੀ ਸਿਰਜਨਾ ਹੋਣ ਕਰਕੇ ਇਕ ਵੱਡਾ ਭਾਈਚਾਰਾ ਹੈ। ਉਨ੍ਹਾਂ ਵਿਚ ਬਾਹਰਲੇ ਦਿੱਸ ਰਹੇ ਭਿੰਨ-ਭੇਦ ਵੱਖ-ਵੱਖ ਦੇਸ਼ਾਂ ਦੇ ਪੌਣ ਪਾਣੀਆਂ ਦੇ ਪ੍ਰਭਾਵਾਂ ਕਰਕੇ ਹਨ। ਇਸੇ ਤਰ੍ਹਾਂ ਹੀ ਧਰਮਾਂ ਅਤੇ ਭੇਖਾਂ ਦੇ ਫਰਕ ਭੀ।

ਇਸ ਲਈ ਹਰ ਮਨੁੱਖ ਭਾਵੇਂ ਉਹ ਕਿਸੇ ਭੀ ਦੇਸ਼ ਅਤੇ ਕੌਮ ਦਾ ਹੈ ਅਤੇ ਕਿਸੇ ਭੀ ਧਰਮ ਜਾਂ ਵਿਚਾਰ ਨੂੰ ਮੰਨਣ ਵਾਲਾ ਹੈ, ਉਸ ਪਰਮਾਤਮਾ ਦੀ ਰਚਨਾ ਹੈ, ਜਿਸ ਨੇ ਸਾਨੂੰ ਸਾਜਿਆ ਹੈ। ਇਸ ਲਈ ਉਹ ਸਾਡੇ ਭਾਈਚਾਰੇ ਅਤੇ ਸਾਡੇ ਵਲੋਂ ਪਿਆਰ ਅਤੇ ਸੇਵਾ ਦਾ
ਹੱਕਦਾਰ ਹੈ। ਮਨੁੱਖ-ਮਾਤਰ ਵਿਚੋਂ ਵਿਤਕਰਾ ਕਰਨਾ ਪਰਮਾਤਮਾ ਨੂੰ ਸਿਰਜਨਹਾਰ ਪਿਤਾ ਮੰਨਣ ਤੋਂ ਮੁੱਨਕਰ ਹੋਣਾ ਹੈ। ਆਪਣੇ ਪਰਾਏ ਦੀ ਗਿਣਤੀ ਛੋਟੇ ਦਿਲ ਵਾਲੇ ਲੋਕਾਂ ਦੀ ਗੱਲ ਹੈ। ਉਦਾਰ-ਚਿੱਤ ਕਰਮ-ਯੋਗੀਆਂ ਲਈ ਤਾਂ ਸਾਰਾ ਸੰਸਾਰ ਹੀ ਉਨ੍ਹਾਂ ਦਾ ਆਪਣਾ ਟੱਬਰ ਹੈ ਅਤੇ ਹਿੰਦੁਸਤਾਨ ਦੇ ਰਹਿਣ ਵਾਲੇ ਲੋਕਾਂ ਲਈ ਅਜਿਹੇ ਵਿਤਕਰੇ ਤਾਂ ਬਿਲਕੁਲ ਹੀ ਵਿਅਰਥ ਹਨ। ਇਹ ਦੇਸ਼ ਤਾਂ ਆਪਣੇ ਆਪ ਵਿਚ ਇਕ ਛੋਟਾ ਜਿਹਾ ਸੰਸਾਰ ਹੈ, ਜਿੱਥੇ ਅਨੇਕਾਂ ਰੂਪਾਂ-ਰੇਖਾਂ, ਰੰਗ-ਢੰਗ ਬੋਲਚਾਲ ਅਤੇ ਧਾਰਮਿਕ ਵਿਚਾਰਾਂ ਦੇ ਲੋਕ ਵੱਸਦੇ ਹਨ ਜਿਨ੍ਹਾਂ ਵਿਚ ਵੱਖ-ਵੱਖ ਪੌਣ-ਪਾਣੀਆਂ ਕਰਕੇ ਕੁਝ ਬਾਹਰੀ ਫ਼ਰਕ ਦਿੱਸਦੇ ਹਨ, ਜਿਵੇਂ ਕਿ ਕਸ਼ਮੀਰੀਆਂ ਅਤੇ ਮਦਰਾਸੀਆਂ ਵਿਚ, ਪੰਜਾਬੀਆਂ ਅਤੇ ਉੜੀਸੀਆਂ ਵਿਚ, ਬੰਗਾਲੀਆਂ ਅਤੇ ਰਾਜਪੂਤਾਂ ਵਿਚ। ਇਸੇ ਤਰਾਂ ਸਮੇਂ ਅਤੇ ਇਤਿਹਾਸਕ ਕਾਰਣਾਂ ਕਰਕੇ ਇਥੇ ਕਈ ਵੱਖਰੇ-ਵੱਖਰੇ ਧਰਮ ਭੀ ਹਨ, ਜਿਵੇਂ ਕਿ ਹਿੰਦੂ, ਬੋਧੀ, ਜੈਨੀ, ਮੁਸਲਮਾਨ, ਪਾਰਸੀ, ਸਿੱਖ, ਈਸਾਈ ਆਦਿ। ਇਨ੍ਹਾਂ ਵਿਚ ਅੱਗੇ ਆਪਣੇ ਆਪਣੇ ਹੋਰ ਫਿਰਕੇ ਭੀ ਹਨ ਪਰ ਹਨ ਸਾਰੇ ਦੇਸ਼ ਦੇ ਵਾਸੀ, ਇਕੋ ਪਰਮਾਤਮਾ ਦੀ ਸੰਤਾਨ, ਇਕੋ ਸੰਸਾਰ ਭਾਈਚਾਰੇ ਦੇ ਮੈਂਬਰ। ਇਸ ਲਈ ਸੰਸਾਰ ਦੇ ਇਕ ਕੁਟੰਬ ਹੋਣ ਦੀ ਅਤੇ ਹਿੰਦੁਸਤਾਨ ਦੇ ਇਕ-ਮੁੱਠ ਇਕ ਟੱਬਰ ਹੋਣ ਦੀ ਜਿੰਨੀ ਸੋਹਣੀ ਮਿਸਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਮੌਜੂਦ ਹੈ ਹੋਰ ਕਿਧਰੇ ਬਹੁਤ ਹੀ ਘੱਟ ਮਿਲੇਗੀ। ਇਹੋ ਹੀ ਸੱਚੇ ਕਰਮ ਯੋਗੀ ਦੀ ਸਿੱਖਿਆ ਹੈ। ਆਪ ਫੁਰਮਾਉਂਦੇ ਹਨ ਕਿ ਦੇਸ਼ਾਂ, ਦੇਸ਼ਾਂ ਵਿਚ :

ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ॥

ਭਖਰੀ ਕੰਧਾਰੀ ਗੋਰਿ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮੁ ਧ੍ਯਾਈਅਤੁ ਹੈ॥
ਪੂਰਬ ਪਲਾਊਂ ਕਾਮ ਰੂਪ ਔ ਕਮਾਊ ਸਰਬ ਠਉਰ ਮੈ ਬਿਰਾਜੇ ਜਹਾ ਜਹਾ ਜਾਈਅਤੁ ਹੈ॥੧੪॥੨੬੬॥
(ਅਕਾਲ ਉਸਤਤਿ)

ਅਤੇ :

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗ੍ਯਾ ਮੈ ਚਲਤ ਹੈਂ॥

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ॥

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ
ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ॥

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ॥੩॥੨੫੫॥

ਏਸੇ ਤਰ੍ਹਾਂ ਧਾਰਮਿਕ ਵਿਚਾਰਾਂ ਵਿਚ :-

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥ ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ ਦੂਸਰੋ ਨਾ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਭਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕੈ ਜੋਤ ਜਾਨਬੋ॥੧੫॥੮੫॥

ਇਵੇਂ ਹੀ :-

ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਭੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥ ਏਕੈ ਨੈਨ ਏਕੈ ਕਾਨ ਏਕੈ
ਦੇਹ ਏਕੈ ਬਾਨ
ਖਾਕ ਬਾਦ ਆਤਸ਼ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥੧੬॥੮੬॥(ਅਕਾਲ ਉਸਤਤਿ)

ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ ਦੀ ਸਿੱਖਿਆ, ਜਿਸ ਨੇ ਨਿਤਾਣੇ ਅਤੇ ਨਿਰਸਾਹਸ ਦੇਸ਼ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਸੀ। ਜਿਸ ਨੇ ਗਿੱਦੜਾਂ ਨੂੰ ਸ਼ੇਰ, ਗੀਦੀਆਂ ਨੂੰ ਸੂਰਬੀਰ ਜੋਧੇ ਅਤੇ ਗੁਲਾਮਾਂ ਤੋਂ ਭੀ ਨਿੱਘਰੇ ਹੋਏ ਲੋਕਾਂ ਨੂੰ ਸੁਤੰਤਰ ਰਾਜਪਤੀ ਬਣਾ ਦਿੱਤਾ ਸੀ। ਧੰਨ ਹੈ ਗੁਰੂ ਗੋਬਿੰਦ ਸਿੰਘ ਦੀ ਕਰਮ-ਯੋਗੀ ਬਾਣੀ ਅਤੇ ਕਰਮ-ਯੋਗੀ ਜੀਵਨ, ਜਿਸ ਉਤੇ ਦੇਸ਼ ਅਤੇ ਸੰਸਾਰ ਜਿਤਨਾ ਭੀ ਮਾਣ ਕਰੇ ਥੋੜ੍ਹਾ ਹੈ।

-ਡਾ: ਗੰਡਾ ਸਿੰਘ