58 views 9 secs 0 comments

30 ਮਈ ਨੂੰ ਬਰਸੀ ‘ਤੇ ਵਿਸ਼ੇਸ਼: ਸੇਵਾ ਦੇ ਖੇਤਰ ਦੇ ਉੱਘੇ ਹਸਤਾਖਰ – ਬਾਬਾ ਖੜਕ ਸਿੰਘ ਕਾਰਸੇਵਾ ਵਾਲੇ

ਲੇਖ
May 30, 2025

ਕਾਰਸੇਵਾ ਉਹੀ ਮਨੁੱਖ ਕਰ ਸਕਦਾ ਹੈ, ਜਿਸ ਦੇ ਹਿਰਦੇ ਵਿੱਚ ਪਰਉਪਕਾਰ ਵਸਿਆ ਹੋਵੇ । ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣਾ ਕੋਈ ਸੁਖੈਨ ਕੰਮ ਨਹੀਂ । ਇਸ ਵੱਡੇ ਖੇਤਰ ਵਿੱਚ ਜਾਣ ਤੋਂ ਪਹਿਲਾਂ ਆਪਣਾ ਜੀਵਨ ਗੁਰੂ-ਘਰ ਨੂੰ ਸਮਰਪਿਤ ਕਰਨਾ ਪੈਂਦਾ ਹੈ । ਮਨ ਵਿੱਚ ਖੋਟ ਰੱਖਣ ਵਾਲੇ ਇਨਸਾਨ ਲੋਕ ਮਨਾਂ ਵਿੱਚੋਂ ਨਿਕਲ ਜਾਂਦੇ ਹਨ । ਜਿਹੜੇ ਰੱਬੀ ਜਿਊੜੇ ਇਸ ਖੇਤਰ ਵਿੱਚ ਤਨ ਮਨ ਧਨ ਨਾਲ ਸੰਗਤ ਦੀ ਸੇਵਾ ਵਿੱਚ ਰਾਤ-ਦਿਨ ਕੁੱਦ ਪੈਂਦੇ ਹਨ, ਉਹ ਇਸ ਧਰਤੀ ਦਾ ਸ਼ਿੰਗਾਰ ਬਣ ਜਾਂਦੇ ਹਨ । ਅਜਿਹੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਬਾਬਾ ਖੜਕ ਸਿੰਘ ਕਾਰਸੇਵਾ ਵਾਲੇ । ਕਾਰਸੇਵਾ ਦੇ ਖੇਤਰ ਨਾਲੋਂ ਵੱਧ ਕੇ ਉਹ ਅਜਿਹੀ ਰੰਗ ਰੱਤੜੀ ਆਤਮਾ ਦੇ ਮਾਲਕ ਸਨ, ਜਿਨ੍ਹਾਂ ਆਪਣੀ ਹਯਾਤੀ ਦੇ ਦੌਰਾਨ ਹਜ਼ਾਰਾਂ ਘਰਾਂ ਵਿੱਚ ਪਏ ਕਲਾ-ਕਲੇਸ਼ ਅਤੇ ਗੰਭੀਰ ਝਗੜੇ ਨਿਪਟਾਏ, ਜਿਨ੍ਹਾਂ ਨਾਲ ਕਿੰਨੇ ਕਤਲ ਹੋਣ ਤੋਂ ਸਮਾਜ ਨੂੰ ਬਚਾਇਆ । ਲੱਖਾਂ ਪਰਿਵਾਰਾਂ ਨੂੰ ਇਸ ਕੀਮਤੀ ਤੇ ਬਹੂਮੁੱਲੇ ਜੀਵਨ ਨੂੰ ਜੀਊਣ ਲਈ ਜੀਵਨ ਜਾਚ ਸਮਝਾਈ । ਪਰਿਵਾਰਾਂ ਵਿੱਚ ਮਿਲ ਬੈਠ ਕੇ ਪਿਆਰ ਤੇ ਪ੍ਰੇਮ ਨਾਲ ਰਹਿਣ ਦੀ ਪ੍ਰੇਰਣਾ ਦਿੱਤੀ । ਇਹ ਅਜਿਹੀ ਸੇਵਾ ਸੀ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੇ ਮਨਾਂ ਵਿੱਚੋਂ ਮੈਲ ਕੱਢ ਕੇ ਗੁਰੂ-ਘਰ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ।

ਬਾਬਾ ਖੜਕ ਸਿੰਘ ਦਾ ਜਨਮ ਲਾਹੌਰ (ਲਹਿੰਦਾ ਪੰਜਾਬ) ਜ਼ਿਲ੍ਹੇ ਦੇ ਪਿੰਡ ਬਰਕੀ ਵਿੱਚ ਸ। ਪਾਲਾ ਸਿੰਘ ਅਤੇ ਮਾਤਾ ਦਾਨ ਕੌਰ ਦੇ ਗ੍ਰਹਿ ਵਿਖੇ 1895 ਈ: ਵਿੱਚ ਹੋਇਆ । ਪਰਿਵਾਰਕ ਜ਼ਿੰਮੇਵਾਰੀ ਨੂੰ ਸਮਝਦਿਆਂ ਪਹਿਲਾਂ ਦੇਸ਼ ਦੀ ਫੌਜ ਵਿੱਚ ਭਰਤੀ ਹੋ ਕੇ ਚੰਗੇ ਸਿਪਾਹੀ ਦੇ ਫਰਜ਼ ਨੂੰ ਨਿਭਾਇਆ । ਜਵਾਨੀ ਵਿੱਚ ਹੀ ਰੱਬੀ-ਪ੍ਰੇਮ ਵਿੱਚ ਵੈਰਾਗ ਅਵਸਥਾ ਵਿੱਚ ਵਿਚਰਦਿਆਂ ਮਨੁੱਖਤਾ ਦੇ ਭਲੇ ਲਈ ਜੀਵਨ ਬਤੀਤ ਕਰਨ ਦੀ ਖਿੱਚ ਕਾਰਨ ਮਨ ਉਚਾਟ ਰਹਿਣ ਲੱਗ ਗਿਆ । ਫੌਜ ਵਿੱਚੋਂ ਵਾਪਸ ਆ ਕੇ ਸੰਤ-ਸਿਪਾਹੀ ਵਜੋਂ ਵਿਚਰਨਾ ਸ਼ੁਰੂ ਕਰ ਦਿੱਤਾ । ਥੋੜ੍ਹੇ ਸਮੇਂ ਵਿੱਚ ਕਾਰਸੇਵਾ ਦੇ ਖੇਤਰ ਦੀ ਵੱਡੀ ਹਸਤੀ ਬਾਬਾ ਨਿਧਾਨ ਸਿੰਘ ਕਾਰਸੇਵਾ ਵਾਲਿਆਂ ਦੇ ਜਥੇ ਵਿੱਚ ਸ਼ਾਮਿਲ ਹੋ ਗਏ । ਉਦੋਂ ਹੁਣ ਵਾਂਗ ਇਸ ਖੇਤਰ ਵਿੱਚ ਮਾਇਆ ਦਾ ਪ੍ਰਭਾਵ ਨਹੀਂ ਸੀ । ਸੇਵਾ ਤਨਦੇਹੀ ਨਾਲ ਨਿਭਾਉਣੀ ਪੈਂਦੀ ਸੀ । ਇਨ੍ਹਾਂ ਦਿਨਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ । ਮਰਜੀਵੜੇ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸਮੇਂ ਦੀ ਅੰਗ੍ਰੇਜ਼ ਹਕੂਮਤ ਦੀ ਘਰ-ਘਾਟਾਂ ਨੂੰ ਤਿਆਗ ਕੇ ਜਾਨ ਨਾਲੋਂ ਪਿਆਰੇ ਗੁਰਧਾਮਾਂ ਨੂੰ ਮਾੜੇ ਪ੍ਰਬੰਧ ਤੋਂ ਅਜ਼ਾਦ ਕਰਵਾਉਣਾ ਚਾਹੁੰਦੇ ਸਨ । ਕਾਰਸੇਵਾ ਵਿੱਚ ਤਨ-ਦੇਹੀ ਨਾਲ ਸੇਵਾ ਨਿਭਾਉਂਦਿਆਂ ਜੈਤੋ ਦੇ ਮੋਰਚੇ ਦੌਰਾਨ ਗ੍ਰਿਫਤਾਰ ਹੋ ਗਏ । ਮੋਰਚਾ ਫ਼ਤਹਿ ਹੋਣ ਤੱਕ ਕੈਦ ਕੱਟੀ । ਜੇਲ੍ਹ ਵਿੱਚੋਂ ਵਾਪਸ ਆਉਂਦਿਆਂ ਹੀ ਮੁੜ ਕਾਰਸੇਵਾ ਨੂੰ ਸਮਰਪਿਤ ਹੋ ਗਏ ।

ਉਸ ਸਮੇਂ ਆਪ ਕਾਰਸੇਵਾ ਦੇ ਖੇਤਰ ਦੀ ਉੱਘੀ ਹਸਤੀ ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯਾਦਗਾਰੀ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰਸੇਵਾ ਵਿੱਚ ਜੁੱਟੇ ਹੋਏ ਸਨ । ਇਸੇ ਦੌਰਾਨ ਇਕ ਦਿਨ ਲਾਹੌਰ ਵਿਖੇ ਕਾਬਲ (ਅਫ਼ਗਾਨਿਸਤਾਨ) ਤੋਂ ਇਕ ਜਥਾ ਦਰਸ਼ਨਾਂ ਲਈ ਆਇਆ । ਉਦੋਂ ਅਫ਼ਗਾਨਿਸਤਾਨ ਦੇ ਸਿੰਘਾਂ ਦੀ ਸ਼ਰਧਾ ਤੇ ਪਿਆਰ ਵੇਖ ਕੇ ਉਨ੍ਹਾਂ ਨਾਲ ਸੇਵਾ ਦੇ ਪ੍ਰਥਾਇ ਵਿਚਾਰ ਕਰ ਰਹੇ ਸਨ ਤਾਂ ਉਸ ਆਈ ਹੋਈ ਸੰਗਤ ਨੇ ਬੀੜ ਬਾਬਾ ਬੁੱਢਾ ਸਾਹਿਬ ਦੀ ਨਵ-ਉਸਾਰੀ ਲਈ ਬੇਨਤੀ ਕੀਤੀ । ਬਾਬਾ ਗੁਰਮੁੱਖ ਸਿੰਘ ਨੇ ਬਾਬਾ ਖੜਕ ਸਿੰਘ ਨੂੰ ਇਕ ਜ਼ਿੰਮੇਵਾਰ ਕਾਰ-ਸੇਵਕ ਵਜੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਸੌਂਪ ਦਿੱਤੀ । ਬਾਬਾ ਜੀ ਲਾਹੌਰ ਤੋਂ ਸੀਮਤ ਜਿਹਾ ਉਸਾਰੀ ਦਾ ਸਮਾਨ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਪਹੁੰਚ ਗਏ । ਇਥੇ ਪੁੱਜਦਿਆਂ ਹੀ ਸਭ ਤੋਂ ਪਹਿਲਾਂ ਪਾਵਨ-ਸਰੋਵਰ ਅਤੇ ਇਸ ਤੋਂ ਪਿੱਛੋਂ ਗੁਰਦੁਆਰਾ ਸਾਹਿਬ ਦੇ ਨਵ-ਨਿਰਮਾਣ ਦੀ ਸੇਵਾ ਸ਼ੁਰੂ ਕੀਤੀ । ਇਸ ਕਾਰਸੇਵਾ ਤੋਂ ਇਲਾਵਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੌਜੂਦਾ ਆਧੁਨਿਕ ਲੰਗਰ ਦੀ ਇਮਾਰਤ ਦੀ ਸੇਵਾ ਨੂੰ ਪ੍ਰਮੁੱਖ ਫਰਜ਼ ਸਮਝਦੇ ਨਿਭਾਇਆ । ਇਸ ਸੇਵਾ ਤੋਂ ਪਿੱਛੋਂ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਅੰਮ੍ਰਿਤ ਸਰੋਵਰ ਲਈ ਪੁਰਾਤਨ ਹੰਸਲੀ ਦੇ ਨਵ-ਨਿਰਮਾਣ ਲਈ ਜਲ ਲਿਆਉਣ ਦੀ ਸੇਵਾ ਨੂੰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਪੂਰਨ ਕੀਤਾ ।

ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਉੱਪਰ ਬਣ ਰਹੇ ਪੁੱਲ ਦੀ ਉਸਾਰੀ ਲਈ ਵੀ ਯੋਗਦਾਨ ਪਾਇਆ । ਇਨ੍ਹਾਂ ਸੇਵਾਵਾਂ ਤੋਂ ਇਲਾਵਾ ਬੀੜ ਸਾਹਿਬ ਦੇ ਇਲਾਕੇ ਵਿੱਚ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡੇ ਯਤਨਾਂ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਿਆ । ਬਾਬਾ ਬੁੱਢਾ ਸਾਹਿਬ ਕਾਲਜ, ਬਾਬਾ ਬੁੱਢਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਅਤੇ ਪਬਲਿਕ ਸਕੂਲ ਆਪ ਜੀ ਦੀ ਵਿੱਦਿਅਕ ਸੇਵਾਵਾਂ ਪ੍ਰਤੀ ਲਗਨ ਦੇ ਪ੍ਰਤੱਖ ਸਬੂਤ ਹਨ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1984 ਈ: ਵਿੱਚ ਵਾਪਰੇ ਕਤਲਾਮ ਅਤੇ ਘੱਲੂਘਾਰੇ ਨੇ ਆਪ ਨੂੰ ਧੁਰ-ਅੰਦਰੋਂ ਹਿਲਾ ਕੇ ਰੱਖ ਦਿੱਤਾ । ਇਸ ਘੱਲੂਘਾਰੇ ਦਾ ਉਨ੍ਹਾਂ ਦੀ ਅੰਤਰ-ਆਤਮਾ ‘ਤੇ ਗਹਿਰਾ ਅਸਰ ਹੋਇਆ । ਘੱਲੂਘਾਰੇ ਤੋਂ ਦੋ ਕੁ ਸਾਲ ਪਿੱਛੋਂ 30 ਮਈ, 1986 ਈ: ਨੂੰ ਸਰੀਰ ਕਰਕੇ ਕੁਝ ਸਮਾਂ ਢਿੱਲੇ ਹੋਣ ਪਿੱਛੋਂ ਆਪਣੇ ਪੰਚ-ਭੂਤਕ ਸਰੀਰ ਨੂੰ ਛੱਡ ਕੇ ਸਚਖੰਡ ਜਾ ਬਿਰਾਜੇ । ਉਨ੍ਹਾਂ ਤੋਂ ਪਿੱਛੋਂ ਇਨ੍ਹਾਂ ਕਾਰਸੇਵਾਵਾਂ ਨੂੰ ਬਾਬਾ ਦਰਸ਼ਨ ਸਿੰਘ ਬਾਖੂਬੀ ਨਿਭਾਉਂਦੇ ਰਹੇ । ਮੌਜੂਦਾ ਸਮੇਂ ਇਨ੍ਹਾਂ ਸੇਵਾਵਾਂ ਨੂੰ ਬਾਬਾ ਸੰਤੋਖ ਸਿੰਘ ਪੂਰੀ ਤਨ-ਦੇਹੀ ਨਾਲ ਸਰ-ਅੰਜ਼ਾਮ ਦੇ ਰਹੇ ਹਨ । ਬਾਬਾ ਖੜਕ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ ।

ਭਗਵਾਨ ਸਿੰਘ ਜੌਹਲ