
ਸ੍ਰੀ ਅਨੰਦਪੁਰ ਸਾਹਿਬ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਨਵੰਬਰ ਮਹੀਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸਾਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ 350 ਸਾਲਾ ਸ਼ਤਾਬਦੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸਾਹਿਬ ਨੂੰ ਆਉਂਦੇ ਮੁੱਖ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਬਣਾਉਣ ਲਈ ਸ਼ਤਾਬਦੀ ਸਮਾਗਮਾਂ ਤੋਂ ਠੀਕ ਪਹਿਲਾਂ ਬੰਦ ਕਰਨਾ ਅਤੇ ਰਸਤੇ ਵਿੱਚ ਟੋਏ ਪੁੱਟਣ ਦੀ ਕਾਰਵਾਈ ਕਰਨਾ ਬਿਲਕੁਲ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 13 ਮਈ 2025 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਬਣਾਉਣ ਲਈ ਸ਼ਰਤਾਂ ਤੈਅ ਕਰਕੇ ਮਤਾ ਪਾਸ ਕੀਤਾ ਸੀ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਰਾਹੀਂ ਸਰਕਾਰ ਨੂੰ ਉਦੋਂ ਹੀ ਮਤਾ ਭੇਜ ਦਿੱਤਾ ਗਿਆ ਸੀ। ਲੇਕਿਨ ਸਰਕਾਰ ਨੇ ਸਮੇਂ ਸਿਰ ਕਾਰਜ ਸ਼ੁਰੂ ਕਰਨ ਦੀ ਬਜਾਏ ਸ਼ਤਾਬਦੀ ਸਮਾਗਮਾਂ ਤੋਂ ਠੀਕ ਇੱਕ ਮਹੀਨਾ ਪਹਿਲਾਂ ਕਾਰਜ ਅਰੰਭ ਕਰ ਦਿੱਤਾ ਅਤੇ ਮੁੱਖ ਮਾਰਗ ਨੂੰ ਬੰਦ ਕਰਨ ਦੇ ਨਾਲ-ਨਾਲ ਇਸ ਉੱਤੇ ਵੱਡੇ ਟੋਏ ਪੁੱਟ ਦਿੱਤੇ ਹਨ, ਜਿਸ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਰਹੀਆਂ ਸੰਗਤਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਕਾਰਜ ਕਰਨਾ ਸੀ ਤਾਂ ਸਮਾਂ ਰਹਿੰਦਿਆਂ ਕੀਤਾ ਜਾਣਾ ਚਾਹੀਦਾ ਸੀ। ਕਿਉਂਕਿ 21 ਤੋਂ 29 ਨਵੰਬਰ ਤੱਕ ਸ਼ਤਾਬਦੀ ਦੇ ਮੁੱਖ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੇ ਹਨ ਤਾਂ ਬਹੁਤ ਥੋੜਾ ਸਮਾਂ ਹੋਣ ਕਰਕੇ ਸਰਕਾਰ ਵਿਰਾਸਤੀ ਮਾਰਗ ਦਾ ਕਾਰਜ ਫਿਲਹਾਲ ਤੁਰੰਤ ਪ੍ਰਭਾਵ ਨਾਲ ਬੰਦ ਕਰੇ। ਉਨ੍ਹਾਂ ਕਿਹਾ ਕਿ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਨਗਰ ਕੀਰਤਨਾਂ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਆਉਣਾ ਸ਼ੁਰੂ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮਾਲਵੇ ਅਤੇ ਦੋਆਬੇ ਦੀ ਸੰਗਤ ਸ਼ਤਾਬਦੀ ਨੂੰ ਸਮਰਪਿਤ ਦੋ ਨਗਰ ਕੀਰਤਨ ਤਖ਼ਤ ਸਾਹਿਬ ਵਿਖੇ ਲੈ ਕੇ ਆਈ ਤਾਂ ਉਸ ਸਮੇਂ ਮੁੱਖ ਰਸਤੇ ਵਿੱਚ ਸਰਕਾਰ ਤਰਫ਼ੋਂ ਵਿਘਨ ਹੋਣ ਕਰਕੇ ਸੰਗਤ ਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ।
ਜਥੇਦਾਰ ਗੜਗੱਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਮਤੇ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਸਬੰਧੀ ਤੈਅ ਹੋਏ ਵਿਰਾਸਤੀ ਮਾਰਗ ਵਾਲੇ ਪ੍ਰੋਜੈਕਟ ਵਿੱਚ ਰੂਪਨਗਰ-ਨੰਗਲ ਮੁੱਖ ਸੜਕ ਵਾਲੇ ਪਾਸੇ ਕਿਸੇ ਕਿਸਮ ਦਾ ਗੇਟ ਜਾਂ ਡਿਊੜੀ ਬਣਾਉਣ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਲਈ ਵੱਡੇ ਟੋਏ ਪੁੱਟੇ ਗਏ ਹਨ, ਇਸ ਲਈ ਪੁੱਟੇ ਗਏ ਟੋਏ ਤੁਰੰਤ ਬੰਦ ਕਰਕੇ ਇਹ ਰਸਤਾ ਸੰਗਤ ਦੀ ਸਹੂਲਤ ਲਈ ਪਹਿਲਾਂ ਦੀ ਤਰ੍ਹਾਂ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਵਿਰਾਸਤੀ ਮਾਰਗ ਤੋਂ ਭਾਵ ਹੈ ਕਿ ਜਿਹੜੀ ਵਿਰਾਸਤ ਇੱਥੇ ਮੌਜੂਦ ਹੈ ਉਹ ਜਿਉਂ ਦੀ ਤਿਉਂ ਸੁਰੱਖਿਅਤ ਰਹੇ ਅਤੇ ਉਸ ਨਾਲ ਛੇੜਛਾੜ ਜਾਂ ਤੋੜ-ਭੰਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਕੰਮ ਨਵੰਬਰ ਮਹੀਨੇ ਆ ਰਹੀ ਸ਼ਤਾਬਦੀ ਤੱਕ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਵੇਗਾ ਅਤੇ ਕਿਉਂਕਿ ਉਦੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਆਵੇਗੀ ਤਾਂ ਇਹ ਕੰਮ ਹੁਣ ਸ਼ਤਾਬਦੀ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਹੈ ਇਸ ਲਈ ਇਸ ਦੇ ਆਲੇ ਦੁਆਲੇ ਜਾਂ ਆਉਂਦੇ ਰਸਤਿਆਂ ਵਿੱਚ ਕਿਸੇ ਕਿਸਮ ਦਾ ਬਦਲਾਅ ਖ਼ਾਲਸਾ ਪੰਥ ਦੀ ਸਮੂਹਿਕ ਸਾਂਝੀ ਰਾਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਝਾਅ ਮੁਤਾਬਕ ਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਵਾਲੇ ਕੰਮਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਮਾਝਾ ਅਤੇ ਦੋਆਬਾ ਦੀ ਤਰਫ਼ੋਂ ਆਉਂਦੀਆਂ ਸੜਕਾਂ ਅਤੇ ਸਤਲੁਜ ਦੇ ਪੁਲ਼ ਦਾ ਹਾਲ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਾਲੇ ਪਾਸਿਓਂ ਆਉਂਦੀ ਸੜਕ ਦੀ ਸੇਵਾ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲੇ ਮਹਾਂਪੁਰਖਾਂ ਵੱਲੋਂ ਕੀਤੀ ਜਾ ਰਹੀ ਹੈ, ਇਸ ਲਈ ਸਰਕਾਰ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਪਹਿਲਾਂ ਨਿਭਾਉਣ ਚਾਹੀਦੀ ਹੈ ਨਾ ਕਿ ਸੰਗਤ ਸਾਹਮਣੇ ਹੋਰ ਮੁਸ਼ਕਲਾਂ ਪੈਦਾ ਕੀਤੀਆਂ ਜਾਣ। ਸਰਕਾਰ ਨੂੰ ਸ਼ਹਿਰ ਵਿੱਚ ਸਹੂਲਤਾਂ ਅਤੇ ਸਾਫ਼-ਸਫ਼ਾਈ ਬਿਹਤਰ ਬਣਾਉਣ ਲਈ ਕਾਰਜ ਕਰਨੇ ਚਾਹੀਦੇ ਹਨ।