41 ਸਾਲਾਂ ਬਾਅਦ, 1984 ਸਿੱਖ ਨਸਲਕੁਸ਼ੀ ਦੇ ਇੱਕ ਦੋਸ਼ੀ ਨੂੰ ਉਮਰ ਕੈਦ – ਹਾਲੇ ਵੀ ਹਜ਼ਾਰਾਂ ਮਾਮਲਿਆਂ ਦਾ ਇਨਸਾਫ਼ ਬਾਕੀ

ਅਖੀਰਕਾਰ, 41 ਸਾਲਾਂ ਦੀ ਲੰਮੇ ਇੰਤਜ਼ਾਰ ਅਤੇ ਬੇਇਨਸਾਫ਼ੀਆਂ ਤੋਂ ਬਾਅਦ, 1984 ਦੀ ਸਿੱਖ ਨਸਲਕੁਸ਼ੀ ਦੇ ਇੱਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਸ. ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸ.ਤਰੁਣਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ।

ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਹ ਫੈਸਲਾ 1 ਨਵੰਬਰ 1984 ਨੂੰ ਹੋਈ ਹੱਤਿਆ ਦੇ ਕੇਸ ਵਿੱਚ ਸੁਣਾਇਆ ਜਦਕਿ ਪੀੜਤ ਪਰਿਵਾਰ ਅਤੇ ਇਸਤਗਾਸਾ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। 12 ਫਰਵਰੀ ਨੂੰ ਅਦਾਲਤ ਨੇ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਹੁਣ ਉਹ ਤਿਹਾੜ ਜੇਲ ਵਿੱਚ ਸਜ਼ਾ ਕੱਟ ਰਿਹਾ ਹੈ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਨਿਰਦੋਸ਼ ਸਿੱਖ ਮਾਰੇ ਗਏ, ਪਰ 41 ਸਾਲ ਬਾਅਦ ਵੀ ਅਨੇਕਾਂ ਕਤਲੇਆਮ ਇਨਸਾਫ਼ ਦੀ ਰਾਹ ਵੇਖ ਰਹੇ ਹਨ। ਇਹ ਫੈਸਲਾ, ਭਾਵੇਂ ਇੱਕ ਪਹੁੰਚੀ ਸ਼ਖਸੀਅਤ ਦੇ ਦੋਸ਼ੀ ਠਹਿਰਾਏ ਜਾਣ ਵੱਲ ਸੰਕੇਤ ਕਰਦਾ ਹੈ, ਪਰ ਅਜੇ ਵੀ ਲੱਖਾਂ ਪੀੜਤ ਪਰਿਵਾਰ ਇਨਸਾਫ਼ ਲਈ ਤਰਸ ਰਹੇ ਹਨ।