-ਗਿ. ਗੁਰਜੀਤ ਸਿੰਘ ਪਟਿਆਲਾ
( ਮੁੱਖ ਸੰਪਾਦਕ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ‘ਭਾਹਿ’ ਸ਼ਬਦ ਅਨੇਕਾਂ ਵਾਰ ਮੌਜੂਦ ਹੈ, ਭਾਵੇਂ ਆਮ ਬੋਲ ਚਾਲ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਘਟ ਹੀ ਕੀਤੀ ਜਾਂਦੀ ਹੈ। ਭਗਤ ਸ਼ੇਖ ਫਰੀਦ ਜੀ ਆਪਣੇ ਪਾਵਨ ਸਲੋਕਾਂ ਦੇ ਵਿੱਚ ਭਾਹਿ ਦੇ ਨਾਲ ਗੁਝੀ ਦਾ ਜ਼ਿਕਰ ਵੀ ਕਰਦੇ ਹਨ:
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ||
ਸਾਂਈ ਮੇਰੈ ਚੰਗਾ ਕੀਤਾ ਨਾਹੀ ਤਾ ਹੰ ਭੀ ਦਝਾਂ ਆਹਿ||
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, 1377)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਾਹਿ ਦੇ ਨਾਲ ਗੂਝੀ ਤੇ ਜਲਣ ਦਾ ਜ਼ਿਕਰ ਕਰਦੇ, ਜਿਸ ਤੋਂ ਮਨੁੱਖ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਭਾਹਿ ਗੁਪਤ ਜਲਦੀ ਹੋਈ ਅਗਨੀ ਹੈ:
ਭਾਈ ਕਾਨ੍ਹ ਸਿੰਘ ਜੀ ਨਾਭਾ ‘ਮਹਾਨ ਕੋਸ਼’ ਦੇ ਵਿੱਚ ਭਾਹਿ ਨੂੰ ਸੰਸਕ੍ਰਿਤ ਤੇ ਸਿੰਧੀ ਦੋਨਾਂ ਦਾ ਸ਼ਬਦ ਮੰਨਦੇ ਨੇ, ਉਨਾਂ ਦੇ ਅਨੁਸਾਰ ਭਾਹਿ ਸਿੰਧੀ ਦੇ ਬਾਹੇ, ਤੇ ਸੰਸਕ੍ਰਿਤ ਦੇ ਵਲਿ ਤੋਂ ਬਣੀ ਹੋਈ ਸੰਗਿਆ ਹੈ ਜਿਸ ਦੇ ਅਰਥ ਅਗਨ ਅੱਗ ਹਨ। ਭਾਈ ਵੀਰ ਸਿੰਘ ਤੇ ਪ੍ਰੋਫੈਸਰ ਸਾਹਿਬ ਸਿੰਘ ਅਰਥ ਕੇਵਲ ਅਗਨ ਹੀ ਕਰਦੇ ਹਨ।
ਭਾਈ ਕਾਨ੍ਹ ਸਿੰਘ ਜੀ ਨਾਭਾ, ਭਾਈ ਵੀਰ ਸਿੰਘ ਤੇ ਪ੍ਰੋਫੈਸਰ ਸਾਹਿਬ ਸਿੰਘ ਆਪਣੇ ਕੋਸ਼ਾਂ ਤੇ ਦਰਪਣ ਦੇ ਵਿੱਚ ਇਹ ਸਪਸ਼ਟ ਨਹੀਂ ਕਰਦੇ ਕਿ ਅਗਨ ਨੂੰ ਭਾਹਿ ਕਿਉਂ ਕਹਿੰਦੇ ਨੇ, ਪ੍ਰਸ਼ਨ ਉਨੀ ਦੇਰ ਤੱਕ ਮਨ ਦੇ ਵਿੱਚ ਬਣਿਆ ਰਹਿੰਦਾ ਜਿੰਨੀ ਦੇਰ ਤੱਕ ਸਪਸ਼ਟ ਰੂਪ ਦੇ ਵਿੱਚ ਉਹਦਾ ਉੱਤਰ ਨਾ ਲੱਭ ਜਾਵੇ
ਬਹੁਤ ਹੀ ਗਹਿਰੀ ਦ੍ਰਿਸ਼ਟੀ ਰੱਖਣ ਵਾਲੇ ਮਨੁੱਖਾਂ ਨੇ ਜਦ ਭਸਮ ਦੇ ਵਿੱਚ ਸਮਾਈ ਹੋਈ ਅਗਨੀ ਨੂੰ ਦੇਖਿਆ ਤਾਂ ਉਹਨਾਂ ਦੀ ਰਸਨਾ ਤੋਂ ਨਿਕਲਿਆ ਭਸਮ ਸਮਾਹਿ:
ਭਾਹਿ =ਭਸਮ ਸਮਾਹਿ ਦਾ ਸੰਖੇਪ ਹੈ।
ਭਾਵ ਉਹ ਅਗਨੀ ਜਿਹੜੀ ਭਸਮ ਸੁਆਹ ਦੇ ਵਿੱਚ ਗੁਪਤ ਰੂਪ ਦੇ ਵਿੱਚ ਬਲ ਰਹੀ, ਮਨੁੱਖ ਜਦ ਭਸਮ ਨੂੰ ਪਾਸੇ ਕਰਦਾ ਤਾਂ ਬਲਦੀ ਹੋਈ ਅਗਨੀ ਪ੍ਰਗਟ ਹੋ ਜਾਂਦੀ ਹੈ।
