
ਭਾਈ ਤਾਰੂ ਸਿੰਘ ਜੀ ਮਾਝੇ ਦੇ ਪਿੰਡ ਪੂਹਲਾ ਦੇ ਵਸਨੀਕ ਸਨ। ਇਨ੍ਹਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫ਼ੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਏ ਸਨ। ਇਹ ਪਿੰਡ ਵਿਚ ਹੀ ਖੇਤੀ ਕਰ ਕੇ ਨਾਮ ਜਪ ਕੇ ਸ਼ਾਂਤੀ ਨਾਲ ਜੀਵਨ ਬਿਤਾ ਰਹੇ ਸਨ। ਆਏ ਗਏ ਖਾਲਸੇ ਦੀ ਸੇਵਾ ਕਰਦੇ, ਰਾਤ ਰਹਿਣ ਨੂੰ ਥਾਂ ਦਿੰਦੇ ਤੇ ਉਨ੍ਹਾਂ ਦੇ ਦਰਸ਼ਨ ਕਰ ਕੇ ਪ੍ਰਸੰਨਤਾ ਪ੍ਰਾਪਤ ਕਰਦੇ। ਇਨ੍ਹਾਂ ਦਿਨਾਂ ਵਿਚ ਜ਼ਕਰੀਆ ਖ਼ਾਨ ਨੇ ਸਿੱਖਾਂ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਤੇ ਸਿੱਖਾਂ ਨੂੰ ਸ਼ਰਨ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ। ਪਰ ਭਾਈ ਤਾਰੂ ਸਿੰਘ ਜੀ ਸਿੰਘਾਂ ਦੀ ਸੇਵਾ ਨਿਡਰ ਹੋ ਕੇ ਕਰਦੇ ਰਹੇ।
ਉਸ ਇਲਾਕੇ ਦੇ ਭਗਤ ਨਿਰੰਜਨੀ (ਜੰਡਿਆਲਾ) ਨੇ ਜ਼ਕਰੀਆ ਖ਼ਾਨ ਨੂੰ ਸ਼ਿਕਾਇਤ ਕੀਤੀ ਕਿ ਉਹਦੇ ਪਿੰਡ ਇਕ ਸਿੱਖ ਵਸਦਾ ਹੈ ਜੋ ਬਾਗੀ ਸਿੰਘਾਂ ਨੂੰ ਪਨਾਹ ਦਿੰਦਾ ਹੈ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਤੁਰੰਤ ਹੁਕਮ ਦੇ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਇਆ ਗਿਆ ਤੇ ਪੁੱਛਿਆ ਗਿਆ ਕਿ ਸਿੱਖ ਤੁਹਾਡੇ ਕੋਲ ਠਹਿਰਦੇ ਹਨ? ਤਾਂ ਭਾਈ ਤਾਰੂ ਸਿੰਘ ਨੇ ਦਲੇਰੀ ਨਾਲ ਕਿਹਾ ਕਿ ਮੈਂ ਉਨ੍ਹਾਂ ਦੀ ਸੇਵਾ ਕਰਨਾ ਆਪਣਾ ਧਰਮ ਸਮਝਦਾ ਹਾਂ। ਭਾਈ ਸਾਹਿਬ ਦੇ ਕੇਸ ਕਤਲ ਕਰ ਦੇਣ ਦਾ ਜ਼ਕਰੀਆ ਖ਼ਾਨ ਨੇ ਹੁਕਮ ਕਰ ਦਿੱਤਾ ਅਤੇ ਕਾਜ਼ੀ ਬੁਲਾਏ। ਜਦ ਸਰਕਾਰੀ ਆਦਮੀ ਕੇਸ ਕਤਲ ਕਰਨ ਲਈ ਨੇੜ੍ਹੇ ਆਏ ਤਾਂ ਭਾਈ ਤਾਰੂ ਸਿੰਘ ਜੀ ਨੇ ਜ਼ੋਰ ਦੀ ਲੱਤ ਮਾਰੀ। ਕੁਝ ਆਦਮੀਆਂ ਨੇ ਭਾਈ ਸਾਹਿਬ ਨੂੰ ਪਕੜ ਲਿਆ। ਜਦ ਨਾਈ ਫਿਰ ਅੱਗੇ ਵਧਿਆ ਤਾਂ ਉਸ ਦੇ ਸਿਰ ਵਿਚ ਆਪਣਾ ਸਿਰ ਮਾਰ ਕੇ ਨਾਈ ਲਹੂ-ਲੁਹਾਣ ਕਰ ਦਿੱਤਾ। ਇਸ ‘ਤੇ ਮੋਚੀ ਸੱਦਿਆ ਗਿਆ ਤੇ ਭਾਈ ਸਾਹਿਬ ਦੀ ਖੋਪਰੀ ਦਾ ਉਪਰਲਾ ਹਿੱਸਾ ਰੰਬੀ ਨਾਲ ਉਤਾਰ ਦਿੱਤਾ ਗਿਆ। ਦਿੱਲੀ ਗੇਟ ਦੇ ਬਾਹਰ ਲਾਹੌਰ ਵਿਚ ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ। ਇਹ ਲਾਹੌਰ ਸਟੇਸ਼ਨ ਦੇ ਨੇੜੇ ਥਾਂ ਹੈ, ਜਿੱਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੈ।
ਡਾ. ਗੁਰਪ੍ਰੀਤ ਸਿੰਘ