
ਗ਼ਦਰ ਲਹਿਰ ਦੇ ਪ੍ਰਮੁੱਖ ਆਗੂ-ਬਾਬਾ ਜਵਾਲਾ ਸਿੰਘ ਨੂੰ ਯਾਦ ਕਰਦਿਆਂ
-ਭਗਵਾਨ ਸਿੰਘ ਜੌਹਲ
ਦੇਸ਼ ਦੀ ਅਜ਼ਾਦੀ ਲਈ ਚੱਲੀਆਂ ਲਹਿਰਾਂ ਵਿੱਚੋਂ ਪ੍ਰਮੁੱਖ ਲਹਿਰ ਗ਼ਦਰ ਲਹਿਰ ਹੈ । ਇਸ ਲਹਿਰ ਨੇ ਅਨੇਕਾਂ ਕ੍ਰਾਂਤੀਕਾਰੀ ਸੂਰਬੀਰਾਂ ਨੂੰ ਜਨਮ ਦਿੱਤਾ । ਜਿਨ੍ਹਾਂ ਜਾਨ ਜੋਖਮ ਵਿੱਚ ਪਾ ਕੇ ਕੁਰਬਾਨੀਆਂ ਦੀ ਝੜੀ ਲਾ ਦਿੱਤੀ । ਇਸ ਲਹਿਰ ਦੇ ਦਿਮਾਗ ਸਮਝੇ ਜਾਣ ਵਾਲੇ ਪ੍ਰਮੁੱਖ ਆਗੂਆਂ ਵਿੱਚੋਂ ਇਕ ਸਨ ਬਾਬਾ ਜਵਾਲਾ ਸਿੰਘ ਠੱਠੀਆਂ । ਇਸ ਬਹਾਦਰ ਗ਼ਦਰੀ ਬਾਬੇ ਨੂੰ ਇਸ ਲਹਿਰ ਦਾ ਦਿਮਾਗ ਕਿਹਾ ਜਾਂਦਾ ਸੀ । ਬਾਬਾ ਜਵਾਲਾ ਸਿੰਘ ਦਾ ਜਨਮ 1866 ਈ: ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਠੱਠੀਆਂ ਵਿਖੇ ਸ: ਕਨ੍ਹਈਆ ਸਿੰਘ ਦੇ ਗ੍ਰਹਿ ਵਿਖੇ ਹੋਇਆ । ਤੰਗੀਆਂ ਤੁਰਸ਼ੀਆਂ ਵਾਲੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ 40 ਕੁ ਸਾਲ ਦੀ ਉਮਰ ਵਿੱਚ ਘਰ ਛੱਡ ਕੇ ਵਿਦੇਸ਼ ਵੱਲ ਨੂੰ ਚੱਲ ਪਿਆ । ਚੀਨ, ਪਨਾਮਾ ਅਤੇ ਮੈਕਸੀਕੋ ਹੁੰਦਾ ਹੋਇਆ 1908 ਈ: ਵਿੱਚ ਕੈਲੇਫੋਰਨੀਆਂ (ਅਮਰੀਕਾ) ਪਹੁੰਚ ਗਿਆ । ਇਥੇ ਪਹੁੰਚ ਕੇ ਇਨ੍ਹਾਂ ਦਾ ਮਿਲਾਪ ਬਾਬਾ ਵਿਸਾਖਾ ਸਿੰਘ ਨਾਲ ਹੋਇਆ । ਇਨ੍ਹਾਂ ਦੋਵੇਂ ਸਿਰੜੀ ਜੀਊੜਿਆਂ ਨੇ ਰੱਲ ਕੇ ਆਪ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਕਰਨ ਦੀ ਸੋਚ ਨੂੰ ਪੂਰਿਆਂ ਕਰਨ ਦੀ ਖਾਤਰ ਇਥੇ ਪੰਜ ਸੌ ਏਕੜ ਦਾ ਫਾਰਮ ਠੇਕੇ ਉੱਤੇ ਲੈ ਕੇ ਆਲੂ ਦੀ ਖੇਤੀ ਸ਼ੁਰੂ ਕੀਤੀ । ਧਾਰਮਿਕ, ਸੱਭਿਆਚਾਰ, ਸਮਾਜਿਕ ਭੁੱਖ ਨੂੰ ਦੂਰ ਕਰਨ ਲਈ ਇਹ ਫਾਰਮ ਹੌਲੀ-ਹੌਲੀ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਮੇਲ-ਜੋਲ ਦਾ ਕੇਂਦਰ ਬਣ ਗਿਆ ।
ਇਨ੍ਹਾਂ ਸਾਰੇ ਪ੍ਰਵਾਸੀਆਂ ਨੇ ਆਪਣੇ ਸਾਥੀ ਆਗੂਆਂ ਦੇ ਸਹਿਯੋਗ ਨਾਲ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਲੋੜਾਂ ਦੀ ਪੂਰਤੀ ਲਈ ਕੈਲੇਫੋਰਨੀਆ ਦੇ ਸ਼ਹਿਰ ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਕੇਂਦਰ ਸਥਾਪਿਤ ਕੀਤਾ । ਜੋ ਸਮਾਂ ਆਉਣ ‘ਤੇ ਗ਼ਦਰ ਲਹਿਰ ਦੀਆਂ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰ ਬਣ ਗਿਆ । ਉਨ੍ਹਾਂ ਨੇ ਬਾਬਾ ਵਿਸਾਖਾ ਸਿੰਘ ਨਾਲ ਮਿਲ ਕੇ ਪ੍ਰਵਾਸੀ ਭਾਰਤੀਆਂ ਨੂੰ ਉਚੇਰੀ ਤਾਲੀਮ ਦੇਣ ਲਈ ਗੁਰੂ ਨਾਨਕ ਐਜੂਕੇਸ਼ਨਲ ਸੁਸਾਇਟੀ ਦੀ ਸਥਾਪਨਾ ਕਰਕੇ ਅਮਰੀਕਾ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਚਾਰ ਵਿੱਦਿਆਰਥੀਆਂ ਨੂੰ ਸੱਦਾ-ਪੱਤਰ ਭੇਜੇ । ਇਨ੍ਹਾਂ ਸਾਰੇ ਆਗੂਆਂ ਦੀ ਇਕੋ ਸੋਚ ਸੀ, ਸਿੱਖਿਆਂ ਤੋਂ ਬਿਨਾਂ ਗੁਲਾਮੀ ਤੇ ਗਰੀਬੀ ਤੋਂ ਕਦੇ ਵੀ ਛੁਟਕਾਰਾ ਨਹੀਂ ਮਿਲ ਸਕਦਾ । 1913 ਈ: ਵਿੱਚ ਬਾਬਾ ਜਵਾਲਾ ਸਿੰਘ ਨੂੰ ਇੰਡੀਅਨ ਐਸੋਸੀਏਸ਼ਨ ਦੀ ਕੈਲੇਫੋਰਨੀਆ ਸ਼ਾਖਾ ਦਾ ਮੀਤ ਪ੍ਰਧਾਨ ਬਣਾਇਆ ਗਿਆ ।
ਇਸ ਤੋਂ ਛੇਤੀ ਪਿੱਛੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ । ਹੁਣ ਬਾਬਾ ਜਵਾਲਾ ਸਿੰਘ ਨੇ ਆਪਣੇ ਸਾਥੀਆਂ ਬਾਬਾ ਵਸਾਖਾ ਸਿੰਘ, ਬਾਬਾ ਸੋਹਣ ਸਿੰਘ ਭਕਣਾ, ਲਾਲਾ ਹਰਦਿਆਲ ਸਿੰਘ ਨਾਲ ਜੁੜ ਕੇ ਪੈਸੇਫ਼ਿਕ ਸਮੁੰਦਰ ਤੱਟ ਦੇ ਨਾਲ ਵੱਸਦੇ ਪ੍ਰਵਾਸੀ ਭਰਾਵਾਂ ਨਾਲ ਅੰਗ੍ਰੇਜ਼ ਹਕੂਮਤ ਤੋਂ ਆਪਣਾ ਦੇਸ਼ ਅਜ਼ਾਦ ਕਰਵਾਉਣ ਲਈ ਹੱਲਾਸ਼ੇਰੀ ਦੇਣ ਲਈ ਅਤੇ ਜਾਗਰੂਕ ਕਰਨ ਲਈ ਪ੍ਰਚਾਰ ਦੌਰਾ ਸ਼ੁਰੂ ਕੀਤਾ । ਸ਼ਸਤਰ ਬੱਧ ਕ੍ਰਾਂਤੀ ਲਈ ਗ਼ਦਰ ਲਹਿਰ ਦੀ ਸਥਾਪਨਾ ਕੀਤੀ । ਉਨ੍ਹਾਂ ਦੀ ਸੋਚ ਸੀ ਨੌਜਵਾਨਾਂ ਨੂੰ ਹਥਿਆਰਬੰਦ ਕਰਕੇ ਗੋਰੀ ਹਕੂਮਤ ਨਾਲ ਦੋ-ਹੱਥ ਕਰਨੇ ਪੈਣਗੇ । ਇਸ ਕਾਰਨ ਲਈ ਗ਼ਦਰ ਲਹਿਰ ਨਾਂਅ ਦਾ ਮੈਗਜ਼ੀਨ ਅੰਗ੍ਰੇਜ਼ੀ, ਪੰਜਾਬੀ ਤੋਂ ਇਲਾਵਾ ਹੋਰ ਦੇਸੀ ਭਾਸ਼ਾਵਾਂ ਵਿੱਚ ਵੀ ਛਾਪਣਾ ਸ਼ੁਰੂ ਕੀਤਾ । ਬਾਬਾ ਜਵਾਲਾ ਸਿੰਘ ਬਾਕੀ ਗ਼ਦਰੀ ਬਾਬਿਆਂ ਨਾਲ 29 ਅਗਸਤ, 1914 ਈ: ਨੂੰ ਸੈਨਫਰਾਂਸਿਸਕੋ ਤੋਂ ਜਪਾਨ, ਹਾਂਗਕਾਂਗ, ਸਿੰਗਾਪੁਰ ਹੁੰਦੇ ਹੋਏ ਭਾਰਤ ਪੁੱਜੇ । ਜਦੋਂ ਬਾਬਾ ਜਵਾਲਾ ਸਿੰਘ 29 ਅਕਤੂਬਰ, 1914 ਈ: ਨੂੰ ਕਲਕੱਤੇ ਪੁੱਜੇ ਤਾਂ ਉਤਰਦਿਆਂ ਹੀ ਅੰਗ੍ਰੇਜ਼ ਹਕੂਮਤ ਨੇ ਬਾਕੀ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ । ਉਨ੍ਹਾਂ ਉੱਪਰ ਵੀ ਪਹਿਲੇ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ ।
ਇਸ ਮਹਾਨ ਯੋਧੇ ਨੂੰ 13 ਸਤੰਬਰ, 1915 ਈ: ਨੂੰ ਜੀਵਨ ਭਰ ਲਈ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ । ਨਾਲ ਹੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ । 18 ਸਾਲ ਤੱਕ ਜੇਲ੍ਹ ਦੇ ਸਖਤ ਤਸੀਹੇ ਝੱਲਦਿਆਂ ਬਤੀਤ ਕੀਤੇ । ਉਮਰ ਦਾ ਬੇਸ਼ਕੀਮਤੀ ਅਰਸਾ ਗ਼ਦਰ-ਲਹਿਰ ਨੂੰ ਭੇਟ ਕੀਤਾ । ਇਕੋ ਇਕ ਖਾਹਿਸ਼ ਲੈ ਕੇ ਚੱਲੇ ਸਨ, ਦੇਸ਼ ਨੂੰ ਸਦੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਤੋਂ ਅਜ਼ਾਦ ਕਰਵਾਉਣਾ । ਹੁਣ ਜਦੋਂ 1933 ਵਿੱਚ ਰਿਹਾਅ ਹੋਏ, ਸਦੀਆਂ ਤੋਂ ਨਪੀੜੇ ਜਾ ਰਹੇ ਕਿਸਾਨ ਹਿਤਾਂ ਲਈ ਸੰਘਰਸ਼ ਵਿੱਚ ਜੁੱਟ ਗਏ । ਪੰਜਾਬੀ ਪੱਤ੍ਰਿਕਾ ਕਿਰਤੀ ਲਈ ਕਾਰਜਸ਼ੀਲ ਵੀ ਰਹੇ । ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵੀ ਬਣਾਏ ਗਏ ।
1935 ਈ: ਵਿੱਚ ਮੁੜ ਕਿਸਾਨ ਅੰਦੋਲਨ ਵਿੱਚ ਗ੍ਰਿਫਤਾਰ ਕਰਕੇ ਇਕ ਸਾਲ ਲਈ ਮੁੜ ਜੇਲ੍ਹ ਭੇਜ ਦਿੱਤਾ ਗਿਆ । ਜ਼ਿੰਦਗੀ ਦਾ ਵੱਡਾ ਹਿੱਸਾ ਤਸੀਹੇ ਝੱਲ ਕੇ, ਉਹ ਚਾਹੁੰਦੇ ਸਨ ਆਪਣੇ ਜੀਵਨ ਦਾ ਪਲ-ਪਲ ਲੋਕ ਹਿੱਤਾਂ ਲਈ ਬਤੀਤ ਕੀਤਾ ਜਾਵੇ । 9 ਮਈ, 1938 ਈ: ਨੂੰ ਇਹ ਮਹਾਨ ਕ੍ਰਾਂਤੀਕਾਰੀ ਯੋਧਾ ਸਰਬਹਿੰਦ ਕਿਸਾਨ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਬੰਗਾਲ ਜਾ ਰਿਹਾ ਸੀ, ਰਸਤੇ ਵਿੱਚ ਜਾਂਦਿਆਂ ਇਕ ਗੰਭੀਰ ਹਾਦਸਾ ਵਾਪਰ ਗਿਆ । ਇਸ ਹਾਦਸੇ ਵਿੱਚ ਇਹ ਮਹਾਨ ਕ੍ਰਾਂਤੀਕਾਰੀ ਗ਼ਦਰੀ ਬਾਬਾ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ । ਇਸ ਮਹਾਨ ਯੋਧੇ ਦੇ ਕ੍ਰਾਂਤੀਕਾਰੀ ਤੇ ਸੰਘਰਸ਼ਸ਼ੀਲ ਜੀਵਨ ਨੂੰ ਸਾਡਾ ਪ੍ਰਣਾਮ ।