264 views 12 secs 0 comments

ਹਲੇਮੀ ਰਾਜ

ਲੇਖ
January 03, 2025

-ਸ. ਜਗਤਾਰ ਸਿੰਘ

ਇਹ ਹਕੀਕਤ ਹੈ ਕਿ ਮਨੁੱਖ ਦੇ ਵਿਅਕਤੀਗਤ ਵਿਕਾਸ ਲਈ ਧਾਰਮਿਕ ਸਾਧਨਾ ਵਿਸ਼ੇਸ਼ ਹਿੱਸਾ ਪਾਉਂਦੀ ਹੈ ਤੇ ਸਮਾਜਕ ਵਿਕਾਸ ਲਈ ਰਾਜ ਦੀ ਸ਼ਕਤੀ ਵਧੇਰੇ ਕੰਮ ਆਉਂਦੀ ਹੈ। ਇਨ੍ਹਾਂ ਦੋਹਾਂ ਨੂੰ ਸਿੱਖ ਪਰੰਪਰਾ ਵਿੱਚ ‘ਮੀਰੀ-ਪੀਰੀ’ ਦਾ ਨਾਂ ਦਿੱਤਾ ਗਿਆ ਹੈ ਤੇ ਜੀਵਨ ਲਈ ਦੋਹਾਂ ਦੀ ਆਵਸ਼ਕਤਾ ਜ਼ਰੂਰੀ ਕਰਾਰ ਦਿੱਤੀ ਗਈ ਹੈ। ਕਾਰਣ ਇਹ ਹੈ ਕਿ ਭਾਰਤੀ ਇਤਿਹਾਸ ਵਿੱਚ ਸ਼ਕਤੀਹੀਣ ਧਰਮ ਦੀ ਜੋ ਦੁਰਗਤੀ ਹੋਈ, ਧਰਮ ਤੋਂ ਬਿਨਾਂ ਰਾਜ ਵਲੋਂ ਜੋ ਜ਼ੁਲਮੀ ਝੱਖੜ ਚੱਲ ਰਹੇ ਸਨ, ਉਹ ਗੁਰੂ ਸਾਹਿਬਾਨ ਦੇ ਸਾਹਮਣੇ ਸੀ। ਇਸ ਕਰਕੇ ਉਨ੍ਹਾਂ ਉਚੇਚੇ ਕਰਕੇ ਸਮਾਜਕ ਕਰਮਯੋਗ ਨੂੰ ਧਰਮ ਦਾ ਅੰਗ ਬਣਾਇਆ ਤੇ ਇਹੋ ਕਰਮਸ਼ੀਲਤਾ ਰਾਜਨੀਤਿਕ ਸ਼ਕਤੀ ਦੀ ਅਧਿਕਾਰੀ ਬਣੀ, ਜਿਸ ਨੇ ਆਪਣੇ ਉੱਚੇਸੁਚੇ ਮਿਸ਼ਨ ਦੀ ਪੂਰਤੀ ਲਈ ਸਮੇਂ-ਸਮੇਂ ਯੋਗ ਉਪਰਾਲੇ ਕੀਤੇ।

‘ਮੀਰੀ-ਪੀਰੀ’ ਦੇ ਸੰਗਮ ਦਾ ਭਾਵ ਇਹੋ ਸੀ ਕਿ ਧਰਮ ਤੇ ਰਾਜਨੀਤੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਮਿਲ ਕੇ ਚੱਲਣ। ਧਰਮ ਮਨ ਨੂੰ ਜਿੱਤਣ ਦਾ ਹੁਨਰ ਹੈ, ਰਾਜ ਦੁਨੀਆਂ ਨੂੰ ਜਿੱਤਣ ਦਾ। ਰਾਜ ਦਾ ਅਰਥ ਹਕੂਮਤ ਕਰਨ ਦੀ ਹਵਸ ਨਹੀਂ, ਸਗੋਂ ਰਾਜ ਦਾ ਭਾਵ ਹੈ ਸਮਾਜ ਦੀਆਂ ਪਦਾਰਥਕ ਸ਼ਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਵਿਸ਼ਵ-ਕਲਿਆਣ ਕਈ ਵਰਤਣ ਹਿਤ ਵਿਉਂਤਬਧ ਉਪਾੳੇੁ ਕਰਨਾ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੱਚਾਈ ਦੀ ਪੱਕੀ ਨੀਹ ਉਤੇ ਇਕ ਤਰ੍ਹਾਂ ਅਜਿਹੇ ਰਾਜ ਦੀ ਬੁਨਿਆਦ ਰੱਖ ਦਿੱਤੀ ਸੀ, ਜਿਵੇਂ ਕਿ ਭਾਈ ਸੱਤੇ ਨੇ ਕਿਹਾ ਹੈ:
ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ॥ (ਪੰਨਾ 966)

ਇਸ ਦੇ ਨਾਲ ਹੀ ਗੁਰਬਾਣੀ ਵਿਚ ਹਲੇਮੀ ਰਾਜ ਦੀ ਵਕਾਲਤ ਕੀਤੀ ਗਈ ਹੈ, ਉਹ ਰਾਜ ਜੋ ਸਖਤੀ ਜਾਂ ਜਬਰ ਦੀ ਥਾਂ ਹਰ ਇਕ ਪ੍ਰਾਣੀ ਨਾਲ ਸੁਹਿਦਰਤਾ ਦਾ ਵਰਤਾਰਾ ਕਰਕੇ ਸੱਭਿਆਚਾਰਕ ਵਿਕਾਸ ਦਾ ਸਾਧਨ ਬਣੇ। ਹਲੇਮੀ ਰਾਜ ਵਿੱਚ ਊਚ-ਨੀਚ, ਜਾਤ-ਪਾਤ, ਰੂਪ-ਰੰਗ ਅਤੇ ਰੇਖ-ਭੇਖ ਦਾ ਭਿੰਨ-ਭੇਤ ਨਹੀਂ ਹੋਵੇਗਾ। ਇਸ ਰਾਜ ਵਿੱਚ ਕੌਮ, ਦੇਸ਼ ਅਤੇ ਧਰਮ ਦੀ ਭਿੰਨਤਾ ਕਰਕੇ ਮਨੁੱਖ, ਮਨੁੱਖ ਦਾ ਵੈਰੀ ਨਹੀਂ ਹੋਵੇਗਾ। ਇਹ ਰਾਜ ਮਨੁੱਖਤਾ ਵਿੱਚ ਪਈਆਂ ਕੁਲ ਗੈਰ-ਕੁਦਰਤੀ ਵੰਡੀਆਂ ਮਿਟਾ ਕੇ ਸੱਚ ਦਾ ਬੋਲ-ਬਾਲਾ ਕਰੇਗਾ। ਸਮੁੱਚੀ ਮਨੁੱਖਤਾ ਦੇ ਜੀਵਨ ਵਿੱਚ ਗੈਰਤ, ਸਵੈਮਾਣ ਦਾ ਜਜ਼ਬਾ ਠਾਠਾਂ ਮਾਰੇਗਾ। ਕੋਈ ਕਿਸੇ ਨੂੰ ਭੈ ਨਹੀਂ ਦੇ ਸਕੇਗਾ। ਭੈ-ਭਰੇ, ਦਹਿਸ਼ਤ ਭਰੇ, ਦੂਸ਼ਤ, ਦਿਲ ਦੁਖਾਊ ਵਾਤਾਵਰਣ ਦੀ ਹੋਂਦ ਹੀ ਨਹੀਂ ਹੋਵੇਗੀ।

ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)

ਇਜਾਰੇਦਾਰ ਤੇ ਸਰਮਾਏਦਾਰ ਜ਼ਾਲਮਾਂ ਦੇ, ਮਜ਼ਲੂਮਾਂ ਦੇ ਦੁੱਧ-ਪੱੁਤ ਗੈਰਤ ਦੀ ਬਲੀ ਲੈ-ਲੈ ਕੇ ਐਸ ਦੀ ਜ਼ਿੰਦਗੀ ਬਿਤਾਉਣ ਲਈ ਉਸਾਰੇ ਬਹਿਸ਼ਤ ਨਹੀਂ ਰਹਿਣਗੇ। ਕਾਮੇ, ਮਜ਼ਦੂਰ ਸਾਰਾ-ਸਾਰਾ ਦਿਨ ਅਮੀਰਾਂ ਸਰਮਾਏਦਾਰਾਂ ਦੇ ਦਰਾਂ ‘ਤੇ ਹੰਢਾ ਹਡਾ, ਤੁੜਾ ਕੇ ਵੀ ਦੁੱਖ-ਭੁੱਖ ਵਾਲੀ ਦੋਜ਼ਖ ਦੀ ਅੱਗ ਵਿਚ ਨਹੀਂ ਸੜਨਗੇ। ਸਾਰੇ ਕਿਰਤੀ ਪ੍ਰਾਣੀ ਧਰਤੀ ਦੇ ਬਖਸ਼ੇ ਭੰਡਾਰਿਆਂ ਨੂੰ ਮਾਣਨ ਦੇ ਹੱਕਦਾਰ ਹੋਣਗੇ।

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)

ਆਪਣੇ ਸਾਰੇ ਬੱਚਿਆਂ ਦੀ ਸੰਭਾਲ ਹੁੰਦੀ ਵੇਖ ਕੇ ਧਰਤੀ ਨਿਹਾਲ ਪਈ ਹੋਵੇਗੀ ਅਤੇ ਉਸ ਦਾ ਸੀਨਾ ਤਪਤ-ਹੀਨਾ ਹੋ ਕੇ ਠੰਡਾ-ਠਾਰ ਹੋ ਰਹੇਗਾ।

ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ॥
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ॥
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ॥ (ਪੰਨਾ 1251)

ਹਲੇਮੀ ਰਾਜ ਵਿੱਚ ਹਰ ਜੀਅ ਮਾਤਰ ਪ੍ਰਾਣੀ ਨੂੰ ਮਿਠਾਸ, ਪ੍ਰੇਮ, ਪਵਿੱਤਰਤਾ, ਨਿਸ਼ਕਪਟਤਾ, ਸਮਦ੍ਰਿਸ਼ਟਤਾ, ਕੋਮਲਤਾ, ਨਿਰਵਿਕਾਰਤਾ, ਨਿਆਂ ਅਤੇ ਇਨਸਾਫ ਮਿਲੇਗਾ। ਚਾਰੇ ਪਾਸੇ ਚਾਨਣ ਹੀ ਚਾਨਣ, ਹਰੀਆਵਲ ਅਤੇ ਖੇੜਾ ਹੀ ਖੇੜਾ ਨਜ਼ਰ ਆਵੇਗਾ। ਹਲੇਮੀ ਰਾਜ ਸੁੰਦਰਤਾ ਦਾ ਸੋਮਾ, ਦਇਆ ਦਾ ਸਮੁੰਦਰ, ਰਿਜ਼ਕ ਦਾ ਭੰਡਾਰ, ਦਰਿਦਰਤਾ ਅਤੇ ਕੰਗਾਲਤਾ ਨੂੰ ਚਮਕਾਉਣਹਾਰ ਔਰੰਗਜ਼ੇਬ, ਅਬਦਾਲੀ, ਮੀਰ ਮੰਨੂੰ ਦੁਸ਼ਟਾਂ ਅਨਿਆਈਆਂ, ਜਰਵਾਣਿਆਂ ਦੇ ਸਿਰ ਫੇਹਣ ਵਾਲਾ, ਸ਼ਰਨ ਦੇਣ ਵਾਲਾ, ਸਰਬੱਤ ਦਾ ਭਲਾ ਕਰਨ ਵਾਲਾ, ਸਰਬ ਸਾਧਾਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਮੰਡਲ ਦੀ ਜੀਅ-ਹੁਲਸਾਊ ਸੋਆਂ ਸੁਣਾਉਣਹਾਰਾ:

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥ (ਪੰਨਾ 749)

ਦੀ ਖਿੱਚ ਪਾਉਣਹਾਰਾ ਸਮੱੁਚੀ ਮਨੱੁਖਤਾ ਦਾ ਪਿਆਰਾ ਰਾਜ ਹੋਵੇਗਾ।
ਸੱਚੇ ਧਰਮ ਤੇ ਸੱਚੀ ਰਾਜਨੀਤੀ ਦਾ ਸੁਨਹਿਰੀ ਅਸੂਲ ਇਹੋ ਹੈ ਕਿ ਨਾ ਕਿਸੇ ਨੂੰ ਭੈਭੀਤ ਕੀਤਾ ਜਾਵੇ ਤੇ ਨਾ ਕਿਸੇ ਤੋਂ ਭੈਭੀਤ ਹੋਇਆ ਜਾਵੇ। ਸਭ ਦਾ ਸਨਮਾਨ ਤੇ ਸਭ ਦਾ ਕਲਿਆਣ ਹੀ ਸੱਚਾ ਈਮਾਨ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਫੁਰਮਾਉਂਦੇ ਹਨ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ 1427)

ਜ਼ਿੰਦਗੀ ਦੇ ਵਿਕਾਸ ਲਈ ਨਾ ਤਾਂ ਰਾਜ ਹੀ ਸਭ ਕੁਝ ਸੀ ਤੇ ਨਾ ਹੀ ਸਭ ਕੁਝ ਤਿਆਗ ਕੇ ਮੁਕਤੀ ਦਾ ਮੁਸਤਾਕ ਹੋਣਾ ਸੀ। ਇਸ ਲਈ ਸਤਿਗੁਰਾਂ ਇਹ ਰਾਜ ਤੇ ਮੁਕਤੀ ਦੇ ਮਸਲੇ ਇਕ ਪਾਸੇ ਧਰ ਕੇ ਪ੍ਰਭੂ-ਪ੍ਰੀਤਿ ਨੂੰ ਜੀਵਨ ਦਾ ਆਦਰਸ਼ ਬਣਾਇਆ। ਉਹ ਸ਼ੌਕ ਪੈਦਾ ਕਰਦੀ ਹੈ।ਇਸ ਲਈ ਗੁਰੂ ਸਾਹਿਬ ਨੇ ਕਿਹਾ:

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ (ਪੰਨਾ 534)

ਰਾਜ ਭਾਗ ਨੂੰ ਜੀਵਨ ਦਾ ਸਭ ਕੁਝ ਮੰਨ ਲੈਣਾ ਸਿੱਖੀ ਜੀਵਨ ਦਾ ਉਦੇਸ਼ ਨਹੀਂ। ਰਾਜ ਇਕ ਸਾਧਨ ਹੈ ਮਨੁੱਖੀ ਸਮਾਜ ਦੇ ਵਿਕਾਸ ਦਾ ਜੋ ਸਮਾਜ ਦੇ ਵਿਕਾਸ ਨੂੰ ਅੱਖੋਂ ਉਹਲੇ ਕਰਕੇ ਕੋਈ ਰਾਜਾ ਜਾਂ ਕੋਈ ਦਲ, ਵਿਅਕਤੀਗਤ ਲਾਭਾਂ ਲਈ ਹੀ ਇਸ ਸਾਰੀ ਸ਼ਕਤੀ ਨੂੰ ਵਰਤੇ ਤਾਂ ਇਹ ਹਾਨੀਕਾਰਕ ਔਗੁਣ ਬਣ ਜਾਂਦਾ ਹੈ। ਇਸੇ ਕਰਕੇ ਧਾਰਮਿਕ ਮੰਡਲ ਵਿਚ ਇਸ ਨੂੰ ਆਦਰਯੋਗ ਥਾਂ ਨਹੀਂ ਦਿੱਤਾ ਗਿਆ। ਬਾਣੀ ਵਿੱਚ ਬਾਰ-ਬਾਰ ਯਾਦ ਕਰਵਾਇਆ ਗਿਆ ਹੈ:

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥ (ਪੰਨਾ 1288)
ਰਾਜੁ ਮਾਲੁ ਜੋਬਨੁ ਸਭੁ ਛਾਂਵ॥ ਰਥਿ ਫਿਰੰਦੈ ਦੀਸਹਿ ਥਾਵ॥ (ਪੰਨਾ 1257)
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ॥
ਸੰਚੰਤਿ ਬਿਿਖਆ ਛਲੰ ਛਿਦੰ੍ਰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ॥ (ਪੰਨਾ 708)

ਸੋ ਉਪਰੋਕਤ ਤੋਂ ਸਪੱਸ਼ਟ ਹੈ ਕਿ ਧਰਮ ਤੋਂ ਬੇਮੁਖ ਹੋ ਕੇ ਚੱਲਣ ਵਾਲੀ ਰਾਜ-ਸ਼ਕਤੀ ਨੂੰ ਥਾਂ-ਥਾਂ ਤ੍ਰਿਸਕਾਰਿਆ ਗਿਆ ਤੇ ਉਸ ਦੀ ਨਿਖੇਧੀ ਕੀਤੀ ਗਈ ਹੈ।

(8/1993)