
-ਬੀਬੀ ਹਰਸਿਮਰਨ ਕੌਰ
ਕਿਸੇ ਸਭਿਅਤਾ ਦਾ ਮੁਲਾਂਕਣ ਉਸ ਰੁਤਬੇ ਤੋਂ ਕੀਤਾ ਜਾ ਸਕਦਾ ਹੈ, ਜਿਹੜਾ ਉਸ ਸਭਿਅਤਾ ਵੱਲੋਂ ਇਸਤਰੀ ਜਾਤੀ ਨੂੰ ਦਿੱਤਾ ਗਿਆ ਹੁੰਦਾ ਹੈ। ਕਿਸੇ ਵੀ ਸਭਿਅਤਾ ਦੇ ਨਿਰਮਾਣ ਅਤੇ ਵਿਕਾਸ ਵਿਚ ਇਸਤਰੀ ਦਾ ਅੱਧੇ-ਅੱਧ ਹਿੱਸਾ ਹੁੰਦਾ ਹੈ। ਇਸੇ ਕਰਕੇ ਇਹ ਕਥਨ ਵੀ ਪ੍ਰਚੱਲਤ ਹੋ ਗਿਆ ਕਿ ਹਰੇਕ ਮਹਾਨ ਵਿਅਕਤੀ ਦੇ ਪਿੱਛੇ ਕਿਸੇ ਇਸਤਰੀ ਦਾ ਹੱਥ ਹੁੰਦਾ ਹੈ।
ਭਾਰਤ ਦੀ ਪ੍ਰਾਚੀਨ ਸਭਿਅਤਾ ਵਿਚ ਇਸਤਰੀ ਨੂੰ ਕਾਫੀ ਸਨਮਾਨ-ਯੋਗ ਸਥਾਨ ਹਾਸਲ ਸੀ। ਪਰਵਾਰ ਤੇ ਸਮਾਜ ਵਿਚ ਇਸਤਰੀ ਦਾ ਪ੍ਰਭਾਵ ਮਰਦ ਨਾਲੋਂ ਵਧੇਰੇ ਸੀ। ਇਹੀ ਕਾਰਨ ਸੀ ਕਿ ਇਸ ਸਮੇਂ ਦੇ ਇਸ਼ਟ ਦਾ ਸਰੂਪ, ਚਿੱਤਰ ਅਤੇ ਮੂਰਤੀਆਂ, ਇਸਤਰੀਆਂ ਵਾਲੇ ਸਨ। ਪਰ ਹੌਲੀ-ਹੌਲੀ ਮਰਦ ਆਪਣਾ ਅਧਿਕਾਰ ਖੇਤਰ ਵਧਾਉਣ ਵਿਚ ਸਫਲ ਹੋ ਗਿਆ ਅਤੇ ਇਸਤਰੀ ਨੂੰ ਪੈਰ ਦੀ ਜੁੱਤੀ ਜਾਂ ਮਨ-ਪਰਚਾਵੇ ਦੀ ‘ਚੀਜ਼ ਬਣਾ ਦਿੱਤਾ ਗਿਆ। ਇਸਤਰੀ ਦੀ ਸਮਾਜਕ ਗੌਰਵਤਾ ਖਤਮ ਹੋ ਗਈ।
ਮਹਾਂਭਾਰਤ-ਕਾਲ ਵਿਚ ਧਰਮ-ਮੂਰਤ ਯੁਧਿਸ਼ਟਰ ਆਪਣੀ ਪਤਨੀ ਨੂੰ ‘ਚੀਜ਼ ਜਾਣ ਕੇ ਹਾਰ ਜਾਂਦਾ ਹੈ। ਇਸ ਤੋਂ ਬਾਅਦ ਸਦੀਆਂ ਤਕ ਇਸਤਰੀ ਦਾ ਨਾ ਸਹਿਣ-ਯੋਗ ਅਪਮਾਨ ਹੋਇਆ। ਪੱਛਮ ਦੇ ਧਰਮਾਂ ਵਿਚ ਵੀ ਇਸਤਰੀ ਸਨਮਾਨ-ਯੋਗ ਸਥਾਨ ਹਾਸਲ ਨਹੀਂ ਕਰ ਸਕੀ।
ਈਸਾਈ ਮੱਤ ਵਿਚ ਤਾਂ ਇਸਤਰੀ ਨੂੰ ਕੁੱਤੇ ਦੀ ਪੂਛ ਤੋਂ ਰਚਿਆ ਗਿਆ ਦੱਸਿਆ ਹੈ ਅਤੇ ਇਸਲਾਮ ਵਿਚ ਇਸਤਰੀ ਨੂੰ ਮਸਜਿਦ ਵਿਚ ਆਉਣ ਤਕ ਦੀ ਮਨਾਹੀ ਹੈ।
ਇਸ ਕਥਨ ਵਿਚ ਕੋਈ ਅਤਿਕਥਨੀ ਨਹੀਂ ਕਿ ਵਿਸ਼ਵ-ਸਭਿਅਤਾ ਦੇ ਚਿਹਰੇ ਉਪਰ ਵੇਸਵਾਪੁਣੇ ਦਾ ਦਾਗ, ਭਾਰਤੀ ਪੁਜਾਰੀਆਂ ਦੀ ਦੇਣ ਹੈ। ਪੁਜਾਰੀਆਂ ਦੇ ਵੇਸ ਵਿਚ ਵਾਸ਼ਨਾਵਾਂ ਦੇ ਭੁੱਖੇ ਭੇੜੀਏ, ਲੋਕਾਂ ਦੀਆਂ ਧਾਰਮਕ ਭਾਵਨਾਵਾਂ ਦਾ ਸੋਸ਼ਣ ਕਰ ਕੇ, ਦੇਵ-ਦਾਸੀਆਂ ਦੀ ਪ੍ਰਥਾ ਨੂੰ ਜਨਮ ਦੇ ਰਹੇ ਸਨ। ਦੇਵ-ਦਾਸੀ, ਧਾਰਮਕ ਵੇਸਵਾ ਨੂੰ ਕਿਹਾ ਜਾਂਦਾ ਸੀ। ਭਗਤੀ ਅੰਦੋਲਨ ਦੇ ਮੋਢੀਆਂ ਨੇ ਵੀ ਇਸਤਰੀ ਨੂੰ ਪ੍ਰਭੂ- ਪ੍ਰਾਪਤੀ ਦੇ ਰਾਹ ਵਿਚ ਰੁਕਾਵਟ ਦੱਸਿਆ। ਇਸਤਰੀ ਦੇ ਤ੍ਰਿਸਕਾਰ ਨੇ ਭਾਰਤ ਦੀ ਸ਼ਕਤੀ ਨੂੰ ਖੋਖਲਿਆਂ ਕਰ ਦਿੱਤਾ। ਘਰ-ਬਾਰ ਤਿਆਗ ਕੇ ਜੰਗਲਾਂ ਅਤੇ ਪਹਾੜਾਂ ਵਿਚ ਜੀਵਨ ਬਤੀਤ ਕਰਨਾ ਆਦਰਸ਼ ਬਣ ਗਿਆ ਸੀ।
ਗੁਰੂ ਨਾਨਕ ਸਾਹਿਬ ਨਿਰਭਉ-ਨਿਰਵੈਰ ਸਮਾਜ ਦੇ ਉਸਰੱਈਏ ਸਨ। ਮਾਨਵ ਆਜ਼ਾਦੀ ਅਤੇ ਬਰਬਾਦੀ ਉਨ੍ਹਾਂ ਲਈ ਮਹੱਤਵਪੂਰਨ ਕੀਮਤਾਂ ਸਨ। ਉਨ੍ਹਾਂ ਨੇ ਇਸਤਰੀ ਨੂੰ ਸਨਮਾਨ-ਯੋਗ ਸਥਾਨ ਦਿੱਤੇ ਜਾਣ ਦੀ ਲੋੜ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੀ ਬਾਣੀ ਵਿਚ ਇਸਤਰੀ ਨਿੰਦਕਾਂ ਦੀ ਕਰੜੀ ਆਲੋਚਨਾ ਕੀਤੀ। ਗੁਰੂ ਨਾਨਕ ਸਾਹਿਬ ਵਿਚ ਪੈਗੰਬਰੀ ਪ੍ਰਕਾਸ਼ ਦੇ ਦਰਸ਼ਨ, ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਨਾਨਕੀ ਜੀ ਨੇ ਹੀ ਕੀਤੇ ਸਨ।
ਇਸੇ ਕਰਕੇ ਪਰਵਾਰਕ ਮਸਲਿਆਂ ਵਿਚ ਨਾਨਕੀ ਜੀ ਆਪਣੇ ਵੀਰ ਦਾ ਪੱਖ ਲੈਂਦੇ ਰਹੇ। ਗੁਰੂ ਨਾਨਕ ਸਾਹਿਬ ਵੀ ਆਪਣੀ ਭੈਣ ਨਾਲ ਬਹੁਤ ਸਨੇਹ ਕਰਦੇ ਸਨ। ਸਿੱਖ ਧਰਮ ਦੀਆਂ ਸਿੱਖਿਆਵਾਂ ਵਿਚ ਇਸਤਰੀ ਦੀ ਆਜ਼ਾਦੀ ਅਤੇ ਬਰਾਬਰੀ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਹੈ। ਜਗਤ ਨੂੰ ਸੁਹਾਵਣਾ ਬਣਾਉਣ ਲਈ ਜ਼ਰੂਰੀ ਹੈ ਕਿ ਇਸਤਰੀ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਜਾਵੇ। ਗੁਰੂ ਅੰਗਦ ਸਾਹਿਬ ਨੇ ਆਪਣੇ ਮਹਿਲ, ਮਾਤਾ ਖੀਵੀ ਜੀ ਨੂੰ ਲੰਗਰ ਦੇ ਪ੍ਰਮੁੱਖ ਪ੍ਰਬੰਧਕ ਥਾਪਿਆ :
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਮਾਤਾ ਖੀਵੀ ਜੀ ਨੇ ਬੜੀ ਕੁਸ਼ਲਤਾ ਅਤੇ ਯੋਗਤਾ ਨਾਲ ਇਹ ਪ੍ਰਬੰਧ ਨਿਭਾਇਆ। ਉਸ ਸਮੇਂ ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ। ਇਸ ਸਫਲ ਪ੍ਰਬੰਧ ਨੇ ਇਸਤਰੀ ਜਾਤੀ ਵਿਚ ਮੁੜ ਵਿਸ਼ਵਾਸ ਪੈਦਾ ਕਰ ਦਿੱਤਾ। ਸਿੱਖ ਬੀਬੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਗੇ ਆਉਣ ਲੱਗੀਆਂ। ਸ੍ਰੀ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਦੀ ਯੋਗਤਾ ਨੂੰ ਮੁੱਖ ਰੱਖਦਿਆਂ 22 ਮੰਜੀਆਂ ਵਿੱਚੋਂ 2 ਮੰਜੀਆਂ ਇਸਤਰੀਆਂ ਨੂੰ ਸੰਭਾਲੀਆਂ।
ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਦੀ ਆਜ਼ਾਦੀ ਅਤੇ ਬਰਾਬਰੀ ਨੂੰ ਸਾਹਮਣੇ ਰੱਖਦਿਆਂ ਸਤੀ ਦੀ ਰਸਮ ਅਤੇ ਘੁੰਢ ਕੱਢਣ ਦੀ ਰਸਮ ਵਿਰੁੱਧ ਹੁਕਮਨਾਮੇ ਜਾਰੀ ਕੀਤੇ (ਜਗਜੀਤ ਸਿੰਘ (ਸਿੱਖ ਇਨਕਲਾਬ), ਸਫਾ 150)। ਸ੍ਰੀ ਗੁਰੂ ਅਮਰਦਾਸ ਜੀ ਆਪਣੀ ਸਪੁੱਤਰੀ ਬੀਬੀ ਭਾਨੀ ਨਾਲ ਬਹੁਤ ਸਨੇਹ ਕਰਦੇ ਸਨ। ਬੀਬੀ ਭਾਨੀ ਜੀ, ਗੁਰੂ ਜੀ ਦੀ ਤਨੋ-ਮਨੋ ਸੇਵਾ ਕਰਦੇ। ਬੀਬੀ ਭਾਨੀ ਗੁਰੂ-ਪਤਨੀ ਅਤੇ ਗੁਰੂ-ਮਾਤਾ ਹੋਣ ਕਰਕੇ ਸਿੱਖਾਂ ਵਿਚ ਬਹੁਤ ਸਨਮਾਨ-ਯੋਗ ਪਦਵੀ ਪ੍ਰਾਪਤ ਕਰ ਗਏ। ਸ. ਹਰਿੰਦਰ ਸਿੰਘ ਮਹਿਬੂਬ ਦੇ ਵਿਚਾਰ ਅਨੁਸਾਰ, ‘ਬੇਸ਼ਕ ਸਿੱਖ ਇਸਤਰੀ ਦੇ ਅਨੂਪਮ-ਚਿਹਨ ਗੁਰੂ ਨਾਨਕ ਸਾਹਿਬ ਦੇ ਅਹਿਸਾਸ ਵਿਚ ਹੀ ਪ੍ਰਗਟ ਹੋ ਗਏ ਸਨ, ਪਰ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਉਹ ਗੁਰੂ-ਲਿਵ ਦੇ ਪਰਤੱਖ ਜਿਸਮ ਵਿਚ ਦਿੱਸਣ ਲੱਗੀ। ਉਨ੍ਹਾਂ ਦੀ ਬੇਟੀ ਬੀਬੀ ਭਾਨੀ ਗੁਰੂ-ਲਿਵ ਦੀ ਪ੍ਰਮਾਣੀਕ ਆਭਾ ਸੀ ਜਿਸ ਦੇ ਧਿਆਨ ਨੂੰ ਧਰਤੀ ਦੇ ਪੈਗੰਬਰਾਂ ਦੇ ਬੇਮਿਸਾਲ ਸਫਰ ਦਿਸ ਪਏ ਅਤੇ ਜਿਨ੍ਹਾਂ ਨੂੰ ਉਸ ਦੇ ਗੁਰੂ-ਪਿਤਾ ਦੀ ਨਦਰ ਨੇ ਵੀ ਪ੍ਰਵਾਨ ਕੀਤਾ। (ਹਰਿੰਦਰ ਸਿੰਘ ਮਹਿਬੂਬ, ‘ਸਹਿਜੇ ਰਚਿਓ ਖਾਲਸਾ’, ਸਫਾ 120)ਈ
ਗੁਰੂ ਮਹਿਲਾਂ ਵਿੱਚੋਂ ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ ਨੇ ਬਹੁਤ ਸਤਕਾਰ ਪ੍ਰਾਪਤ ਕੀਤਾ। ਇਹ ਗੱਲ ਸਪਸ਼ਟ ਹੈ ਕਿ ਸਿੱਖ ਧਰਮ ਦੇ ਪ੍ਰਬੰਧ ਅਤੇ ਪ੍ਰਚਾਰ ਵਿਚ ਬੀਬੀਆਂ ਸਰਗਰਮ ਹਿੱਸਾ ਲੈਂਦੀਆਂ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਹਿੰਦੁਸਤਾਨ ਦੀ ਮੁਰਦਾ ਕੌਮ ਵਿਚ ਅਜਿਹੀ ਰੂਹ ਫੂਕੀ ਕਿ ਉਨ੍ਹਾਂ ਨੇ ਜਰਵਾਣਿਆਂ ਦੇ ਕਿਤੇ ਵੀ ਪੈਰ ਹੀ ਲੱਗਣ ਨਾ ਦਿੱਤੇ ਇਸਤਰੀਆਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਮੈਦਾਨ-ਏ ਜੰਗ ਵਿਚ ਜੂਝਣ ਲਈ ਤਿਆਰ ਹੋ ਗਈਆਂ। ਮਾਈ ਭਾਗੋ ਇਨ੍ਹਾਂ ਵਿਚੋਂ ਇਕ ਸੀ ਜਿਸ ਨੇ ਮੁਕਤਸਰ ਦੀ ਜੰਗ ਵਿਚ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਮਾਈ ਭਾਗੋ ਮਰਦਾਵੀਂ ਪੁਸ਼ਾਕ ਪਹਿਨਦੀ ਤੇ ਤਨ ’ਤੇ ਸ਼ਸਤਰ ਵੀ ਸਜਾਉਂਦੀ ਸੀ। ਉਹ ਇਸ ਯੁੱਧ ਵਿਚ ਬੜੀ ਗੰਭੀਰਤਾ ਨਾਲ ਲੜੀ ਤੇ ਜ਼ਖਮੀ ਵੀ ਹੋਈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਸਿੰਘਾਂ ਵਿਚ ਕੁਝ ਭੁਲੇਖੇ ਅਤੇ ਨਿਰਾਸ਼ਤਾ ਪੈਦਾ ਹੋ ਗਈ। ਇਸ ਨਾਜ਼ੁਕ ਸਮੇਂ ਮਾਤਾ ਸੁੰਦਰੀ ਜੀ ਨੇ ਕੰਮ ਨੂੰ ਆਪਣੀ ਯੋਗ ਅਗਵਾਈ ਦੇ ਕੇ ਇਕਮੁੱਠ ਅਤੇ ਚੜ੍ਹਦੀ ਕਲਾ ਵਿਚ ਰੱਖਿਆ।
ਮਾਤਾ ਦੇ ਜੀਵਨ ਅਤੇ ਜੀਵਨ-ਦ੍ਰਿਸ਼ਟੀਕੋਣ ਦਾ ਬੱਚੇ ਦੇ ਕੋਮਲ ਮਨ ਉਪਰ ਬੜਾ ਪ੍ਰਭਾਵ ਪੈਂਦਾ ਹੈ। ਇਸੇ ਲਈ ਸਿੱਖ ਸੂਰਬੀਰਾਂ ਅਤੇ ਸ਼ਹੀਦਾਂ ਦੀਆਂ ਮਾਤਾਵਾਂ ਧੰਨਤਾ ਯੋਗ ਹਨ।
ਅਠਾਰ੍ਹਵੀਂ ਸਦੀ ਵਿਚ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੇ ਸਮੇਂ ਦੌਰਾਨ ਜਦੋਂ ਹਿੰਦੂ ਇਸਤਰੀਆਂ ਦਾ ਕਾਬਲ ਦੇ ਬਾਜ਼ਾਰ ਵਿਚ ਟਕਾ-ਟਕਾ ਮੁੱਲ ਪੈ ਰਿਹਾ ਸੀ; ਇਨ੍ਹਾਂ ਦੇ ਸਵੈ-ਮਾਣ ਦੀ ਗੱਲ ਛੱਡੋ, ਸਾਰਾ ਹਿੰਦੂ ਸਮਾਜ ਮਾਨਸਕ ਗੁਲਾਮੀ ਦੀ ਪੀੜਾ ਨੂੰ ਹੰਢਾ ਰਿਹਾ ਸੀ ਤਾਂ-ਦੂਜੇ ਪਾਸੇ ਸਿੰਘਣੀਆਂ ਦਾ ਜੋਸ਼, ਉਤਸ਼ਾਹ ਅਤੇ ਸਵੈਮਾਣ ਵਿਦਰੋਹ ਵਿਚ ਬਦਲ ਚੁਕਾ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਤਕ ਦੀ ਪਰਵਾਹ ਨਾ ਕਰਦਿਆਂ, ਮੀਰ ਮੰਨੂੰ ਦੇ ਜ਼ੁਲਮ, ਖਿੜੇ-ਮੱਥੇ ਝੱਲੇ ਅਤੇ ਕਦੇ ਵੀ ਧਰਮ ਤੋਂ ਮੂੰਹ ਨਾ ਮੋੜਿਆ।
ਜਰਵਾਣਿਆਂ ਨੇ ਸਿੰਘਾਂ ਨੂੰ ਥਾਂ-ਥਾਂ ਲੱਭ ਕੇ, ਉਨ੍ਹਾਂ ਦੇ ਸਿਰਾਂ ਦੇ ਮੁੱਲ ਰੱਖ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾ ਦੇਣ ਦਾ ਨਿਸਚਾ ਕੀਤਾ। ਘੋੜਿਆਂ ਦੀਆਂ ਕਾਠੀਆਂ ਨੂੰ ਘਰ ਸਮਝਣ ਵਾਲੇ ਭੂਰਿਆਂ ਦੇ ਮਾਲਕ ਤਾਂ ਸੌਖਿਆਂ ਹੱਥ ਨਹੀਂ ਸਨ ਆਉਂਦੇ ਪਰ ਸਿੰਘਾਂ ਦੀਆਂ ਮਾਤਾਵਾਂ, ਭੈਣਾਂ ਅਤੇ ਇਸਤਰੀਆਂ ਇਨ੍ਹਾਂ ਦੇ ਹੱਥ ਆ ਜਾਂਦੀਆਂ ਸਨ। ਜ਼ਾਲਮ ਨੂੰ ਇਨ੍ਹਾਂ ਦੇ ਬੱਚਿਆਂ ਤੋਂ ਆਪਣਾ ਭਵਿੱਖ ਖਤਰੇ ਵਿਚ ਪਿਆ ਮਹਿਸੂਸ ਹੁੰਦਾ! ਇਸੇ ਕਰਕੇ ਉਨ੍ਹਾਂ ਦੀ ਪਹਿਲਾਂ ਇਹੀ ਕੋਸ਼ਿਸ਼ ਹੁੰਦੀ ਸੀ ਕਿ ਮਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ। ਮਾਂ ਦੇ ਨਾਲ ਉਸ ਦੀ ਔਲਾਦ ਵੀ ਮੁਸਲਮਾਨ ਬਣ ਜਾਵੇਗੀ। ਇਸ ਮੰਤਵ ਲਈ ਗ੍ਰਿਫਤਾਰ ਕੀਤੀਆਂ ਇਸਤਰੀਆਂ ਉਪਰ ਤਸ਼ੱਦਦ ਕੀਤੇ ਜਾਂਦੇ। ਉਨ੍ਹਾਂ ਨੂੰ ਹਨ੍ਹੇਰੀਆਂ ਕੋਠੜੀਆਂ ਵਿਚ ਬੰਦ ਰੱਖ ਕੇ, ਸਵਾ-ਸਵਾ ਮਣ ਪੀਸਣਾ ਪੀਸਣ ਨੂੰ ਦਿੱਤਾ ਜਾਂਦਾ ਅਤੇ ਸਾਰਾ-ਸਾਰਾ ਦਿਨ ਕੇਵਲ ਅੱਧੀ ਰੋਟੀ ਅਤੇ ਇਕ ਪਿਆਲਾ ਪਾਣੀ ਪੀਣ ਨੂੰ ਦਿੱਤਾ ਜਾਂਦਾ। ਪਰ ਇਹ ਸੂਰਬੀਰ ਬੀਬੀਆਂ ਅਡੋਲ ਰਹਿੰਦੀਆਂ ਅਤੇ ਵਾਹਿਗੁਰੂ ਦਾ ਭਾਣਾ ਮੰਨ, ਆਨੰਦ ਵਿਚ ਰਹਿੰਦੀਆਂ। ਇਤਿਹਾਸ ਅਜਿਹੀ ਇਕ ਵੀ ਬੀਬੀ ਦਾ ਨਾਂ ਨਹੀਂ ਦੇ ਸਕਿਆ, ਜਿਸ ਨੇ ਤਸ਼ੱਦਦ ਤੇ ਜ਼ੁਲਮ ਦੇ ਡਰ ਤੋਂ ਆਪਣਾ ਧਰਮ ਛੱਡਣਾ ਮੰਨ ਲਿਆ ਹੋਵੇ। ਇਹ ਵਿਦਰੋਹ ਸੀ। ਇਹ ਇਸਤਰੀ-ਚੇਤਨਾ। ਦੀ ਸਿਖਰ ਸੀ। ਸ਼ਾਇਦ ਦੁਬਾਰਾ ਇਸਤਰੀ-ਚੇਤਨਾ ਇਸ ਸਿਖਰ ਨੂੰ ਨਾ ਪੁੱਜ ਸਕੇ!
ਜਦੋਂ ਇਹ ਯਤਨ ਅਸਫਲ ਹੁੰਦੇ ਤਾਂ ਇਨ੍ਹਾਂ ਬੀਬੀਆਂ ਨੂੰ ਤਸੀਹੇ ਦਿੱਤੇ ਜਾਂਦੇ। ਦੁੱਧ ਪੀਂਦੇ ਬੱਚਿਆਂ ਉਪਰ ਹੁੰਦੇ ਜ਼ੁਲਮਾਂ ਨੂੰ ਅੱਖੀਂ ਤੱਕ ਕੇ ਮਾਤਾਵਾਂ ਵਾਹਿਗੁਰੂ ਦਾ ਸਿਮਰਨ ਕਰਦੀਆਂ ਸਹਿੰਦੀਆਂ। ਉਨ੍ਹਾਂ ਦੇ ਬੱਚਿਆਂ ਨੂੰ ਨੇਜਿਆਂ ਉਪਰ ਟੰਗ ਕੇ ਮਾਵਾਂ ਨੂੰ ਭੈ-ਭੀਤ ਕੀਤਾ ਜਾਂਦਾ। ਇਥੋਂ ਤੱਕ ਕਿ ਬੱਚਿਆਂ ਦੇ ਟੋਟਿਆਂ ਨੂੰ ਪਰੋ ਕੇ ਮਾਵਾਂ ਦੇ ਗਲਾਂ ਵਿਚ ਪਾ ਦਿੱਤਾ ਜਾਂਦਾ। ਧੰਨ ਸਨ ਇਹ ਸਿੰਘਣੀਆਂ ਜੋ ਵਾਹਿਗੁਰੂ ਦੇ ਸਿਮਰਨ ਵਿਚ ਲੀਨ ਰਹਿੰਦੀਆਂ ਅਤੇ ਰਾਤ ਸੌਣ ਲੱਗਿਆਂ ਅਰਦਾਸ ਕਰ ਕੇ ਸੌਂਦੀਆਂ।
“ਹੇ ਵਾਹਿਗੁਰੂ! ਤੇਰੇ ਭਾਣੇ ਵਿਚ ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ ਹੈ, ਚਾਰ ਪਹਿਰ ਰੈਣ ਆਈ ਸੁਖ ਦੀ ਬਤੀਤ ਕਰਨੀ।”
ਅਜਿਹੀ ਬੀਰਤਾ, ਧੀਰਜ, ਕੁਰਬਾਨੀ ਅਤੇ ਚੜ੍ਹਦੀ ਕਲਾ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਦੂਜੀ ਨਹੀਂ।
ਇਹੀ ਕਾਰਨ ਹੈ ਕਿ ਸਿੱਖ ਆਪਣੀ ਅਰਦਾਸ ਵਿਚ ਇਨ੍ਹਾਂ ਸਿੰਘਣੀਆਂ ਨੂੰ ਯਾਦ ਕਰ ਕੇ ਪ੍ਰੇਰਨਾ ਲੈਂਦਾ ਹੈ। ਸਮੁੱਚੀ ਇਸਤਰੀ ਜਾਤੀ ਇਨ੍ਹਾਂ ਸਿੰਘਣੀਆਂ ਉਪਰ ਮਾਣ ਕਰ ਸਕਦੀ ਹੈ। ਇਹ ਚਮਤਕਾਰ ਸੀ ਜਿਸ ਦੀ ਤਿਆਰੀ ਗੁਰੂ ਨਾਨਕ ਸਾਹਿਬ ਨੇ ਇਹ ਕਹਿ ਕੇ ਆਰੰਭੀ ਸੀ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਸਿੱਖ ਬੀਬੀਆਂ ਦੀਆਂ ਉਪਰੋਕਤ ਕੁਰਬਾਨੀਆਂ, ਜ਼ੁਲਮ, ਅਨਿਆਂ ਅਤੇ ਧੱਕੇ ਵਿਰੁੱਧ ਵਿਦਰੋਹ ਸੀ। ਇਹ ਕੁਰਬਾਨੀਆਂ ਸਿੱਖ ਸਿਧਾਂਤਾਂ ਦੇ ਅਮਲ ਦਾ ਸਿੱਟਾ ਸੀ। ਇਹ ਤ੍ਰਿਸਕਾਰ, ਨਫ਼ਰਤ ਅਤੇ ਗੁਲਾਮੀ ਤੋਂ ਆਜ਼ਾਦੀ, ਸੁਯੋਗਤਾ, ਬਰਾਬਰੀ ਅਤੇ ਵਿਦਰੋਹ ਵੱਲ ਸਫਰ ਸੀ। ਇਸੇ ਸਫ਼ਰ ਦੌਰਾਨ ਅੱਗੇ ਵੱਲ ਨੂੰ ਕਦਮ ਪੁੱਟਦਿਆਂ ਸਿੱਖ ਰਾਜਨੀਤੀ ਵਿਚ ਬੀਬੀ ਸਦਾ ਕੌਰ, ਰਾਣੀ ਜਿੰਦ ਕੌਰ (ਜਿੰਦਾਂ), ਸਾਹਿਬ ਕੌਰ ਆਦਿ ਸਫਲ ਨੀਤੀਵੇਤਾ ਸਿੱਧ ਹੋਈਆਂ!