ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ

-ਡਾ. ਗੁਰਤੇਜ ਸਿੰਘ ਠੀਕਰੀਵਾਲਾ 

ਦੇਸ਼ ਵਿਚ ਪਿਛਲੇ ਤਿੰਨ ਸਾਲਾਂ ਤੋਂ 26 ਦਸੰਬਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜੇ ਬਾਲ ਦਿਵਸ ਦੇ ਪਿਛੋਕੜ ਵਿਚ ਦੇਖੀਏ ਤਾਂ ਇਹ ਬਚਿਆਂ ਨੂੰ ਸਮਰਪਿਤ ਇਕ ਤਿਉਹਾਰ ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦੀ ਪਰੰਪਰਾ, ਰੀਤੀ ਅਤੇ ਇਤਿਹਾਸ ਹਰ ਦੇਸ਼ ਦਾ ਵਖਰਾ ਹੈ। ਸਭ ਤੋਂ ਪਹਿਲਾਂ ਜੂਨ ਮਹੀਨੇ ਦੇ ਦੂਸਰੇ ਐਤਵਾਰ 1857 ਤੋਂ ਯੂਨਾਈਟਡ ਸਟੇਟਸ ਦੇ ਸਟੇਟ ਮੈਸਾਚੁਸੈਟਸ ਦੇ ਸ਼ਹਿਰ ਚੈਲਸੀਆ ਵਿਚ ਬਾਲ ਦਿਵਸ ਮਨਾਉਣਾ ਸ਼ੁਰੂ ਹੋਇਆ ਸੀ। ਇਥੇ ਨਾਮਵਰ ਪਾਦਰੀ ਡਾ. ਚਾਰਲਸ ਲੀਓਨਾਰਡ ਦੁਆਰਾ ਇਹ ਦਿਵਸ ਮਨਾਇਆ ਜਾਣ ਲਗਿਆ ਸੀ, ਜਿਸ ਵਿਚ ਬਚਿਆਂ ਨੂੰ ਸਮਰਪਿਤ ਸੇਵਾ ਦੀ ਭਾਵਨਾ ਦਾ ਅਮਲ ਸੀ। ਭਾਰਤ ਵਿਚ ਪੰਡਤ ਨਹਿਰੂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਨਮ ਦਿਨ ’ਤੇ 14 ਨਵੰਬਰ ਨੂੰ ਇਹ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਦਿਵਸ ਨਾਲ ਜੋੜ ਕੇ ਵਿਆਖਿਆਉਣ ਤੇ ਮਨਾਉਣ ਦਾ ਵਰਤਾਰਾ ਵਿਚਾਰ ਦੀ ਮੰਗ ਕਰਦਾ ਹੈ। ਕਿਸੇ ਘਟਨਾ ਜਾਂ ਸਾਕੇ ਨੂੰ ਉਸੇ ਸੰਦਰਭ ਵਿਚ ਵੇਖਣਾ ਤੇ ਅਮਲ ਵਿਚ ਲਿਆਉਣਾ ਸਿਧਾਂਤ ਤੇ ਅਮਲ ਦੀ ਸ਼ੁਧ ਪੇਸ਼ਕਾਰੀ ਕਹੀ ਜਾ ਸਕਦੀ ਹੈ। ਕਿਸੇ ਘਟਨਾਂ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਿਸ ਉਦੇਸ਼ ਲਈ ਪੇਸ਼ ਕੀਤਾ ਜਾ ਰਿਹਾ ਹੈ ? ਹਰ ਘਟਨਾ ਦੇ ਸੰਬੰਧ ਇਹ ਦੋਵੇਂ ਸਵਾਲ ਅਹਿਮ ਹੁੰਦੇ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਵਿਿਭੰਨ ਦੇਸ਼ਾਂ ਵਿਚ ਬੱਚਿਆਂ ਵਿਚਲੀ ਕੁਦਰਤੀ ਮਾਸੂਮੀਅਤ ਤੇ ਨਿਰਛਲ ਵਿਵਹਾਰ ਇਸ ਦਿਵਸ ਨੂੰ ਮਨਾਏ ਜਾਣ ਦੀ ਵਜ੍ਹਾ ਹੈ। ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਬਾਲ ਦਿਵਸ ਮਨਾਉਣ ਦਾ ਏਜੰਡਾ ਹੁੰਦਾ ਹੈ। ਭਾਰਤ ਵਿਚ ਇਹ ਦਿਵਸ ਸਰਕਾਰਾਂ ਵਲੋਂ ਦਿਤੇ ਜਾਂਦੇ ਬਾਲ ਵਿਕਾਸ ਦੇ ਪ੍ਰੋਗਰਾਮਾਂ ਦਾ ਹੀ ਇਕ ਹਿੱਸਾ ਹੈ। ਜੇ ਅਸੀਂ ਸੰਖੇਪ ਵਿਚ ਬਾਲ ਦਿਵਸ ਨੂੰ ਵਰਨਣ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਉਤਸਵ ਦੇਸ਼ ਦੀ ਸਰਕਾਰ ਵਲੋਂ ਆਯੋਜਤ ਕੀਤਾ ਜਾਂਦਾ ਹੈ। ਇਸ ਦਾ ਕਿਸੇ ਧਰਮ ਜਾਂ ਮਜ੍ਹਬ ਨਾਲ ਜਾਂ ਕੋਈ ਬ੍ਰਹਿਮੰਡੀ ਸਰੋਕਾਰ ਨਹੀਂ। ਇਸ ਦਿਵਸ ਦਾ ਕੋਈ ਲਾਸਾਨੀ ਜਾਂ ਕੁਰਬਾਨੀ ਵਾਲਾ ਪਿਛੋਕੜ ਨਹੀਂ। ਸਿਰਫ ਮਨੱੁਖੀ ਵਿਕਾਸ ਵਿਚ ਬਚਪਨ ਦੇ ਪੜਾਅ ਨੂੰ ਬਾਲ ਦਿਵਸ ਵਜੋਂ ਮਨਾਇਆਂ ਜਾਂਦਾ ਹੈ। ਇਸੇ ਤਰ੍ਹਾਂ ਮਾਂ ਦਿਵਸ, ਪਿਤਾ ਦਿਵਸ, ਅਧਿਆਪਕ ਦਿਵਸ ਆਦਿ ਮਨਾਏ ਜਾਂਦੇ ਹਨ। ਭਾਰਤ ਵਿਚ ਇਹ ਕਾਂਗਰਸ ਪਾਰਟੀ ਦੇ ਨੇਤਾ ਪੰਡਤ ਨਹਿਰੂ ਦੀ ਯਾਦ ਨਾਲ ਜੁੜਿਆ ਹੋਇਆ ਹੈ, ਇਸ ਸੰਦਰਭ ਵਿਚ ਵੀ ਦੇਸ਼ ਦੀ ਭਾਜਪਾ ਹਕੂਮਤ ਵਲੋਂ ਵੀਰ ਬਾਲ ਦਿਵਸ ਮਨਾਉਣਾ ਸਮਝ ਵਿਚ ਆਉਂਦਾ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਅਨੋਖੀ ਸ਼ਖ਼ਸੀਅਤ ਅਤੇ ਲਾਸਾਨੀ ਸ਼ਹਾਦਤ ਆਤਮਕ/ਧਾਰਮਿਕ ਸੰਸਕਾਰਾਂ ਅਤੇ ਮੁਹਾਣ ਵਾਲੀ ਹੈ। ਗੁਰੂ ਸਾਹਿਬਾਨ ਦੁਆਰਾ ਦਿੱਤਾ ਦੈਵੀ ਸੰਦੇਸ਼ ਸਮੇਂ ਤੇ ਸਥਾਨ ਦੇ ਬੰਧਨ ਵਿਚ ਨਹੀਂ। ਸੋ ਇਸ ਵਿਚ ਆਤਮਕ ਅਵਸਥਾ ਦਾ ਉਮਰ ਦੇ ਤਕਾਜ਼ੇ ਨਾਲ ਕੋਈ ਵਾਸਤਾ ਨਹੀਂ। ਇਸੇ ਲਈ ਗੁਰਬਾਣੀ ਵਿਚ ਆਤਮਕ ਰੰਗ ਵਿਚ ਰੰਗੇ ਬੱਚੇ, ਬਜ਼ੁਰਗਾਂ ਸਮਾਨ ਹਨ ਅਤੇ ਨਾਮ ਵਿਹੂਣੇ ਬਜ਼ੁਰਗ, ਬੱਚਿਆਂ ਸਮਾਨ ਮੰਨੇ ਗਏ ਹਨ। ਛੋਟੇ ਸਾਹਿਬਜ਼ਾਦੇ ਗੁਰੂ ਸਪੁੱਤਰ ਹਨ। ਉਹਨਾਂ ਦੀ ਆਤਮਕ ਅਮੀਰੀ ਦਾ ਪ੍ਰਮਾਣ ਉਹਨਾਂ ਦੀ ਸ਼ਹਾਦਤ ਅਤੇ ਸ਼ਹਾਦਤ ਦਾ ਸਮੁੱਚਾ ਵਰਤਾਰਾ ਹੈ। ਅਨੇਕਾਂ ਸ਼ਹਾਦਤਾਂ ਦੇ ਮਾਰਗ ਦਰਸ਼ਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਸੇ ਇਕ ਰਾਸ਼ਟਰੀ ਦਿਵਸ ਨਾਲ ਤੁਲਨਾਉਣਾ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਦੋਹਾਂ ਦੇ ਬਰਾਬਰ ਨਹੀਂ।

ਸਰੀਰਕ ਤੌਰ ’ਤੇ ਛੋਟੀ ਉਮਰ ਦੇ ਬਾਵਜੂਦ ਉਹ ਆਤਮਕ ਸੁਰਤ ਦੇ ਪੱਧਰ ’ਤੇ ਅਥਾਹ ਜਾਗਰੂਕ ਹਨ। ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਛੋਟੇ ਸਾਹਿਬਜ਼ਾਦੇ ਮਾਸੂਮੀਅਤ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ। ਉਹਨਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਹਨਾਂ ਦੀ ਦਿਬ ਦ੍ਰਿਸ਼ਟੀ, ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੇ ਗੁਰਬਾਣੀ ਵਿਚ ਗੁਰਮੁਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ ਅਤੇ ਜਿਹਨਾਂ ਦੇ ਧਾਰਨੀ ਨੂੰ ਉਚਤਮ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਸਾਧਨਾ ਜਾਂ ਸ਼ਾਸਤਰੀ ਵਿਚਾਰਾਂ (ਪੁੰਨ-ਪਾਪ) ਵਿਚ ਉਲਝਣ ਦੀ ਲੋੜ ਨਹੀਂ। ਉਹਨਾਂ ਦੇ ਕਥਨਾਂ ਵਿਚੋਂ ਜਿਥੇ ਉਹਨਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉਥੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸ਼ਖ਼ਸੀਅਤ ਬਾਰੇ ਉਹਨਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਸਵੈਮਾਣ, ਅਣਖ, ਬੀਰਤਾ, ਕੁਰਬਾਨੀ, ਪਰਉਪਕਾਰ ਜਿਹੇ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਸਿੱਖ ਬਚਿਆਂ ਤੇ ਨੌਜਵਾਨ ਪੀੜੀ ਨੂੰ ਧਰਮ ਤੇ ਵਿਰਾਸਤ ਦੇ ਆਤਮਕ ਮੰਡਲ ਵਿਚ ਪਰਪੱਕ ਰਹਿਣ ਦੇ ਆਸ਼ੇ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਰਤਾ ਤੋਂ ਉਪਰ ਕੋਈ ਇਤਿਹਾਸਕ ਬਿਰਤਾਂਤ, ਕਥਾ ਨਹੀਂ। ਸਾਲਾਨਾ ਸ਼ਹੀਦੀ ਸਭਾ ’ਤੇ ਹੋਰ ਸਮਾਗਮਾਂ ਨਾਲੋਂ ਜ਼ਿਆਦਾ ਇਕਤਰਤਾ ਹੋਣ ਦਾ ਰਿਕਾਰਡ ਵੀ ਇਹਨਾਂ ਸ਼ਹਾਦਤਾਂ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਸੂਚਕ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੱਚ ਸਿੱਖ ਇਤਿਹਾਸ ਦਾ ਅਜਿਹਾ ਬਿਰਤਾਂਤ ਹੈ ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਵਿਸ਼ਵ ਇਤਿਹਾਸ ਦੀ ਯਥਾਰਥਕ ‘ਮਹਾਨ ਕਥਾ’ ਹੈ ਨਾ ਕਿ ਕਿਸੇ ਸੀਮਤ ਅਤੇ ਇਕਹਿਰੀ ਮਹਤਤਾ ਵਾਲੇ ਸਰਕਾਰੀ ਦਿਵਸ ਦੀ ਮੁਥਾਜ।

‘ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਉਣ ਨਾਲ ਬਾਲ ਦਿਵਸ ਦੀ ਮਹਾਨਤਾ ਤਾਂ ਜ਼ਰੂਰ ਵਧ ਸਕਦੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸਖਸ਼ੀਅਤ ਤੇ ਸ਼ਹਾਦਤ ਨੂੰ ਸੀਮਤ ਕੀਤਾ ਜਾ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹਨਾਂ ਦੀ ਸਖਸ਼ੀਅਤ ਅਤੇ ਸ਼ਹਾਦਤ ਦਾ ਅਮਲ ਬ੍ਰਹਿਮੰਡੀ ਹੈ। ਕਿਸੇ ਦੇਸ ਦੀ ਹਦੂਦ ਵਿਚ ਅਤੇ ਸਮੇਂ ਦੀ ਸੀਮਾਂ ਵਿਚ ਉਹਨਾਂ ਨੂੰ ਜਕੜਿਆ ਨਹੀਂ ਜਾ ਸਕਦਾ। ਵੱਖ-ਵੱਖ ਦੇਸ਼ਾਂ ਵਿਚ ਮਨਾਏ ਜਾਂਦੇ ਬਾਲ ਦਿਵਸ ਰਾਸ਼ਟਰ ਸੀਮਾਵਾਂ ਤਕ ਸੀਮਤ ਹਨ। ਸਿੱਖ ਸ਼ਹਾਦਤਾਂ ਨਿਰੋਲ ਸੱਚ ਧਰਮ ਦੀ ਸਥਾਪਨਾ ਅਤੇ ਅਸੁਰੀ ਤਾਕਤਾਂ ਨੂੰ ਟੱਕਰ ਦੇਣ ਦੇ ਅਮਲ ਦਾ ਸਿੱਟਾ ਹਨ। ਅਜਿਹੇ ਦਿਵਸ ਰਾਸ਼ਟਰੀ ਹੱਦਾਂ ਨੂੰ ਮਜ਼ਬੂਤ ਕਰਨ ਅਤੇ ਦੂਸਰੇ ਰਾਸ਼ਟਰਾਂ ਪ੍ਰਤੀ ਹੀਣ ਭਾਵਨਾ ਨੂੰ ਉਪਜਾਉਂਦੇ ਹਨ ਜਦ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਰਾਸ਼ਟਰੀ ਹੱਦਾਂ ਤੋਂ ਪਾਰ ਸਮੱੁਚੀ ਮਾਨਵਤਾ ਦੀ ਏਕਤਾ, ਧਾਰਮਿਕ ਸਹਿਣਸ਼ੀਲਤਾ ਅਤੇ ਧਾਰਮਿਕ ਸੁਤੰਤਰਤਾ ਦਾ ਪੈਗ਼ਾਮ ਦਿੰਦੀ ਹੈ। ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੀ ਉਮਰ, ਆਤਮਕ ਉਚਤਾ ਅਤੇ ਹਕੂਮਤ ਨੂੰ ਵੰਗਾਰਨ ਦਾ ਅਡੋਲ ਤੇ ਜੁਰਅਤ ਭਰਿਆ ਪੈਂਤੜਾ ਉਹਨਾਂ ਨੂੰ ਆਮ ਬੱਚਿਆਂ ਨਾਲੋਂ ਕਿਤੇ ਵੱਡੇ ‘ਬਾਬਾ’ ਪਦ ਦਾ ਹੱਕਦਾਰ ਬਣਾ ਦਿੰਦਾ ਹੈ। ਸਿੱਖ ਪਰੰਪਰਾ ਵਿਚ ਸਮੁੱਚੀ ਮਨੱੁਖਤਾ ਲਈ ਉਹ ‘ਬਾਬੇ’ ਹਨ। ਇਹੀ ਕਾਰਨ ਹੈ ਕਿ ਸਿਖ ਪੰਥ ਦੇ ਵੱਡੇ ਹਿੱਸੇ ਵਿਚ ‘ਵੀਰ ਬਾਲ ਦਿਵਸ’ ਨਾਮ ’ਤੇ  ਇਤਰਾਜ਼ ਵੀ ਹੈ। ਇਸ ਲਈ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਬਾਲ ਦਿਵਸ ਤਕ ਸੀਮਤ ਕਰਨਾ ਸਿਖ ਪਰੰਪਰਾ ਅਨੁਸਾਰ ਉਚਿਤ ਨਹੀਂ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਭ ਤੋਂ ਵੱਡੀ ਵਿਸੇਸ਼ਤਾ ਇਹ ਹੈ ਕਿ ਇਹ ਸ਼ਹਾਦਤਾਂ ਉਹਨਾਂ ਸਿਧਾਂਤਾਂ-ਉਪਦੇਸਾਂ ਦਾ ਸ਼ੁਧ ਅਮਲ ਹੈ ਜਿਸ ਦੀ ਸਿਰਜਣਾ ਗੁਰੂ ਸਾਹਿਬਾਨ ਵਲੋਂ ਹੋ ਰਹੀ ਸੀ। ਸੋ ਗੁਰੂ ਸਾਹਿਬਾਨ ਦੇ ਪਰਗਟ ਸਰੂਪ (ਦੇਹ ਸਰੂਪ) ਵਿਚ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਸਮੱੁਚਾ ਅਮਲ ਇਸ ਧਰਤੀ ’ਤੇ ਲਾਸਾਨੀ, ਅਦੁਤੀ ਅਤੇ ਨਿਆਰਾ ਹੈ। ਜੇ ਰਾਜਨੀਤਕ ਪੈਂਤੜੇ ਤੋਂ ਦੇਖੀਏ ਤਾਂ ਇਕ ਸਰਕਾਰ (ਮੁਗਲ) ਵਲੋਂ ਸਾਹਿਬਜ਼ਾਦਿਆਂ ਨੂੰ ਬੇਹਦ ਅਤਿਆਚਾਰਾਂ ਨਾਲ ਸ਼ਹੀਦ ਕੀਤਾ ਗਿਆ ਤੇ ਇਕ ਸਰਕਾਰ (ਮੌਜੂਦਾ) ਉਹਨਾਂ ਦੀ ਸ਼ਹਾਦਤ ਨੂੰ ਬਾਲ ਦਿਵਸ ਰੂਪ ਵਿਚ ਮਨਾਉਂਦੀ ਹੈ। ਕੀ ਸਰਕਾਰੀ ਪੱਧਰ ’ਤੇ ਇਹ ਵੀ ਦਰਸਾਇਆ ਜਾਵੇਗਾ ਕਿ ਸਾਹਿਬਜ਼ਾਦੇ ਸਰਕਾਰ ਦੇ ਜਬਰ-ਜੁਲਮ ਖਿਲਾਫ ਲੜਦੇ ਸ਼ਹੀਦ ਹੋਏ ਸਨ ਤੇ ਸਾਨੂੰ ਹੁਣ ਵੀ ਸਰਕਾਰਾਂ ਦੇ ਜਬਰ-ਜੁਲਮ ਖਿਲਾਫ ਲੜਨ ਦੀ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ? ਪਰ ਮੌਜੂੂਦਾ ਸਰਕਾਰ ਦਾ ਸਿਵਾਇ ਇਹ ਕਹਿਣ ਦੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਰਾਸ਼ਟਰ’ ਦੀ ਮਜਬੂਤੀ ਲਈ ਸੀ, ਹੋਰ ਕੁਝ ਨਹੀਂ।
ਕੀ ਵਰਤਮਾਨ ਵਿਚ ਉਹਨਾਂ ਸ਼ਹਾਦਤਾਂ ਦਾ ਹੋਰ ਅਰਥ ਹੈ? ਦੇਸ਼ ਦੇ ਕੁਝ ਹਿੱਸਿਆਂ ਵਿਚ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਨਕਲ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਜਿਹੇ ਵਿਗਾੜ ਪੈਣ ਦੀ ਸੰਭਾਵਨਾ ਬਣੀ ਹੀ ਰਹੇਗੀ। ਜੋ ਸਿੱਖ ਸਿਧਾਂਤਾਂ, ਪਰੰਪਰਾ ਅਤੇ ਮਰਯਾਦਾ ਵਿਚ ਪ੍ਰਵਾਨ ਨਹੀਂ। ਸਾਹਿਬਜਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ ਨੂੰ ਸਹੀ ਅਰਥਾਂ ਵਿਚ ਸਮਝਾਉਣ/ਦਰਸਾਉਣ ਲਈ ਸਿੱਖ ਪਰੰਪਰਾ ਦੀ ਜੁਗਤੀ ਹੀ ਕਾਰਗਰ ਹੈ। ਇਹ ਅਤਿਕਥਨੀ ਨਹੀਂ ਕਿ ਸਾਡਾ ਅਵੇਸਲਾਪਨ, ਬੇਇਤਫਾਕੀ ਤੇ ਆਪਸੀ ਖਾਨਾਜੰਗੀ ਕਰਕੇ ਪੰਥ ਦੀਆਂ ਮਹਾਨ ਸ਼ਹਾਦਤਾਂ ਨੂੰ ਹਕੂਮਤ ਵਰਤ ਰਹੀ ਹੈ। ਸੋ ਇਹ ਪੰਥ ਲਈ ਸੋਚਣ ਦਾ ਵੇਲਾ ਹੈ।

(ਫੋਟੋ: ਛੋਟੇ ਸਾਹਿਬਜ਼ਾਦੇ)