141 views 12 secs 0 comments

ਸਿੱਖ ਪਰੰਪਰਾ ਵਿਚ ਬਾਜ਼

ਲੇਖ
January 17, 2025

-ਡਾ. ਪਰਮਵੀਰ ਸਿੰਘ

ਬਾਜ਼ ਇਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਜੁੱਰਾਹ ਦੀ ਮਦੀਨ ਮੰਨਿਆ ਜਾਂਦਾ ਹੈ। ਪੰਛੀਆਂ ਦੀ ਦੁਨੀਆ ਵਿਚ ਸ਼ਕਤੀ ਅਤੇ ਦਲੇਰੀ ਦਾ ਪ੍ਰਤੀਕ ਬਾਜ਼ ਭਾਵੇਂ ਹੁਣ ਪੰਜਾਬ ਦੀ ਧਰਤੀ ’ਤੇ ਘੱਟ ਹੀ ਦਿਖਾਈ ਦਿੰਦਾ ਹੈ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਸਰਦੀਆਂ ਦੀ ਰੁੱਤ ਵਿਚ ਇਹ ਪੰਜਾਬ ਦੀ ਧਰਤੀ ’ਤੇ ਫੇਰਾ ਪਾ ਹੀ ਜਾਂਦਾ ਹੈ ਅਤੇ ਇਹ ਸਿਲਸਿਲਾ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ। ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਕਾਰਨ ਵੀ ਪ੍ਰਵਾਸੀ ਪੰਛੀਆਂ ਦੀ ਪੰਜਾਬ ਵੱਲ ਪ੍ਰਵਾਜ਼ ਦਿਨੋਂ-ਦਿਨ ਘੱਟਦੀ ਜਾ ਰਹੀ ਹੈ ਅਤੇ ਇਸ ਦਾ ਅਸਰ ਬਾਜ਼ ਦੀ ਪੰਜਾਬ ਫੇਰੀ ’ਤੇ ਪੈਣਾ ਵੀ ਸੁਭਾਵਿਕ ਹੈ। ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿਚ ਵੱਸੇ ਹੋਏ ਇਸ ਪਰਿੰਦੇ ਨੂੰ ਪੰਜਾਬ ਸਰਕਾਰ ਨੇ ‘ਰਾਜ-ਪੰਛੀ’ ਦਾ ਰੁਤਬਾ ਪ੍ਰਦਾਨ ਕੀਤਾ ਹੋਇਆ ਹੈ। ਅੰਗਰੇਜ਼ ਸਰਕਾਰ ਦੇ ਰਾਜ ਵਿਚ ਪਹਿਲਾਂ ‘ਚੱਕੀਰਾਹਾ” ਰਾਜ-ਪੰਛੀ ਸੀ ਜਿਹੜਾ ਕਿ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਸੀ। ਇਹ ਇਕ ਅਜਿਹਾ ਪੰਛੀ ਸੀ ਜਿਹੜਾ ਕਿ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਕੇ ਫ਼ਸਲ ਨੂੰ ਬਚਾਉਂਦਾ ਸੀ। ੧੯੩੩ ਈ. ਵਿਚ ਅਣਵੰਡੇ ਪੰਜਾਬ ਦੀ ਸਰਕਾਰ ਨੇ ਚੱਕੀਰਾਹਾ ਦੀ ਜਗ੍ਹਾ ਬਾਜ਼ ਨੂੰ ਰਾਜ-ਪੰਛੀ ਦਾ ਦਰਜਾ ਪ੍ਰਦਾਨ ਕਰ ਦਿੱਤਾ ਸੀ।

ਪੰਜਾਬ ਸੂਰਬੀਰਾਂ ਦੀ ਧਰਤੀ ਹੈ ਜਿੱਥੇ ਸੂਰਬੀਰਤਾ ਦੇ ਗੁਣ ਪ੍ਰਦਾਨ ਅਤੇ ਪ੍ਰਗਟ ਕਰਨ ਵਾਲੀ ਹਰ ਇਕ ਵਸਤੂ ਅਤੇ ਹਸਤੀ ਦਾ ਸਤਿਕਾਰ ਕੀਤਾ ਜਾਂਦਾ ਹੈ। ਇੱਥੋਂ ਦੀ ਪਰੰਪਰਾ ਵਿਚ ਉਹ ਪਸ਼ੂ, ਪੰਛੀ ਅਤੇ ਰੁੱਖ ਆਪਣੇ ਆਪ ਆ ਜਾਂਦੇ ਹਨ ਜਿਨ੍ਹਾਂ ਵਿੱਚੋਂ ਸੂਰਬੀਰਤਾ ਦੇ ਗੁਣ ਸਾਹਮਣੇ ਆਉਂਦੇ ਹਨ। ਇਸੇ ਦ੍ਰਿਸ਼ਟੀ ਤੋਂ ਪੰਜਾਬ ਦੇ ਸਾਹਿਤ ਅਤੇ ਪਰੰਪਰਾ ਵਿਚ ਬਾਜ਼ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ ਜਿਵੇਂ ‘ਭਲਾ ਬਟੇਰੇ ਨੂੰ ਬਾਜ਼ ਕਦ ਜਾਣ ਦਿੰਦਾ ਹੈ’, ‘ਬਾਜ਼ ਵਾਂਗ ਟੁੱਟ ਕੇ ਪੈ ਜਾਣਾ’, ਬਾਜ਼ ਵਾਂਗ ਝਪਟਣਾ, ਵਰਗੀ ਅੱਖ’ ‘ਕਾਲ ਅਚਾਨਕ ਮਾਰਸੀ ਜਿਉਂ ਤਿਤ੍ਵ ਨੂੰ ਬਾਜ਼’। ਬਾਜ਼ ਦੇ ਗੁਣਾਂ ਕਰਕੇ ਇਸਨੂੰ ਉਕਾਬ, ਸ਼ਿਕਰਾ, ਸੀਚਾਨਾ, ਕੁਹੀ, ਚਰਗ, ਬਹਿਰੀ, ਬੇਸਰ, ਲਗੜ ਆਦਿ ਸ਼ਿਕਾਰੀ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ। ਗੁਲਾਬਚਸ਼ਮ ਜਾਤੀ ਨਾਲ ਸੰਬੰਧਿਤ ਇਸ ਪੰਛੀ ਦਾ ਜ਼ਿਕਰ ਕਰਦੇ ਹੋਏ ਭਾਈ ਕਾਨ੍ਹ ਸਿੰਘ ਨਾਭਾ ਦੱਸਦੇ ਹਨ ਕਿ ਇਹ ਜੁੱਰਾਹ ਦਾ ਮਦੀਨ ਹੈ, ਇਸ ਦਾ ਕੱਦ ਜੁੱਰਹੇ ਨਾਲੋਂ ਵੱਡਾ ਹੁੰਦਾ ਹੈ, ਇਹ ਸਰਦ ਦੇਸਾਂ ਤੋਂ ਫੜ ਕੇ ਪੰਜਾਬ ਵਿਚ ਲਿਆਈਦਾ ਹੈ, ਇੱਥੇ ਆਂਡੇ ਨਹੀਂ ਦਿੰਦਾ, ਦਸ ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ, ਗਰਮੀਆਂ ਵਿਚ ਇਸਨੂੰ ਠੰਡੇ ਥਾਂ ਕਰੀਚ ਬਿਠਾਉਂਦੇ ਹਨ, ਜਦ ਕਿ ਇਹ ਪੁਰਾਣੇ ਖੰਭ ਸੁੱਟ ਕੇ ਨਵੇਂ ਬਦਲਦਾ ਹੈ, ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮੇਂ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ‘ਤੇ ਰੱਖਦੇ ਅਤੇ ਸ਼ਿਕਾਰ ਖੇਡਦੇ ਸਨ।

ਬਾਜ਼ ਨੂੰ ਫੁਰਤੀ, ਦਲੇਰੀ, ਤੇਜ਼ ਨਿਗਾਹ ਆਦਿ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਅਸਮਾਨ ’ਤੇ ਉਡਦਾ ਹੋਇਆ ਵੀ ਇਹ ਜ਼ਮੀਨ ’ਤੇ ਆਪਣੇ ਸ਼ਿਕਾਰ ਨੂੰ ਦੇਖ ਲੈਂਦਾ ਹੈ ਅਤੇ ਫਿਰ ਇੰਨੀ ਫੁਰਤੀ ਨਾਲ ਉਸ ’ਤੇ ਹਮਲਾ ਕਰਦਾ ਹੈ ਕਿ ਉਸ ਨੂੰ ਭੱਜਣ ਦਾ ਮੌਕਾ ਨਹੀਂ ਦਿੰਦਾ। ਸ਼ਿਕਾਰ ਹੋਣ ਵਾਲੇ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਨਾਲ ਕੀ ਹੋਇਆ ਹੈ। ਭਗਤ ਸ਼ੇਖ ਫਰੀਦ ਜੀ ਰੱਬ ਵੱਲੋਂ ਭੇਜੇ ਗਏ ਮੌਤ ਦੇ ਫਰਿਸ਼ਤੇ ਨਾਲ ਇਸ ਪੰਛੀ ਦੀ ਤੁਲਨਾ ਕਰਦੇ ਹੋਏ ਕਹਿੰਦੇ ਹਨ:
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੮੩)
ਬਾਜ਼ ਬਾਦਸ਼ਾਹਾਂ ਅਤੇ ਅਮੀਰਾਂ ਦਾ ਮਨਪਸੰਦ ਪੰਛੀ ਮੰਨਿਆ ਜਾਂਦਾ ਹੈ। ਇਹ ਸ਼ੌਕ ਨਾਲ ਬਾਜ਼ ਨੂੰ ਪਾਲਦੇ ਹਨ ਅਤੇ ਪੁਰਾਤਨ ਸਮੇਂ ਵਿਚ ਜਦੋਂ ਇਹ ਸ਼ਿਕਾਰ ਕਰਨ ਲਈ ਜਾਂਦੇ ਸਨ ਤਾਂ ਇਸ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ। ਇਹ ਮੰਨਿਆ ਜਾਂਦਾ ਹੈ ਕਿ ਭਾਵੇਂ ਬਾਜ਼ ਮਾਸਾਹਾਰੀ ਜੀਵ ਹੈ ਪਰ ਇਹ ਮਰਿਆ ਹੋਇਆ ਜੀਵ ਨਹੀਂ ਖਾਂਦਾ ਅਤੇ ਆਪਣੇ ਭੋਜਨ ਲਈ ਇਹ
ਖੁਦ ਸ਼ਿਕਾਰ ਕਰਦਾ ਹੈ। ਮੁਗ਼ਲ ਬਾਦਸ਼ਾਹਾਂ ਦੀ ਸ਼ਾਨ ਸਮਝਿਆ ਜਾਣ ਵਾਲਾ ਇਹ ਪੰਛੀ ਗੁਰੂ ਸਾਹਿਬਾਨ ਦੇ ਦਰਬਾਰ ਦਾ ਹਿੱਸਾ ਵੀ ਬਣ ਗਿਆ ਸੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜਦੋਂ ਕਿਰਪਾਨ, ਕਲਗੀ, ਘੋੜਾ, ਨਿਸ਼ਾਨ ਆਦਿ ਸ਼ਾਹੀ ਚਿੰਨ੍ਹ ਧਾਰਨ ਕਰਕੇ ਆਮ ਲੋਕਾਂ ਨੂੰ ਉੱਚਾ ਚੁੱਕਣ ਦਾ ਕਾਰਜ ਅਰੰਭ ਕੀਤਾ ਤਾਂ ਬਾਜ਼ ਵੀ ਉਨ੍ਹਾਂ ਵਿਚ ਸ਼ਾਮਲ ਹੋ ਗਿਆ ਸੀ। ਸ੍ਰੀ ਅੰਮ੍ਰਿਤਸਰ ਵਿਖੇ ਸ਼ਾਹੀ ਫ਼ੌਜਾਂ ਨਾਲ ਗੁਰੂ ਜੀ ਦੇ ਪਹਿਲੇ ਯੁੱਧ ਦਾ ਕਾਰਨ ਵੀ ਸ਼ਾਹੀ ਬਾਜ਼ ਹੀ ਬਣਿਆ ਸੀ। ਸਿੱਖ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਸਨ ਅਤੇ ਉਨ੍ਹਾਂ ਨੂੰ ਸ਼ਾਹੀ ਸਨਮਾਨ ਵਾਲੀਆਂ ਵਸਤਾਂ ਭੇਟ ਕਰਦੇ ਸਨ, ਬਾਜ਼ ਵੀ ਉਨ੍ਹਾਂ ਵਿਚ ਸ਼ਾਮਲ ਸੀ। ਇਕ ਘਟਨਾ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਹੈ ਕਿ ਜਦੋਂ ਗੁਰੂ ‘ ਜੀ ‘ ਕਰਤਾਰਪੁਰ ‘ ਵਿਖੇ ਮੌਜੂਦ ਸਨ ਤਾਂ ਕੰਧਾਰ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇਕ ਸੌਦਾਗਰ ਕਾਬਲੀ ਮੱਲ ਆਇਆ ਤਾਂ ਇਸ ਨੇ ਉਹਨਾਂ ਨੂੰ ਜਿਹੜੀਆਂ ਵਸਤਾਂ ਭੇਟ ਕੀਤੀਆਂ ਉਨ੍ਹਾਂ ਵਿਚ ਸ਼ਸਤਰ, ਬਸਤਰ, ਕਲਗੀ ਅਤੇ ਬਿਦਖ਼ਸ਼ਾਂ ਦਾ ਇਕ ਚਿੱਟਾ ਬਾਜ਼ ਵੀ ਸ਼ਾਮਲ ਸੀ।

ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਾਜ਼ ਵਿਸ਼ੇਸ਼ ਰੂਪ ਵਿਚ ਸਾਹਮਣੇ ਆਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਪੰਛੀ ਨਾਲ ਵਿਸ਼ੇਸ਼ ਪ੍ਰੇਮ ਸੀ ਇਸ ਕਰਕੇ ਇਨ੍ਹਾਂ ਨੂੰ ਸਤਿਕਾਰ ਸਹਿਤ ‘ਬਾਜਾਂਵਾਲਾ’ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਸਿੱਖ ਪਰੰਪਰਾ ਵਿਚ ਗੁਰੂ ਜੀ ਦੇ ਚਿੱਟੇ ਬਾਜ਼ ਦਾ ਜ਼ਿਕਰ ਮਿਲਦਾ ਹੈ। ਚਿੱਟਾ ਰੰਗ ਸ਼ਾਂਤੀ, ਸੁਲ੍ਹਾ ‘ ਅਤੇ ਨਿਰਮਲਤਾ ਦਾ ਪ੍ਰਤੀਕ ਹੈ ਪਰ ਜਦੋਂ ਇਸ ਰੰਗ ਵਾਲਾ ਬਾਜ਼ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਕਰਦਾ ਹੈ ਤਾਂ ਸੂਰਬੀਰਤਾ ਅਤੇ ਫੁਰਤੀ ਦੇ ਨਾਲ-ਨਾਲ ਸ੍ਵੈਮਾਣ ਦੇ ਚਿੰਨ੍ਹ ਵਜੋਂ ਪ੍ਰਗਟ ਹੁੰਦਾ ਹੈ। ਗੁਰੂ ਜੀ ਦੇ ਚਿੱਟੇ ਬਾਜ਼ ਦਾ ਜ਼ਿਕਰ ਕਵੀਆਂ ਦੀਆਂ ਰਚਨਾਵਾਂ ਵਿਚ ਅਕਸਰ ਦੇਖਣ ਨੂੰ ਮਿਲਦਾ ਹੈ:
ਹੁੰਦੇ ਕਿਵੇਂ ਚਿੜੇ ਬਾਜ, ਗਿੱਦੜ ਬੱਬਰ ਸ਼ੇਰ,
ਚਿੱਟੇ ਬਾਜਾਂਵਾਲਾ ਜੋ ਨਾ ਜਗ ਵਿਚ ਆਉਂਦਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਸਮੇਂ ਬਾਜ਼ ਨੂੰ ਆਪਣੇ ਨਾਲ ਲੈ ਕੇ ਜਾਇਆ ਕਰਦੇ ਸਨ ਅਤੇ ਜਦੋਂ ਉਹ ਸ਼ਸਤਰ ਧਾਰਨ ਕਰ ਕੇ ਘੋੜੇ ’ਤੇ ਸਵਾਰ ਹੋ ਕੇ ਚਾਲੇ ਪਾਉਂਦੇ ਤਾਂ ਬਾਜ਼ ਉਨ੍ਹਾਂ ਦੀ ਸ਼ੋਭਾ ਅਤੇ ਸ਼ਾਨ ਵਿਚ ਵਾਧਾ ਕਰਦਾ ਸੀ ਜਿਸ ਦਾ ਪ੍ਰਗਟਾਵਾ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ:
ਕਰ ਪਰ ਬਾਜ ਧਾਰਿ ਹੋਇ ਬਾਜ ਪੈ ਸਵਾਰ,
ਨਿਤ ਹੀ ਸ਼ਿਕਾਰ ਗੁਰੂ ਇਮ ਹੀ ਕਰਾਹਿ ਹੈਂ।

ਬਾਜ਼ ਆਪਣੀ ਫੁਰਤੀ ਅਤੇ ਸ਼ਿਕਾਰੀ ਸੁਭਾਅ ਕਾਰਨ ਪ੍ਰਸਿੱਧ ਹੈ। ਇਹ ਆਪਣਾ ਸੁਭਾਅ ਨਹੀਂ ਬਦਲਦਾ ਅਤੇ ਜਦੋਂ ਬਾਦਸ਼ਾਹ ਇਸ ਦੀ ਵਰਤੋਂ ਆਪਣੀ ਸ਼ਕਤੀ ਦੇ ਪ੍ਰਤੀਕ ਵਜੋਂ ਕਰਦਾ ਹੈ ਤਾਂ ਇਸ ਦਾ ਇਹ ਭਾਵ ਲਿਆ ਜਾਂਦਾ ਹੈ ਕਿ ਇਸ ਦੇ ਸਾਹਮਣੇ ਸਮੁੱਚੀ ਪਰਜਾ ਚਿੜੀਆਂ-ਬਟੇਰਿਆਂ ਵਾਂਗ ਹੈ ਜਿਹੜੀ ਕਿ ਬਾਦਸ਼ਾਹ ਦਾ ਮੁਕਾਬਲਾ ਕਰਨ ਦੇ ਅਸਮਰੱਥ ਹੈ। ਦਰਬਾਰੀ ਸ਼ਕਤੀ ਪਰਜਾ ’ਤੇ ਕੋਈ ਵੀ ਜ਼ੁਲਮ ਕਰੇ ਉਸ ਨੂੰ ਸਹਿਣ ਕਰਨ ਵਿਚ ਹੀ ਭਲਾਈ ਦੱਸੀ ਜਾਂਦੀ ਰਹੀ ਹੈ। ਬਾਦਸ਼ਾਹ ਦੀ ਸ਼ਕਤੀ ਦੇ ਅਜਿਹੇ ਸੰਦੇਸ਼ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਦਲਣ ਦਾ ਸਫ਼ਲ ਯਤਨ ਕੀਤਾ। ਗੁਰੂ ਜੀ ਚਿੜੀਆਂ-ਬਟੇਰੇ ਸਮਝੀ ਜਾਣ ਵਾਲੀ ਲੋਕਾਈ ਨੂੰ ਅਜਿਹੀ ਸ਼ਕਤੀ ਪ੍ਰਦਾਨ ਕਰਦੇ ਹਨ ਕਿ ਉਹ ਜ਼ੁਲਮੀ ਬਾਜ਼ ਦਾ ਨਾਸ਼ ਕਰਨ ਦੇ ਸਮਰੱਥ ਹੋ ਜਾਂਦੀ ਹੈ। ਆਮ ਲੋਕਾਂ ਨੂੰ ਜ਼ੁਲਮ ਦੇ ਵਿਰੁੱਧ ਸੁਚੇਤ ਕਰਨ ਅਤੇ ਬਲ ਪੈਦਾ ਕਰਨ ਲਈ ਵੀ ਗੁਰੂ ਜੀ ਨੇ ਬਾਜ਼ ਨੂੰ ਪ੍ਰਤੀਕ ਦੇ ਰੂਪ ਵਿਚ ਵਰਤਿਆ ਹੈ।

ਸ੍ਰੀ ਗੁਰੂ ‘ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਜ਼ ਸਿੱਖਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਬੀਰ ਸਾਥੀਆਂ ਵਿਚ ਇਕ ਬਾਜ਼ ਸਿੰਘ ਵੀ ਮੌਜੂਦ ਸੀ ਜਿਸ ਦੀ ਦਲੇਰੀ ਅਤੇ ਫੁਰਤੀ ਦੀ ਤੁਲਨਾ ਬਾਜ਼ ਨਾਲ ਕੀਤੀ ਜਾਂਦੀ ਸੀ। ਸਰਹਿੰਦ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਉੱਥੋਂ ਦਾ ਹਾਕਮ ਨਿਯੁਕਤ ਕਰ ਦਿੱਤਾ ਸੀ। ਗੁਰਦਾਸ ਨੰਗਲ ਦੇ ਯੁੱਧ ਉਪਰੰਤ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਫੜ ਕੇ ਦਿੱਲੀ ਲਿਜਾਇਆ ਗਿਆ ਤਾਂ ਕੁਝ ਚੋਣਵੇਂ ਸਿੱਖਾਂ ਤੋਂ ਪਹਿਲਾਂ ਉਸ ਦੇ ਸਮੂਹ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ‘ਮਹਿਮਾ ਪ੍ਰਕਾਸ਼’ ਦਾ ਕਰਤਾ ਲਿਖਦਾ ਹੈ ਕਿ ਬਾਦਸ਼ਾਹ ਫ਼ਰੁੱਖ-ਸੀਅਰ ਬਾਜ਼ ਸਿੰਘ ਦੀ ਦਲੇਰੀ ਤੋਂ ਬਹੁਤ ਪ੍ਰਭਾਵਿਤ ਸੀ। ਬਾਦਸ਼ਾਹ ਨੇ ਉਸ ਨੂੰ ਦਰਬਾਰ ਵਿਚ ਬੁਲਾਇਆ ਅਤੇ ਕਿਹਾ ਕਿ ਤੂੰ ਵੱਡਾ ਸੂਰਮਾ ਹੈ, ਹੁਣ ਤੇਰੇ ਕੋਲੋਂ ਕੁਝ ਨਹੀਂ ਹੁੰਦਾ। ਬਾਜ਼ ਸਿੰਘ ਨੇ ਕਿਹਾ ਮੇਰੀਆਂ ਬੇੜੀਆਂ ਖੋਲ ਦੇਵੋ ਹੁਣੇ ਪਤਾ ਲੱਗਾ ਜਾਵੇਗਾ। ਜਦੋਂ ਉਸ ਦੇ ਪੈਰਾਂ ਦੀਆਂ ਬੇੜੀਆਂ ਖੋਲੀਆਂ ਗਈਆਂ ਤਾਂ ਬਾਜ਼ ਵਾਂਗ ਝਪੱਟਾ ਮਾਰ ਕੇ ਉਸ ਨੇ ਹੱਥ ਦੀਆਂ ਹੱਥਕੜੀਆਂ ਨਾਲ ਹੀ ਦੋ-ਤਿੰਨ ਜਵਾਨਾਂ ਨੂੰ ਮਾਰ ਦਿੱਤਾ। ਦਰਬਾਰ ਵਿਚ ਮੌਜੂਦ ਮੁਗ਼ਲ ਸਿਪਾਹੀਆਂ ਨੇ ਵੀ ਉਸ ਨੂੰ ਮੌਕੇ ’ਤੇ ਹੀ ਸ਼ਹੀਦ ਕਰ ਦਿੱਤਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਿਸਲਾਂ ਦੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਜਿੱਤ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ੧੮੦੫ ਈ. ਵਿਚ ਇੰਦੌਰ ਦਾ ਮਰਾਠਾ ਸਰਦਾਰ ਜਸਵੰਤ ਰਾਉ ਹੋਲਕਰ ਮਹਾਰਾਜਾ ਰਣਜੀਤ ਸਿੰਘ ਤੋਂ ਸਹਾਇਤਾ ਲੈਣ ਲਈ ਪੰਜਾਬ ਆਇਆ ਤਾਂ ਲਾਰਡ ਲੋਕ ਇਸ ਦਾ ਪਿੱਛਾ ਕਰ ਰਿਹਾ ਸੀ। ਇਸ ਸਮੇਂ ਹੋਈ ਸੰਧੀ ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰਦਾਰ ਫ਼ਤਿਹ ਸਿੰਘ ਆਹਲੂਵਾਲੀਆ ਨੇ ਦਸਤਖ਼ਤ ਕੀਤੇ ਸਨ ਅਤੇ ਜਦੋਂ ਲਾਰਡ ਲੇਕ ਵਾਪਸ ਜਾਣ ਲੱਗਿਆ ਤਾਂ ਖ਼ੁਸ਼ੀ ਵਿਚ ਉਸ ਨੇ ਆਹਲੂਵਾਲੀਆ ਸਰਦਾਰ ਨੂੰ ਇਕ ਚਿਤਰਾ ਨਜ਼ਰ ਕੀਤਾ ਸੀ ਅਤੇ ਆਹਲੂਵਾਲੀਆ ਸਰਦਾਰ ਨੇ ਵਾਪਸੀ ਤੋਹਫ਼ੇ ਵਜੋਂ ਉਸ ਨੂੰ ਇਕ ਬਾਜ਼ ਭੇਟ ਕੀਤਾ ਸੀ ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਖ਼ਾਲਸਾ ਆਪਣੇ ਰਾਜ ਦੀ ਸੁਰੱਖਿਆ ਲਈ ਸੁਚੇਤ ਹੈ।

ਬਾਜ਼ ਨੂੰ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ਦੇ ਰੂਪ ਵਿਚ ਦੇਖਦੇ ਹਨ। ਇਸ ਦੀ ਇਕ ਮਿਸਾਲ ਗੁਰਦੁਆਰਾ ਗੁਰੂ ਕਾ ਬਾਗ਼ ਦਾ ਮੋਰਚਾ ਦੇਖਣ ਗਏ ਅੰਗਰੇਜ਼ ਪਾਦਰੀ ਸੀ.ਐਫ਼ ਐਂਡਰਿਊਜ਼ ਨੇ ਪ੍ਰੈੱਸ ਨੂੰ ਭੇਜੇ ਆਪਣੇ ਇਕ ਬਿਆਨ ਵਿਚ ਵੀ ਕੀਤੀ ਹੈ। ਉਹ ਦੱਸਦਾ ਹੈ ਕਿ ਜਦੋਂ ਉਹ ਸ੍ਰੀ ਅੰਮ੍ਰਿਤਸਰ ਤੋਂ ਟਾਂਗੇ ਵਿਚ ਬੈਠ ਕੇ ਗੁਰਦੁਆਰਾ ਗੁਰੂ ਕਾ ਬਾਗ਼ ਵੱਲ ਜਾ ਰਿਹਾ ਸੀ ਤਾਂ ਰਾਹ ਵਿਚ ਦੋ ਸਿੱਖ ਨੌਜਵਾਨ ਅਸਮਾਨ ਵਿਚ ਉੱਡਦੇ ਇਕ ਪੰਛੀ ਵੱਲ ਦੇਖ ਰਹੇ ਸਨ। ਟਾਂਗੇ ਵਿੱਚੋਂ ਉੱਤਰ ਕੇ ਸਾਰੇ ਮੁਸਾਫ਼ਰ ਉਸ ਵੱਲ ਦੇਖਣ ਲੱਗੇ। ਦੱਸਿਆ ਗਿਆ ਕਿ ਇਹ ਸੁਨਹਿਰੀ ਬਾਜ਼ ਹੈ ਅਤੇ ਜਦੋਂ ਪੁਲਿਸ ਵੱਲੋਂ ਜਥੇ ਦੀ ਮਾਰ- ਕੁਟਾਈ ਅਰੰਭ ਹੁੰਦੀ ਹੈ ਤਾਂ ਇਹ ਇੱਥੋਂ ਉੱਡ ਕੇ ਰੋਜ਼ਾਨਾ ਦਰਬਾਰ ਸਾਹਿਬ ਚਲਾ ਜਾਂਦਾ ਹੈ। ਦੇਖਣ ਵਾਲਿਆਂ ਦੇ ਚਿਹਰੇ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਅਕਾਲੀਆਂ ਦੀ ਧਾਰਮਿਕ ਦ੍ਰਿੜ੍ਹਤਾ ਦੇ ਪ੍ਰਤੀਕ ਨੂੰ ਬਿਆਨ ਕਰਦਾ ਸੀ।

ਇਸੇ ਤਰ੍ਹਾਂ ਜੂਨ ੧੯੮੪ ਈ. ਦੇ ਸਾਕਾ ਨੀਲਾ ਤਾਰਾ ਸਮੇਂ ਜਦੋਂ ਪੰਜਾਬ ਦੇ ਬਹੁਤ ਸਾਰੇ ਗੁਰਧਾਮਾਂ ’ਤੇ ਹਮਲਾ ਹੋਇਆ ਤਾਂ ਕੁਝ ਗੁਰਧਾਮਾਂ ਵਿਖੇ ਸੰਗਤ ਨੇ ਬਾਜ਼ ਦੇ ਦਰਸ਼ਨ ਕੀਤੇ ਸਨ, ਪਟਿਆਲੇ ਦਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੀ ਉਸ ਵਿਚ ਸ਼ਾਮਲ ਸੀ। ਜਦੋਂ ਇਹ ਖ਼ਬਰ ਫੈਲੀ ਕਿ ਗੁਰਦੁਆਰਾ ਸਾਹਿਬ ਵਿਖੇ ਬਾਜ਼ ਆਇਆ ਹੈ ਤਾਂ ਦੂਰੋਂ-ਨੇੜਿਉਂ ਸੰਗਤ ਉਸ ਦੇ ਦਰਸ਼ਨ ਕਰਨ ਲਈ ਆਉਣ ਲੱਗੀ ਸੀ। ਸੰਗਤ ਬਾਜ਼ ਦੇ ਦਰਸ਼ਨ ਕਰ ਰਹੀ ਸੀ ਅਤੇ ਉਸ ਨੂੰ ਗੁਰੂ ਜੀ ਦੁਆਰਾ ਸੰਕਟ ਸਮੇਂ ਚੜ੍ਹਦੀ ਕਲਾ ਵਿਚ ਰਹਿਣ ਦੇ ਸੰਦੇਸ਼ ਦੇ ਰੂਪ ਵਿਚ ਦੇਖ ਰਹੀ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਦਾ ਸਿੱਖਾਂ ਦੇ ਮਨ ਵਿਚ ਬਹੁਤ ਰੋਸ ਸੀ ਅਤੇ ਉਹ ਦੇਸ ਦੀ ਪ੍ਰਧਾਨ ਮੰਤਰੀ ਨਾਲ ਸਖ਼ਤ ਨਰਾਜ਼ ਸਨ। ਪ੍ਰਧਾਨ ਮੰਤਰੀ ਦੇ ਦੋ ਅੰਗ ਰੱਖਿਅਕਾਂ ਨੇ ਉਸ ਦਾ ਕਤਲ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਫੜੇ ਗਏ ਸਿੰਘਾਂ ਵਿਚ ਸ. ਬਲਬੀਰ ਸਿੰਘ ਵੀ ਸ਼ਾਮਲ ਸੀ। ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੇ ਪ੍ਰੇਰਕ ਵਜੋਂ ਸ. ਬਲਬੀਰ ਸਿੰਘ ਦੇ ਬਿਆਨ ‘ਤੇ ਆਧਾਰਿਤ ੩ ਅਗਸਤ, ੧੯੮੮ ਈ. ਨੂੰ ਜਿਹੜਾ ਫ਼ੈਸਲਾ ਆਇਆ ਉਸ ਵਿਚ ਲਿਖਿਆ ਗਿਆ ਕਿ ਸਾਕਾ ਨੀਲਾ ਤਾਰਾ ਦੇ ਦੋਸ਼ੀ ਪ੍ਰਧਾਨ ਮੰਤਰੀ ਨੂੰ ਬਲਬੀਰ ਸਿੰਘ ਨੇ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਉਸ ਨੇ ਇਸ ਸੰਬੰਧੀ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ ਨੂੰ ਭੜਕਾਇਆ ਸੀ। ਸਤੰਬਰ ੧੯੮੪ ਈ. ਦੇ ਪਹਿਲੇ ਹਫ਼ਤੇ ਜਦੋਂ ਇਕ ਬਾਜ਼ ਪ੍ਰਧਾਨ ਮੰਤਰੀ ਨਿਵਾਸ ਨੇੜੇ ਇਕ ਰੁੱਖ ‘ਤੇ ਆ ਕੇ ਬੈਠਿਆ ਤਾਂ ਸ. ਬਲਬੀਰ ਸਿੰਘ ਦੀ ਉਸ ‘ਤੇ ਨਜ਼ਰ ਪਈ ਤਾਂ ਉਸ ਨੇ ਸ. ਬੇਅੰਤ ਸਿੰਘ ਨੂੰ ਵੀ ਇਹ ਦ੍ਰਿਸ਼ ਦੇਖਣ ਲਈ ਬੁਲਾਇਆ। ਦੋਵੇਂ ਇਸ ਗੱਲ ‘ਤੇ ਸਹਿਮਤ ਹੋ ਗਏ ਕਿ ਇਹ ਬਾਜ਼ ਦਸਮੇਸ਼ ਪਿਤਾ ਦਾ ਇਹ ਸੁਨੇਹਾ ਲੈ ਕੇ ਆਇਆ ਹੈ ਕਿ ਘੱਲੂਘਾਰਾ ਜੂਨ ੧੯੮੪ ਈ. ਦਾ ਬਦਲਾ ਲਿਆ ਜਾਵੇ। ਦੋਵਾਂ ਨੇ ਉੱਥੇ ਹੀ ਅਰਦਾਸ ਕਰ ਦਿੱਤੀ ਸੀ।

ਮੌਜੂਦਾ ਸਮੇਂ ਵਿਚ ਪੰਜਾਬ ਵਿਚ ਬਾਜ਼ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਪਰ ਨਵੰਬਰ ੨੦੨੦ ਵਿਚ ਜਦੋਂ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ’ਤੇ ਮੋਰਚਾ ਲਾਇਆ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਰਾਹ ਰੋਕਣ ਲਈ ਸਖ਼ਤ ਰੁਕਾਵਟਾਂ ਖੜੀਆਂ ਕੀਤੀਆਂ ਸਨ। ਕਿਸਾਨਾਂ ਦੇ ਮੁੱਖ ਪੰਡਾਲ ਅਤੇ ਸਰਕਾਰੀ ਰੋਕਾਂ ਦੇ ਵਿਚਕਾਰ ਨਿਹੰਗ ਸਿੰਘਾਂ ਨੇ ਆਪਣੀ ਛਾਉਣੀ ਲਗਾ ਲਈ ਸੀ। ਉਨ੍ਹਾਂ ਕੋਲ ਘੋੜੇ, ਬਾਜ ਅਤੇ ਸ਼ਸਤਰ ਮੌਜੂਦ ਸਨ। ਬਾਜ਼ ਇਕ ਤੰਬੂ ਦੇ ਉਤਲੇ ਪਾਸੇ ਬੈਠਾ ਰਹਿੰਦਾ ਸੀ ਜਿਸ ਨੂੰ ਦੇਖਣ ਅਤੇ ਤਸਵੀਰਾਂ ਖਿਚਾਵਉਣ ਵਾਲਿਆਂ ਦੀ ਭੀੜ ਹਮੇਸ਼ਾਂ ਬਣੀ ਰਹਿੰਦੀ ਸੀ। ਨਿਹੰਗ ਸਿੰਘ ਦਸਮੇਸ਼ ਪਿਤਾ ਦੇ ਇਸ ਪ੍ਰਤੀਕ ਬਾਰੇ ਸੰਗਤ ਨੂੰ ਜਾਣਕਾਰੀ ਪ੍ਰਦਾਨ ਕਰਦੇ ਸਨ।

ਬਾਜ਼ ਸਿੱਖ ਮਾਨਸਿਕਤਾ ਵਿਚ ਪ੍ਰਵੇਸ਼ ਕਰ ਗਿਆ ਹੈ ਅਤੇ ਉਹ ਇਸ ਦੀ ਦਲੇਰੀ, ਦ੍ਰਿੜ੍ਹਤਾ ਅਤੇ ਸੁਤੰਤਰਤਾ ਦੇ ਗੁਣਾਂ ਤੋਂ ਬਹੁਤ ਪ੍ਰਭਾਵਿਤ ਹਨ। ਸਿੱਖਾਂ ਵੱਲੋਂ ਸ਼ਸਤਰਾਂ ’ਤੇ ਸ਼ੇਰ ਜਾਂ ਬਾਜ਼ ਦਾ ਚਿੰਨ੍ਹ ਬਣਵਾਇਆ ਜਾਂਦਾ ਹੈ ਜਿਹੜਾ ਕਿ ਗੌਰਵਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਰਦੁਆਰਾ ਸਾਹਿਬਾਨ ਵਿਖੇ ਬਾਜ਼ ਦੇ ਚਿੱਤਰਾਂ ਜਾਂ ਚਿੰਨ੍ਹਾਂ ਦੇ ਦਰਸ਼ਨ ਚੜ੍ਹਦੀ ਕਲਾ ਵਿਚ ਰਹਿ ਕੇ ਜ਼ੁਲਮ ਖ਼ਿਲਾਫ਼ ਜੂਝਦੇ ਰਹਿਣ ਦੀ ਪ੍ਰੇਰਨਾ ਪੈਦਾ ਕਰਦੇ ਹਨ।