133 views 8 secs 0 comments

ਕਾਲਸੀ ਦਾ ਰਿਖੀ

ਲੇਖ
January 20, 2025

-ਸ. ਮੋਹਨ ਸਿੰਘ ਉਰਲਾਣਾ*

ਘਟ-ਘਟ ਦੇ ਜਾਨਣਹਾਰੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟੇ ਨਗਰ ਇਕ ਦਿਨ ਸਵੇਰੇ ਬਹੁਤ ਕਾਹਲੀ ਨਾਲ ਉੱਠੇ। ਭਾਵੇਂ ਸਰਦੀ ਦਾ ਮੌਸਮ ਸੀ ਪਰ ਬਹੁਤ ਜ਼ਿਆਦਾ ਠੰਢ ਵੀ ਨਹੀਂ ਸੀ। ਹਜ਼ੂਰ ਉੱਠੇ ਤੇ ਦੀਵਾਨ ਵਿਚ ਅੱਪੜੇ ਅਤੇ ਬਾਰ-ਬਾਰ ਇਹੀ ਕਹਿ ਰਹੇ ਸਨ:
“ ਬੜਾ ਪਾਲਾ ਲੱਗਦਾ ਹੈ ਹੱਢ ਕੜਕਦੇ ਹਨ।”
ਅਤੇ ਕਦੇ ਇਹ ਵੀ ਕਹੀ ਜਾਂਦੇ,
“ਉਮਰਾ ਵਡੇਰੀ ਹੋ ਗਈ ਹੈ।”

ਸਿੱਖ ਆਪ ਜੀ ਦੇ ਇਨ੍ਹਾਂ ਸ਼ਬਦਾਂ ਦੀ ਗਹਿਰਾਈ ਅਤੇ ਚੋਜ ਤਾਂ ਨਹੀਂ ਸੀ ਜਾਣ ਰਹੇ ਪਰ ਕਿਸੇ ਨਵੇਂ ਕੌਤਕ ਦੀ ਉਡੀਕ ਵਿਚ ਜ਼ਰੂਰ ਸਨ। ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਜੀ ਨੇ ਨਾਹਨ ਦੇ ਵਜ਼ੀਰ ਨੂੰ ਸੱਦ ਕੇ ਕਿਹਾ,
“ਰਾਜੇ ਨੂੰ ਆਖੋ ਸਾਡੇ ਨਾਲ ਕੁਝ ਦਿਨ ਸ਼ਿਕਾਰ ਲਈ ਚੱਲੇ, ਕਹਾਰ ਅਤੇ ਡੋਲੀ ਵੀ ਨਾਲ ਲੈ ਕੇ ਚੱਲਣੀ ਹੈ।”

ਜਿਸ ਜਗ੍ਹਾ ਯਮੁਨਾ ਅਤੇ ਟੌਂਸ ਨਦੀ ਦਾ ਸੰਗਮ ਹੈ ਉਸ ਤੋਂ ਕੋਹ ਦੋ ਕੋਹ ਪਰੇ ਚਕਰਾਤੇ ਵੱਲੋਂ ਆ ਰਹੀ ਇੱਕ ਨਦੀ ਦੇ ਨੇੜੇ ਇਕ ਨਗਰ ਵੱਸਿਆ ਹੋਇਆ ਹੈ। ਜਿਸ ਨੂੰ ਕਾਲਸੀ ਆਖਦੇ ਹਨ, ਇਸ ਤੋਂ ਹੇਠਾਂ ਯਮੁਨਾ ਨਦੀ ਦਾ ਪੁਲ ਹੈ ਜਿਸ ਉੱਤੋਂ ਦੇਹਰਾਦੂਨ ਤੋਂ ਆਈ ਸੜਕ ਲੰਘਦੀ ਹੈ। ਇਸ ਦੇ ਲਾਗੇ ਇਕ ਪੱਥਰ ਪਿਆ ਹੈ ਜਿਸ ਉੱਤੇ ਮਹਾਰਾਜਾ ਅਸ਼ੋਕ ਦੇ ਹੁਕਮ ਲਿਖੇ ਹੋਏ ਹਨ, ਇਹ ਸਾਰਾ ਇਲਾਕਾ ਬੜਾ ਸੁੰਦਰ ਅਤੇ ਰਮਣੀਕ ਹੈ। ਇੱਥੇ ਹੀ ਇੱਕ ਬ੍ਰਾਹਮਣ ਨੇ ਕੁਟੀਆ ਪਾਈ ਹੋਈ ਸੀ, ਜ਼ਿਆਦਾ ਤਪੱਸਿਆ ਕਰਨ ਕਰਕੇ ਲੋਕ ਉਸ ਨੂੰ ਰਿਖੀ ਆਖਦੇ ਸਨ।

ਕਿਸੇ ਸਮੇਂ ਸਿਰਮੌਰ ਰਿਆਸਤ ਦਾ ਰਾਜਾ ਮੇਦਨੀ ਪ੍ਰਕਾਸ਼ ਅਤੇ ਮੰਤਰੀ ਵੀ ਰਾਜਧਾਨੀ ਨਾਹਨ ਤੋਂ ਚੱਲ ਕੇ ਉਸ ਕੋਲ ਗਏ ਸਨ ਕਿ ਉਸ ਨੂੰ ਵਰ ਦੇਵੋ, “ਉਹ ਰਾਜਾ ਫਤੇ ਚੰਦ ਗੜਵਾਲ ਵਾਲੇ ਤੋਂ ਹਾਰ ਨਾ ਖਾਵੇ।”

ਤਾਂ ਜਵਾਬ ਵਿਚ ਰਿਖੀ ਨੇ ਉਸ ਨੂੰ ਕਿਹਾ ਸੀ, “ਮੇਰਾ ਜੋਤਿਸ਼ ਇਹ ਕਹਿੰਦਾ ਹੈ ਕਿ ਕਿਸੇ ਮਹਾਂਬਲੀ ਅਵਤਾਰ ਦੇ ਪ੍ਰਗਟ ਹੋਣ ਦਾ ਸਮਾਂ ਆ ਚੁੱਕਾ ਹੈ। ਜੇ ਤੁਸੀਂ ਉਸ ਦੀ ਸ਼ਰਨ ਵਿਚ ਚਲੇ ਜਾਉ ਤਾਂ ਤੁਹਾਡੀ ਹਰ ਪਾਸਿਓਂ ਜਿੱਤ ਹੋਵੇਗੀ।”
ਇਸ ਦੇ ਨਾਲ ਹੀ ਰਿਖੀ ਨੇ ਰਾਜੇ ਨੂੰ ਇਹ ਵੀ ਕਿਹਾ ਸੀ,

“ਜਦੋਂ ਤੁਹਾਨੂੰ ਇਨ੍ਹਾਂ ਦੱਸੇ ਹੋਏ ਪਤਿਆਂ ਵਾਲਾ ਅਵਤਾਰ ਮਿਲੇ ਤਾਂ ਮੈਨੂੰ ਉਸ ਦੇ ਦਰਸ਼ਨ ਜ਼ਰੂਰ ਕਰਾਉਣੇ ਕਿਉਂਕਿ ਮੈਂ ਬੁੱਢਾ ਹੋ ਚੁੱਕਾ ਹਾਂ ਤੇ ਫਿਰ ਤੁਰ ਕੇ ਉਨ੍ਹਾਂ ਨੂੰ ਭਾਲ ਨਹੀਂ ਸਕਦਾ।”

ਰਿਖੀ ਨੇ ਜੋ ਨਿਸ਼ਾਨੀਆਂ ਦੱਸੀਆਂ ਸਨ ਉਹ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀਆਂ ਪ੍ਰਤੀਤ ਹੋਈਆਂ, ਜਦ ਰਾਜੇ ਨੇ ਸਾਰੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਕਹਿਲੂਰੀ ਰਾਜਾ ਭੀਮ ਚੰਦ ਸਾਹਿਬਾਂ ਨਾਲ ਕੁਝ ਔਖਾ ਰਹਿੰਦਾ ਹੈ। ਨਾਹਨ-ਪਤੀ ਮੇਦਨੀ ਪ੍ਰਕਾਸ਼ ਨੇ ਆਪ ਜੀ ਨੂੰ ਬੜੇ ਆਦਰ ਸਤਿਕਾਰ ਨਾਲ ਬੁਲਾਵਾ ਘੱਲਿਆ ਗੁਰੂ ਜੀ ਸੰਨ ੧੬੮੫ ਵਿਚ ਉਸ ਦੀ ਰਿਆਸਤ ਵਿਚ ਆਏ ਤਾਂ ਰਾਜੇ ਨੇ ਕਿਆਰਦੂਨ ਵਿਚ ਡੇਰਾ ਕਰਵਾ ਦਿੱਤਾ ਤੇ ਗੁਰੂ ਜੀ ਨੇ ਯਮੁਨਾ ਨਦੀ ਕਿਨਾਰੇ ਤੇ ਨਗਰ ਵਸਾਇਆ ਜਿਸ ਦਾ ਨਾਂ ਪਾਂਵਟਾ ਅਥਵਾ ਪਾਉਂਟਾ ਧਰਿਆ :
ਪਾਂਵ ਟਿਕਯੋ ਸਤਿਗੁਰੂ ਕੋ ਆਨੰਦਪੁਰਿ ਤੇ ਆਏ।
ਨਾਮ ਧਰਯੋ ਇਮ ਪਾਂਵਟਾ ਸਭਿ ਦੇਸ਼ਨ ਪ੍ਰਗਟਾਇ ॥੪੨॥
(ਸ੍ਰੀ ਗੁਰ ਪ੍ਰਤਾਪ ਸੂਰਜ ਕ੍ਰਿਤ: ਗਿ. ਸੰਤੋਖ ਸਿੰਘ, ਸੰਪਾਦਨ: ਭਾਈ ਵੀਰ ਸਿੰਘ, ਪ੍ਰਕਾਸ਼ਕ: ਭਾਸ਼ਾ ਵਿਭਾਗ ਪੰਜਾਬ, ਰਿਤੂ ੧, ਅੰਸੂ ੪੭, ਪੰਨਾ ੪੬੮੧, ਜਿਲਦ ਗਿਆਰ੍ਹਵੀਂ)

ਰਿਖੀ ਨੇ ਰਾਜੇ ਤੇ ਮੰਤਰੀ ਨੂੰ ਜੋ ਇਹ ਕਿਹਾ ਸੀ ਜਦੋਂ ਤੁਹਾਨੂੰ ਮਿਲਣ ਤਾਂ ਮੈਨੂੰ ਵੀ ਮਿਲਾਇਓ ਉਨ੍ਹਾਂ ਨੂੰ ਇਹ ਸਭ ਭੁੱਲ ਗਿਆ ਸੀ। ਰਿਖੀ ਬੁੱਢਾ ਤੇ ਕਮਜ਼ੋਰ ਹੋ ਚੁੱਕਾ ਸੀ, ਸਿਆਲੇ ਦੀ ਠੰਢ ਲੱਗਦੀ ਸੀ ਪਰ ਮਨ ਹੀ ਮਨ ਮਿੰਨਤਾਂ ਕਰਦਾ ਸੀ, “ਮਰਨ ਤੋਂ ਪਹਿਲਾਂ ਮੈਨੂੰ ਇਕ ਵਾਰ ਦੀਦਾਰ ਜ਼ਰੂਰ ਦਿਓ।”

ਪਾਉਂਟਾ ਸਾਹਿਬ ਬੈਠੇ ਅੰਤਰਜਾਮੀ ਗੁਰੂ ਜੀ ਉਸ ਦੀ ਇਸ ਅਵਸਥਾ ਨੂੰ ਸੁਣ ਤੇ ਸਮਝ ਰਹੇ ਸਨ। ਇਸੇ ਲਈ ਰਿਖੀ ਜੋ ਗੱਲਾਂ ਆਪਣੀ ਕੁਟੀਆ ਵਿਚ ਕਰ ਰਿਹਾ ਸੀ, ਓਹੀ ਗੱਲਾਂ ਆਪ ਮੁਹਾਰੇ ਆਪ ਜੀ ਦੇ ਮੁਖਾਰਬਿੰਦ ਥੀਂ ਨਿਕਲ ਰਹੀਆਂ ਸਨ,
“ਬੜਾ ਪਾਲਾ ਲੱਗਦਾ ਹੈ।”
“ਹੱਥ ਕੜਕਦੇ ਹਨ।”
“ਉਮਰਾ ਵਡੇਰੀ ਹੋ ਗਈ ਹੈ।”

ਇਸ ਲਈ ਆਪ ਰਿਖੀ ਨੂੰ ਦਰਸ਼ਨ ਦੇਣਾ ਚਾਹੁੰਦੇ ਸਨ, ਜਿਸ ਕਾਰਨ ਆਪ ਜੀ ਰਾਜੇ ਤੇ ਮੰਤਰੀ ਨੂੰ ਸੱਦ ਕੇ, ਸ਼ਿਕਾਰ ਦਾ ਬਹਾਨਾ ਬਣਾ ਰਿਖੀ ਦੀ ਕੁਟੀਆਂ ਵੱਲ ਤੁਰ ਪਏ।

ਰਿਖੀ ਦਾ ਇਕ ਸਿੱਧਾ-ਸਾਦਾ ਬੜੇ ਪਿਆਰ ਵਾਲਾ ਸੇਵਕ ਚਾਂਦੋ ਸੀ। ਰਿਖੀ ਨੇ ਉਸ ਨੂੰ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੱਸ ਕੇ ਕਿਹਾ ਸੀ,

“ਜੇ ਤੈਨੂੰ ਤੁਰਦਿਆਂ ਫਿਰਦਿਆਂ ਇਹ ਮਿਲ ਜਾਣ ਤਾਂ ਮੈਨੂੰ ਇਨ੍ਹਾਂ ਦੇ ਦਰਸ਼ਨ ਜ਼ਰੂਰ ਕਰਾਵੀਂ ਤੇ ਜੇ ਮੈਂ ਮਰ ਗਿਆਂ ਤਾਂ ਢੂੰਡ ਕਰੀਂ, ਜੇ ਤੈਨੂੰ ਮਿਲ ਪੈਣ ਤਾਂ ਮੇਰਾ ਇਹ ਸੁਨੇਹਾ ਜ਼ਰੂਰ ਦੇਵੀਂ।”
ਸੁਨੇਹਾ ਇਹ ਸੀ-
“ਇਕ ਸਿਕਦਾ ਤਪੀਆ ਯਮਨਾ ਤਟ ਦਰਸ਼ਨਾਂ ਦੀਆਂ ਲੋਚਨਾ ਵਿਚ ਤੁਰ ਗਿਆ ਹੈ, ਉਸ ਦੇ ਪਾਸ ਧਨ ਸੀ ਜੋ ਟੋਲ ਕਰਾਉਂਦਾ, ਉਸ ਦੇ ਪਾਸ ਮਨੁੱਖ ਨਹੀਂ ਸਨ ਜੋ ਸੂੰਹਾਂ ਕੱਢਦਾ। ਉਸ ਨੂੰ ਝਉਲਾ ਪੈਂਦਾ ਸੀ, ਸੱਦ ਸੁਣਾਈ ਦੇਂਦੀ ਸੀ, ਉਹ ਤੜਫਦਾ ਸੀ ਤੇ ਸਿੱਕਦਾ ਸੀ, ਲੁੱਛਦਾ ਸੀ ਤੇ ਸਧਰਾਂਦਾ ਸੀ ਪਰ ਅੱਪੜ ਨਹੀਂ ਸੀ ਸਕਦਾ। ਐਉਂ ਸੋਂਹਦਾ ਲੋਂਹਦਾ, ਰਾਹ ਤਕਾਂਦਾ ਤਕਾਂਦਾ, ਆਸਾਂ ਭਰਿਆ ਟੁਰ ਗਿਆ ਹੈ, ਉਸਦੀ ਬਾਹੁੜੀ ਕਰਨੀ।”
(ਗੁਰ ਬਾਲਮ ਸਾਖੀਆਂ, ਪਾ. ੧੦, ਕ੍ਰਿਤ ਭਾ. ਵੀਰ ਸਿੰਘ ਪੰਨਾ ੯੨੬)

ਉਸ ਤੋਂ ਬਾਅਦ ਰਿਖੀ ਦੇ ਮਨ ਅੰਦਰ ਗੁਰ-ਦਰਸ਼ਨਾਂ ਦੀ ਲੋਚਾ ਐਨੀ ਪ੍ਰਬਲ ਹੋ ਗਈ ਕਿ ਉਹ ਹਰ ਵਕਤ ਗੁਰੂ ਜੀ ਨੂੰ ਚਿਤਵਨ ਲੱਗ ਪਿਆ:
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥
ਖੋਲ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੭੦੩)
ਇਹ ਤਾਂ ਰਿਖੀ ਦਾ ਸੁਨੇਹਾ ਸੀ, ਨਿਸ਼ਾਨੀਆਂ ਵਿੱਚੋਂ ਜੋ ਨਿਸ਼ਾਨੀ ਚਾਂਦੋ ਨੂੰ ਸਭ ਤੋਂ ਪੱਕੀ ਲੱਗੀ ਉਹ ਇਹ ਸੀ ਕਿ ਗੁਰੂ ਪਾਤਸ਼ਾਹ ਦੀਆਂ ਬਾਹਵਾਂ ਏਨੀਆਂ ਲੰਮੀਆਂ ਹੋਣਗੀਆਂ ਕਿ ਜਦ ਪਾਲਮਾ ਦੇਣਗੇ ਤਾਂ ਗੋਡਿਆਂ ਤਕ ਪਹੁੰਚਣਗੀਆਂ। ਜਦ ਗੁਰੂ ਸਾਹਿਬ ਰਾਜੇ ਤੇ ਵਜੀਰ ਸਮੇਤ ਜੰਗਲ ਵਿਚ ਪਹੁੰਚੇ ਤਾਂ ਇਹ ਬੱਚਾ ਚਾਂਦੋ ਨਦੀ ਤੋਂ ਪਰੇ ਹੇਠਾਂ ਵਾਲੇ ਪਾਸੇ ਗੁਰੂ ਸਾਹਿਬਾਂ ਦੀ ਭਾਲ ਕਰ ਰਿਹਾ ਸੀ ਤੇ ਨਾਲ ਹੀ ਮਨ ਵਿਚ ਸੋਚ ਰਿਹਾ ਸੀ ਮੇਰੇ ਮੁੜ ਕੇ ਜਾਂਦੇ ਤਕ ਰਿਖੀ ਮਰ ਹੀ ਨਾ ਜਾਵੇ।

ਜਗ ਚਾਂਦੋ ਦੀ ਨਿਗ੍ਹਾ ਗੁਰੂ ਸਾਹਿਬ ’ਤੇ ਪਈ ਤੇ ਬਾਹਾਂ ਪਲਮਦੀਆਂ ਵੇਖੀਆਂ ਤਾਂ ਭੱਜ ਕੇ ਆਪ ਜੀ ਦੇ ਕੋਲ ਚਲਿਆ ਗਿਆ ਅਤੇ ਆਪ ਜੀ ਦੇ ਹੱਥ ਫੜ ਕੇ ਗੋਡਿਆਂ ਨੂੰ ਲਾ ਕੇ ਬੋਲ ਉੱਠਿਆ,

“ਆਪ ਹੋ ਨਾ ਜੀ”
“ਹੈਂ ਜੀ …” ਗੁਰੂ ਅਉਤਾਰ ਹੋ ਨਾ ਜੀ?”
ਫਿਰ ਬੋਲਿਆ,
“ਲਓ ਸੁਨੇਹਾ ਲੈ ਲਓ”
ਤਦ ਉਹ ਸੁਨੇਹਾ ਸੁਣਾ ਦਿੱਤਾ।
ਗੁਰੂ ਜੀ ਨੇ ਬੜੇ ਧਿਆਨ ਨਾਲ ਤੇ ਪਿਆਰ ਨਾਲ ਸੁਨੇਹਾ ਸੁਣਿਆ ਤੇ ਫੇਰ ਬੋਲੇ,
“ਨਹੀਂ, ਰਿਖੀ ਜੀਊਂਦਾ ਹੈ।”
ਇਹ ਕਹਿ ਕੇ ਚਾਂਦੋ ਨੂੰ ਨਾਲ ਲੈ ਘੋੜੇ ‘ਤੇ ਚੜ੍ਹ ਕੇ ਰਿਖੀ ਕੋਲ ਜਾ ਪਹੁੰਚੇ, ਰਿਖੀ ਬੇਹੋਸ਼ ਪਿਆ ਸੀ। ਜਦ ਗੁਰੂ ਸਾਹਿਬ ਨੇ ਰਾਜੇ ਤੇ ਵਜੀਰ ਪਾਸੋਂ ਰਿਖੀ ਦੇ ਹੱਥ ਪੈਰ ਝਸਵਾਏ, ਆਪ ਉਸ ਦੇ ਸਿਰ ‘ਤੇ ਹੱਥ ਰੱਖਿਆ ਤਾਂ ਰਿਖੀ ਨੂੰ ਹੋਸ਼ ਆ ਗਈ।

ਸਮਰੱਥ ਗੁਰੂ ਦੇ ਦਰਸ਼ਨ ਕਰ ਉਸ ਦਾ ਲੂੰ ਲੂੰ ਖਿੜ ਉਠਿਆ ਉਸ ਵਿਚ ਨਵੀਂ ਜਾਨ ਆ ਗਈ, ਸਾਰੀ ਉਮਰ ਦੀ ਮੁਰਾਦ ਪੂਰੀ ਹੋ ਗਈ –
ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕਿ ਅੰਕੁ ਮਿਲਾਈ ॥
ਬਿਨਵੰਤਿ ਨਾਨਕੁ ਸੁਖ ਸੁਖਦੀ ਸਾ ਮੈ ਗੁਰ ਮਿਲਿ ਪਾਈ ॥੪॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੭੦੪)
‘ ਸਾਹਿਬ ਨੇ ਆਪਣੇ ਪਿਆਰੇ ਨੂੰ ਨਦਰੀ ਨਦਰਿ ਨਿਹਾਲ ਕਰ ਦਿੱਤਾ। ਰਾਤ ਪੈ ਚੁੱਕੀ ਸੀ, ਉਹ ਰਾਤ੍ਰੀ ਗੁਰੂ ਜੀ ਨੇ ਉੱਥੇ ਹੀ ਗੁਜ਼ਾਰੀ, ਅਗਲੇ ਦਿਨ ਗੁਰੂ ਸਾਹਿਬ ਨੇ ਹੁਕਮ ਕੀਤਾ,

“ਰਿਖੀ ਨੂੰ ਡੋਲੀ ਵਿਚ ਪਾ ਕੇ ਪਾਉਂਟੇ ਲੈ ਚੱਲੋ, ਬਾਕੀ ਦੇ ਦਿਨ ਇਹ ਸਾਡੇ ਨਾਲ ਗੁਜ਼ਾਰਨਗੇ।”
ਜਦ ਬਾਲਕ ਚਾਂਦੋ ਨੂੰ ਕੁਟੀਆ ਵਿਚ ਰਹਿਣ ਲਈ ਕਿਹਾ ਗਿਆ ਤਾਂ ਉਹ ਸੱਚੇ-ਸੁੱਚੇ ਪਿਆਰ ਨਾਲ ਕਹਿਣ ਲੱਗਾ, “ਮੈਨੂੰ ਵੀ ਨਾਲ ਲੈ ਚੱਲੋ, ਮੈਂ ਗਾਈਆਂ ਚਾਰਾਂਗਾ, ਆਪ ਜੀ ਨੂੰ ਦੁੱਧ ਪਿਆਵਾਂਗਾ, ਸੋਹਣੇ-ਸੋਹਣੇ ਹੱਥ ਚੁੰਮਦਾ ਤੇ ਆਪ ਦੇ ਦਰਸ਼ਨ ਕਰਦਾ ਰਹਾਂਗਾ।

ਗੁਰੂ ਸਾਹਿਬ ਉਸ ਦੇ ਨਿਰਛਲ ਤੇ ਸੱਚੇ-ਸੁੱਚੇ ਪਿਆਰ ‘ਤੇ ਰੀਝ ਪਏ ਦੋ ਸਵਾਰ ਦੇ ਕੇ ਕਿਹਾ, “ ਇਸ ਬਾਲਕ ਨੂੰ ਵੀ ਗਊਆਂ ਸਮੇਤ ਪਾਉਂਟੇ ਲੈ ਆਉਣਾ।”

ਇਸ ਤਰ੍ਹਾਂ ਰਿਖੀ ਤੇ ਉਸ ਦੇ ਸੇਵਕ, ਦੋਹਾਂ ਦੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਪੂਰੀ ਹੋ ਗਈ। ਅੱਜ ਵੀ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਡਿਉਢੀ ਦੇ ਅੰਦਰ ਵੜਦਿਆਂ ਸੱਜੇ ਹੱਥ ਕਾਲਸੀ ਰਿਖੀ ਦੇ ਸਸਕਾਰ ਵਾਲੀ ਜਗ੍ਹਾ ‘ਤੇ ਇਕ ਥੜ੍ਹਾ ਬਣਿਆ ਹੋਇਆ ਹੈ ਜੋ ਰਿਖੀ ਦੇ ਗੁਰੂ ਸਾਹਿਬਾਂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ। ਸੰਨ ੧੯੭੯-੮੦ ਵਿਚ ਦਾਸ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।