ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਰਮਿੰਘਮ (ਯੂ.ਕੇ.) ਦੇ ਟਰੱਸਟੀ ਭਾਈ ਹਰਦੀਪ ਸਿੰਘ ਤੇ ਭਾਈ ਮਨਜਿੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਤੀ 24 ਤੋਂ 27 ਜਨਵਰੀ 2025 ਤਕ ਮਹਾਨ ਕੀਰਤਨ ਦਰਬਾਰ, ਰਾਗ ਦਰਬਾਰ, ਰੈਣ ਸਬਾਈ ਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਪੰਥ ਪ੍ਰਸਿੱਧ ਸਿੰਘ ਸਾਹਿਬਾਨ, ਕਥਾਵਾਚਕ, ਰਾਗੀ ਜਥੇ, ਕਵੀਸ਼ਰ ਤੇ ਢਾਡੀ ਸੰਗਤਾਂ ਨੂੰ ਪਾਵਨ ਗੁਰਬਾਣੀ, ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ। ਇਸ ਪਾਵਨ ਮੌਕੇ ਵਿਸ਼ੇਸ਼ ਰੂਪ ਵਿਚ ਨੌਜੁਆਨਾਂ ਅੰਦਰ ਸਿੱਖੀ ਪ੍ਰਚਾਰ-ਪ੍ਰਸਾਰ ਕਰਨ ਲਈ ਜਿੱਥੇ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਮੁਕਾਬਲੇ ਤੇ ਗੱਤਕਾ ਮੁਕਾਬਲੇ ਕਰਵਾਏ ਜਾਣਗੇ, ਉਥੇ ਹੀ ਨੌਜੁਆਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਾਲੀਬਾਲ ਟੂਰਨਾਮੈਂਟ ਤੇ ਰੱਸਾ ਕੱਸੀ ਮੁਕਾਬਲੇ ਵੀ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ 26 ਜਨਵਰੀ ਦਿਨ ਐਤਵਾਰ ਨੂੰ 108 ਸ੍ਰੀ ਅਖੰਡ ਪਾਠ ਸਾਹਿਬ ਅਤੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ ਅਤੇ 12 ਵਜੇ ਤੋਂ 4 ਵਜੇ ਤਕ ਚੌਪਹਿਰਾ ਸਾਹਿਬ ਸਮਾਗਮ ਹੋਵੇਗਾ। ਉਪਰੰਤ ਸ਼ਾਮ ਨੂੰ 7 ਵਜੇ ਆਤਿਸ਼ਬਾਜ਼ੀ ਕੀਤੀ ਜਾਵੇਗੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਸਾਰੇ ਸਮਾਗਮ ਗੁਰਦੁਆਰਾ ਸਾਹਿਬ ਦੇ ਫੇਸਬੁਕ ਪੇਜ ਉੱਪਰ ਲਾਈਵ ਪ੍ਰਸਾਰਿਤ ਕੀਤੇ ਜਾਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਵੀ ਜਿੱਥੇ ਗੁਰਮਤਿ ਸਮਾਗਮ ਕਰਵਾਏ ਜਾਣਗੇ ਉਥੇ ਹੀ ਵਾਲੀਬਾਲ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਬੇਨਤੀ ਵੀ ਕੀਤੀ।
