-ਸੁਖਦੇਵ ਸਿੰਘ ਸ਼ਾਂਤ
ਸ੍ਰੀ ਗੁਰੂ ਨਾਨਕ ਦੇਵ ਜੀ ਦੂਰ-ਦੂਰ ਤੱਕ ਮਨੁੱਖਤਾ ਦੇ ਭਲੇ ਲਈ ਆਪਣਾ ਸੁਨੇਹਾ ਦੇਣ ਲਈ ਗਏ। ਇਸ ਸਫਰ ਵਿਚ ਮਰਦਾਨਾ ਜੀ ਉਨ੍ਹਾਂ ਦੇ ਸੱਚ ਸਾਥੀ ਸਨ।
ਇਕ ਵਾਰ ਮਰਦਾਨਾ ਜੀ ਨੂੰ ਕਿਸੇ ਪਿੰਡ ਦੇ ਬਾਹਰ ਰਸਤੇ ਵਿਚ ਪਈ ਇਕ ਛੋਟੀ ਜਿਹੀ ਪੋਟਲੀ ਨਜ਼ਰ ਆਈ। ਉਨ੍ਹਾਂ ਨੇ ਗੁਰੂ ਜੀ ਤੋਂ ਅੱਖ ਬਚਾ ਕੇ ਉਹ ਪੋਟਲੀ ਚੁੱਕ ਲਈ। ਮੌਕਾ ਮਿਲਣ ‘ਤੇ ਉਨ੍ਹਾਂ ਨੇ ਦੇਖਿਆ ਕਿ ਪੋਟਲੀ ਵਿਚ ਸੋਨੇ ਚਾਂਦੀ ਦੇ ਦੋ-ਚਾਰ ਗਹਿਣੇ ਸਨ। ਭਾਈ ਮਰਦਾਨਾ ਜੀ ਨੇ ਆਪਣੀ ਬੁੱਕਲ ਵਿਚ ਉਹ ਪੋਟਲੀ ਚੰਗੀ ਤਰ੍ਹਾਂ ਲੁਕਾ ਲਈ।
ਰਾਤ ਪੈਣ ਵਾਲੀ ਸੀ। ਜਿਸ ਥਾਂ ‘ਤੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਜਾ ਰਹੇ ਸਨ ਉਹ ਜੰਗਲੀ ਇਲਾਕਾ ਸੀ। ਡਾਕੂਆਂ ਅਤੇ ਲੁਟੇਰਿਆਂ ਦਾ ਡਰ ਇਸ ਕਿਸਮ ਦੇ ਇਲਾਕੇ ਵਿਚ ਬਹੁਤ ਸੀ।
ਮਰਦਾਨਾ ਜੀ ਬਹੁਤ ਡਰੇ ਹੋਏ ਸਨ। ਉਨ੍ਹਾਂ ਦਾ ਚਿਹਰਾ ਉੱਤਰਿਆ ਹੋਇਆ ਸੀ । ਉਨ੍ਹਾਂ ਨੂੰ ਪੋਟਲੀ ਦਾ ਫਿਕਰ ਵੱਢ-ਵੱਢ ਖਾਈ ਜਾ ਰਿਹਾ ਸੀ। ਉਹ ਚਾਹੁੰਦੇ ਸਨ ਕਿ ਜਲਦੀ ਕਿਸੇ ਪਿੰਡ ਵਿਚ ਪਹੁੰਚਿਆ ਜਾਵੇ ਤਾਂ ਕਿ ਡਾਕੂ-ਲੁਟੇਰਿਆਂ ਦਾ ਡਰ ਖਤਮ ਹੋਵੇ । ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਦੀ ਹਾਲਤ ਦੇਖ ਕੇ ਸਾਰਾ ਕੁਝ ਸਮਝ ਗਏ। ਆਪ ਜੀ ਨੇ ਫਰਮਾਇਆ “ਭਾਈ ਮਰਦਾਨਿਆ, ਕਿਉਂ ਡਰੀ ਜਾ ਰਿਹੈਂ ? ਡਰ ਵਾਲੀ ਚੀਜ਼ ਨੂੰ ਪਰ ਸੁੱਟ ਦੇਹ!
ਭਾਈ ਮਰਦਾਨਾ ਜੀ ਇਕ ਦਮ ਸਾਰਾ ਕੁਝ ਸਮਝ ਗਏ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਉਨ੍ਹਾਂ ਨੇ ਪੋਟਲੀ ਵਗਾਹ ਮਾਰੀ। ਹੁਣ ਉਹ ਨਿਸ਼ਚਿੰਤ ਸਨ ਤੇ ਕਿਤੇ ਵੀ ਸੌਂ ਸਕਦੇ ਸਨ।
ਖੁੱਸਣ ਦਾ ਡਰ ਬਹੁਤੀ ਵਾਰ ਸਾਨੂੰ ਤੰਗ ਕਰਦਾ ਹੈ। ਜੇਕਰ ਅਸੀਂ ਇਸ ਡਰ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ ਤਾਂ ਸਾਨੂੰ ਮਾਇਆ ਨਾਲ ਅਤੇ ਚੀਜ਼ਾਂ ਨਾਲ ਲੋੜ ਤੋਂ ਵੱਧ ਮੋਹ ਕਰਨ ਤੋਂ ਬਚਣਾ ਪਵੇਗਾ
