(ਖਾਲਸਾ ਅਖਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
-ਗਿਆਨੀ ਦਿੱਤ ਸਿੰਘ
ਆਖਦੇ ਹਨ ਇਕ ਵੇਰ ਸੁਥਰਾ ਕਿਸੇ ਧਰਮ ਸ਼ਾਸਤ੍ਰ ਦੇ ਪੜੇ ਹੋਏ ਪੰਡਤ ਪਾਸ ਜਾਇ ਬੈਠਿਆ ਜਿਸ ਪਰ ਬਾਤਾਂ ਕਰਦਿਆਂ -2 ਉਸ ਪੰਡਤ ਨੇ ਆਖ੍ਯਾ ਕਿ ਧਰਮ ਸ਼ਾਸਤ੍ਰ ਵਿਚ ਹੁਕਮ ਹੈ ਕਿ ਪੁਰਖ ਜਦ ਸੁਚੇਤੇ ਬੈਠੇ ਤਾਂ ਖਾਲੀ ਧਰਤੀ ਪਰ ਨਾ ਬੈਠੇ ਅਰਥਾਤ ਜਿਥੇ ਕਿਤੇ ਧਰਤੀ ਪਰ ਘਾਉ ਉਗਿਆ ਹੋਇਆ ਹੋਵੇ ਉਥੇ ਝਾੜੇ ਫਿਰੇ ਤਾਂ ਧਰਮਾਤਮਾ ਕਹਾਉਦਾ ਹੈ ਅਤੇ ਜੋ ਨਿਰੀ ਸਖਨੀ ਜਗ੍ਹਾ ਪਰ ਸੁਚੇਤੇ ਬੈਠੇਗਾ ਸੋ ਧਰਮ ਸ਼ਾਸਤ੍ਰ ਦੇ ਕਥਨਾਨੁਸਾਰ ਉਹ ਪਾਪੀ ਠਹਰੇਗਾ॥
ਇਸੀ ਪ੍ਰਕਾਰ ਸੁਥਰੇ ਨੇ ਇਸ ਬਾਤ ਪਰ ਵਿਸਵਾਸ ਕਰ ਲੀਤਾ ਅਤੇ ਆਖ੍ਯਾ ਕਿ ਧਰਮ ਸ਼ਾਸਤ੍ਰ ਦੀ ਆਗਿਆ ਪਾਲਨੀ ਜੋਗ ਹੈ ਜਿਸ ਪਰ ਇਕ ਦਿਨ ਜਦ ਸੁਚੇਤੇ ਹੋਨ ਗਿਆ ਤਾਂ ਹੋਰ ਤਾ ਕੋਈ ਜਗਾ ਨ ਮਿਲੀ ਤਦ ਉਸ ਨੂੰ ਇਕ ਸਰਕੁੜੇ ਦਾ ਬੂਟਾ ਮਿਲਿਆ, ਜਿਸ ਨੂੰ ਉਸ ਨੇ ਪੈਰ ਹੇਠ ਦੱਬ ਕੇ ਉਸ ਪਰ ਸੁਚੇਤੇ ਫਿਰ ਦਿੱਤਾ ਅਰ ਜਦ ਫਿਰ ਕੇ ਉਠਿਆ ਅਤੇ ਉਸ ਬੂਟੇ ਉਪਰੋਂ ਪੈਰ ਚੁਕਿਆ ਤਦ ਉਸੀ ਸਮੈ ਉਸ ਸਰਕੁੜੇ ਦੇ ਕਾਨੇ ਖੜੇ ਹੋ ਗਏ ਅਰ ਸਾਰੀ ਮੈਲ ਸੁਥਰੇ ਦੇ ਕੱਪੜਿਆਂ ਪਰ ਜਾਇ ਪਈ, ਜਿਸ ਪਰ ਉਹ ਬਹੁਤ ਤੰਗ ਹੋ ਕੇ ਸਾਰੇ ਕਪੜੇ ਬਿਸਟਾ ਨਾਲ ਭਰੇ ਹੋਏ ਲੈ ਕੇ ਦਰਿਆਉ ਨੂੰ ਨਸਿਆ ਪਰੰਤੂ ਜਦ ਉਹ ਸਿਰ ਤੋੜ ਨਸਿਆ ਜਾਂਦਾ ਸੀ ਤਦ ਲੋਕਾਂ ਨੈ ਪੁਛਿਆ ਕਿ ਸੁਥਰਿਆ ਇਹ ਕ੍ਯਾ ਹੋਇਆ ਹੈ ਜਿਸ ਪਰ ਉਸ ਨੇ ਉਤਰ ਦਿਤਾ (ਕਿ ਧਰਮ ਸ਼ਾਸਤ੍ਰ ਦੀ ਮਾਰ) ਇਸੀ ਪਰਕਾਰ ਇਸ ਹਿੰਦੂ ਕੌਮ ਪਰ ਭੀ ਅੱਜ ਕਲ ਧਰਮ ਸ਼ਾਸਤ੍ਰ ਦੀ ਮਾਰ ਹੋ ਰਹੀ ਹੈ ਜੋ ਹਜਾਰਾਂ ਹਿੰਦੂ ਅੱਜ ਕੱਲ ਮੁਸਲਮਾਨ ਅਤੇ ਈਸਾਈ ਹੋ ਕੈ ਇੰਨਾ ਦੇ ਹੀ ਅਰੰਤ ਵਿਰੋਧੀ ਹੋ ਰਹੇ ਹਨ ਪਰੰਤੂ ਇਨਾਂ ਦੇ ਧਰਮ ਸ਼ਾਸਤ੍ਰ ਵਿਚ ਕਿਸੇ ਈਸਾਈ ਅਤੇ ਮੁਸਲਮਾਨ ਦਾ ਹਿੰਦੂ ਕਰਨਾ ਨਹੀ ਹੈ ਸਗੋਂ ਇਸ ਪ੍ਰਕਾਰ ਦਾ ਹੁਕਮ ਹੈ ਕਿ ਜੋ ਕੋਈ ਪਤਤ ਭੀ ਹੋ ਜਾਇ ਸੋ ਗਊ ਦਾ ਗੋਹਾ ਅਤੇ ਮੂਤ੍ਰ ਖਾਏ ਅਰ ਭੁਖਾ ਮਰੇ ਤੇ ਕਈ ਪ੍ਰਕਾਰ ਦੇ ਕਲੇਸ ਸਹਾਰ ਕੇ ਹਜਾਰਾਂ ਰੁਪਏ ਦਾਨ ਦੇ ਕੇ ਰਲਨਾ ਚਾਹੇ ਤਾਂ ਰਲੇ ਪਰ ਫੇਰ ਭੀ ਅਜੇ ਕਚ ਪਕ ਹੀ ਹੈ ਇਸ ਧਰਮ ਸ਼ਾਸਤ੍ਰ ਦੀ ਮਾਰ ਤੇ ਹਜਾਰਾਂ ਆਦਮੀ ਦੂਸਰੇ ਮਤਾਂ ਵਿਚ ਗਏ ਹੋਏ ਫੇਰ ਮੁੜ ਕੇ ਨਹੀ ਆਏ ਪਰੰਤੂ ਖਾਲਸਾ ਪੰਥ ਦੇ ਪ੍ਯਾਰਿਆਂ ਨੇ ਅੱਜ ਕੱਲ ਇਨਾ ਪਤਤਾਂ ਲਈ ਸੋਖਾ ਰਸਤਾ ਖੋਲ ਛਡਿਆ ਹੈ ਜੋ ਅੰਮ੍ਰਿਤ ਛਕ ਕੇ ਦਸਮ ਗੁਰੂ ਜੀ ਦੀ ਸ਼ਰਨ ਆਏ ਸੋ ਆਪਨੇ ਭਾਈਆਂ ਦਾ ਭਾਈ ਬਨ ਸਕਦਾ ਹੈ।
(ਖਾਲਸਾ ਅਖਬਾਰ ਲਾਹੌਰ, ੨੪ ਮਈ ੧੮੯੫, ਪੰਨਾ : ੩)