-ਡਾ. ਗੁਰਤੇਜ ਸਿੰਘ ਠੀਕਰੀਵਾਲਾ
ਸਿੱਖ ਧਰਮ ਵਿਚ ਭਾਵੇਂ ਕਿਸੇ ਦਿਨ ਨੂੰ ਸ਼ੁਭ ਜਾਂ ਅਸ਼ੁਭ ਮੰਨਣ ਦਾ ਸਿਧਾਂਤਕ ਤੇ ਵਿਵਹਾਰਿਕ ਵਾਤਾਵਰਨ ਨਹੀਂ। ਕੁਝ ਉਤਸਵ ਅਜਿਹੇ ਹਨ ਜੋ ਗੁਰੂ ਸਾਹਿਬਾਨ ਦੇ ਆਗਮਨ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਦੀ ਇਤਿਹਾਸਿਕ ਮਹੱਤਤਾ ਅਤੇ ਸੱਭਿਆਚਾਰਕ ਪ੍ਰਗਟਾਵਾ ਹੈ। ਇਨ੍ਹਾਂ ਵਿਚ ਗੁਰਪੁਰਬ, ਬੰਦੀ ਛੋੜ ਦਿਵਸ, ਵੈਸਾਖੀ, ਮਾਘੀ ਅਤੇ ਹੋਲਾ ਪ੍ਰਮੁੱਖ ਹਨ। ਇਹ ਉਤਸਵ ਸਿੱਖ ਧਰਮ ਦੇ ਸੱਭਿਆਚਾਰ ਦਾ ਅਮਲੀ ਪ੍ਰਗਟਾਵਾ ਵੀ ਹਨ। ਗੁਰਪੁਰਬਾਂ ’ਤੇ ਜੋ ਕੁਝ ਹੁੰਦਾ ਹੈ, ਉਹ ਧਾਰਮਿਕ ਤੇ ਉਤਸਵੀ, ਸ਼ਰਧਾਮਈ ਤੇ ਪ੍ਰਭਾਵਸ਼ਾਲੀ, ਵਿਅਕਤੀਗਤ ਤੇ ਜਨਤਕ ਜਜ਼ਬੇ ਭਰਪੂਰ ਤੌਰ-ਤਰੀਕਿਆਂ ਵਾਲਾ ਹੁੰਦਾ ਹੈ।
ਸਿੱਖ ਧਰਮ ਵਿਚ ਗੁਰਪੁਰਬ ਮਨਾਉਣ ਦੀ ਪਰੰਪਰਾ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਪ੍ਰਚਲਿਤ ਹੈ, ਜਿਸ ਦਾ ਪ੍ਰਮਾਣ ਭਾਈ ਗੁਰਦਾਸ ਜੀ ਦਾ ਕਥਨ: ‘ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ’ ਹੈ। ਭਾਈ ਸਾਹਿਬ ਦੀਆਂ ਵਾਰਾਂ ਵਿਚ ‘ਗੁਰਪੁਰਬ’ ਸ਼ਬਦ ਘੱਟੋ-ਘੱਟ ਪੰਜ ਥਾਵਾਂ ’ਤੇ ਆਉਂਦਾ ਹੈ। ਭਾਈ ਸਾਹਿਬ ਹਿੰਦੂ ਉਤਸਵਾਂ ਅਤੇ ਦਸ ਪੁਰਬਾਂ (ਅਸ਼ਟਮੀ, ਚੌਦੇਂ, ਮਾਵਸ, ਪੂਰਨਮਾਸ਼ੀ, ਸੰਕ੍ਰਾਂਤਿ, ਵਯਤਿਪਾਤ, ਉਤਰਾਯਣ, ਦਖਿਣਾਯਣ, ਚੰਦ੍ਰਗ੍ਰਹਣ, ਸੂਰਜਗ੍ਰਹਣ) ਨਾਲੋਂ ਗੁਰਪੁਰਬ ਦੀ ਵਿਲੱਖਣਤਾ ਤੇ ਨਿਆਰੇਪਣ ਸੰਬੰਧੀ ਕਥਨ ਕਰਦੇ ਹਨ :
ਤੀਰਥ ਪੁਰਬ ਸੰਜੋਗ ਵਿਚਿ ਦਸ ਪੁਰਬੀਂ ਗੁਰ ਪੁਰਬਿ ਨ ਪਾਇਆ॥ (ਵਾਰ ੭:੩)
ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਸਿੱਖਾਂ ਵਿੱਚੋਂ ਗੁਰਪੁਰਬ ਆਦਿ ਸਿੱਖ ਤਿਉਹਾਰਾਂ ਪ੍ਰਤੀ ਸ਼ਰਧਾ ਘਟਣ ਕਾਰਨ ਸਿੰਘ ਸਭਾ ਲਹਿਰ ਨੇ ਇਨ੍ਹਾਂ ਦਾ ਜ਼ਰੂਰੀ ਮਨਾਉਣਾ ਮੁੜ ਚੇਤੇ ਕਰਵਾਇਆ ਅਤੇ ਸਿੱਖਾਂ ਨੂੰ ਅਨਮਤੀ ਤਿਉਹਾਰਾਂ ਵੱਲੋਂ ਹੋੜਨ ਲਈ ਵੀ ਗੁਰਪੁਰਬਾਂ ਦਾ ਪ੍ਰਚਾਰ-ਪ੍ਰਸਾਰ ਜ਼ਰੂਰੀ ਸਮਝਿਆ ਗਿਆ। ਇਹੀ ਕਾਰਨ ਹੈ ਕਿ ਸਿੰਘ ਸਭ ਲਹਿਰ ਸਮੇਂ ਜਿੱਥੇ ਸਿੱਖਾਂ ਵਿਚ ਵਿੱਦਿਅਕ ਤੇ ਧਾਰਮਿਕ ਪੁਨਰ-ਜਾਗ੍ਰਿਤੀ ਦਾ ਬੀੜਾ ਚੁੱਕਿਆ ਗਿਆ, ਉੱਥੇ ਸਿੱਖਾਂ ਵਿਚ ਗੁਰਪੁਰਬਾਂ ਬਾਰੇ ਖਾਸ ਜਾਗ੍ਰਿਤੀ ਪੈਦਾ ਕੀਤੀ ਗਈ।
‘ਗੁਰਪੁਰਬ’ ਦੋ ਸ਼ਬਦਾਂ ‘ਗੁਰ’ ਅਤੇ ‘ਪੂਰਬ ਦਾ ਸੰਯੋਜਨ ਹੈ। ‘ਪੂਰਬ’ ਸ਼ਬਦ ਭਾਰਤੀ ਮਿਥਹਾਸ ਵਿਚਲੇ ਪਰਬ’ ਤੋਂ ਬਣਿਆ ਹੈ। ‘ਪਰਬ’ ਦਾ ਦਿਨ ਉਹ ਮੰਨਿਆ ਜਾਂਦਾ ਸੀ, ਜਿਸ ਨਾਲ ਚੰਦਰਮਾ ਅਤੇ ਨਛੱਤਰਾਂ ਦੇ ਘਾਟੇ-ਵਾਧੇ ਜੁੜੇ ਹੋਏ ਸਨ। ਭਾਈ ਵੀਰ ਸਿੰਘ ਗੁਰਪੁਰਬ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦੇ ਹਨ :
“ਪਰਬ ਦਾ ਦਿਨ ਉਹ ਨਹੀਂ, ਜਿਸ ਦਿਨ ਚੰਦਰਮਾ ਤੇ ਨਛੱਤਰਾਂ ਦੇ ਵਾਧੇ-ਘਾਟੇ ਦਾ ਸਰੋਕਾਰ ਜੁੜਿਆ ਹੋਇਆ ਹੈ, ਪਰ ਉਹ ਦਿਨ ਹੈ, ਜਿਸ ਦਿਨ ਜੀਊਂਦੇ ਦਿਲਾਂ ਨੂੰ ਇਕ ਨਿਸ਼ਾਨੇ ਵੱਲ ਸਾਂਝੀ ਖਿੱਚ ਪਵੇ, ਅਰੁ ਉਹ ਖਿੱਚ ਪ੍ਰਸੰਨਤਾ ਨਾਲ ਭਰੀ ਹੋਵੇ। ਜਿਸ ਦਿਨ ਵਿਆਕਰਨ ਦਾ ਘੁਮਿਆਰ ਐਸੇ ਦਿਨ ਦਾ ਨਾਂ ਘੜਨ ਬੈਠਾ ਸੀ ਤਾਂ ਉਸ ਨੂੰ ਏਸ ਦੇ ਗਾਰੇ ਗੁੰਨਣ ਵਾਸਤੇ ਖੁਸ਼ੀ ਦੀ ਮਿੱਟੀ ਲੱਭਣੀ ਪਈ, ਤਦ ਉਸ ਨੇ ਲੱਭ ਲੱਭ ਕੇ ਤੇ ਪੱਟ ਪੱਟ ਕੇ “ਪ੍ਰੀ” ਦੀ ਧਾਤੁ ਲੱਭੀ, ਜਿਸ ਨੂੰ ਕਈ ਉਲਟ ਫੇਰਾਂ ਨਾਲ ਗੋ ਕੇ ਉਸ ਨੇ ਚੱਕ ਚਾੜ੍ਹਿਆ ਤੇ ਪਰਬ ਪਦ ਬਨਾਯਾ।…… ਏਸ ਦੇ ਪੈਰ ਔਕੁੜ ਦਾ ਔਂਕੜਾ ਮਾਰ ਕੇ ਹੁਕਮ ਦਿੱਤਾ ਕਿ ਤੂੰ ਸਦਾ ਉਸ ਦਾਤੇ ਦੇ ਦਿਨ ਨਾਲ ਜਿਸਦਾ ਨਾਉਂ “ਗੁਰੂ” ਹੈ, ਲੱਗੇ ਰਹਿਣਾ ਹੈ। ਤਦ ਤੋਂ ਪਰਬ ਜੋ ਖੁਸ਼ੀ ਦਾਤਾ ਦਿਨ ਹੈ ਗੁਰ ਨਾਲ ਲਗ ਕੇ ਗੁਰਪੁਰਬ ਬਣ ਗਿਆ।
ਉਕਤ ਪਰਿਭਾਸ਼ਾ ਤੋਂ ਸਿੱਖ ਧਰਮ ਵਿਚ ਗੁਰਪੁਰਬ ਦੇ ਪਿਛੋਕੜ ਅਤੇ ਮਹੱਤਵ ਬਾਰੇ ਗਿਆਤ ਹੁੰਦਾ ਹੈ। ਅਨਮਤੀ ਤਿਉਹਾਰਾਂ ਤੋਂ ਛੁਟਕਾਰੇ ਹਿੱਤ ਗੁਰਪੁਰਬ ਮਨਾਉਣ ਦੀ ਰਵਾਇਤ ਜਿੱਥੇ ਸਿੱਖ ਧਰਮ ਦੇ ਇਕ ਨਿੱਜ-ਮੂਲਕ ਧਰਮ ਹੋਣ ਦੀ ਜਾਮਨ ਹੈ ਅਤੇ ਆਤਮਿਕ ਅਨੰਦ ਪ੍ਰਾਪਤੀ ਦਾ ਸਾਧਨ ਵੀ ਹੈ, ਉੱਥੇ ਇਹ ਉਤਸਵ ਨਵੀਂ ਪੀੜ੍ਹੀ ਨੂੰ ਗੁਰਮਤਿ ਦੇ ਉਚ ਆਦਰਸ਼ਾਂ ਤੋਂ ਜਾਣੂ ਕਰਵਾਉਣ ਦਾ ਸਬੱਬ ਵੀ ਬਣਦਾ ਹੈ। ਗੁਰਪੁਰਬ ਮਨਾਉਣਾ ਸਿੱਖਾਂ ਦਾ ਕੌਮੀ ਫ਼ਰਜ਼ ਹੈ, ਪ੍ਰੰਤੂ ਸਿੰਘ ਸਭਾ ਲਹਿਰ ਦੌਰਾਨ ਇਸ ਉਤਸਵ ਦੇ ਪੁਨਰ-ਉੱਥਾਨ ਦਾ ਇਕ ਕਾਰਨ ਇਹ ਵੀ ਸੀ ਕਿ ਜਦ ਸਿੱਖ ਹਰ ਮਹੀਨੇ ਦੋ-ਤਿੰਨ ਗੁਰਪੁਰਬ ਮਨਾਉਣਗੇ ਤਾਂ ਅਨਮਤਾਂ ਦੇ ਤਿਉਹਾਰਾਂ ਤੋਂ ਬਚੇ ਰਹਿਣਗੇ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ:
“ਸਤਿਗੁਰਾਂ ਨਾਲ ਸੰਬੰਧ ਰੱਖਣ ਵਾਲਾ ਉਤਸਵ ਦਾ ਦਿਨ ਪਰਵ (ਪਵਨ) ਆਖਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (ਪ੍ਰਕਾਸ਼) ਦਿਨ, ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ, ਸਤਵੇਂ, ਅੱਠਵੇਂ ਅਤੇ ਨੌਵੇਂ ਸਤਿਗੁਰਾਂ ਦੇ ਗੁਰਗਦੀ ਤੇ ਵਿਰਾਜਣ ਦਾ ਦਿਨ, ਕਲਗੀਧਰ ਦਾ (ਪ੍ਰਕਾਸ਼) ਦਿਹਾੜਾ ਅਤੇ ਸਿੰਘਾਸਣ ‘ਤੇ ਵਿਰਾਜਣ ਦਾ ਦਿਨ, ਖ਼ਾਲਸੇ ਦਾ ਜਨਮ ਦਿਨ, ਇਹ ੧੨ ਗੁਰੁਪੁਰਵ ਹਨ। ਜੋਤੀ ਜੋਤਿ ਸਮਾਉਣ ਦੇ ਦਿਨ ਪਰਵ ਨਹੀਂ ਕਹੇ ਜਾਂਦੇ, ਉਹਨਾਂ ਵਿਚੋਂ ਕੋਈ ਸ਼ਹੀਦੀ ਦਿਨ, ਕੋਈ ਜੋਤੀ ਜੋਤਿ ਸਮਾਉਣ ਦੇ ਦਿਨ ਆਖਕੇ ਮਨਾਉਣੇ ਚਾਹੀਏ।” (ਗੁਰੁਮਤ ਮਾਰਤੰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ੧੯੬੨, ਪੰਨਾ- ੩੮੩)
ਪੁਰਾਤਨ ਸਮੇਂ ਤੋਂ ਹੀ ਗੁਰਪੁਰਬ ਮਨਾਉਣ ਲਈ ਸੰਗਤ ਦਾ ਇਕੱਤਰ ਹੋਣਾ, ਬਾਣੀ ਦਾ ਪਾਠ ਤੇ ਵੀਚਾਰ, ਕਥਾ, ਨਗਰ ਕੀਰਤਨ, ਪ੍ਰਭਾਤ ਫੇਰੀਆਂ ਦਾ ਕਾਰਗਰ ਤਰੀਕਾ ਚੱਲਿਆ ਆ ਰਿਹਾ ਹੈ ਅਤੇ ਵਿੱਦਿਅਕ ਸੰਸਥਾਵਾਂ ਵਿਚ ਲੈਕਚਰ, ਸੈਮੀਨਾਰ ਆਦਿ ਕਰਵਾਏ ਜਾਂਦੇ ਹਨ। ਸਿੱਖ ਦੋਸਤਾਂ ਅਤੇ ਪਰਵਾਰਾਂ ਵਿਚ ਨਵੇਂ ਸਾਲ ਅਤੇ ਪੱਛਮੀ ਕ੍ਰਿਸਮਿਸ ਦੇ ਦਿਨ ਦੀ ਤਰ੍ਹਾਂ ਗੁਰਪੁਰਬ ਦੇ ਉਤਸਵ ‘ਤੇ ਇਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਗੁਰਪੁਰਬ ਸਿੱਖਾਂ ਲਈ ਇਕ ਰਸਮੀ ਤਿਉਹਾਰ ਨਹੀਂ। ਪ੍ਰੋ. ਪੂਰਨ ਸਿੰਘ ਅਨੁਸਾਰ ਗੁਰਪੁਰਬ ਦਾ ਸਰੋਕਾਰ ਮਹਿਜ਼ ਗੁਰੂ ਸਾਹਿਬਾਨ ਦੇ ਜਨਮ ਜਾਂ ਜੋਤੀ ਜੋਤ ਸਮਾਉਣ ਦੇ ਦਿਨ ਦਾ ਤਿਉਹਾਰ ਨਹੀਂ। ਅਜਿਹੀਆਂ ਗੱਲਾਂ ਆਮ ਲੋਕਾਂ ਵਾਸਤੇ ਹੁੰਦੀਆਂ ਹਨ। ਸਿੱਖ ਲਈ ਹਰ ਇਕ ਪੂਰਬ ਦਾ ਦਿਨ ਅਤੇ ਹਰ ਇਕ ਜਨਮ ਦੀ ਰਾਤ ਹੈ, ਸਗੋਂ ਅੱਠੇ ਪਹਿਰ ਸੁਆਸ-ਸੁਆਸ ਸਤਿਗੁਰਾਂ ਦਾ ਉਤਸਵ ਮਨਾਉਂਦਾ ਹੈ, ਅੱਠੇ ਪਹਿਰ ਬਸੰਤ ਰਹਿੰਦਾ ਹੈ। ਸਿੱਖ ਹਨ੍ਹੇਰੇ ਤੋਂ ਪ੍ਰਕਾਸ਼, ਫਨਾਹ ਤੋਂ ਅਮਰ ਜੀਵਨ, ਪ੍ਰਕ੍ਰਿਤੀ ਤੋਂ ਆਤਮ ਵੱਲ ਜਾਣ ਦੇ ਰਾਹ ਵਿਚ ਕਦਮ-ਕਦਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ’ਤੇ ਨਮਸਕਾਰ ਕਰਦੇ ਹਨ। ਗੁਰਪੁਰਬ ਦੇ ਦਰਿਆ ਮਗਰ ਇਕ ਜੀਵਨ ਦਾ ਹਿਮਾਲਾ ਖਲੋਤਾ ਹੈ ਤੇ ਓਸ ਪਰਬਤ ਦਾ ਅਸੀਂ ਹਰ ਗੁਣ ਟੋਲਦੇ ਹਾਂ ਤੇ ਟੋਲਣਾ ਚਾਹੀਦਾ ਹੈ। ਗੁਰਪੁਰਬ ਦਾ ਉਤਸ਼ਾਹ ਅਗਲੇ ਗੁਰਪੁਰਬ ਤਕ ਰੱਖਣਾ ਹੁੰਦਾ ਹੈ। ਗੁਰਪੁਰਬ ’ਤੇ ਬੱਚਿਆਂ ਨੂੰ ਅਜਿਹੇ ਕਿਤਾਬਚੇ ਦੇਣੇ ਚਾਹੀਦੇ ਹਨ ਜਿਹੜੇ ਉਨ੍ਹਾਂ ਦੀ ਬੋਲੀ ਤੇ ਦਲੀਲਾਂ ਨਾਲ ਗੁਰੂ ਸਾਹਿਬ ਦੇ ਜੀਵਨ ਦਾ ਉਹ ਹਿੱਸਾ ਦੱਸਣ ਜਿਸ ਨਾਲ ਉਹ ਪਸੀਜ ਜਾਣ। ਗੁਰਪੁਰਬ ਮਨਾਉਂਦਿਆਂ ‘ਜੋਤਿ ਓਹਾ ਜੁਗਤਿ ਸਾਇ’ ਦੇ ਸਿੱਖ ਸਿਧਾਂਤ ਦੀ ਪਰਿਪਾਲਣਾ ਜ਼ਰੂਰੀ ਹੈ, ਤਾਂ ਜੋ ਗੁਰੂ ਸਾਹਿਬਾਨ ਦੇ ਨਾਂ ‘ਤੇ ਫਿਰਕਾਬੰਦੀ ਤੋਂ ਬਚਾਅ ਰਹੇ। ਗੁਰਪੁਰਬ ਦਾ ਮਹੱਤਵ ਇਨ੍ਹਾਂ ਗੱਲਾਂ ਵਿਚ ਹੈ; ਗੁਰਪੁਰਬ ਕੌਮੀ ਅਤੇ ਧਾਰਮਿਕ ਤਰੱਕੀ ਦਾ ਸਾਧਨ ਹਨ, ਗੁਰਪੁਰਬ ਮਨਾਉਣ ਨਾਲ ਭਾਈਚਾਰਕ ਸਾਂਝ ਵਧਦੀ ਹੈ। ਗੁਰਪੁਰਬ ਮਨਾਉਣ ਨਾਲ ਆਪਣੇ ਉਪਕਾਰੀਆਂ ਦੇ ਉਪਕਾਰ ਯਾਦ ਕਰਨ ਦੀ ਮਿਸਾਲ ਕਾਇਮ ਕਰਦੇ ਹਾਂ। ਇਹ ਉਤਸਵ ਮਨਾਉਣ ਨਾਲ ਬੱਚਿਆਂ ਅਤੇ ਇਸਤਰੀਆਂ ਦੀ ਧਰਮ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ। ਗੁਰਪੁਰਬ ‘ਤੇ ਵਿਸ਼ਵ ਦੇ ਸਾਰੇ ਸਿੱਖ ਭੂਗੋਲਿਕ ਤੌਰ ‘ਤੇ ਦੂਰ ਹੁੰਦਿਆਂ ਵੀ ਇਕ ਕਾਰਜ ਵਿਚ ਇਕਾਗਰਤਾ ਨਾਲ ਲੱਗੇ ਹੁੰਦੇ ਹਨ। ਸਾਰੇ ਸਿੱਖ ਇਸ ਦਿਨ ਆਪਣੇ ਕੰਮ ਛੱਡ ਕੇ ਗੁਰੂ ਦੀ ਯਾਦ ਵਿਚ ਮਗਨ ਹੁੰਦੇ ਹਨ ਅਤੇ ਦੀਵਾਨਾਂ ਵਿਚ ਆਪਸੀ ਕੁੜੱਤਣ ਦੂਰ ਕਰ ਕੇ ਬੈਠਦੇ ਹਨ।
ਪ੍ਰਸਿੱਧ ਸਿੱਖ ਵਿਦਵਾਨ ਸ. ਹਰਿੰਦਰ ਸਿੰਘ ਰੂਪ ਅਨੁਸਾਰ ਗੁਰਪੁਰਬ ਵਾਲੇ ਦਿਨ ਯਤੀਮਖਾਨਿਆਂ ਅਤੇ ਲਾਇਬਰੇਰੀਆਂ ਵਾਸਤੇ ਅਰਦਾਸਾਂ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਇਸ ਦਿਨ ਹਰ ਸਿੱਖ ਨੂੰ ਇਸ ਤਰ੍ਹਾਂ ਮਿਲਣਾ ਚਾਹੀਦਾ ਹੈ, ਜਿਸ ਤਰ੍ਹਾਂ ਈਦ ਦੇ ਪਵਿੱਤਰ ਦਿਹਾੜੇ ‘ਤੇ ਮੁਸਲਮਾਨ, ਮੁਸਲਮਾਨ ਨੂੰ ਦਿਲ੍ਲੀ ਇੱਛਾ ਨਾਲ ਮਿਲਦਾ ਹੈ। ਪਿਛਲੇ ਕੁਝ ਸਮੇਂ ਤੋਂ ਗੁਰਪੁਰਬ ਸ਼ਤਾਬਦੀਆਂ ਮਨਾਉਣ ਦੀ ਪਰੰਪਰਾ ਵੀ ਚੱਲੀ ਹੈ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿੰਨ ਸੌ ਸਾਲਾ ਅਤੇ ਤਿੰਨ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਿੰਨ ਸੌ ਸਾਲਾ ਸ਼ਹੀਦੀ ਪੁਰਬ, ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਮਰਦਾਸ ਜੀ, ਆਦਿ ਸਿੱਖ ਸੰਗਤਾਂ ਨੇ ਉਤਸ਼ਾਹ ਤੇ ਸ਼ਰਧਾ ਨਾਲ ਵਿਸ਼ਵ ਪੱਧਰ ‘ਤੇ ਮਨਾਏ ਸਨ।