129 views 21 secs 0 comments

ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ (ਸਿੱਖ ਇਤਿਹਾਸ ਦੇ ਪਰਿਪੇਖ ‘ਚ)

ਲੇਖ
January 24, 2025
-ਡਾ. ਅਮਰਜੀਤ ਕੌਰ ਇੱਬਣ ਕਲਾਂ*

ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ ਦਾ ਬਾਰਡਰ ਬੈਲਟ ਦਾ ੬੫ ਕੁ ਕਿਲੋਮੀਟਰ ਦਾ ਇਲਾਕਾ ਸਿੱਖ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਦਾ ੭੦% ਹਿੱਸਾ ਸਮੋਈ ਬੈਠਾ ਹੈ। ਪਿੰਡਾਂ ਵੱਲ ਜਾਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਦੱਖਣੀ ਬਾਹੀ ਚਾਟੀਵਿੰਡ ਸ਼ਹੀਦਾਂ, ਸ੍ਰੀ ਰਾਮਸਰ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪਾਦਤ ਕੀਤੀ ਗਈ ਸੀ। ਇਸ ਸਥਾਨ ਦੇ ਸਾਹਮਣੇ ਪਾਸੇ ਬਿਬੇਕਸਰ ਹੈ ਜੋ ਛੇਵੇਂ ਪਾਤਸ਼ਾਹ ਨਾਲ ਸੰਬੰਧਿਤ ਸਥਾਨ ਹੈ। ਇਸ ਦੇ ਨਾਲ ਹੀ ਮੁੱਖ ਸੜਕ ਉੱਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਥਾਨ ਸ਼ਹੀਦ ਗੰਜ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਸਕਾਰ ਹੋਇਆ ਸੀ। ਚਾਟੀਵਿੰਡ ਚੌਂਕ ਸਹੀਦਾਂ ਬਾਹਰ ਵੱਲ ਜਾਂਦੀ ਸੜਕ ਤਰਨ ਤਾਰਨ ਰੋਡ ਉੱਤੇ ਛੇ-ਸਤ ਕਿਲੋਮੀਟਰ ਦੀ ਦੂਰੀ ’ਤੇ ਬਾਬਾ ਨੌਧ ਸਿੰਘ ਜੀ ਦੀ ਸਮਾਧ ਹੈ ਜਿਸ ਦੇ ਅੱਗੋਂ ਲੰਘਣ ਵਾਲਾ ਹਰ ਵਾਹਨ ਰੁਕ ਕੇ ਲੰਘਦਾ ਹੈ। ਇਸ ਸਥਾਨ ਦੇ ਪਿਛਲੇ ਪਾਸੇ ਪਿੰਡ ਵਰਪਾਲ ਹੈ ਜਿੱਥੇ ਪੈਰ ਪੈਰ ‘ਤੇ ਸ਼ਹੀਦਾਂ ਦੇ ਸਥਾਨ ਹਨ। ਇੱਕ ਇੱਕ ਕਿੱਲੇ ਦੀ ਵਿੱਥ ’ਤੇ ਬਣੇ ਸ਼ਹੀਦ ਸਿੰਘਾਂ ਦੇ ਸਥਾਨ ਹਨ, ਜਿਵੇਂ ਬਾਬਾ ਬਲਵੰਤ ਸਿੰਘ, ਬਾਬਾ ਧਰਮ ਸਿੰਘ, ਬਾਬਾ ਤਾਰਾ ਸਿੰਘ, ਬਾਬਾ ਸੰਤੋਖ ਸਿੰਘ, ਬਾਬਾ ਦਿਆਲ ਸਿੰਘ ਸੁਰ ਸਿੰਘ, ਬਾਬਾ ਅਰੂੜ ਸਿੰਘ ਸੁਰ ਸਿੰਘ, ਬਾਬਾ ਸੰਤੋਖ ਸਿੰਘ, ਬਾਬਾ ਕੁੰਦਨ ਸਿੰਘ, ਬਾਬਾ ਸਾਹਿਬ ਸਿੰਘ ਆਦਿ ਇਸ ਤਰਾਂ ਅਠਾਰ੍ਹਾਂ ਸ਼ਹੀਦਾਂ ਦੇ ਨਾਮ ਉਪਲੱਬਧ ਹਨ। ਹੋਰ ਸਥਾਨ ਵੀ ਪ੍ਰਗਟ ਹੋ ਰਹੇ ਹਨ। ਵਰਪਾਲ, ਚੱਬਾ, ਸੰਗਰਾਣਾ, ਚਾਟੀਵਿੰਡ ਉਹ ਸਥਾਨ ਹੈ ਜਿੱਥੇ ੧੭੫੭ ਈ. ਵਿਚ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਤੁਰਕਾਂ ਨਾਲ ਯੁੱਧ ਹੋਇਆ ਹੈ। ਚੱਬੇ ਪਿੰਡ ਦੇ ਸੱਜੇ ਹੱਥ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥ ਗਿਆ ਸੀ। ਇਸ ਦਾ ਨਾਮ ਸ੍ਰੀ ਟਾਹਲਾ ਸਾਹਿਬ ਹੈ ਫਿਰ ਇੱਥੋਂ ਹੀ ਬਾਬਾ ਜੀ ਸੀਸ ਤਲੀ ’ਤੇ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਪੁੱਜੇ ਸਨ।

ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ ਸ਼ਹਿਰ ਦਾ ਹੀ ਹਿੱਸਾ ਬਣ ਚੁਕਿਆ ਨਗਰ ਛੇਹਰਟਾ ਹੈ ਜਿੱਥੇ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿਚ ਵੱਡ-ਆਕਾਰੀ ਖੂਹ ਜਿਸ ਵਿਚ ਛੇ ਮਾਹਲਾਂ ਚਲਦੀਆਂ ਸਨ ਅਥਵਾ ਛੇ ਬਲਦਾਂ ਦੀਆਂ ਜੋੜੀਆਂ ਲਗਦੀਆਂ ਸਨ। ਛੇਹਰਟੇ ਤੋਂ ਦੋ ਕੁ ਫਰਲਾਂਗ ਦੀ ਦੂਰੀ ‘ਤੇ ਪਿੰਡ ਗੁਰੂ ਕੀ ਵਡਾਲੀ ਹੈ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ ਬਾਹੀ ਸ੍ਰੀ ਅੰਮ੍ਰਿਤਸਰ ਤੋਂ ਝਬਾਲ-ਭਿੱਖੀਵਿੰਡ-ਖੇਮਕਰਨ ਜਾਣ ਵਾਲੀ ਭਾਰਤ- ਪਾਕਿ ਰਾਸ਼ਟਰੀ ਹਾਈਵੇ ਸੜਕ ਉੱਤੇ ਸ਼ਹਿਰ ਤੋਂ ੧੦ ਕਿਲੋਮੀਟਰ ਦੀ ਦੂਰੀ ’ਤੇ ਬੋਹੜੂ ਪੁਲ ਹੈ। ਪੁਲ ਦੇ ਸੱਜੇ ਹੱਥ ਪਿੰਡ ਸਾਂਘਣਾ ਹੈ। ਇੱਥੋਂ ਦੇ ਬਾਬਾ ਨੰਦ ਸਿੰਘ ਸਨ ਜੋ ਸਾਂਘਣੀਆਂ ਮਿਸਲ ਦੇ ਜਥੇਦਾਰ ਸਨ। ਇਹੋ ਮਿਸਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੋਂ ਬਾਅਦ ਰਾਮਗੜ੍ਹੀਆ ਮਿਸਲ ਅਖਵਾਈ ਸੀ। ਇਸ ਪਿੰਡ ਦੇ ਬਾਬਾ ਬਲਾਕਾ ਸਿੰਘ ਸ਼ਹੀਦ ਸਨ ਜੋ ਭਾਈ ਤਾਰਾ ਸਿੰਘ ਵਾਂ ਵਾਲਿਆਂ ਨਾਲ ਸ਼ਹੀਦ ਹੋਏ ਸਨ।

ਬਹੋੜੂ ਪੁਲ਼ ਦੇ ਖੱਬੇ ਹੱਥ ਪਿੰਡ ਮੰਡਿਆਲਾ ਹੈ ਜਿੱਥੋਂ ਦਾ ਦੁਸ਼ਟ ਮੱਸਾ ਰੰਗੜ ਸੀ। ਬਹੋੜੂ ਪੁਲ਼ ਤੋਂ ਇਕ ਕਿਲੋਮੀਟਰ ਸੜਕ ਉੱਤੇ ਬਹੋੜੂ ਪਿੰਡ ਹੈ ਜਿੱਥੇ ਬਾਬਾ ਬਹੋੜੂ ਜੀ ਦਾ ਸ਼ਹੀਦੀ ਸਥਾਨ ਹੈ। ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿਚ ਸਨ। ਬੀਬੀ ਵੀਰੋ ਜੀ ਦੇ ਵਿਆਹ ਸਮੇਂ ਆਪਣੇ ਚਾਰ ਸਾਥੀਆਂ ਸਮੇਤ ਇੱਥੇ ਸ਼ਹੀਦ ਹੋਏ ਸਨ। ਬਹੋੜੂ ਤੋਂ ਅੱਠ ਕਿਲੋਮੀਟਰ ਅੱਗੇ ਬੀੜ ਬਾਬਾ ਬੁੱਢਾ ਸਾਹਿਬ ਜੀ ਸਥਾਨ ਹੈ। ਇਹ ਉਹ ਸਥਾਨ ਹੈ ਜਿੱਥੇ ਪੰਜ ਗੁਰੂ ਸਾਹਿਬਾਨ ਅਤੇ ਗੁਰੂ-ਘਰ ਦੇ ਮੁੱਖ ਦਰਬਾਰੀ ਸਿੱਖਾਂ ਦੇ ਚਰਨ ਪਏ ਸਨ ਜਿੱਥੇ ਮਾਤਾ ਗੰਗਾ ਜੀ ਦੇ ਚਰਨ ਵੀ ਪਏ ਸਨ।

ਬੀੜ ਬਾਬਾ ਬੁੱਢਾ ਸਾਹਿਬ ਦੇ ਪਿਛਲੇ ਪਾਸੇ ੩-੪ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਬਾਸਰਕੇ ਗਿੱਲਾਂ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਅਤੇ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ। ਇੱਥੇ ਹੀ ਚੁਰਾਸੀ ਕੱਟ ਅਥਵਾ ਸੰਨ੍ਹ ਸਾਹਿਬ ਹੈ (ਗੁਰਦੁਆਰਾ ਸੰਨ੍ਹ ਸਾਹਿਬ) ਜੋ ਸ੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਹੈ।ਬੀੜ ਸਾਹਿਬ (ਠੱਟਾ) ਤੋਂ ਦੋ ਕਿਲੋਮੀਟਰ ‘ਤੇ ਨਗਰ ਝਬਾਲ ਹੈ ਜਿੱਥੋਂ ਦੇ ਬਾਬਾ ਲੰਗਾਹ ਜੀ ਸਨ ਜਿਨ੍ਹਾਂ ਦੇ ਮਹਿਲਾਂ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਅਨੰਦ ਕਾਰਜ ਕੀਤਾ ਸੀ। ਇਸ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਬੀਬੀ ਵੀਰੋ ਜੀ ਅਤੇ ਮਾਤਾ ਭਾਗੋ ਜੀ ਦੇ ਦੋ ਗੁਰਦੁਆਰਾ ਸਾਹਿਬਾਨ ਹਨ। ਬੀਬੀ ਵੀਰੋ ਜੀ ਦੇ ਗੁਰਦੁਆਰਾ ਸਾਹਿਬ ਨੂੰ ਮਾਣਕ ਚੌਂਕ ਕਿਹਾ ਜਾਂਦਾ ਹੈ। ਇਨ੍ਹਾਂ ਹੀ ਮਹਿਲਾਂ ਦੇ ਮਾਤਾ ਭਾਗੋ ਜੀ ਦੇ ਭਰਾ ਸ. ਭਾਗ ਸਿੰਘ (ਢਿੱਲੋਂ) ਜੋ ਕਿ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ ਉਨ੍ਹਾਂ ਦੇ ਪੁੱਤਰ ਸਰਦਾਰ ਬਘੇਲ ਸਿੰਘ ਜੋ ਕਿ ਕਰੋੜੀਆ ਮਿਸਲ ਦੇ ਮੁਖੀ ਸਨ। ਇਨ੍ਹਾਂ ਦੀ ਪਰਵਰਿਸ਼ ਝਬਾਲ ਤੋਂ ੧੨-੧੩ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਨੌਸ਼ਿਹਰਾ ਢਾਲਾ ਦੇ ਚੌਧਰੀ ਜਮੀਅਤ ਰਾਏ ਦੀ ਨੂੰਹ ਬੀਬੀ ਸੁੱਖਾਂ ਨੇ ਕੀਤੀ ਸੀ। ਬੀਬੀ ਸੁੱਖਾਂ ਬਾਬਾ ਬੁੱਢਾ ਜੀ ਦੀ ਛੇਵੀਂ ਵੰ ਭਾਈ ਰਾਮ ਕੁਇਰ ਜੀ ਦੀ ਸਪੁੱਤਰੀ ਸਨ ਜੋ ਨੌਸ਼ਿਹਰੇ ਢਾਲੇ ਵਿਆਹੇ ਹੋਏ ਸਨ। ਝਬਾਲ ਦੇ ਸ. ਜੈ ਸਿੰਘ ਕੁੰਮੇਦਾਨ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਨ। ਸ. ਕਰਮ ਸਿੰਘ ਹਿਸਟੋਰੀਅਨ ਵੀ ਝਬਾਲ ਦੇ ਢਿੱਲੋਂ ਸਰਦਾਰ ਸਨ।

ਝਬਾਲ ਤੋਂ ੧੦ ਕੁ ਕਿਲੋਮੀਟਰ ਦੀ ਦੂਰੀ ‘ਤੇ ਇਸੇ ਸੜਕ ਤੇ ਪਿੰਡ ਪੰਜਵੜ ਹੈ ਜਿੱਥੋਂ ਦੇ ਭੰਗੀ ਮਿਸਲ ਦੇ ਜਥੇਦਾਰ ਹਰੀ ਸਿੰਘ ਭੰਗੀ ਸਨ। ਪੰਜਵੜ ਦੇ ਸਾਹਮਣੇ ਸੱਜੇ ਹੱਥ ਪਿੰਡ ਸੋਹਲ ਹੈ ਜਿੱਥੋਂ ਦੇ ਭਗਤ ਸੈਣ ਜੀ ਸਨ। ਇੱਥੋਂ ਪੰਜ-ਛੇ ਕਿਲੋਮੀਟਰ ਦੀ ਦੂਰੀ ਤੇ ਪਿੰਡ ਗੱਗੋਬੂਆ ਹੈ। ਇੱਥੋਂ ਦੇ ਬਾਬਾ ਬੀਰ ਸਿੰਘ ਜੀ ਸ਼ਹੀਦ ਸਨ। ਇੱਥੇ ਉਨ੍ਹਾਂ ਦਾ ਜਨਮ ਸਥਾਨ ਬਣਿਆ ਹੋਇਆ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਸਥਾਨ ਇਸੇ ਪਿੰਡ ਵਿਚ ਹੈ। ਇੱਥੇ ਬਾਬਾ ਖੁਸ਼ਹਾਲ ਸਿੰਘ ਜੀ ਦਾ ਸ਼ਹੀਦੀ ਸਥਾਨ ਵੀ ਹੈ।
ਗੱਗੋਬੂਏ ਤੋਂ ਛੇ ਕੁ ਕਿਲੋਮੀਟਰ ਅੱਗੇ ਪਿੰਡ ਸੁਰ ਸਿੰਘ ਹੈ। ਇਸ ਪਿੰਡ ਦਾ ਇਤਿਹਾਸ ਬਹੁਤ ਵਿਸ਼ਾਲ ਹੈ। ਬਾਬਾ ਬਿਧੀ ਚੰਦ ਜੀ ਦੀ ਅੰਸ-ਬੰਸ ਇੱਥੇ ਹੀ ਰਹਿ ਰਹੀ ਹੈ। ਹੁਣ ਬਾਬਾ ਬਿਧੀ ਚੰਦ ਜੀ ਦੇ ੧੨ ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ ਹਨ। ਬੇਅੰਤ ਸਿੱਖ ਸੰਗਤ ਇੱਥੇ ਹਾਜਰੀ ਭਰਦੀ ਹੈ। ਗੁਰੂ ਕੀਆਂ ਲਾਡਲੀਆਂ ਫੌਜਾਂ ਦੇ ਇੱਥੇ ਦਰਸ਼ਨ ਕੀਤੇ ਜਾ ਸਕਦੇ ਹਨ। ਸੁਰ ਸਿੰਘ ਤੋਂ ਚਾਰ ਕਿਲੋਮੀਟਰ ਪਿੰਡ ਛੀਨਾ ਹੈ ਜਿੱਥੇ ਬਾਬਾ ਬਿਧੀ ਚੰਦ ਜੀ ਦਾ ਜਨਮ ਸਥਾਨ ਹੈ। ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵੀ ਇਸੇ ਪਿੰਡ ਦੇ ਜੰਮ-ਪਲ ਸਨ। ਇਨ੍ਹਾਂ ਦੇ ਦਾਦਾ ਬਾਬਾ ਹਰਦਾਸ ਸਿੰਘ ਇੱਥੋਂ ਹਥਿਆਰ ਤਿਆਰ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਦਸਮੇਸ਼ ਪਿਤਾ ਜੀ ਪਾਸ ਪੁੱਜਦੇ ਸਨ।

ਸਰਦਾਰ ਚੰਦਾ ਸਿੰਘ ਢਿੱਲੋਂ ਵਰਲਡ ਪੋਲੋ ਚੈਂਪੀਅਨ, ਸ. ਕਰਤਾਰ ਸਿੰਘ (ਢਿੱਲੋਂ) ਵਰਲਡ (ਚੈਂਪੀਅਨ) ਪਹਿਲਵਾਨ ਇਸੇ ਪਿੰਡ ਦੇ ਹਨ। ਭਾਈ ਦੇਸ ਰਾਜ ਖੱਤਰੀ ਦਾ ਵੀ ਇਹੋ ਪਿੰਡ ਹੈ। ਸੁਰਸਿੰਘ ਤੋਂ ਦੋ ਕਿਲੋਮੀਟਰ ਅੱਗੇ ਪਿੰਡ ਸਿੰਘ ਪੁਰਾ ਹੈ ਜਿੱਥੋਂ ਦੇ ਸਿੰਘਪੁਰੀਆ ਮਿਸਲ ਦੇ ਸਰਦਾਰ ਕਪੂਰ ਸਿੰਘ ਸਨ ਜਿਨ੍ਹਾਂ ਨੂੰ ਪੰਥ ਨੇ ਨਵਾਬ ਦੀ ਪਦਵੀ ਦਿੱਤੀ ਸੀ, ਸੋ ਨਵਾਬ ਕਪੂਰ ਸਿੰਘ ਦਾ ਪਿੰਡ ਸਿੰਘਪੁਰਾ ਹੈ। ਜਿਸ ਦਾ ਪਹਿਲਾ ਨਾਮ ਫੈਜਪੁਰ ਸੀ। ਸਿੰਘਪੁਰੇ ਤੋਂ ਚਾਰ ਕਿਲੋਮੀਟਰ ਅੱਗੇ ਭਿੱਖੀਵਿੰਡ ਹੈ। ਭਿਖੀਵਿੰਡ ਚੌਕ ਤੋਂ ਸੱਜੇ ਹੱਥ ਖਾਲੜੇ ਜਾਣ ਵਾਲੀ ਸੜਕ ‘ਤੇ ਚਾਰ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਪਹੁਵਿੰਡ ਹੈ। ਇੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ। ਇਹ ਮਿਸਲ ਸ਼ਹੀਦਾਂ ਦੇ ਮੁਖੀ ਸਨ। ਬਾਬਾ ਦੀਪ ਸਿੰਘ ਜੀ ਦੇ ਪਰਵਾਰ ਵਿੱਚੋਂ ਜਨਰਲ ਗੁਲਾਬ ਸਿੰਘ ਸਨ ਜੋ ਪਿਸ਼ਾਵਰ ਦੇ ਗਵਰਨਰ ਸਨ। ਇਨ੍ਹਾਂ ਦੇ ਮਹੱਲ ਪਹੁਵਿੰਡ ਵਿਚ ਕਇਮ ਹਨ।

ਪਹੁਵਿੰਡ ਸੜਕ ਦੇ ਸੱਜੇ ਹੱਥ ਪਿੰਡ ਸਿਧਵਾਂ ਹੈ ਜਿੱਥੋਂ ਦੇ ਬਾਬਾ ਜੇਠਾ ਜੀ ਸਨ। ਬਾਬਾ ਜੇਠਾ ਜੀ ਸ੍ਰੀ ਗੁਰੂ ‘ਹਰਿਗੋਬਿੰਦ ਸਾਹਿਬ ਜੀ ਦੇ ਪ੍ਰਮੁੱਖ ਸਿੱਖ ਸਨ। ਇਹ ਹਮੇਸ਼ਾਂ ਗੁਰੂ ਜੀ ਦੇ ਨਾਲ-ਨਾਲ ਹੀ ਰਹਿੰਦੇ ਸਨ।
ਪਹੁਵਿੰਡ ਤੋਂ ਚਾਰ ਕਿਲੋਮੀਟਰ ਅੱਗੇ ਖਾਲੜਾ ਹੈ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਇਸੇ ਪਿੰਡ ਦੇ ਸਨ। ਇੱਥੇ ਪੁੱਜ ਕੇ ਭਾਰਤ ਦੀ ਸੜਕ ਖਤਮ ਹੋ ਜਾਂਦੀ ਹੈ। ਖਾਲੜੇ ਦੇ ਸੱਜੇ ਹੱਥ ਪਿੰਡ ਨਾਰਲਾ ਹੈ। ਇੱਥੇ ਬਾਬਾ ਸ਼ਾਮ ਸਿੰਘ ਜੀ ਦਾ ਡੇਰਾ ਸੀ ਜੋ ਕਿ ਸਿੰਘਾਂ ‘ਤੇ ਬਣੀਆਂ ਔਖੀਆਂ ਘੜੀਆਂ ਸਮੇਂ ਵੱਡੀ ਠਾਹਰ ਸੀ। ਬਾਬਾ ਸ਼ਾਮ ਸਿੰਘ ਜੀ ਦਾ ਪੁੱਤਰ ਕਰੋੜਾ ਸਿੰਘ ਸੀ ਜੋ ਕਰੋੜੀਆ ਮਿਸਲ ਦਾ ਮੁਖੀ ਸੀ। ਇਨ੍ਹਾਂ ਤੋਂ ਬਾਅਦ ਇਨ੍ਹਾਂ ਦਾ ਦੋਹਤਾ ਸਰਦਾਰ ਬਘੇਲ ਸਿੰਘ ਝਬਾਲ ਕਰੋੜੀਆ ਮਿਸਲ ਦਾ ਮੁਖੀ ਬਣਿਆ ਜਿਸ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਦਿੱਲੀ ਫਤਹ ਕੀਤੀ ਸੀ ਤੇ ਫਿਰ ਦਿੱਲੀ ਦੇ ਅੱਠ ਇਤਿਹਾਸਿਕ ਗੁਰਧਾਮਾਂ ਦੀ ਸੇਵਾ ਕਰਾਈ ਸੀ। ਸਰਦਾਰ ਸ਼ਾਮ ਸਿੰਘ ਨਾਰਲੀ ਸਰਦਾਰ ਰਤਨ ਸਿੰਘ ਭੰਗੂ (ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ) ਦੇ ਨਾਨਾ ਜੀ ਸਨ। ਨਾਰਲੀ ਦੇ ਹੀ ਭਾਈ ਮਾਈਦਾਸ ਜੀ ਸਨ ਜੋ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਥਾਪੀਆਂ ੨੨ ਮੰਜੀਆਂ ਵਿੱਚੋਂ ਇਕ ਮੰਜੀਦਾਰ ਸਨ। ਨਾਰਲੀ ਤੋਂ ਕੇਵਲ ੩ ਕਿਲੋਮੀਟਰ ਸੱਜੇ ਹੱਥ ਬਾਰਡਰ ’ਤੇ ਪਿੰਡ ਪੂਹਲਾ ਹੈ ਜਿੱਥੋਂ ਦੇ ਭਾਈ ‘ ਹੈ ਤਾਰੂ ਸਿੰਘ ‘ ਪੂਹਲਾ ਸਨ, ਜਿਨ੍ਹਾਂ ਦੇ ਕੇਸ ਨਹੀਂ ਕਟੇ ਗਏ ਸਨ। ਸੋ ਖੋਪਰੀ ਉਤਰਵਾਉਣ ਵਾਲੇ ਭਾਈ ਤਾਰੂ ਸਿੰਘ ਪੂਹਲਾ ਪਿੰਡ ਦੇ ਸਨ। ਖਾਲੜੇ ਤੋਂ ਅੱਠ ਕਿਲੋਮੀਟਰ ਲਾਹੌਰ ਵੱਲ ਪਿੰਡ ਲੀਲ ਹੈ ਜਿੱਥੋਂ ਦੇ ਭਾਈ ਗੁਰਬਖਸ਼ ਜੀ ਸਨ ਜਿਨ੍ਹਾਂ ਦੁਰਾਨੀ ਦੀ ਤੀਹ ਹਜ਼ਾਰ ਫੌਜ ਨਾਲ ਕੇਵਲ ਤੀਹ ਸਿੰਘਾਂ ਸਮੇਤ ਦਰਬਾਰ ਸਾਹਿਬ ਮੁਕਾਬਲਾ ਕੀਤਾ ਸੀ।

ਇਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਤੁਰਕ ਨੇ ਦਰਬਾਰ ਸਾਹਿਬ ’ਤੇ ਹਮਲਾ ਨਹੀਂ ਕੀਤਾ। ਖਾਲੜੇ ਤੋਂ ੧੦ ਕੁ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਆਹਲੂ ਹੈ ਜਿੱਥੋਂ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਨ। ਸੁਰਸਿੰਘ ਭਿੱਖੀਵਿੰਡ ਦੇ ਵਿਚਕਾਰ ਖੱਬੇ ਹੱਥ ਪਿੰਡ ਸ਼ਬਾਜ਼ਪੁਰ ਹੈ ਜਿੱਥੋਂ ਦੇ ਭਾਈ ਸੰਮਨ ਅਤੇ ਮੂਸਨ ਸਨ ਜੋ ਪੰਜਵੀਂ ਪਾਤਸ਼ਾਹੀ ਦੇ ਸਮੇਂ ਹੋਏ ਸਨ। ਸ਼ਬਾਜ਼ਪੁਰ ਪਿੰਡ ਦੇ ਪਿੰਡ ਦੇ ਖੱਬੇ ਹੱਥ ਪਿੰਡ ਨੂਰਪੁਰ ਪੱਧਰੀ ਹੈ। ਇੱਥੋਂ ਦੇ ਭਾਈ ਲੱਧਾ ਜੀ ਸਨ, ਜਿਨ੍ਹਾਂ ਨੂੰ ਪੰਜਵੀਂ ਪਾਤਸ਼ਾਹੀ ਜੀ ਨੇ ਪਰਉਪਕਾਰੀ ਤਖੱਲਸ ਨਾਲ ਨਿਵਾਜਿਆ ਸੀ। ਇਨ੍ਹਾਂ ਨੇ ਗੁਰੂ-ਦਰਬਾਰ ਵਿਚ ਕੀਰਤਨ ਕਰਦੇ ਮੀਰਜਾਦਿਆਂ (ਭਾਈ ਸੱਤਾ ਅਤੇ ਭਾਈ ਬਲਵੰਡ) ਨੂੰ ਬਖ਼ਸ਼ਾਇਆ ਸੀ।

ਭਿੱਖੀਵਿੰਡ ਸੜਕ ‘ਤੇ ਇਕ ਕਿਲੋਮੀਟਰ ਅੱਗੇ ਖੇਮਕਰਨ ਵੱਲ ਚੂੰਘਾਂ ਦੇ ਮੋੜ ਤੋਂ ਸਿੱਧੀ ਲਿੰਕ ਰੋਡ ਉੱਤੇ ਛੇ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਮਾੜੀ ਕੰਬੋਕੀ ਹੈ। ਇੱਥੋਂ ਦੇ ਸ਼ਹੀਦ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਸਨ ਜਿਨ੍ਹਾਂ ਨੇ
ਆਪਣੇ ਸਾਥੀ ਸ. ਮਹਿਤਾਬ ਸਿੰਘ ਮੀਰਾਂਕੋਟੀਏ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਹੇ ਮੱਸੇ ਰੰਘੜ ਮੰਡਆਲੀਏ ਦਾ ਸਿਰ ਵੱਢਿਆ ਸੀ। ਇਸੇ ਪਿੰਡ ਦੇ ਪੂਰਨ ਸਿੱਖ ਭਾਈ ਫੇਰੂ ਜੀ ਵੀ ਸਨ। ਇੱਥੇ ਬਾਬਾ ਸ੍ਰੀ ਚੰਦ ਜੀ ਦੇ ਉਦਾਸੀ ਧੂਣਿਆਂ ਵਿੱਚੋਂ ਇਕ ‘ ਧੂਣਾ ਵੀ ਹੈ।

ਮਾੜੀ ਕੰਬੋਕੀ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ਉੱਤੇ ਪਿੰਡ ਮਾੜੀਮੇਘਾ ਹੈ। ਇੱਥੋਂ ਦੇ ਬਾਬਾ ਸੁੱਖਾ ਜੀ ਸਨ ਜੋ ਦਸਮੇਸ਼ ਜੀ ਦੇ ਆਦੇਸ਼ ’ਤੇ ਖੰਡਾ ਤੇ ਬਾਟਾ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਨ। ਇਨ੍ਹਾਂ ਦੇ ਗੁਰਦੁਆਰਾ ਸਾਹਿਬ ਦਾ ਨਾਮ ‘ਸੁੱਖਾ ਬਾਡੀ’ ਜੀ ਦਾ ਗੁਰਦੁਆਰਾ ਕਿਹਾ ਜਾਂਦਾ ਹੈ। ਜੋ ਬਿਲਕੁਲ ਧੁੱਸੀ ਬੰਨ੍ਹ ’ਤੇ ਹੈ।

ਇਸੇ ਸੜਕ ‘ਤੇ ਛੇ ਕੁ ਕਿਲੋਮੀਟਰ ਦੀ ਦੂਰੀ ਤੇ ਸੱਜੇ ਹੱਥ ਪਿੰਡ ਵਾਂ ਤਾਰਾ ਸਿੰਘ ਹੈ। ਵਾਂ ਦੇ ਸ਼ਹੀਦ ਭਾਈ ਤਾਰਾ ਸਿੰਘ ਜੀ ਦੀ ਪੱਟੀ ਦੇ ਮਿਰਜ਼ਾ ਜਾਫਰ ਬੇਗ ਨਾਲ ਜੰਗ ਵਿਚ ਭਾਈ ਸਾਹਿਬ ਨਾਲ ਅਠਾਰ੍ਹਾਂ ਸਿੰਘ ਸ਼ਹੀਦ ਹੋਏ ਸਨ। ਵਾਂ ਦੇ ਤਾਰਾ ਸਿੰਘ ਦੇ ਨਾਲ ਜੰਗ ਹੋਣ ਦਾ ਕਾਰਨ ਨੌਸ਼ਿਹਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਸੀ ਜੋ ਸਿੱਖਾਂ ਦਾ ਦੁਸ਼ਮਣ ਸੀ। (ਇਹ ਸਾਖੀ ਲੰਮੇਰੀ ਹੈ।)

ਇਸ ਤੋਂ ੧੦-੧੨ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਭੂਰਾ ਕੋਹਨਾ ਹੈ ਜਿੱਥੋਂ ਦੇ ਗਿਆਨੀ ਸੰਤ ਕਰਤਾਰ ਸਿੰਘ ਖਾਲਸਾ ਦਮਦਮੀ ਟਕਸਾਲ ਦੇ ੧੩ ਵੇਂ ਮੁਖੀ ਹੋਏ ਹਨ। ਸ਼ਹੀਦ ਭਾਈ ਅਮਰੀਕ ਸਿੰਘ ਤੇ ਹੋਰ ਅੱਠ ਸ਼ਹੀਦ ਵੀ ਇਸੇ ਪਿੰਡ ਦੇ ਸਨ।

ਭੂਰੇ ਕੋਹਨੇ ਤੋਂ ਕੇਵਲ ੩-੪ ਕਿਲੋਮੀਟਰ ਅੱਗੇ ਖੇਮਕਰਨ ਹੈ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ- ਛੋਹ ਪ੍ਰਾਪਤ ਗੁਰ-ਅਸਥਾਨ ਹੈ। ਗੁਰੂ ਜੀ ਨੂੰ ਇੱਥੋਂ ਦਾ ਸੇਠ ਦਲਪਤਿ ਰਾਏ ਆਪਣੇ ਘਰ ਚਰਨ ਪਾਉਣ ਲਈ ਚੋਹਲਾ ਸਾਹਿਬ ਤੋਂ ਲੈ ਕੇ ਗਿਆ ਸੀ।

ਖੇਮਕਰਨ ਬਾਰਡਰ ਬੈਲਟ ਦਾ ਉਹ ਕਸਬਾ ਹੈ ਜਿੱਥੇ ੧੯੬੫ ਈ. ਦੀ ਭਾਰਤ-ਪਾਕਿ ਜੰਗ ਸਮੇਂ ਭਾਰਤੀਆਂ ਨੇ ਪਾਕਿਸਤਾਨ ਦੇ ੨੫੦ ਪੈਟਨ ਅਮਰੀਕੀ ਟੈਂਕ ਤਬਾਹ ਕੀਤੇ ਸਨ। ਇਹ ੬੫ ਕਿਲੋਮੀਟਰ ਦੀ ਬਾਰਡਰ ਬੈਲਟ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਈ ਸੀ। ਕਈ ਪਿੰਡ ਤਾਂ ਪੂਰੀ ਤਰ੍ਹਾਂ ਖਤਮ ਹੋ ਗਏ ਸਨ। ਆਸਲ-ਉਤਾੜ ਲਾਗੇ ਸੜਕ ਉਤੇ ਸ਼ਹੀਦੀ ਯਾਦਗਾਰ ਬਣੀ ਹੈ ਜਿਥੇ ਸੜੇ ਟੈਂਕ ਪਏ ਹੋਏ ਹਨ।

ਭਿਖੀਵਿੰਡ-ਖੇਮਕਰਨ ਦੇ ਖੱਬੇ ਹੱਥ ਇਤਿਹਾਸਿਕ ਨਗਰ ਪੱਟੀ ਹੈ ਜਿੱਥੋਂ ਮੁਗ਼ਲ-ਕਾਲ ਦੇ ਸਮੇਂ ਪੱਟੀ ਦਾ ਗਵਰਨਰ ਨੌ-ਲੱਖ ਦਾ ਲਗਾਨ ਲੈਂਦਾ ਸੀ। ਇੱਥੇ ਮੁਗ਼ਲਾਂ ਦੇ ਸਮੇਂ ਦਾ ਕਿਲ੍ਹਾ ਹੈ ਜਿਸ ਨੂੰ ਸ. ਬੁੱਧ ਸਿੰਘ ਪੁਰੀਆ ਨੇ ਫਤਹ ਕੀਤਾ ਸੀ।

ਇੱਥੇ ਬਾਬਾ ਬਿਧੀ ਚੰਦ ਜੀ ਨਾਲ ਸੰਬੰਧਿਤ ਸਥਾਨ ਗੁਰਦੁਆਰਾ ਭੱਠ ਸਾਹਿਬ ਅਤੇ ਚੁਬਾਰਾ ਸਾਹਿਬ ਹੈ। ਇਹ ਬਾਗ਼ਾਂ ਦਾ ਸ਼ਹਿਰ ਹੈ। ਬੀਬੀ ਰਜਨੀ ਜੀ ਵੀ ਪੱਟੀ ਦੇ ਹੀ ਸਨ। ਟੁੱਟੀ ਗੰਢਵਾਉਣ ਨਾਲ ਜਥੇਦਾਰ ਭਾਈ ਮਾਨ ਸਿੰਘ ਸੁਰ ਸਿੰਘ ਸਣੇ ਸ੍ਰੀ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ੪੦ ਮੁਕਤੇ ਇਸੇ ਪਾਸੇ ਦੇ ਪਿੰਡਾਂ ਦੇ ਸਨ।
ਅਠਾਰ੍ਹਵੀਂ ਸਦੀ ਵਿਚ ਸਿੱਖਾਂ ਤੇ ਬਣੀਆਂ ਔਖੀਆਂ ਘੜੀਆਂ ਸਮੇਂ ਪੱਟੀ ਦਾ ਕਿਲ੍ਹਾ ਸਿੰਘਣੀਆਂ ਤੇ ਬੱਚਿਆਂ ਦਾ ਤਸੀਹਾਂ ਕੇਂਦਰ ਸੀ। ਇਸ ਕਿਲ੍ਹੇ ਵਿੱਚੋਂ ਬੱਚਿਆਂ ਦੇ ਕੰਕਾਲ ਮਿਲੇ ਸਨ ਤੇ ਚੱਕੀ ਵੀ ਮੌਜੂਦ ਹੈ ਜਿਸ ਨਾਲ ਦਾਣੇ ਪੀਸਾਏ ਜਾਂਦੇ ਸਨ।

ਝਬਾਲ ਤੋਂ ਲੈ ਕੇ ਖੇਮਕਰਨ-ਕਸੂਰ-ਖਾਲੜਾ-ਪੱਟੀ ਦਾ ਇਲਾਕਾ ਲਾਹੌਰ ਜ਼ਿਲ੍ਹੇ ਦਾ ਸੀ। ਇਸ ਇਲਾਕੇ ਵਿਚ ਜਿੱਥੇ ਅਨੇਕਾਂ ਸੂਰਬੀਰ ਅਤੇ ਸ਼ਹੀਦ ਹੋਏ ਹਨ ਉੱਥੇ ਨੌ ਸਿੱਖ ਮਿਸਲਾਂ ਇਸੇ ਖੇਤਰ ਦੀਆਂ ਹਨ:-
੧. ਮਿਸਲ ਸ਼ਹੀਦਾਂ: ਬਾਬਾ ਦੀਪ ਸਿੰਘ ਜੀ, ਪਿੰਡ ਪਹੁਵਿੰਡ, ਜ਼ਿਲ੍ਹਾ ਲਾਹੌਰ।
੨. ਮਿਸਲ ਰਾਮਗੜ੍ਹੀਆ: ਸ. ਜੱਸਾ ਸਿੰਘ ਰਾਮਗੜ੍ਹੀਆ ਪਿੰਡ ਸੁਰ ਸਿੰਘ, ਜ਼ਿਲ੍ਹਾ ਲਾਹੌਰ।
੩. ਮਿਸਲ ਸਿੰਘਪੁਰੀਆਂ: ਨਵਾਬ ਕਪੂਰ ਸਿੰਘ, ਪਿੰਡ ਸਿੰਘਪੁਰਾ, ਜ਼ਿਲ੍ਹਾ ਲਾਹੌਰ।
੪. ਮਿਸਲ ਆਹਲੂਵਾਲੀਆ: ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਪਿੰਡ ਆਹਲੂ, ਜ਼ਿਲ੍ਹਾ ਲਾਹੌਰ। ੫. ਮਿਸਲ ਕਰੋੜੀਆ: ਬਾਬਾ ਬਘੇਲ ਸਿੰਘ, ਪਿੰਡ ਝਬਾਲ, ਜ਼ਿਲ੍ਹਾ ਲਾਹੌਰ (ਬਾਬਾ ਸ਼ਾਮ ਸਿੰਘ ਨਾਰਲੀ)
੬. ਮਿਸਲ ਭੰਗੀ: ਸ. ਹਰੀ ਸਿੰਘ (ਢਿੱਲੋਂ) ਭੰਗੀ, ਪਿੰਡ ਕਾਹਨਾ, ਜ਼ਿਲ੍ਹਾ ਲਾਹੌਰ।
੭. ਮਿਸਲ ਕਨ੍ਹਈਆ: ਸਰਦਾਰ ਜੈ ਸਿੰਘ ਕਨ੍ਹਈਆ, ਪਿੰਡ ਕਾਹਨਾ, ਜ਼ਿਲ੍ਹਾ ਲਾਹੌਰ।
੮. ਮਿਸਲ ਨਕਈ: ਸਰਦਾਰ ਹਕੀਕਤ ਸਿੰਘ, ਹੀਰਾ ਸਿੰਘ, ਇਲਾਕਾ ਚੂਨੀਆ ਰਾਣੀ ਦਰਿਆ ਦੇ ਨੱਕੇ ਦਾ ਇਲਾਕਾ, ਜ਼ਿਲ੍ਹਾ ਲਾਹੌਰ।
੯. ਮਿਸਲ ਨਿਸ਼ਾਨਵਾਲੀਆ: ਸਰਦਾਰ ਗੁਲਾਬ ਸਿੰਘ, ਡੇਰਾ ਬਾਬਾ ਨਾਨਕ, ਜ਼ਿਲ੍ਹਾ ਲਾਹੌਰ।
ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਦੱਖਣੀ-ਬਾਹੀ ਦੇ ਇਲਾਕੇ ਬਾਰੇ ਬਹੁਤ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਜੂਨ ੧੯੮੪ ਈ. ਤੋਂ ਬਾਅਦ ਸਿੱਖ ਸੰਘਰਸ਼ ਦੇ ਸਮੇਂ ਵੀ ਸਭ ਤੋਂ ਵੱਧ ਨੌਜੁਆਨ ਸ਼ਹੀਦ ਸਿੰਘ ਇਸੇ ਬਾਹੀ ਦੇ ਹੋਏ ਹਨ।