ਅਮਰੀਕਾ ਦੇ ਸ਼ਹਿਰ ਫ੍ਰੈਜ਼ਨੋ ‘ਚ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਗਿਆ ਸਕੂਲ ਦਾ ਨਾਮ

ਜਿੱਥੇ ਭਾਰਤ ਸਰਕਾਰ ਵੱਲੋਂ ’84 ਸਿੱਖ ਨਸਲਕੁਸ਼ੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਸੱਚ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ— ਭਾਈ ਖਾਲੜਾ ਜੀ ਦੀ ਜ਼ਿੰਦਗੀ ‘ਤੇ ਬਣੀ ਫਿਲਮ ਪੰਜਾਬ ’95 ‘ਤੇ ਪਾਬੰਦੀ ਲਗਾ ਦਿੱਤੀ ਗਈ—ਉਥੇ ਪੱਛਮੀ ਦੇਸ਼ ਨਾਂ ਸਿਰਫ਼ ਸਿੱਖਾਂ ਨੂੰ ਮੰਨਤਾ ਦੇ ਰਹੇ ਹਨ, ਸਗੋਂ ਸਾਡੇ ਮਹਾਨ ਯੋਧਿਆਂ ਦੇ ਨਾਮ ‘ਤੇ ਸਕੂਲ ਅਤੇ ਪਾਰਕ ਵੀ ਰੱਖ ਰਹੇ ਹਨ।

ਕੈਲੀਫੋਰਨੀਆ ਦੇ ਫ੍ਰੈਜ਼ਨੋ ਯੂਨੀਫਾਇਡ ਸਕੂਲ ਜ਼ਿਲ੍ਹਾ ਨੇ ਆਪਣੇ ਨਵੇਂ ਸਕੂਲ ਦਾ ਨਾਮ “ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ” ਰੱਖਣ ਦਾ ਐਲਾਨ ਕੀਤਾ ਹੈ। ਇਹ ਉੱਤਰੀ ਅਮਰੀਕਾ ਦਾ ਪਹਿਲਾ ਸਰਕਾਰੀ ਸਕੂਲ ਹੋਵੇਗਾ, ਜੋ ਕਿਸੇ ਸਿੱਖ ਵਿਅਕਤੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਬੋਰਡ ਪ੍ਰਧਾਨ ਨੇ ਕਿਹਾ ਕਿ ਇਹ ਸਿੱਖਾਂ ਦੀ ਵਿਰਾਸਤ ਅਤੇ ਸਤਿਕਾਰ ਨੂੰ ਮੰਨਣ ਵਾਲਾ ਇੱਕ ਇਤਿਹਾਸਕ ਫੈਸਲਾ ਹੈ।

ਸ਼ਿਲਡਸ ਅਤੇ ਬਰਾਲੀ ‘ਤੇ ਬਣੇ ਇਸ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਰੱਖਣ ਲਈ ਛੇ ਬੋਰਡ ਮੈਂਬਰਾਂ ਨੇ ਹਾਂ ‘ਚ ਵੋਟ ਪਾਈ, ਜਦਕਿ ਇੱਕ ਮੈਂਬਰ ਨੇ ਵੋਟਿੰਗ ਤੋਂ ਪਰਹੇਜ਼ ਕੀਤਾ।

ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ, ਜਿਨ੍ਹਾਂ ਨੇ ਭਾਰਤ ‘ਚ ਹੋਏ ਹਜ਼ਾਰਾਂ ਝੂਠੇ ਮੁਕਾਬਲਿਆਂ ਅਤੇ ਪੁਲਿਸ ਤਸ਼ੱਦਦ ਬਾਰੇ ਅੰਤਰ-ਰਾਸ਼ਟਰੀ ਪੱਧਰ ‘ਤੇ ਖੁਲਾਸਾ ਕੀਤਾ। ਪਰ ਹਕੂਮਤ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ।

ਫ੍ਰੈਜ਼ਨੋ ਵਿਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੰਜਾਬੀ ਭਾਈਚਾਰੇ ਲਈ ਇੱਕ ਪ੍ਰੇਰਣਾ ਮੰਨਿਆ ਜਾਂਦਾ ਹੈ। ਖਾਲੜਾ ਜੀ ਦੀ ਬੇਟੀ ਨੇ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਵੀ ਇਥੇ ਰਹਿੰਦਾ ਹੈ। ਇਹ ਹੀ ਨਹੀਂ, 2017 ਵਿੱਚ ਵੀਕਟੋਰੀਆ ਪਾਰਕ ਦਾ ਨਾਂ ਬਦਲ ਕੇ “ਭਾਈ ਜਸਵੰਤ ਸਿੰਘ ਖਾਲੜਾ ਪਾਰਕ” ਰੱਖਿਆ ਗਿਆ ਸੀ ਜਿੱਥੇ ਅੱਜਕਲ੍ਹ ਕਬੱਡੀ, ਫੁੱਟਬਾਲ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ।