ਡਾ. ਚਮਕੌਰ ਸਿੰਘ
ਧਰਮ ਦੇ ਖੇਤਰ ਵਿਚ ਪਵਿੱਤਰਤਾ ਜਾਂ ‘ਸ਼ੁੱਧੀ’ ਇਕ ਪ੍ਰਬਲ ਭਾਵਨਾ ਹੈ, ਜਿਸ ਦਾ ਪ੍ਰਗਟਾਵਾ ਕਈ ਤਰ੍ਹਾਂ ਦੀਆਂ ਧਾਰਮਿਕ ਕਿਰਿਆਵਾਂ ਜਾਂ ਰਸਮਾਂ ਦੁਆਰਾ ਕੀਤਾ ਜਾਂਦਾ ਹੈ। ਹਿੰਦੁਸਤਾਨੀ ਸਮਾਜ ਵਿਚ ਸੂਤਕ-ਪਾਤਕ, ਚੌਂਕਾ ਲੇਪ, ਛਿੜਕਾਅ, ਤੀਰਥ- ਇਸ਼ਨਾਨ ਆਦਿ ਰਸਮਾਂ ‘ਸ਼ੁੱਧੀ’ ਦੀ ਭਾਵਨਾ ਨਾਲ ਹੀ ਸਬੰਧਤ ਹਨ। ਗ੍ਰਹਿ-ਪ੍ਰਵੇਸ਼ ਅਤੇ ਦੁਕਾਨ ਜਾਂ ਕਾਰੋਬਾਰ ਸ਼ੁਰੂ ਕਰਨ ਸਮੇਂ ਕੀਤੀਆਂ ਜਾਂਦੀਆਂ ਰਸਮਾਂ ਦਾ ਸਬੰਧ ਵੀ ਸ਼ੁੱਧੀ ਨਾਲ ਹੀ ਹੁੰਦਾ ਹੈ। ਸੁੱਚ-ਭਿੱਟ ਦਾ ਵਿਚਾਰ ਸਿੱਧੇ ਤੌਰ ’ਤੇ ‘ਸ਼ੁੱਧੀ’ ਨਾਲ ਹੀ ਜੁੜਿਆ ਹੋਇਆ ਹੈ। ਕੋਸ਼ਾਂ ਵਿਚ ਸੁੱਚ ਦੇ ਅਰਥ: ਸ਼ੁੱਧਤਾ, ਪਵਿੱਤਰਤਾ, ਨਿਰਮਲਤਾ, ਸਵੱਛਤਾ, ਉਜਲਤਾ ਆਦਿ ਕੀਤੇ ਗਏ ਹਨ ਜਦ ਕਿ ਭਿੱਟ ਦੇ ਅਰਥ ਹਨ: ਭ੍ਰਿਸ਼ਟਤਾ, ਅਪਵਿੱਤਰਤਾ, ਮਲੀਨਤਾ, ਪਲੀਤੀ, ਲਾਗ, ਛੂਤ ਅਥਵਾ ਸਪਰਸ਼ ਜਾਂ ਛੂਹਣ ਤੋਂ ਹੋਈ ਅਸ਼ੁੱਧੀ ਆਦਿ।
ਸੁੱਚ-ਭਿੱਟ ਦੇ ਵਿਚਾਰ ਹਿੰਦੁਸਤਾਨੀ ਸਮਾਜ ਦੀ ਇਕ ਗੁੰਝਲਦਾਰ ਅਤੇ ਜਟਿਲ ਸਮੱਸਿਆ ਹੈ ਜੋ ਕਿ ਬ੍ਰਾਹਮਣ-ਵਰਗ ਦੇ ਦਿਮਾਗ ਦੀ ਕਾਢ ਸੀ। ਇਸ ਦਾ ਮੁੱਖ-ਮੰਤਵ ਹਰ ਪੱਖੋਂ ਬ੍ਰਾਹਮਣ ਵਰਗ ਦੀ ਸਰਦਾਰੀ ਕਾਇਮ ਕਰਨਾ ਸੀ। ਬ੍ਰਾਹਮਣੀ ਵਰਨ-ਵੰਡ ਅਨੁਸਾਰ ਪਰਮਾਤਮਾ ਨੇ ਚਾਰ ਕਿਸਮ ਦੇ ਲੋਕ ਪੈਦਾ ਕੀਤੇ ਹਨ–ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਸ ਜਾਤਪਾਤੀ ਦਰਜਾਬੰਦੀ ਦੇ ਮੁਤਾਬਿਕ ਬ੍ਰਾਹਮਣ ਸ਼੍ਰੇਣੀ ਸਭ ਤੋਂ ਉੱਚੀ ਹੈ, ਫਿਰ ਖੱਤਰੀ, ਵੈਸ਼ ਅਤੇ ਸਭ ਤੋਂ ਨੀਚ ਹਨ ‘ਸ਼ੂਦਰ’। ਸਮਾਜਿਕ ਪਾੜੇ ਨੂੰ ਪੱਕਾ ਕਰਨ ਲਈ ਇਨ੍ਹਾਂ ਚਹੁੰ ਵਰਨਾਂ ਦੇ ਆਪਸੀ ਮਿਲਵਰਤਣ, ਖਾਣ-ਪੀਣ ਆਦਿ ਦੇ ਅਜਿਹੇ ਅਸੂਲ ਘੜ ਦਿੱਤੇ ਗਏ ਕਿ ਇਨ੍ਹਾਂ ਦੇ ਇਕ-ਦੂਜੇ ਨਾਲ ਮਿਲ-ਬੈਠਣ ਦੀ ਕੋਈ ਗੁੰਜਾਇਸ਼ ਨਾ ਰਹੀ। ‘ਮਨੂੰ ਸਿਮ੍ਰਤੀ’ ਜਿਹੇ ਗ੍ਰੰਥ ਇਸੇ ਲੋੜ ਦੀ ਉਪਜ ਹਨ। ਇਨ੍ਹਾਂ ਅਨੁਸਾਰ ਸ਼ੂਦਰਾਂ ਨੂੰ ਅਛੂਤ ਮੰਨਿਆ ਗਿਆ, ਜਿਨ੍ਹਾਂ ਦੀ ਛੋਹ ਨਾਲ ਬ੍ਰਾਹਮਣ ਆਦਿ ਉੱਚ-ਵਰਗ ਦੇ ਲੋਕ ਭਿੱਟੇ ਜਾਣ ਲੱਗੇ। ਛੂਤ-ਛਾਤ ਦੀ ਇਹ ਭਾਵਨਾ ਇੰਨੀ ਜ਼ੋਰਦਾਰ ਸੀ ਕਿ ਸ਼ੂਦਰ ਦਾ ਪਰਛਾਵਾਂ ਪੈਣ, ਇਥੋਂ ਤਕ ਕਿ ਉਸ ਦੀ ਨਜ਼ਰ ਪੈਣ ਨਾਲ ਵੀ ਹਰ ਚੀਜ਼ ਭਿੱਟੀ ਅਥਵਾ ਭ੍ਰਿਸ਼ਟ ਹੋਈ ਸਮਝੀ ਜਾਂਦੀ। ਵਿਵਹਾਰਕ ਪੱਖ ਤੋਂ ਭਿੱਟ ਦਾ ਸਬੰਧ ਖਾਣ-ਪੀਣ ਨਾਲ ਜ਼ਿਆਦਾ ਸੀ। ਇਸੇ ਭਿੱਟ ਤੋਂ ਬਚਣ ਲਈ ਅਛੂਤਾਂ ਨਾਲ ਕਿਸੇ ਕਿਸਮ ਦੇ ਵਰਤੋਂ-ਵਿਹਾਰ ਦੀ ਮਨਾਹੀ ਸੀ। ਇਸ ਦੀ ਉਲੰਘਣਾ ਕਰਨ ਵਾਲੇ ਲਈ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਾ ਵਿਧਾਨ ਸੀ। ਸ਼ੂਦਰਾਂ ਦੇ ਖੂਹ ਵੱਖਰੇ, ਬਸਤੀਆਂ ਵੱਖਰੀਆਂ, ਮਸਾਣ ਵੱਖਰੇ ਆਦਿ। ਬ੍ਰਾਹਮਣੀ ਹੈਂਕੜਬਾਜ਼ੀ ਦੀ ਇਸ ਵਿਤਕਰੇ ਵਾਲੀ ਭਾਵਨਾ ਨੇ ਸ਼ੂਦਰਾਂ ਨੂੰ ਨਿਰਾਸਤਾ ਦੀ ਡੂੰਘੀ ਖੱਡ ਵਿਚ ਸੁੱਟ ਦਿੱਤਾ ਸੀ।
ਸਿੱਖ ਧਰਮ ਨੇ ਊਚ-ਨੀਚ ਦੇ ਇਸ ਸਮਾਜਿਕ ਪਾੜੇ ਨੂੰ ਪੂਰਨ ਲਈ ਸਾਰੇ ਵੰਡ-ਵਿਤਕਰਿਆਂ ਨੂੰ ਬੁਨਿਆਦੀ ਤੌਰ ‘ਤੇ ਰੱਦ ਕਰ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਨੇ ‘ਫਕੜ ਜਾਤੀ ਫਕੜੁ ਨਾਉਂ ਕਹਿੰਦਿਆਂ ਹਰ ਮਨੁੱਖ ਵਿਚ ਇਕ ਅਕਾਲ ਪੁਰਖ ਦੀ ਜੋਤਿ ਨੂੰ ਅਨੁਭਵ ਕਰਨ ਦਾ ਸੰਦੇਸ਼ ਦਿੱਤਾ:
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥
(ਪੰਨਾ ੩੪੯)
ਪੰਚਮ ਪਾਤਸ਼ਾਹ ਅਨੁਸਾਰ ਸਾਰੇ ਮਨੁੱਖ ਇਕੋ ਪਿਤਾ ਵਾਹਿਗੁਰੂ ਦੇ ਬੱਚੇ ਹੋਣ ਕਰਕੇ ਬਰਾਬਰ ਹਨ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
(ਪੰਨਾ ੬੧੧) ਜਾਤ-ਪਾਤ ਅਤੇ ਛੂਤ-ਛਾਤ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬਾਨ ਨੇ ਕੇਵਲ ਮਾਤਰ ਪ੍ਰਚਾਰ ਹੀ ਨਹੀਂ ਕੀਤਾ, ਬਲਕਿ ਵਿਵਹਾਰਕ ਪੱਖੋਂ ਵੀ ਨਿੱਗਰ ਯਤਨ ਕੀਤੇ। ਸੰਗਤ ਅਤੇ ਪੰਗਤ ਇਨ੍ਹਾਂ ਜਤਨਾਂ ਦਾ ਹੀ ਸਿੱਟਾ ਹਨ, ਜਿੱਥੇ ਸਾਰੇ ਬਰਾਬਰ ਹਨ ਅਤੇ ਊਚ-ਨੀਚ, ਛੂਤ-ਛਾਤ ਦਾ ਕੋਈ ਭੇਦ-ਭਾਵ ਨਹੀਂ ਹੈ। ਨਵੇਂ ਤੀਰਥਾਂ, ਬਾਉਲੀਆਂ ਅਤੇ ਸਰੋਵਰਾਂ ਦੀ ਉਸਾਰੀ ਦਾ ਮਕਸਦ ਵੀ ਊਚ-ਨੀਚ ਅਤੇ ਛੂਤ-ਛਾਤ ਦੀ ਬ੍ਰਾਹਮਣੀ-ਵੰਡ ਨੂੰ ਖ਼ਤਮ ਕਰਨਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਖੰਡੇ ਦੀ ਪਾਹੁਲ’ ਦੇ ਕੇ ਸਭ ਨੂੰ ਜਾਤ-ਪਾਤ ਦੀ ਸਮਾਜਿਕ ਵੰਡ ਤੋਂ ਬਿਲਕੁਲ ਮੁਕਤ ਕਰ ਦਿੱਤਾ। ਸਭ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਛੂਤ-ਛਾਤ ਅਤੇ ਸੁੱਚ-ਭਿੱਟ ਦਾ ਵਹਿਮ ਸਦਾ ਲਈ ਖ਼ਤਮ ਕਰ ਦਿੱਤਾ।
ਪਰ ਅਜੋਕੇ ਸਮੇਂ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਛੂਤ-ਛਾਤ ਅਤੇ ਸੁੱਚ-ਭਿੱਟ ਦੀ ਬੀਮਾਰੀ, ਸਿੱਖ-ਸਮਾਜ ਅੰਦਰ ਬਦਲਵੇਂ ਰੂਪ ਵਿਚ ਫਿਰ ਘੁਸਪੈਠ ਕਰਦੀ ਜਾ ਰਹੀ ਹੈ, ਜੋ ਸਿੱਖਾਂ ਅੰਦਰ ਊਚ-ਨੀਚ ਦੀ ਭਾਵਨਾ ਨੂੰ ਉਭਾਰ ਰਹੀ ਹੈ। ਅੰਮ੍ਰਿਤਧਾਰੀ ਸਿੱਖਾਂ ਅੰਦਰ ਉੱਭਰ ਰਹੀ ਇਸ ਭਾਵਨਾ ਨੂੰ ਵਰਨ-ਵੰਡ ਦੀ ਨਵੀਂ ਸਫ-ਬੰਦੀ ਕਹਿਣਾ ਗਲਤ ਨਹੀਂ ਹੋਵੇਗਾ। ਇਸ ਸਫ਼-ਬੰਦੀ ਅਧੀਨ ਇਕ ਵਰਗ ‘ਬਿਬੇਕੀਆਂ’ ਦਾ ਹੈ ਅਤੇ ਦੂਜਾ ‘ਖੁੱਲ੍ਹਾ ਛਕਣ ਵਾਲਿਆਂ ਦਾ ਹੈ। ਬਿਬੇਕੀਆਂ ਨੇ ਖੁੱਲ੍ਹਾ ਛਕਣ ਵਾਲਿਆਂ ਨਾਲ ਵਰਤੋਂ-ਵਿਹਾਰ ਵਿਚ ਕੁਝ ਪਾਬੰਦੀਆਂ ਆਇਦ ਕਰ ਰੱਖੀਆਂ ਹਨ। ਖਾਸ ਤੌਰ ‘ਤੇ ਖਾਣ-ਪੀਣ ਦੇ ਮਾਮਲੇ ਵਿਚ ਸੁੱਚ-ਭਿੱਟ ਦਾ ਵਿਚਾਰ ਬ੍ਰਾਹਮਣੀ ਮੱਤ ਦੀ ਤਰ੍ਹਾਂ ਹੀ ਪ੍ਰਚਲਿਤ ਹੈ। ਭਾਵੇਂ ਇਸ ਵਹਿਮ ਦਾ ਉਹ ਰੂਪ ਨਹੀਂ ਹੈ ਜੋ ਜਾਤ-ਪਾਤੀ ਢਾਂਚੇ ਵਿਚ ਵਿਦਮਾਨ ਰਿਹਾ ਹੈ ਪਰ ਮੂਲ ਰੂਪ ਵਿਚ ਭਾਵਨਾ ਉਹੋ ਹੀ ਹੈ। ਬਿਬੇਕੀ ਸਿੰਘਾਂ ਦੀ ‘ਖੁੱਲ੍ਹਾ ਛਕਣ’ ਵਾਲਿਆਂ ਤੋਂ ਉਤਮਤਾ ਨੂੰ ਸਿੱਧ ਕਰਨਾ।
ਜੇ ਬਿਬੇਕ ਸ਼ਬਦ ਦੇ ਅਰਥਾਂ ਦੀ ਗੱਲ ਕਰੀਏ ਤਾਂ ਇਸ ਦਾ ਸਿੱਧਾ ਸੰਬੰਧ ਬੁੱਧੀ ਨਾਲ ਹੈ। ਜਿਸ ਦਾ ਭਾਵ ਹੈ ਚੰਗੇ-ਮੰਦੇ ਵਿਚ ਅੰਤਰ-ਭੇਦ ਕਰਨ ਦੀ ਸੂਝ। ਇਸ ਤਰ੍ਹਾਂ ਬਿਬੇਕੀ ਉਹ ਹੈ ਜੋ ਚੰਗੇ-ਮਾੜੇ ਕਰਮ ਵਿਚ ਨਿਖੇੜਾ ਕਰਨ ਦੀ ਸੂਝ ਜਾਂ ਤਮੀਜ਼ ਰੱਖਦਾ ਹੋਵੇ, ਗਿਆਨ ਰੱਖਦਾ ਹੋਵੇ ਪਰ ਬਿਬੇਕ ਦੀ ਇਹ ਤਾਰੀਫ਼ ਅਜੋਕੇ ਬਿਬੇਕੀਆਂ ਵਿਚ ਅਲੋਪ ਹੈ। ਗ਼ੈਰ-ਬਿਬੇਕੀ (ਭਾਵੇਂ ਉਹ ਅੰਮ੍ਰਿਤਧਾਰੀ ਹੀ ਕਿਉਂ ਨਾ ਹੋਵੇ) ਦੇ ਹੱਥ ਦਾ ਬਣਿਆ ਖਾਣਾ ਖਾਣ ਨਾਲ ਉਹ ਭਿੱਟਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਸ਼ੁੱਧੀ ਕਰਵਾਉਣੀ ਪੈਂਦੀ ਹੈ ਅਥਵਾ ਸੋਧਾ ਲਵਾਉਣਾ ਪੈਂਦਾ ਹੈ। ਹੈ ਨਾ ਬ੍ਰਾਹਮਣਾਂ ਦੀ ਨਕਲ!
ਹੋਰ ਦੇਖੋ, ਖੁੱਲ੍ਹਾ ਛਕਣ ਵਾਲਿਆਂ ਨਾਲੋਂ ਆਪਣੇ-ਆਪ ਨੂੰ ਉੱਤਮ ਸਿੱਧ ਕਰਨ ਲਈ ਇਨ੍ਹਾਂ ਦੇ ਸਮਾਗਮਾਂ ਦੌਰਾਨ ਬਿਬੇਕੀਆਂ ਲਈ ਵੱਖਰੇ ਲੰਗਰ ਸੱਜਦੇ ਹਨ, ਜਿੱਥੇ ਖੁੱਲ੍ਹਾ ਛਕਣ ਵਾਲਿਆਂ ਦੇ ਜਾਣ ਦੀ ਮਨਾਹੀ ਹੁੰਦੀ ਹੈ। ਪਿਛਲੇ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਏ ਇਕ ਸਮਾਗਮ ਦੌਰਾਨ ਵਿਦਿਆਰਥੀ ਪ੍ਰਬੰਧਕਾਂ ਨੂੰ ਉਸ ਸਮੇਂ ਭਾਰੀ ਨਮੋਸ਼ੀ ਹੋਈ, ਜਦੋਂ ਕੁਝ ਬਿਬੇਕੀਆਂ ਨੇ ਖੁੱਲ੍ਹਾ ਛਕਣ ਵਾਲਿਆਂ ਦੇ ਹੱਥੋਂ ਤਿਆਰ ਹੋਇਆ ਲੰਗਰ ਛਕਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਲੰਗਰ ਤਿਆਰ ਕਰਨ ਵਾਲੇ ਵਿਦਿਆਰਥੀ ਬਿਬੇਕੀ ਨਹੀਂ ਸਨ। ਇਹ ਵੀ ਸੁਣਨ ਵਿਚ ਆਇਆ ਹੈ ਕਿ ਕੁਝ ਬਿਬੇਕੀ ਇੰਨੇ ਕੱਟੜ ਹੁੰਦੇ ਹਨ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਵੀ ਨਹੀਂ ਲੈਂਦੇ ਕਿਉਂਕਿ ਇਹ ਪ੍ਰਸ਼ਾਦ ਬਿਬੇਕੀਆਂ ਦੁਆਰਾ ਤਿਆਰ ਨਹੀਂ ਕੀਤਾ ਹੁੰਦਾ, ਗੁਰੂ ਰਾਮਦਾਸ ਲੰਗਰ ਵਿਚੋਂ ਪ੍ਰਸ਼ਾਦਾ ਛਕਣਾ ਤਾਂ ਦੂਰ ਦੀ ਗੱਲ ਹੈ। ਇਸ ਤਰ੍ਹਾਂ ਦਾ ਵਰਤਾਓ ਬ੍ਰਾਹਮਣੀ ਛੂਤ-ਛਾਤ ਅਤੇ ਸੁੱਚ-ਭਿੱਟ ਦੇ ਵਿਚਾਰ ਤੋਂ ਕਿਸ ਤਰ੍ਹਾਂ ਭਿੰਨ ਹੈ? ਇਸ ਸਵਾਲ ਦਾ ਜਵਾਬ ਸ਼ਾਇਦ ਕੋਈ ਨਹੀਂ ਹੈ।
ਉਪਰੋਕਤ ਚਰਚਾ ਦਾ ਭਾਵ ਇਹ ਹਰਗਿਜ਼ ਨਹੀਂ ਕਿ ਸਫਾਈ ਜਾਂ ਪਵਿੱਤਰਤਾ ਦੀ ਕੋਈ ਲੋੜ ਨਹੀਂ। ਸਫਾਈ ਰੱਖਣੀ ਹੋਰ ਗੱਲ ਹੈ, ਵਹਿਮ-ਭਰਮ ਵਿਚ ਪੈਣਾ ਹੋਰ ਗੱਲ। ਗੁਰਬਾਣੀ ਵਿਚ ਸਰੀਰ ਨੂੰ ‘ਹਰਿਮੰਦਰ’ ਕਿਹਾ ਗਿਆ ਹੈ। ਇਸ ਲਈ ਇਸ ਨੂੰ ਪਵਿੱਤਰ ਰੱਖਣ ਲਈ ਸਫਾਈ ਰੱਖਣਾ, ਸਾਫ਼ ਭੋਜਨ ਛਕਣਾ, ਸਾਫ਼ ਵਾਤਾਵਰਣ ਵਿਚ ਰਹਿਣਾ ਜ਼ਰੂਰੀ ਹੈ ਪਰ ਸੁੱਚ-ਭਿੱਟ, ਸੂਤਕ- ਪਾਤਕ ਅਤੇ ਕਾਰਾਂ ਕੱਢਣ ਦੇ ਬੇਲੋੜੇ ਵਹਿਮ-ਭਰਮ ਗੁਰਬਾਣੀ ਵਿਚ ਵਰਜਿਤ ਹਨ। ਉਦਾਹਰਣ ਮਾਤਰ ‘ਆਸਾ ਕੀ ਵਾਰ’ ਦੀਆਂ ਕੁਝ ਸਤਰਾਂ ਪੇਸ਼ ਹਨ:
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
(ਪੰਨਾ ੪੭੩)
(ਪੰਨਾ ੪੭੨)
ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥
ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥
ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥
ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥
(ਉਹੀ)
ਇਸ ਤਰ੍ਹਾਂ ਗੁਰਬਾਣੀ ਵਿਚ ਬਾਹਰੀ ਸੁੱਚਤਾ ਨਾਲੋਂ ਅੰਦਰੂਨੀ ਸੁੱਚਤਾ ਅਥਵਾ ਹਿਰਦੇ ਦੀ ਪਵਿੱਤਰਤਾ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸੁੱਚ-ਭਿੱਟ ਆਦਿ ਭਰਮਾਂ ਦਾ ਖੰਡਨ ਕੀਤਾ ਗਿਆ ਹੈ। ਇਹ ਭਰਮ, ਵੰਡ ਵਿਤਕਰੇ ਅਤੇ ਊਚ-ਨੀਚ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਮੂਲ ਰੂਪ ਵਿਚ ਇਹ ਬ੍ਰਾਹਮਣਵਾਦ ਦੀ ਦੇਣ ਹੈ। ਮੁਕਦੀ ਗੱਲ, ਬਿਬੇਕ ਦੇ ਨਾਂ ਹੇਠ ਉੱਭਰ ਰਿਹਾ ਸੁੱਚ-ਭਿੱਟ ਦਾ ਭਰਮ, ਖਾਲਸਾ-ਪੰਥ ਵਿਚ ਵੰਡ-ਵਿਤਕਰੇ ਦਾ ਬੀਅ ਬੀਜੇਗਾ, ਸੁਚੇਤ ਹੋਣ ਦੀ ਲੋੜ ਹੈ।
(੫/੧੯੯੫)
