ਡਾ. ਗੁਰਪ੍ਰੀਤ ਸਿੰਘ
ਇਸ ਘਰਾਣੇ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਸ. ਬੁੱਢਾ ਸਿੰਘ ਸੀ, ਜੋ ਦਸਮ ਗੁਰੂ ਅਤੇ ਬੰਦਾ ਸਿੰਘ ਦੀ ਫੌਜ ਵਿਚ ਸਿਪਾਹੀ ਰਿਹਾ। ਇਸ ਦੀ ਮੌਤ ੧੭੧੮ ਈ. ਨੂੰ ਹੋਈ ਸੀ। ਬੁੱਢਾ ਸਿੰਘ ਦੇ ਦੋ ਪੁੱਤਰ ਨੌਧ ਸਿੰਘ ਤੇ ਚੰਦਾ ਸਿੰਘ ਸਨ। ੧੭੪੮ ਈ. ਵਿਚ ਜਦ ਮਿਸਲਾਂ ਬਣੀਆਂ ਤਾਂ ਨੌਧ ਸਿੰਘ ਸ਼ੁਕਰਚੱਕੀਆ ਮਿਸਲ ਦਾ ਮੋਢੀ ਬਣਿਆ। ੧੭੫੨ ਈ. ਵਿਚ ਪਠਾਣਾਂ ਨਾਲ ਲੜਦੇ ਸਮੇਂ ਨੌਧ ਸਿੰਘ ਸ਼ਹੀਦ ਹੋ ਗਿਆ। ਨੌਧ ਸਿੰਘ ਤੋਂ ਬਾਅਦ ਚੜਤ ਸਿੰਘ ਮਿਸਲਦਾਰ ਬਣਿਆ। ੧੭੬੦ ਈ. ਵਿਚ
ਚੜਤ ਸਿੰਘ ਦੇ ਘਰ ਮਹਾਂ ਸਿੰਘ ਪੈਦਾ ਹੋਇਆ। ਚੜਤ ਸਿੰਘ ਵੱਡੇ ਘੱਲੂਘਾਰੇ ਵਿਚ ਬਹੁਤ ਹੀ ਬਹਾਦਰੀ ਨਾਲ ਲੜਿਆ ਸੀ। ੧੭੭੦ ਈ. ਵਿਚ ਚੜਤ ਸਿੰਘ ਭੰਗੀ ਮਿਸਲ ਵਿਰੁਧ ਲੜਦਿਆਂ ਆਪਣੀ ਹੀ ਗੋਲੀ ਦਾ ਸ਼ਿਕਾਰ ਹੋ ਗਿਆ। ਚੜਤ ਸਿੰਘ ਤੋਂ ਬਾਅਦ ਮਹਾਂ ਸਿੰਘ ਮਿਸਲਦਾਰ ਬਣਿਆ। ਮਹਾਂ ਸਿੰਘ ਦੇ ਘਰ ੧੩ ਨਵੰਬਰ ੧੭੮੦ ਈ. ਨੂੰ ਰਣਜੀਤ ਸਿੰਘ ਨੇ ਜਨਮ ਲਿਆ। ਮਹਾਂ ਸਿੰਘ ਦੀ ੧੭੯੦ ਈ. ਵਿਚ ਮੌਤ ਹੋ ਗਈ।
ਰਣਜੀਤ ਸਿੰਘ ਨੇ ੬ ਜੁਲਾਈ ੧੭੯੯ ਈ. ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ੧੨ ਅਪ੍ਰੈਲ ੧੮੦੧ ਈ. ਨੂੰ ਵਿਸਾਖੀ ਵਾਲੇ ਦਿਨ ਰਣਜੀਤ ਸਿੰਘ ਨੇ ਮਹਾਰਾਜਾ ਲਕਬ ਧਾਰਨ ਕੀਤਾ। ਹੌਲੀ-ਹੌਲੀ ਰਣਜੀਤ ਸਿੰਘ ਆਪਣਾ ਰਾਜ ਵਧਾਉਂਦਾ ਗਿਆ ਤੇ ਪੂਰੇ ਪੰਜਾਬ ‘ਤੇ ਕਬਜ਼ਾ ਕਰ ਗਿਆ। ੨੭ ਜੂਨ ੧੮੩੯ ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਖੜਕ ਸਿੰਘ ਮਹਾਰਾਜਾ ਬਣਿਆ। ਇਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਖੜਕ ਸਿੰਘ ਨੂੰ ਕੈਦ ਕਰਕੇ ਕੰਵਰ ਨੌਨਿਹਾਲ ਸਿੰਘ ਨੂੰ ਰਾਜਾ ਬਣਾਇਆ ਗਿਆ ਸੀ। ਪਰ ਡੋਗਰਿਆਂ ਨੇ ਕੰਵਰ ਨੌਨਿਹਾਲ ਨੂੰ ਵੀ ਕਤਲ ਕਰ ਦਿੱਤਾ। ਫਿਰ ਸ਼ੇਰ ਸਿੰਘ ਮਹਾਰਾਜਾ ਬਣਿਆ। ਪਰ ੧੫ ਸਤੰਬਰ ੧੮੪੩ ਈ. ਨੂੰ ਸੰਧਾਵਾਲੀਆ ਨੇ ਇਸ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਦਲੀਪ ਸਿੰਘ ਮਹਾਰਾਜਾ ਬਣਾਇਆ ਗਿਆ ਪਰ ੨੯ ਮਾਰਚ ੧੮੪੯ ਈ. ਨੂੰ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ। ਆਖਿਰ ਇਕ ਮਿਸਲ ਤੋਂ ਪੰਜਾਬ ਤੱਕ ਫੈਲਿਆ ਰਾਜ ਇਕ ਦਿਨ ਖਤਮ ਹੋ ਗਿਆ।