ਡਾ. ਜਗੀਰ ਸਿੰਘ
ਮਨੁੱਖ ਸਮਾਜਿਕ ਜੀਵ ਹੈ। ਇਸ ਵਿਚਲੀ ਸਮਾਜਿਕਤਾ (ਚੇਤਨਤਾ) ਹੀ ਇਸ ਨੂੰ ਪਸ਼ੂਆਂ ਨਾਲੋਂ ਵੱਖਰਾ ਕਰਦੀ ਹੈ। ਸਮਾਜ ਵਿਚ ਰਹਿੰਦਾ ਮਨੁੱਖ ਹੀ ਮਨੁੱਖ ਹੈ। ਜਿਹੜਾ ਮਨੁੱਖ ਇਕੱਲਾ ਜੰਗਲ ਵਿਚ ਰਹਿ ਰਿਹਾ ਹੈ ਉਸ ਵਾਸਤੇ ਨੇਕੀ-ਬਦੀ ਤੇ ਚੰਗਿਆਈ- ਬੁਰਿਆਈ ਦੀ ਹੋਂਦ ਨਿਰਮੂਲ ਹੈ। ਇਨ੍ਹਾਂ ਸਾਰੇ ਗੁਣਾਂ ਦੀ ਮਹੱਤਤਾ ਉਦੋਂ ਤਕ ਹੀ ਹੈ ਜਦੋਂ ਤਕ ਮਨੁੱਖ ਦਾ ਸੰਪਰਕ ਦੂਜੇ ਮਨੁੱਖਾਂ ਨਾਲ ਹੁੰਦਾ ਹੈ। ਇਕ ਮਨੁੱਖ ਦੂਜੇ ਮਨੁੱਖਾਂ ਨਾਲ ਕਿਸ ਕਿਸਮ ਦਾ ਵਰਤਾਓ ਕਰਦਾ ਹੈ ਇਸ ਤੋਂ ਉਸ ਦੀ ਨੇਕੀ ਅਤੇ ਬਦੀ ਦੀ ਪਛਾਣ ਹੁੰਦੀ ਹੈ। ਇਸ ਤਰ੍ਹਾਂ ਕੁਝ ਮਨੁੱਖ ਚੰਗੇ ਅਤੇ ਕੁਝ ਮੰਦੇ ਗਿਣੇ ਜਾਂਦੇ ਹਨ। ਇਹ ਗੁਣ ਔਗੁਣਾਂ ਦੀ ਖੇਡ ਯੁੱਗ ਅਤੇ ਸਥਾਨ ਵਿਚ ਵੱਖਰੀ- ਵੱਖਰੀ ਹੁੰਦੀ ਹੈ ਪਰ ਫਿਰ ਵੀ ਗੁਰੂ ਸਾਹਿਬ ਨੇ ਜਿਹੜੇ ਮਨੁੱਖੀ ਔਗੁਣ ਇਸ ਮਨੁੱਖ ਨੂੰ ਪਸ਼ੂ ਵਿਚ ਤਬਦੀਲ ਕਰਦੇ ਹਨ, ਉਹ ਪੰਜ ਹੀ ਦੱਸੇ ਹਨ। ਇਨ੍ਹਾਂ ਪੰਜਾਂ ਵਿਕਾਰਾਂ ਵਿਚ ਉਹ ਸਾਰੇ ਮਨੁੱਖੀ ਔਗੁਣ ਆ ਜਾਂਦੇ ਹਨ, ਜਿਹੜੇ ਮਨੁੱਖ ਨੂੰ ਬੁਰਾ ਬਣਾਉਂਦੇ ਹਨ। ਹਰ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣੇ ਅਤੇ ਫਿਰ ਇਨ੍ਹਾਂ ਤੋਂ ਬਚਣ ਦਾ ਉਪਰਾਲਾ ਕਰੇ। ਇਹ ਔਗੁਣ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ।
ਕਾਮ
ਕਾਮ ਬਾਰੇ ‘ਗੀਤਾ’ ਵਿਚ ਲਿਖਿਆ ਹੈ ਕਿ ਜਿਵੇਂ ਧੂੰਏਂ ਨਾਲ ਅੱਗ (ਪ੍ਰਕਾਸ਼) ਤੇ ਮੈਲ ਨਾਲ ਸ਼ੀਸ਼ਾ ਢਕਿਆ ਜਾਂਦਾ ਹੈ ਇਸੇ ਤਰ੍ਹਾਂ ਕਾਮ ਨਾਲ ਗਿਆਨ ਢੱਕਿਆ ਜਾਂਦਾ ਹੈ। ਭਾਵ ਇਹ ਕਿ ਕਾਮੀ ਬਿਰਤੀ ਦਾ ਗੁਲਾਮ ਹੋਇਆ ਮਨੁੱਖ ਸਾਰੇ ਗਿਆਨ ਨੂੰ ਕਿੱਲੀ ’ਤੇ ਟੰਗ ਕੇ ਇਸ ਦੇ ਵਹਿਣ ਵਿਚ ਵਹਿ ਜਾਂਦਾ ਹੈ ਪਰ ਦੇਖਣਾ ਇਹ ਹੈ ਕਿ ਕਾਮ ਕਦੋਂ ਬੁਰਾ ਹੈ? ਵੈਸੇ ਤਾਂ ਕਾਮ ਉਹ ਜਜ਼ਬਾ ਹੈ ਜਿਸ ਰਾਹੀਂ ਸਮੁੱਚੀ ਪਰਵਿਰਤੀ ਦਾ ਵਿਕਾਸ ਹੁੰਦਾ ਹੈ। ਜੇ ਇਹ ਜਜ਼ਬਾ ਨਾ ਹੋਵੇ ਤਾਂ ਵਿਕਾਸ ਰੁਕ ਜਾਏਗਾ। ਕਾਮ ਜਦੋਂ ਤਕ ਸਮੁੱਚੇ ਵਿਕਾਸ ਵਿਚ ਵਾਧਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਉਦੋਂ ਇਹ ਇਕ ਗੁਣ ਹੈ ਪਰ ਜਦੋਂ ਮਨੁੱਖ ਆਪਣੇ ਸਵਾਰਥ ਲਈ ਕੇਵਲ ਆਪਣਾ ਵਕਤੀ ਸੁਆਦ ਪੂਰਾ ਕਰਨ ਲਈ, ਸਰੀਰਕ ਤ੍ਰਿਸ਼ਨਾ ਵਾਸਤੇ ਇਕ ਬੇਨਿਯਮ ਭੁੱਖ ਵਜੋਂ ਇਸ ਦੀ ਪੂਰਤੀ ਕਰਦਾ ਹੈ ਉਦੋਂ ਇਹ ਇਕ ਔਗੁਣ ਬਣ ਜਾਂਦਾ ਹੈ, ਉਦੋਂ ਇਹ ਇਕ ਹਾਨੀਕਾਰਕ ਅਵਗੁਣ ਹੈ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥
(ਪੰਨਾ ੯੩੨)
ਆਪਣੀ ਇਸਤਰੀ, ਨਿੱਜ ਨਾਰੀ ਨਾਲ ਪਿਆਰ ਖਿੱਚ ਤੇ ਕਾਮ ਜਜ਼ਬੇ ਦੀ ਸੰਤੁਲਿਤ ਪ੍ਰਗਤੀ ਇਕ ਗੁਣ ਹੈ ਪਰ ਪਰਾਈ ਇਸਤਰੀ ਨਾਲ ਕੀਤਾ ਕਾਮੀ ਕਰਮ ਅਨੈਤਿਕ ਸਮਾਨ ਹੈ।
ਕ੍ਰੋਧ
ਮਨੁੱਖੀ ਸਮਾਜ ਵਿਚ ਦੂਜਾ ਔਗੁਣ ਹੈ। ਕ੍ਰੋਧ ਵਿਚ ਵੀ ਮਨੁੱਖ ਅੱਗਾ-ਪਿੱਛਾ ਜਾਂ ਚੰਗਿਆਈ-ਬੁਰਿਆਈ ਦੀ ਸੂਝ ਗੁਆ ਬਹਿੰਦਾ ਹੈ। ਕ੍ਰੋਧ ਪੈਦਾ ਹੋਣ ਦਾ ਕਾਰਨ ਸੁਆਰਥ ਹੈ। ਸੁਆਰਥੀ ਮਨੁੱਖ ਇਹ ਭੁੱਲ ਜਾਂਦਾ ਹੈ ਕਿ:
ਏਕੁ ਪਿਤਾ ਏਕਸ ਕੇ ਹਮ ਬਾਰਿਕ…
(ਪੰਨਾ ੬੧੧)
ਹਾਂ ‘ਗੀਤਾ’ ਵਿਚ ਕ੍ਰੋਧ ਨੂੰ ਮਨੁੱਖ ਦਾ ਵੱਡਾ ਵੈਰੀ ਕਰਕੇ ਲਿਖਿਆ ਹੈ। ਕ੍ਰੋਧ ਨਾਲ ਮਨੁੱਖ ਵਿਚੋਂ ਸਮਾਜਿਕਤਾ ਖਤਮ ਹੋ ਜਾਂਦੀ ਹੈ। ਉਹ ਪਸ਼ੂ ਜਗਤ ਦਾ ਜੀਵ ਬਣ ਜਾਂਦਾ ਹੈ। ਕ੍ਰੋਧ ਮਨੁੱਖ ਦਾ ਹੁਲੀਆ ਹੀ ਵਿਗਾੜ ਦਿੰਦਾ ਹੈ। ਕ੍ਰੋਧ ਤੋਂ ਬਚਣਾ ਜ਼ਰੂਰੀ ਹੈ।
ਲੋਭ
ਬੜਾ ਮਿੱਠਾ ਵਿਕਾਰ ਹੈ। ਇਸ ਦੀ ਮਿਠਾਸ ਹੀ ਜ਼ਹਿਰ ਦਾ ਕੰਮ ਕਰਦੀ ਹੈ। ਲੋਭ ਦਾ ਕਾਰਣ ਵੀ ਸੁਆਰਥ ਹੈ। ਲੋਭ ਨੂੰ ਕੁੱਤੇ ਨਾਲ ਤੁਲਨਾ ਦਿੰਦੇ ਹਨ:
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥
(ਪੰਨਾ ੧੫)
ਜਦੋਂ ਮਨੁੱਖ ਵਿਚ ਇਹ ਲਾਲਸਾ ਆਉਂਦੀ ਹੈ ਕਿ ਮੇਰੇ ਕੋਲ ਦੂਜਿਆਂ ਨਾਲੋਂ ਜ਼ਿਆਦਾ ਧਨ ਹੋਵੇ ਉਦੋਂ ਉਹ ਦੂਜਿਆਂ ਦਾ ਹੱਕ ਮਾਰਦਾ ਹੈ। ਗੁਰੂ ਸਾਹਿਬ ਨੇ ਅਜਿਹੇ ਲੋਭੀ ਨੂੰ ਚੇਤਾਵਨੀ ਦਿੱਤੀ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
(ਪੰਨਾ ੧੪੧)
ਅੱਜ ਦੇ ਯੁੱਗ ਦੀ ਸਾਰੀ ਅਸ਼ਾਂਤੀ ਦਾ ਕਾਰਣ ਲੋਭ ਹੀ ਹੈ। ਲੋਭੀ ਮਨੁੱਖ ਕਦੀ ਵੀ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਭਗਤ ਫਰੀਦ ਜੀ ਦਾ ਕਥਨ ਹੈ:
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥
(ਪੰਨਾ ੧੩੭੮)
ਪਿਆਰ ਲਈ ਜ਼ਰੂਰੀ ਹੈ ਕਿ ਬੰਦੇ ਵਿਚ ਕੁਰਬਾਨੀ ਜਾਂ ਨਿੱਜੀ ਹਿੱਤਾਂ ਨੂੰ ਤਿਆਗਣ ਦਾ ਜਜ਼ਬਾ ਹੋਵੇ। ਪਿਆਰ ਨਾਲ ਹੀ ਦੁਨੀਆਂ ਵਿਚ ਸ਼ਾਂਤੀ ਕਾਇਮ ਹੋ ਸਕਦੀ ਹੈ।
ਮੋਹ
ਸੰਸਾਰ ਵਿਚ ਅਸ਼ਾਂਤੀ ਪੈਦਾ ਕਰਨ ਵਾਲਾ ਇਕ ਔਗੁਣ ਹੋਰ ਹੈ, ਮੋਹ। ਮੋਹ ਮਨੁੱਖ ਨੂੰ ਉਸ ਅਸੀਮ, ਬੇਅੰਤ ਅਕਾਲ ਪੁਰਖ ਨਾਲ ਜੋੜਨ ਦੀ ਥਾਂ ਕੁਝ ਸੀਮਤ ਜੀਵਾਂ ਅਤੇ ਵਸਤਾਂ ਨਾਲ ਜੋੜ ਦਿੰਦਾ ਹੈ। ਮੋਹ ਦਾ ਸਭ ਤੋਂ ਛੋਟਾ ਦਾਇਰਾ ਮਨੁੱਖ ਦਾ ਆਪਾ, ਫਿਰ ਪਰਿਵਾਰ, ਫਿਰ ਜਾਤ, ਕੌਮ, ਦੇਸ਼। ਜਿਸ ਤਰ੍ਹਾਂ ਮਨੁੱਖ ਆਪਣੇ ਮੋਹ ਦੇ ਘੇਰੇ ਵੱਡੇ ਕਰੀ ਜਾਂਦਾ ਹੈ ਉਵੇਂ-ਉਵੇਂ ਉਸ ਦੇ ਦੁੱਖ ਵਧਦੇ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰ ਦੇ ਮੋਹ ਵਿਚ ਫਸੇ ਮਨੁੱਖ ਦੀ ਦਸ਼ਾ ਇੰਜ ਬਿਆਨ ਕਰਦੇ ਹਨ:
ਸੁਤ ਕੰਚਨ ਸਿਉ ਹੇਤੁ ਵਧਾਇਆ॥
ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ॥
(ਪੰਨਾ ੧੩੪੨)
ਮੋਹ ਛੱਡਣ ਦਾ ਮਤਲਬ ਇਹ ਨਹੀਂ ਕਿ ਮਨੁੱਖ ਨੂੰ ਆਪਣੇ ਪਰਿਵਾਰ ਨਾਲ ਮੋਹ ਕਰਨਾ ਹੀ ਨਹੀਂ ਚਾਹੀਦਾ। ਸਗੋਂ ਪਰਿਵਾਰ ਦੇ ਨਾਲ-ਨਾਲ ਸਮੁੱਚੀ ਜਨਤਾ ਅਤੇ ਅਸੀਮ ਅਕਾਲ ਪੁਰਖ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ।
ਹੰਕਾਰ
ਹੰਕਾਰ ਸਭ ਤੋਂ ਕਠਨ ਅਤੇ ਗੁੰਝਲਦਾਰ ਵਿਕਾਰ ਹੈ। ਇਹ ਖਤਰਨਾਕ ਇਤਨਾ ਹੈ ਕਿ ਗੁਰੂ ਜੀ ਨੇ ਬੜਾ ਸਾਫ ਕਿਹਾ ਹੈ:
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ (ਪੰਨਾ ੫੬੦)
ਹਰਿ ਜੀਉ ਅਹੰਕਾਰੁ ਨ ਭਾਵਈ ….।। (ਪੰਨਾ ੧੦੮੯)
ਕਈ ਵਾਰੀ ਮਨੁੱਖ ਸਾਰੇ ਵਿਕਾਰ ਛੱਡ ਕੇ ਫਿਰ ਇਨ੍ਹਾਂ ਵਿਕਾਰਾਂ ਨੂੰ ਛੱਡਣ ਦੇ ਹੰਕਾਰ ਵਿਚ ਆ ਜਾਂਦਾ ਹੈ। ਇਸੇ ਲਈ ਭਗਤ ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥
ਕਬੀਰ ਜੀ ਦਾ ਫ਼ੁਰਮਾਨ ਹੈ:
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥
(ਪੰਨਾ ੧੩੭੨)
ਹੰਕਾਰ ਸਾਡੇ ਸੱਜਣ ਮਿੱਤਰ ਛੁਡਾ ਦਿੰਦਾ ਹੈ। ਦੁਸ਼ਮਣ ਖੜ੍ਹੇ ਕਰ ਦਿੰਦਾ ਹੈ। ਹੰਕਾਰੀ ਮਨੁੱਖ ਇਕ ਤਰ੍ਹਾਂ ਸਮਾਜ ਨਾਲੋਂ ਨਿਖੜ ਜਾਂਦਾ ਹੈ। ਉਹ ਅਸਮਾਜਿਕ ਹੋਇਆ ਆਪਣੇ ਆਪ ਨੂੰ ਉੱਚਾ ਤੇ ਬਾਕੀਆਂ ਨੂੰ ਨੀਵਾਂ ਸਮਝਦਾ ਹੈ।
ਇਹ ਪੰਜੇ ਵਿਕਾਰ ਹਨ, ਜਿਹੜੇ ਮਨੁੱਖ ਨੂੰ ਮਨੁੱਖਤਾ ਭੁਲਾ ਕੇ ਪਸ਼ੂ ਬਣਾ ਦਿੰਦੇ ਹਨ। ਇਨ੍ਹਾਂ ਦੇ ਉਪਜਣ ਦਾ ਮੁਖ ਕਾਰਨ ਸੁਆਰਥ ਹੀ ਹੈ। ਇਸ ਸੁਆਰਥ ਨੂੰ ਖਤਮ ਕਰਨ ਨਾਲ ਹੀ ਮਨੁੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ। ਕੇਵਲ ਸੁਆਰਥ ਖਤਮ ਹੋ ਜਾਣ ਨਾਲ ਹੀ ਮਨੁੱਖ ਪ੍ਰੇਮ ਦੀ ਗਲੀ ਵਿਚ ਪਿਆਰੇ ਨੂੰ ਮਿਲ ਸਕਦਾ ਹੈ। ਲੋੜ ਕੇਵਲ ਮਨ ਨੂੰ ਸਵੈ-ਵਿਰਤੀ ਵਿਚੋਂ ਕੱਢ ਕੇ ਸਮੂਹਕ ਬਿਰਤੀ ਨਾਲ ਜੋੜਨ ਦੀ ਹੈ।
(੪/੧੯੭੫)