-ਡਾ. ਮਨਜੀਤ ਕੌਰ
ਮਾਂ ਦੀ ਗੋਦ ਹੀ ਉਸ ਦੇ ਦੁਲਾਰੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਵਿੱਦਿਆ ਦਾਤਾ ਦੇ ਰੂਪ ਵਿਚ ਮਾਂ ਹੀ ਆਪਣੇ ਦੁਲਾਰੇ ਦੀ ਸ਼ਖ਼ਸੀਅਤ ਨੂੰ ਸੱਚ ਦੇ ਸਾਂਚੇ ਵਿਚ ਘੜ੍ਹ ਕੇ ਉਸ ਨੂੰ ਖ਼ੂਬਸੂਰਤ ਵਰਤਮਾਨ ਦੇ ਚਮਕਦੇ ਭਵਿੱਖ ਵੱਲ ਪੈਰ ਪੁੱਟਣ ਲਈ ਪ੍ਰੇਰਿਤ ਕਰਦੀ ਹੈ। ਪਾਵਨ ਪਵਿੱਤਰ ਗੁਰਬਾਣੀ ਵਿਚ ਮਾਤਾ ਨੂੰ ਮਤਿ ਕਿਹਾ ਗਿਆ ਹੈ ਮਤਿ ਮਾਤਾ ਸੰਤੋਖੁ ਪਿਤਾ ਭਾਵ ਕਿ ਮਤਿ ਦਾਤੀ ਕੇਵਲ ਮਾਂ ਹੀ ਹੋ ਸਕਦੀ ਹੈ। ਮਾਤਾ ਧਰਤਿ ਮਹਤੁ ਜਿਸ ਤਰ੍ਹਾਂ ਧਰਤੀ ਰੂਪੀ ਮਾਤਾ ਮਨੁੱਖ ਨੂੰ ਬੇਅੰਤ ਨਿਆਮਤਾਂ ਦੇ ਕੇ ਨਹੀਂ ਥੱਕਦੀ ਇਸੇ ਤਰ੍ਹਾਂ ਜਨਮ ਦੇਣ ਵਾਲੀ ਮਾਂ ਤੋਂ ਵੀ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।
ਪਰ ਮਾਂ ਹੋਣੀ ਚਾਹੀਦੀ ਹੈ:- ਬੀਬੀ ਭਾਨੀ ਜੀ ਵਰਗੀ, ਜਿਸ ਨੇ ਮਾਂ ਦੇ ਰੂਪ ਵਿਚ ਜੋ ਅਸੀਸ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਗੁਰੂ ਸਾਹਿਬ ਨੇ ਇਸ ਅਸੀਸ ਨੂੰ ਬੜੇ ਪਿਆਰ, ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੱਤਾ :
ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ (ਪੰਨਾ ੪੯੬)
ਭਗਤ ਸ਼ੇਖ ਫਰੀਦ ਜੀ ਜਦੋਂ ਬਾਲ-ਅਵਸਥਾ ਵਿਚ ਸਨ ਤਾਂ ਉਨ੍ਹਾਂ ਦੀ ਮਾਂ ਨੇ ਵੀ ਆਪਣੇ ਬੱਚੇ (ਭਗਤ ਸ਼ੇਖ ਫਰੀਦ ਜੀ) ਨੂੰ ਸਿੱਖਿਆ ਦਿੰਦੇ ਹੋਏ ਕਿਹਾ, ਬੇਟਾ ਤੂੰ ਅੱਲ੍ਹਾ-ਤਾਲਾ ਨੂੰ ਯਾਦ ਕਰਿਆ ਕਰ। ਬੱਚੇ ਨੇ ਸੁਭਾਵਿਕ ਤੌਰ ‘ਤੇ ਪੁੱਛ ਲਿਆ, ਅੱਲਾ ਨੂੰ ਯਾਦ ਕਰਾਂਗਾ ਤਾਂ ਅੱਲਾ ਮੈਨੂੰ ਕੀ ਦੇਵੇਗਾ? ਮਾਂ ਨੇ ਕਿਹਾ, ਬੇਟਾ ਅੱਲਾ ਤੈਨੂੰ ਗੁੜ ਦੇਵੇਗਾ। ਮਾਤਾ ਨੇ ਗੁੜ ਸਰ੍ਹਾਣੇ ਥੱਲੇ ਰੱਖ ਕੇ ਆਪਣੇ ਛੋਟੇ ਜਿਹੇ ਬੱਚੇ ਨੂੰ ਖੁਦਾ ਦਾ ਨਾਮ ਜਪਣ ‘ਤੇ ਲਗਾ ਦਿੱਤਾ ਤੇ ਫਿਰ ਨਾਮ ਜਪਦੇ-ਜਪਦੇ ਨਾਮ ਇਤਨਾ ਮਿੱਠਾ ਲੱਗਣ ਲੱਗ ਪਿਆ ਕਿ ਉਹ ਕਹਿ ਉਠੇ
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ॥ (ਪੰਨਾ ੧੩੭੯)
ਇਸਾਈ ਦਾਰਸ਼ਨਿਕ ਰਸਕਨ ਨੂੰ ਪੰਜ ਸਾਲ ਦੀ ਉਮਰ ਵਿਚ ਪੂਰੀ ਬਾਈਬਲ ਯਾਦ ਸੀ। ਇਕ ਵਾਰ ਉਸ ਤੋਂ ਕਿਸੇ ਨੇ ਪੁੱਛ ਲਿਆ ਕਿ ਤੇਰੀ ਰਗ਼-ਰਗ਼ ਵਿਚ ਬਾਈਬਲ ਕਿਵੇਂ ਸਮਾ ਗਈ ਤਾਂ ਉਸ ਨੇ ਜਵਾਬ ਦਿੱਤਾ-
My Mother Canned Bible into my Skin
ਮੇਰੀ ਮਾਂ ਨੇ … ਬਾਈਬਲ ਮੇਰੀ ਖੱਲੜੀ ਵਿਚ ਪਾ ਦਿੱਤੀ ਹੈ।
ਪ੍ਰਿੰ. ਤੇਜਾ ਸਿੰਘ ਦਾ ਇਕ ਲੇਖ ਹੈ- ‘ਘਰ ਦਾ ਪਿਆਰ’ ਇਸ ਵਿਚ ਉਹ ਲਿਖਦੇ ਹਨ ਕਿ ਘਰ ਇੱਟਾਂ ਪੱਥਰਾਂ ਦੀ ਬਣੀ ਇਮਾਰਤ ਨਹੀਂ ਹੁੰਦੀ ਬਲਕਿ ਘਰ ਉਹ ਸਥਾਨ ਹੁੰਦਾ ਹੈ ਜਿੱਥੇ ਮਨੁੱਖ ਦੀਆਂ ਸੱਧਰਾਂ ਪਲਦੀਆਂ ਹਨ। ਜੇ ਉਹ ਸੱਧਰਾਂ ਗੁਰੂ ਦੀ ਮਤਿ ਅਨੁਸਾਰ ਪਲਦੀਆਂ ਹਨ ਤਾਂ ਉਹ ਘਰ ਗੁਰਮੁਖ ਦਾ ਘਰ, ਗੁਰਸਿੱਖਾਂ ਦਾ ਘਰ ਅਖਵਾਉਂਦਾ ਹੈ ਤੇ ਜੇਕਰ ਉਸ ਘਰ ਵਿਚ ਮਨਮਤਿ ਦਾ ਬੋਲਬਾਲਾ ਹੈ ਤਾਂ ਉਹ ਮਨਮੁਖਾਂ ਦਾ ਘਰ ਅਖਵਾਉਂਦਾ ਹੈ।
ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ‘ਅੰਮ੍ਰਿਤ ਵੇਲੇ’ ਤੋਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
(ਪੰਨਾ ੨)
ਪੁਰਾਤਨ ਬੀਬੀਆਂ ਪਿਛਲੇ ਪਹਿਰ ਉਠ ਕੇ, ਇਸ਼ਨਾਨ ਕਰ ਕੇ ਨਾਮ ਜਪਦੀਆਂ ਸਨ। ਅੱਜ ਸਾਡੇ ਘਰਾਂ ਵਿਚ ਉਸ ਵੇਲੇ ਸੌਣ ਦਾ ਵਕਤ ਹੁੰਦਾ ਹੈ। ਰਾਤ ਦੇਰ ਤਕ ਟੀ.ਵੀ. ਦੇਖਣਾ, ਕੰਪਿਊਟਰ ‘ਤੇ ਬੈਠਣਾ, ਦੇਰ ਰਾਤ ਦੀਆਂ ਪਾਰਟੀਆਂ ’ਤੇ ਜਾਣਾ, ਅੱਜਕਲ ਦੀ ਪੀੜ੍ਹੀ ਦਾ ਸ਼ੌਂਕ ਬਣ ਗਿਆ ਹੈ। ਪਰ ਸਾਨੂੰ ਮਾਂਵਾਂ ਨੂੰ ਇਹ ਚਿੰਤਾ ਤਾਂ ਜ਼ਰੂਰ ਪਰੇਸ਼ਾਨ ਕਰਦੀ ਹੈ ਕਿ ਬੱਚਿਆਂ ਦੀ ਪੜ੍ਹਾਈ, ਸਿਹਤ ਤੇ (ਉਨ੍ਹਾਂ ਦਾ ਭਵਿੱਖ) ਖ਼ਰਾਬ ਹੋ ਰਿਹਾ ਹੈ ਲੇਕਿਨ ਇਸ ਗੱਲ ਦੀ ਚਿੰਤਾ ਬਿਲਕੁਲ ਵੀ ਨਹੀਂ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਚੋਂ ‘ਅੰਮ੍ਰਿਤ ਵੇਲਾ’ ਨਿਕਲ ਗਿਆ ਹੈ, ਧਰਮ ਕਰਮ ਤੇ ਗੁਰੂ ਦੀ ਮਤਿ ਨਿਕਲ ਗਈ ਹੈ। ਅੱਜ ਮਾਂਵਾਂ ਨੂੰ ਆਪਣੇ ਘਰਾਂ ਵਿਚ ਪਹਿਰੇਦਾਰ ਬਣ ਕੇ ਗੁਰਸਿੱਖੀ ਸਿਧਾਂਤ ਨੂੰ ਸੰਭਾਲਣ ਦੀ ਲੋੜ ਹੈ।
ਨੌਜਵਾਨੀ ਦੀ ਉਮਰ ਵਿਚ ਪ੍ਰਵੇਸ਼ ਕਰਨ ਵਾਲੇ ਅੱਜ ਦੇ ਬਹੁਤ ਸਾਰੇ ਬੱਚੇ ਧਰਮ ਤੋਂ ਬਾਗੀ ਹੋ ਰਹੇ ਹਨ, ਗੁਰਸਿੱਖੀ ਛੱਡ ਕੇ ਪਤਿਤਪੁਣੇ ਦੇ ਕਾਲੇ ਦੌਰ ਵਿਚ ਪ੍ਰਵੇਸ਼ ਕਰ ਚੁੱਕੇ ਹਨ, ਨਸ਼ਿਆਂ ਦੇ ਆਦੀ ਹੋ ਰਹੇ ਹਨ। ਉਮਰ ਦੇ ਇਸ ਨਾਜ਼ੁਕ ਪੜਾਅ ‘ਚੋਂ ਵਾਪਸ ਅਪਣੇ ਬੱਚੇ-ਬੱਚੀਆਂ ਨੂੰ ਮੋੜਨ ਦੀ ਕੀ ਕੋਈ ਮਾਂ ਹਿੰਮਤ ਰੱਖਦੀ ਹੈ? ਵਰਤਮਾਨ ਦੀ ਸਭ ਤੋਂ ਵੱਡੀ ਚਿੰਤਾਜਨਕ ਸਮੱਸਿਆ ਹੈ।
ਸਾਡੇ ਅੰਦਰ ਉਹ ਹਿੰਮਤ ਤੇ ਜਜ਼ਬਾ ਨਹੀਂ ਜੋ ਪੁਰਾਤਨ ਬੀਬੀਆਂ ਵਿਚ ਸੀ। ਮੰਨੂ ਦੀਆਂ ਜੇਲ੍ਹਾਂ ਵਿਚ ਸਵਾ-ਸਵਾ ਮਣ ਦੇ ਪੀਸਣ ਪੀਸਣੇ, ਭੁੱਖੇ-ਪਿਆਸੇ ਤਸੀਹੇ ਸਹਿਣੇ, ਆਪਣੇ ਜ਼ਿਗਰ ਦੇ ਟੁੱਕੜਿਆਂ ਦੇ ਟੁੱਕੜੇ-ਟੁੱਕੜੇ ਕਰਵਾ ਕੇ ਗਲਾਂ ਵਿਚ ਹਾਰ ਪੁਆ ਲੈਣੇ, ਪਰ ਸਿੱਖੀ ਸਿਦਕ ਨਾ ਹਾਰਨਾ ਬਲਕਿ ਸੰਧਿਆ ਵੇਲੇ ਅਰਦਾਸ ਕਰਨੀਂ ਕਿ ਹੇ ਸੱਚੇ ਪਾਤਸ਼ਾਹ! ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਤੇਰਾ ਹੈ ਤੇ ਸਰਬੱਤ ਦਾ ਬੁਲਾ ਮੰਗਣਾ।
ਅੱਜ ਮਾਂਵਾਂ ਨੂੰ ਲੋੜ ਹੈ, ਇਤਿਹਾਸ ਦੀ ਉਸ ਘਟਨਾ ਨੂੰ ਯਾਦ ਕਰਨ ਦੀ ਜਦ ਮਹਾਰਾਣੀ ਜਿੰਦਾਂ ਤੋਂ ਉਸ ਦੇ ਪੁੱਤਰ ਕੰਵਰ ਦਲੀਪ ਸਿੰਘ ਦਾ ਸਾਢੇ ਤੇਰ੍ਹਾਂ ਸਾਲਾਂ ਬਾਅਦ ਕਲਕੱਤੇ ਦੀ ਧਰਤੀ ’ਤੇ ਮਿਲਾਪ ਹੋਇਆ। ਇਤਨੇ ਲੰਮੇ ਅਰਸੇ ਬਾਅਦ ਦੁਲਾਰੇ ਪੁੱਤਰ ਨੇ ਆਪਣੀ ਮਾਂ ਦੇ ਕਦਮਾਂ ਤੇ ਹੱਥ ਰੱਖੇ, ਪੁੱਤਰ ਦੇ ਵਿਯੋਗ ਵਿਚ ਰੋ ਰੋ ਕੇ ਅੰਨ੍ਹੀ ਹੋਈ ਮਾਂ ਦੇ ਨੇਤਰਾਂ ‘ਚੋਂ ਮਮਤਾ ਦੀ ਜਲਧਾਰਾ ਵਹਿ ਤੁਰੀ।
ਅਨੋਖਾ ਵੈਰਾਗ, ਅਨੋਖੀ ਖੁਸ਼ੀ, ਅਨੋਖਾ ਦੁੱਖ, ਮਾਂ ਨੇ ਜੋ ਸੁਣਿਆ ਸੀ ਸੱਚ ਸੀ। ਰੇਸ਼ਮ ਦੀਆਂ ਤਾਰਾਂ ਵਰਗੇ, ਮੱਖਣਾਂ ਨਾਲ ਪਾਲੇ ਕੇਸ ਮਾਂ ਦੇ ਹੱਥਾਂ ਨੂੰ ਦਲੀਪ ਸਿੰਘ ਦੇ ਸਿਰ ’ਤੇ ਨਾ ਲੱਭੇ। ਮਹਾਰਾਣੀ ਦੀ ਆਤਮਾ ਕੁਰਲਾਅ ਉੱਠੀ, ਕਹਿਣ ਲੱਗੀ- ਪੁੱਤਰਾ ! ਮੇਰਾ ਰਾਜ ਭਾਗ ਲੁੱਟਿਆ ਗਿਆ, ਮੈ ਸਹਿ ਲਿਆ, ਮੇਰਾ ਸੁਹਾਗ ਲੁੱਟਿਆ ਗਿਆ, ਮੈਂ ਸਹਿ ਲਿਆ, ਮੈਂ ਘਰੋਂ ਬੇਘਰ ਹੋ ਗਈ, ਮੈ ਸਹਿ ਲਿਆ, ਮਹਾਰਾਣੀ ਵਾਲੀ ਆਣ-ਬਾਣ ਬਰਬਾਦ ਹੋ ਗਈ, ਮੈਂ ਸਹਿ ਲਿਆ, ਪਰ ਅਫ਼ਸੋਸ- ਮੇਰੇ ਖ਼ਾਨਦਾਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਖ਼ੂਨ ਦੀ ਵਗਦੀ ਧਾਰਾ ਵੀ ਸੁੱਕ ਗਈ, ਮੈਂ ਨਹੀਂ ਸਹਿ ਸਕਦੀ, ਮਹਾਰਾਣੀ ਭੁੱਬਾਂ ਮਾਰ ਕੇ ਰੋਣ ਲੱਗੀ। ਕਿਤਨਾ ਚਿਰ ਮਾਂ- ਪੁੱਤਰ ਹਉਕੇ ਭਰਦੇ ਰਹੇ। ਦਲੀਪ ਸਿੰਘ ਉੱਠਿਆ, ਮਾਂ ਤੇਰੇ ਚਰਨਾਂ ਦੀ ਸਹੁੰ, ਤੇਰਾ ਰਾਜ ਭਾਗ ਮੈਂ ਵਾਪਸ ਨਹੀਂ ਲਿਆ ਸਕਦਾ ਲੇਕਿਨ ਅੱਜ ਤੋਂ ਬਾਅਦ ਮੈਂ ਇਸ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣ ਕੇ ਜੀਵਾਂਗਾ।
ਕਿਤਨਾ ਹੈਰਾਨਗੀ ਭਰਿਆ ਸੱਚ ਹੈ ਕਿ ਇਕ ਸਿੱਖ ਮਾਂ ਦੇ ਰੋਮ-ਰੋਮ ਵਿਚ ਰਚੀ ਤੇ ਵੱਸੀ ਸਿੱਖੀ ਨੇ ਮਜ਼ਬੂਰੀ ਵਿਚ ਪਤਿਤ ਹੋਏ ਪੁੱਤਰ ਨੂੰ ਧਰਮ ਦੀ ਮੁੱਖ ਧਾਰਾ ਨਾਲ ਜੋੜ ਦਿੱਤਾ।
ਜਿਨ੍ਹਾਂ ਕੋਲ ਆਪਣੇ ਪੁਰਖਿਆਂ ਦੀ ਐਸੀ ਅਮੀਰ ਵਿਰਾਸਤ ਹੁੰਦੀ ਹੈ, ਉਹ ਕਦੇ ਵੀ, ਕੁਝ ਵੀ ਕਰ ਗੁਜ਼ਰਨ ਦੇ ਯੋਗ ਹੁੰਦੇ ਹਨ। ਜੇ ਫਲ, ਫੁੱਲ ਕੁਮਲਾ ਰਹੇ ਹਨ ਤਾਂ ਪਾਣੀ ਜੜ੍ਹਾਂ ਨੂੰ ਦੇਣ ਦੀ ਲੋੜ ਹੁੰਦੀ ਹੈ, ਜੇ ਬੱਚੇ ਪਤਿਤ ਹੋ ਰਹੇ ਹਨ ਤਾਂ ਜ਼ਰੂਰਤ ਹੈ ਮਾਵਾਂ ਨੂੰ ਸੰਤੁਲਨ ਦੀ। ਬੱਚਾ ਗਲਤ ਹੋਵੇ ਤਾਂ ਉਲ੍ਹਾਮਾ ਵੀ ਪਹਿਲਾਂ ਮਾਂ ਨੂੰ ਹੀ ਜਾਂਦਾ ਹੈ।
ਅੱਜ ਜੇਕਰ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ, ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਦੀਆਂ ਕੁਰਬਾਨੀਆਂ ਆਪਣੇ ਬੱਚਿਆਂ ਤਕ ਨਹੀਂ ਪਹੁੰਚਾ ਸਕੇ ਤਾਂ ਕਸੂਰ ਸਾਡਾ ਹੀ ਹੈ। ਅਸੀਂ ਆਪ ਹੀ ਆਪਣੇ ਵਿਰਸੇ ਤੋਂ ਅਣਜਾਨ ਹਾਂ। ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਪੜ੍ਹੀਏ, ਤਾਂ ਪਤਾ ਲੱਗੇ ਕਿ ਕਹਿਰ ਦੀ ਸਰਦੀ ਤੋਂ ਠੰਡੇ ਬੁਰਜ ਵਿਚ ਬੈਠ ਕੇ ਬਿਰਧ ਦਾਦੀ ਮਾਂ ਨੇ ਬੁੱਕਲ ਦੀ ਨਿੱਘ ਵਿਚ ਲੈ ਕੇ ਛੋਟੇ-ਛੋਟੇ ਲਾਲਾਂ ਨੂੰ ਜੋ ਸਿੱਖਿਆ ਦਿੱਤੀ ਉਸ ਸਦਕਾ ਹੀ ਉਹ ਨਿਕੀਆਂ ਜਿੰਦਾਂ ਵੱਡੇ ਸਾਕੇ ਕਰ ਕੇ ਸਿੱਖ ਇਤਿਹਾਸ ਵਿਚ ਹਮੇਸ਼ਾਂ ਲਈ ਅਮਰ ਹੋ ਗਈਆਂ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦੀ ਕ੍ਰਾਂਤੀਕਾਰੀ ਅਵਾਜ਼ ਨੇ ਬੇਬੇ ਨਾਨਕੀ, ਮਾਤਾ ਤ੍ਰਿਪਤਾ ਜੀ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਵੀਰੋ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ ਤੇ ਮਾਈ ਭਾਗੋ ਜੀ ਆਦਿਕ ਅਨੇਕਾਂ ਬਹਾਦਰ ਇਸਤਰੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਤਪ, ਤਿਆਗ ਸੇਵਾ, ਸਿਮਰਨ, ਸਮਰਪਣ ਤੇ ਕੁਰਬਾਨੀਆਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।
ਆਓ ! ਅਸੀਂ ਮਾਂਵਾਂ ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਆਪਣੇ ਯਤਨਾਂ ਨੂੰ ਜਾਰੀ ਰੱਖੀਏ। ਜੇ ਅਸੀਂ ਆਪਣੇ ਧਰਮ ‘ਤੇ ਸੱਭਿਆਚਾਰ ਤੇ ਸਿੱਖੀ ਸਿਧਾਂਤਾਂ ਨਾਲ ਪਿਆਰ ਕਰਾਂਗੇ ਤਾਂ ਅੱਜ ਦੀ ਪੀੜ੍ਹੀ ਨੂੰ ਮੌਜੂਦਾ ਸੰਕਟ ‘ਚੋਂ ਕੱਢ ਕੇ ਚੜ੍ਹਦੀ ਕਲਾ ਵੱਲ ਲੈ ਜਾਣ ਦੇ ਸਮਰਥ ਹੋਵਾਂਗੇ।
*੨/੧੦੪, ਜਵਾਹਰ ਨਗਰ, ਜੈਪੁਰ-੩੦੨੦੦੪। ਮੋ: +੯੧੯੯੨੯੭-੬੨੫੨੩