-ਬੀਬੀ ਪ੍ਰਕਾਸ਼ ਕੌਰ
ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸ਼ਖ਼ਸੀਅਤ ਦਇਆ, ਦ੍ਰਿੜ੍ਹਤਾ ਤੇ ਸਹਿਜ ਵਰਗੇ ਮਹਾਨ ਤੇ ਸ੍ਰੇਸ਼ਟ ਗੁਣਾਂ ਦੀ ਧਾਰਨੀ ਸੀ। ਆਪ ਜੀ ਦਾ ਸਾਰਾ ਜੀਵਨ ਸਰਬ-ਕਲਿਆਣਕਾਰੀ, ਪਰਉਪਕਾਰੀ ਕਾਰਜਾਂ ਨਾਲ ਭਰਿਆ ਹੋਇਆ ਸੀ। ਐਸੀ ਮਹਾਨ ਸ਼ਖ਼ਸੀਅਤ ਦਾ ਪਾਵਨ ਪ੍ਰਕਾਸ਼ ੧੬ ਜਨਵਰੀ, ੧੬੩੦ ਈ. ੧੯ ਮਾਘ ਸੰਮਤ ੧੬੮੬ ਬਿਕ੍ਰਮੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਚ ਹੋਇਆ।
ਸ੍ਰੀ (ਗੁਰੂ) ਹਰਿਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਉਹ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਅਤੇ ਉਨ੍ਹਾਂ ਦੀ ਹਜ਼ੂਰੀ ਵਿਚ ਰਹਿੰਦੇ ਸਨ। ਇਸ ਨਜ਼ਰਸਾਨੀ ਸਦਕਾ ਹੀ ਆਪ ਜੀ ਵਿਚ ਦਾਦਾ ਗੁਰੂ ਵਾਲੀਆਂ ਸਿਫਤਾਂ ਪ੍ਰਤੀਬਿੰਬਤ ਹੁੰਦੀਆਂ ਰਹੀਆਂ ਸਨ।
ਸਤਵੇਂ ਪਾਤਸ਼ਾਹ ਗਹਿਰ ਗੰਭੀਰ `ਤੇ ਸ਼ਾਂਤ ਹਿਰਦੇ ਵਾਲੇ, ਗਿਆਨਵਾਨ, ਮਿੱਠ ਬੋਲੜੇ ਅਤੇ ਕੋਮਲ ਸੁਭਾਅ ਦੇ ਮਾਲਕ ਸਨ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਦਾ ਫੁੱਲਾਂ-ਬੂਟਿਆਂ ਪ੍ਰਤੀ ਬੜਾ ਤੀਬਰ ਤੇ ਗੂੜਾ ‘ ਪਿਆਰ ਸੀ। ਉਨ੍ਹਾਂ ਦੇ ਜੀਵਨ ਦੀ ਇਕ ਘਟਨਾ ਹੈ ਕਿ ਆਪ ਇਕ ਵਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਗ਼ ਵਿਚ ਟਹਿਲ ਰਹੇ ਸਨ ਕਿ ਆਪ ਜੀ ਦੇ ਜਾਮੇ ਨਾਲ ਅੜ ਕੇ ਕੁਝ ਫੁੱਲ ਟਾਹਣੀ ਨਾਲੋਂ ਟੁੱਟ ਕੇ ਜ਼ਮੀਨ ‘ਤੇ ਡਿੱਗ ਪਏ। ਜਾਨਦਾਰ ਫੁੱਲਾਂ ਦਾ ਮਿੱਟੀ ਵਿਚ ਡਿੱਗਣਾ ਤੇ ਆਪਣੀ ਹੋਂਦ ਹਸਤੀ ਗਵਾਉਣਾ ਉਨ੍ਹਾਂ ਲਈ ਅਸਹਿ ਹੋ ਗਿਆ। ਚਿਹਰੇ `ਤੇ ਉਦਾਸੀ ਦਾ ਆਲਮ ਛਾ ਗਿਆ। ਐਨ ਮੌਕੇ ‘ਤੇ ਦਿਲਾਂ ਦੀਆਂ ਜਾਣਨ ਵਾਲੇ ਦਾਦਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉੱਥੇ ਆ ਪਹੁੰਚੇ ਅਤੇ ਸ੍ਰੀ (ਗੁਰੂ) ਹਰਿਰਾਇ ਸਾਹਿਬ ਜੀ ਨੂੰ ਉਦਾਸੀ ਦਾ ਕਾਰਨ ਪੁੱਛਿਆ। ਆਪ ਜੀ ਨੇ ਕਿਹਾ ਕਿ— “ਸੱਚੇ ਪਾਤਸ਼ਾਹ! ਮੇਰੇ ਜਾਮੇ ਨਾਲ ਅੜ ਕੇ ਇਹ ਨਿਰਦੋਸ਼ ਫੁੱਲ ਟਾਹਣੀ ਤੋਂ ਟੁੱਟ ਕੇ ਹੇਠਾਂ ਡਿੱਗ ਪਏ ਹਨ।” ਛੇਵੇਂ ਗੁਰੂ ਸਾਹਿਬ ਜੀ ਨੇ ਇਕ ਉਪਦੇਸ਼-ਮਈ ਜੁਆਬ ਦਿੰਦਿਆਂ ਕਿਹਾ ਕਿ— “ਜੇਕਰ ਜਾਮਾ ਵੱਡਾ ਹੋਵੇ ਤਾਂ ਉਸ ਨੂੰ ਸੰਭਾਲ ਕੇ ਤੁਰਨਾ ਚਾਹੀਦਾ ਹੈ ਭਾਵ ਸੰਭਾਲ ਕੇ ਰੱਖਣਾ ਹੈ। ਤੁਹਾਡੇ ਬਚਨਾਂ ਤੇ ਕਰਮਾਂ ਕਰ ਕੇ ਕਿਸੇ ਦੇ ਹਿਰਦੇ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ।” ਇਨ੍ਹਾਂ ਅਨਮੋਲ ਸਿੱਖਿਆ ਰੂਪੀ ਬਚਨਾਂ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਕੋਮਲ ਮਨ ਤੇ ਜੀਵਨ ਹਮੇਸ਼ਾਂ ਲਈ ਬਦਲ ਕੇ ਰੱਖ ਦਿੱਤਾ। ਉਨ੍ਹਾਂ ਗੁਰੂ ਬਾਬੇ ਦੇ ਇਨ੍ਹਾਂ ਬੋਲਾਂ ਤੇ ਬਚਨਾਂ ਨੂੰ ਆਗਾਮੀ ਜੀਵਨ ਦੀ ਦਿਸ਼ਾ-ਨਿਰਦੇਸ਼ ਲਈ ਸਦਾ ਯਾਦ ਰੱਖਿਆ।
ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਆਪਣੇ ਪੁੱਤਰਾਂ, ਪੋਤਰਿਆਂ ਤੇ ਸਿੱਖਾਂ ਵਿੱਚੋਂ ਸ੍ਰੀ (ਗੁਰੂ) ਹਰਿਰਾਇ ਜੀ ਨੂੰ ਯੋਗ ਸਮਝਿਆ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਿਆਈ-ਆਸੀਨ ਹੁੰਦਿਆਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਰਬ-ਸਾਂਝੀਵਾਲਤਾ ਦੇ ਸੁਨੇਹੇ ਨੂੰ ਲੋਕਾਈ ਤਕ ਪਹੁੰਚਾਉਣ ਦਾ ਉਪਰਾਲਾ ਕੀਤਾ। ਉਨ੍ਹਾਂ ਪੰਜਾਬ ਤੇ ਪੰਜਾਬ ਤੋਂ ਬਾਹਰ ਗੁਰਸਿੱਖੀ ਦੇ ਪ੍ਰਚਾਰ ਨੂੰ ਹੋਰ ਪ੍ਰਫੁਲਿਤ ਕੀਤਾ। ਗੁਰੂ ਸਾਹਿਬ ਜੀ ਨੇ ਸਿੱਖੀ ਦੇ ਵਿਰਸੇ ਵਿਚ ਮਿਲੀ ‘ਸੰਗਤ ਤੇ ਪੰਗਤ’ ਦੀ ਰੀਤ ਨੂੰ ਨਵਾਂ ਰੂਪ ਦਿੱਤਾ। ਜਦੋਂ ਲੰਗਰ ਖੁੱਲਦਾ, ਪੰਗਤ ਵਿਚ ਬੁਲਾਉਣ ਲਈ ਨਗਾਰੇ ਦੀ ਚੋਟ ਲੱਗਦੀ। ਇਹ ਗੁਰੂ ਨਾਨਕ ਪਾਤਸ਼ਾਹ ਦੀ ਸਾਂਝੀਵਾਲਤਾ ਦਾ ਸੁਨੇਹਾ ਸੀ। ਸੱਤਵੇਂ ਪਾਤਸ਼ਾਹ ਨੇ ਲੰਗਰ ਦੀ ਪ੍ਰਥਾ ਨੂੰ ਆਪਣੇ ਵਿਸ਼ੇਸ਼ ਉਪਦੇਸ਼ਾਂ-ਉਪਰਾਲਿਆਂ ਦੀ ਪ੍ਰੇਰਨਾ ਸਦਕਾ ਇਸ ਮਰਯਾਦਾ ਨੂੰ ਪਿੰਡ ਪੱਧਰ ਤੇ ਗ੍ਰਹਿ ਪੱਧਰ `ਤੇ ਢਾਲਣ ਦਾ ਪਰਉਪਕਾਰੀ ਕਰਮ ਕੀਤਾ ਤਾਂ ਜੋ ਲੋੜਵੰਦਾਂ ਨੂੰ ਜਿੱਥੇ ਕਿਤੇ ਵੀ ਠਹਿਰਣਾ ਪਵੇ ਤਾਂ ਉਨ੍ਹਾਂ ਨੂੰ ਪਰਸ਼ਾਦਾ ਪ੍ਰਾਪਤ ਹੋ ਸਕੇ।
ਗੁਰੂ ਸਾਹਿਬ ਜੀ ਨੇ ਰੋਗੀਆਂ ਨੂੰ ਕਾਰਗਰ ਦਵਾ-ਦਾਰੂ ਦੇਣ, ਅਰੋਗਤਾ ਅਤੇ ਤੰਦਰੁਸਤੀ ਦੀਆਂ ਬਖ਼ਸ਼ਿਸ਼ਾਂ ਕਰਨ ਦੇ ਪਰਉਪਕਾਰੀ ਕਾਰਜਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਜਿੱਥੇ ਆਪ ਜੀ ਲੋੜਵੰਦਾਂ, ਗ਼ਰੀਬਾਂ ਤੇ ਅਨਾਥਾਂ ਨੂੰ ਗੁਰੂ ਕੇ ਲੰਗਰ ਅਤੇ ਨਾਮ-ਦਾਰੂ ਦੇ ਕੇ ਅਰੋਗ ਤੇ ਸੁਖੀ ਕਰਦੇ ਸਨ, ਉੱਥੇ ਆਪ ਜੀ ਨੇ ਇਨਸਾਨਾਂ ਦੇ ਰੋਗੀ ਸਰੀਰਾਂ ਦੇ ਰੋਗ ਮਿਟਾਉਣ ਲਈ ਬੜਾ ਵੱਡਾ ਦਵਾਖਾਨਾ ਖੋਲ੍ਹਿਆ, ਜਿਸ ਵਿਚ ਬਹੁਤ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ ਗਈਆਂ। ਹਰ ਰੋਗੀ ਨੂੰ ਇਸ ਦਵਾਖ਼ਾਨੇ ਵਿੱਚੋਂ ਹਰ ਵੇਲੇ ਮੁਫ਼ਤ ਦਵਾਈ ਮਿਲਦੀ ਸੀ। ਦਿੱਲੀ ਦੇ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਇਕ ਵਾਰ ਜਦੋਂ ਕੋਈ ਭਿਆਨਕ ਬਿਮਾਰੀ ਲੱਗ ਗਈ ਤਾਂ ਵੈਦਾਂ, ਹਕੀਮਾਂ ਨੇ ਇਕ ਖਾਸ ਕਿਸਮ ਤੇ ਖਾਸ ਵਜ਼ਨ ਦੇ ਲੌਂਗ ਹਰੜਾਂ ਤੇ ਗਜ ਮੋਤੀ, ਦਵਾਈ ਲਈ ਮੰਗੇ। ਸਾਰੇ ਦੇਸ਼ ਵਿੱਚੋਂ ਇਹ ਵਸਤਾਂ ਪ੍ਰਾਪਤ ਨਾ ਹੋਈਆਂ ਪਰ ਇਹ ਸਾਰੀਆਂ ਵਸਤਾਂ ਗੁਰੂ-ਘਰ ਦੇ ਸਫਾਖਾਨੇ ਤੋਂ ਪ੍ਰਾਪਤ ਹੋਈਆਂ। ਦਾਰਾ ਸ਼ਿਕੋਹ ਇਸ ਦਵਾਈ ਨਾਲ ਰਾਜ਼ੀ ਹੋ ਗਿਆ। ਉਸ ਨੇ ਕੀਰਤਪੁਰ ਸਾਹਿਬ ਆ वे ਗੁਰੂ ‘ ਜੀ ਦਾ ਧੰਨਵਾਦ ਕੀਤਾ। ਮੁਗ਼ਲ ਬਾਦਸ਼ਾਹ ਨਾਲ ਭਾਵੇਂ ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਠੀਕ ਨਹੀਂ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਸੀ ਅਤੇ ਪੰਚਮ ਪਾਤਸ਼ਾਹ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਪਰੰਤੂ ਗੁਰੂ-ਘਰ ਦਾ ਬਿਰਦ ਹੈ— ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ ਗੁਰੂ ਅਕਾਲ ਰੂਪ ਹੈ ਜੋ ਸਦ-ਉਪਕਾਰੀ ਹੈ। ਇਸ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ।
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਜਿੱਥੇ ਦਇਆ, ਸ਼ਾਂਤੀ ਅਤੇ ਕੋਮਲਤਾ ਦੇ ਭੰਡਾਰ ਸਨ, ਉੱਥੇ ਦ੍ਰਿੜ੍ਹਤਾ ਅਤੇ ਗੁਰਮਤਿ ਸਿਧਾਂਤਾਂ ਦੀ ਪਾਲਣਾ ਵਿਚ ਪੂਰੇ ਪਹਿਰੇਦਾਰ ਸਨ। ਗੁਰਬਾਣੀ ਦਾ ਸਤਿਕਾਰ ਕਾਇਮ ਰੱਖਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਤਪਰ ਰਹਿੰਦੇ ਸਨ। ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਵਿਖੇ ਆਉਣ ਦਾ ਸੱਦਾ ਭੇਜਿਆ ਤਾਂ ਗੁਰੂ ਜੀ ਨੇ ਚੋਣਵੇਂ ਗੁਰਸਿੱਖਾਂ ਦੀ ਰਾਏ ਅਨੁਸਾਰ ਆਪਣੀ ਥਾਂ ਵੱਡੇ ਪੁੱਤਰ ਰਾਮਰਾਇ ਨੂੰ ਔਰੰਗਜ਼ੇਬ ਪਾਸ ਭੇਜ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਔਰੰਗਜ਼ੇਬ ਦੇ ਦਰਬਾਰ ਵਿਚ ਜਾ ਕੇ ਜੋ ਵੀ ਬਚਨ-ਬਿਲਾਸ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਦੇ ਅਨੁਸਾਰ ਹੋਣੇ ਚਾਹੀਦੇ ਹਨ। ਬਾਬਾ ਰਾਮਰਾਇ ਬੜਾ ਸਿਆਣਾ, ਚੁਸਤ ਤੇ ਹਾਜ਼ਰ ਜੁਆਬ ਸੀ। ਗੁਰੂ-ਘਰ ਦੀ ਮਰਯਾਦਾ ਦੀ ਵੀ ਸੂਝ ਰੱਖਦਾ ਸੀ। ਪਰ ਸ਼ਾਹੀ ਦਰਬਾਰ ਦੀ ਆਓ-ਭਗਤ, ਸ਼ਾਨ-ਓ-ਸ਼ੌਕਤ ਨੇ ਉਸ ਨੂੰ ਭਰਮਾਅ ਲਿਆ। ਉਸ ਨੂੰ ਗੁਰੂ-ਪਿਤਾ ਵੱਲੋਂ ਮਿਲੀ “ਨਿਰਭਉ ਤੇ ਨਿਰਵੈਰ” ਰਹਿਣ ਦੀ ਸਿੱਖਿਆ ਭੁੱਲ ਗਈ। ਜਦੋਂ ਉਸ ਨੂੰ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ ॥ ” ਦੀ ਤੁਕ ਬਾਰੇ ਪੁੱਛਿਆ ਗਿਆ ਤਾਂ ਰਾਮਰਾਇ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਮਿੱਟੀ ਬੇਈਮਾਨ ਕੀ” ਕਿਹਾ ਹੈ। ਕਿਸੇ ਲਿਖਾਰੀ ਦੀ ਗ਼ਲਤੀ ਨਾਲ “ਮੁਸਲਮਾਨ ਕੀ” ਲਿਖ ਦਿੱਤਾ ਹੋਵੇਗਾ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਜਦੋਂ ਇਸ ਗੱਲ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਨਰਾਜ਼ ਹੋਏ ਅਤੇ ਕਿਹਾ ਕਿ ਰਾਮਰਾਇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਬਦਲਿਆ ਹੈ। ਇਸ ਲਈ ਉਹ ਸਾਡੇ ਮੱਥੇ ਨਾ ਲੱਗੇ। ਗੁਰੂ ਸਾਹਿਬ ਜੀ ਨੇ ਇਸ ਘਟਨਾ ਉਪਰੰਤ, ਹਮੇਸ਼ਾਂ ਲਈ ਆਪਣੇ ਪੁੱਤਰ ਨੂੰ ਤਿਆਗ ਦਿੱਤਾ ਸੀ। ਹੋਰ ਸਿੱਖ ਸੰਗਤ ਨੂੰ ਵੀ ਰਾਮਰਾਈਆਂ ਤੋਂ ਦੂਰ ਰਹਿਣ ਦੇ ਹੁਕਮਨਾਮੇ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਸਤਿਕਾਰ ਤੇ ਗੁਰਮਤਿ ਦੇ ਆਦਰਸ਼ ਤੋਂ ਪੁੱਤਰ ਪਿਆਰ ਨੂੰ ਕੁਰਬਾਨ ਕਰ ਦਿੱਤਾ।
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਯੋਗ ਸ਼ਖ਼ਸੀਅਤ ਨੂੰ ਸੌਂਪਣ ਦਾ ਫੈਸਲਾ ਕੀਤਾ। ਅੰਤ ਗੁਰੂ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ (ਗੁਰੂ) ਹਰਿਕ੍ਰਿਸ਼ਨ ਸਾਹਿਬ ਨੂੰ ਜਿਨ੍ਹਾਂ ਵਿਚ ਗੁਰਿਆਈ ਨੂੰ ਸੰਭਾਲਣ ਦੀਆਂ ਯੋਗਤਾਵਾਂ ਮੌਜੂਦ ਸਨ। ਅੱਠਵੇਂ ਗੁਰੂ ਥਾਪ ਕੇ ੧੬੬੧ ਈ. ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਸਿੱਖ ਪੰਥ ਨੂੰ ਗੁਰੂ ਸਾਹਿਬ ਜੀ ਦੇ ਪਰਉਪਕਾਰੀ ਕਾਰਜਾਂ ਦ੍ਰਿੜ੍ਹਤਾ, ਸਹਿਜ ਸੁਭਾਅ ਅਤੇ ਦਇਆ ਵਰਗੇ ਮਹਾਨ ਅਦੁੱਤੀ ਗੁਣਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਗੁਰਬਾਣੀ ਤੇ ਗੁਰੂ ਦੇ ਸਿਧਾਂਤਾਂ ’ਤੇ ਚੱਲਣਾ ਚਾਹੀਦਾ ਹੈ। ਗੁਰਬਾਣੀ ਦਾ ਆਦਰ ਸਤਿਕਾਰ ਕਰਨਾ ਹੈ, ਕਿਉਂਕਿ ਗੁਰਬਾਣੀ ਹੀ ਗੁਰੂ ਹੈ। ਗੁਰਵਾਕ ਹੈ— ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥
