109 views 9 secs 0 comments

ਸਿੱਖ ਧਰਮ ਵਿਚ ਵਿੱਦਿਆ ਤੇ ਗਿਆਨ ਦਾ ਅਹਿਮ ਯੋਗਦਾਨ

ਲੇਖ
February 13, 2025

-ਬੀਬੀ ਪ੍ਰਕਾਸ਼ ਕੌਰ

ਵਿੱਦਿਆ ਅਤੇ ਗਿਆਨ ਮਨੁੱਖੀ ਜ਼ਿੰਦਗੀ ਦੇ ਦੋ ਅਹਿਮ ਪੱਖ ਹਨ। ਸਮੁੱਚੀ ਸ੍ਰਿਸ਼ਟੀ ਦੇ ਜੈਵਿਕ ਵਰਤਾਰੇ ਵਿਚ ਮਨੁੱਖ ਗਿਆਨ ਕਰਕੇ ਹੀ ਵੱਖਰਾ ਅਤੇ ਮਹੱਤਵਪੂਰਨ ਹੈ। ਗਿਆਨ ਦੀ ਤਾਕਤ ਨਾਲ ਮਨੁੱਖ ਨੇ ਕੁਦਰਤ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੇ ਯਤਨ ਕੀਤੇ ਹਨ। ਹਮੇਸ਼ਾ ਦੁਨੀਆ ਉੱਤੇ ਉਨ੍ਹਾਂ ਕੌਮਾਂ ਦਾ ਰਾਜ ਬਹੁਤ ਲੰਮੇਰਾ ਸਮਾਂ ਰਿਹਾ ਜਿਨ੍ਹਾਂ ਨੇ ਗਿਆਨ ਨੂੰ ਆਪਣੇ ਹੱਕ ਵਿਚ ਨਿਭਾਇਆ। ਭਾਰਤ ਦੇ ਸਮਾਜਿਕ, ਸੱਭਿਆਚਾਰ ਢਾਂਚੇ ਵਿਚ ਗਿਆਨ ਉੱਪਰ ਬ੍ਰਾਹਮਣਵਾਦੀ ਧਿਰ ਦਾ ਕਬਜ਼ਾ ਰਿਹਾ ਹੈ। ਬ੍ਰਾਹਮਣ ਜਮਾਤ ਨੇ ਆਪਣੇ ਸਮਾਜਿਕ ਤੇ ਧਾਰਮਿਕ ਰੁਤਬੇ ਨੂੰ ਬਰਕਰਾਰ ਰੱਖਦਿਆਂ ਵਿੱਦਿਆ ਨੂੰ ਸੀਮਿਤ ਕਰ ਦਿੱਤਾ ਅਤੇ ਵਿੱਦਿਆ ਗਿਆਨ ਦੇ ਗ੍ਰੰਥਾਂ ਵਿਚ ਸਮਾਜ ਦੀ ਦਰਜੇਬੰਦੀ ਕਰ ਕੇ ਸ਼ੂਦਰ ਅਤੇ ਇਸਤਰੀ ਨੂੰ ਗਿਆਨ ਤੋਂ ਦੂਰ ਕਰ ਦਿੱਤਾ। ਬ੍ਰਾਹਮਣਾਂ ਨੇ ਗਿਆਨ ਦੇ ਫੈਲਾਅ ਨਾਲ ਲੋਕ-ਭਲਾਈ ਕਰਨ ਦੀ ਥਾਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਸ਼ੁਰੂ ਕਰ ਦਿੱਤੀ। ਪਰ ਸਿੱਖ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦੀ ਇਸ ਕੋਝੀ ਰੁਚੀ ਨੂੰ ਗੁਰਬਾਣੀ ਵਿਚ ਸਖ਼ਤੀ ਨਾਲ ਨਿੰਦਿਆ ਹੈ:

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅੰਹਕਾਰਾ ॥(ਪੰਨਾ ੧੪੦)

ਸਿੱਖੀ ਸਿਧਾਂਤ “ਜਹਾ ਗਿਆਨੁ ਤਹ ਧਰਮੁ ਹੈ” ਜਾਂ “ਏਕ ਨੂਰ ਤੇ ਸਭੁ ਜਗੁ ਉਪਜਿਆ” ਉੱਪਰ ਆਧਾਰਿਤ ਹੋਣ ਕਰ ਕੇ ਮਾਨਵੀ ਜੀਵਨ ਦੇ ਹਰੇਕ ਹਿੱਸੇ ਵਿਚ ਗਿਆਨ ਦੀ ਪਹੁੰਚ ਮੰਨਦੇ ਹਨ। ਗੁਰੂ ਸਾਹਿਬਾਨ ਨੇ ਵਿੱਦਿਆ ਰਾਹੀਂ ਹੀ ਨਵੇਂ ਜੀਵਨ-ਮੁੱਲਾਂ, ਨਵੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕੀਤਾ ਅਤੇ ਲੋਕਾਈ ਨੂੰ ਅੰਧਕਾਰ ਵਿੱਚੋਂ ਕੱਢਣ ਲਈ ਨਵੇਂ ਚਾਨਣ ਮੁਨਾਰੇ ਸਿਰਜੇ। ਗੁਰੂ ਸਾਹਿਬਾਨ ਨੇ ਅੰਧ-ਵਿਸ਼ਵਾਸ, ਕਰਮਕਾਂਡ, ਭੇਖ-ਪਖੰਡ ਅਤੇ ਸੌੜੀ ਸੋਚ ਦੇ ਮੁਖੀ ਪੁਜਾਰੀਆਂ ਦੀ ਲੁੱਟ ਤੋਂ ਬਚਾਉਣ ਲਈ ਲੋਕਾਂ ਵਿਚ ਗਿਆਨ ਦੀ ਲਾਟ ਜਗਾਈ। ਇਸੇ ਲਈ ਗੁਰਬਾਣੀ ਵਿਚ ਵਿੱਦਿਆ ਦੀ ਸੇਵਾ ਨੂੰ ਸਭ ਤੋਂ ਉੱਤਮ ਕਿਹਾ ਹੈ:

ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (ਪੰਨਾ ੩੫੬)

ਸਿੱਖ ਧਰਮ ਵਿਚ ਗਿਆਨ ਦੀ ਪੈਦਾਇਸ਼ ਅਤੇ ਗਿਆਨ ਦੇ ਸੰਚਾਰ ਦਾ ਬਹੁਤ ਵੱਡਾ ਇਤਿਹਾਸਿਕ ਪੱਖ ਹੈ। ਗੁਰੂ ਸਾਹਿਬਾਨ ਅਤੇ ਸਮੂਹ ਸੰਤਾਂ, ਭਗਤਾਂ ਦਾ ਮੂਲ ਨਿਸ਼ਾਨਾ ਤਾਂ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਰਾਹੀਂ ਅਸਲ ਸੱਚ ਤਕ ਪਹੁੰਚਣ –ਪਹੁੰਚਾਉਣ ਦਾ ਹੈ। ਲਿਪੀ ਅਤੇ ਬੋਲੀ ਨੂੰ ਮਾਧਿਅਮ ਵਜੋਂ ਵਰਤਿਆ ਗਿਆ। ਗੁਰਬਾਣੀ ਅਸਲ ਸੱਚ ਦੇ ਗਿਆਨ ਬਾਰੇ ਜੋ ਕੁਝ ਦੱਸਣ ਦੇ ਸਮਰੱਥ ਮੰਨਦੀ ਹੈ ਤਾਂ ਬੋਲੀ ਅਤੇ ਲਿਪੀ ਨੂੰ ਮੰਨਦੀ ਹੈ। ਰੱਬ ਦਾ ਗਿਆਨ ਬੋਲੀ ਅਤੇ ਲਿਪੀ ਤੋਂ ਪਰੇ ਹੈ। ਗੁਰੂ ਸਾਹਿਬਾਨ ਨੇ ਦੁਨੀਆ ਦੇ ਇਤਿਹਾਸ ਵਿਚ ਸ਼ਬਦ ਨੂੰ ਸਭ ਤੋਂ ਵੱਧ ਮਹੱਤਤਾ ਦੇ ਕੇ ‘ਸ਼ਬਦ ਗੁਰੂ’ ਨੂੰ ਗੱਦੀ ਦਿੱਤੀ।

ਕਿਸੇ ਵੀ ਕੌਮ ਦੀ ਉਸਾਰੀ ਲਈ ਆਪਣੀ ਭਾਸ਼ਾ ਵਿਚ ਗਿਆਨ ਨੂੰ ਪੈਦਾ ਕਰਨ ਵਾਸਤੇ ਨਿਵੇਕਲੀ ਅਤੇ ਢੁਕਵੀਂ ਲਿਪੀ ਦੀ ਘਾੜਤ ਬੇਹੱਦ ਜ਼ਰੂਰੀ ਹੁੰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੁੱਖ ਕੰਮ ਪੰਜਾਬੀ ਬੋਲੀ ਦੀ ਢੁਕਵੀਂ ਲਿਪੀ ਤਿਆਰ ਕਰਨ ਦਾ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਦੀ ਆਪਣੀ ਕੋਈ ਲਿਪੀ ਨਹੀਂ ਸੀ। ਮੁਸਲਮਾਨ ਅਰਬੀ ਅਤੇ ਹਿੰਦੂ ਦੇਵਨਾਗਰੀ, ਸ਼ਾਰਦਾ ਜਾਂ ਟਾਕਰੀ ਆਦਿ ਲਿਪੀਆਂ ਦੀ ਵਰਤੋਂ ਕਰਦੇ ਸਨ। ਅਰਬੀ ਉਸ ਵਕਤ ਹਾਕਮ ਜਮਾਤ ਦੀ ਲਿਪੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਬੋਲੀ ਨੂੰ ਸਦੀਵੀਂ ਅਤੇ ਨਿਆਰੀ ਬਣਾਉਣ ਲਈ ਗੁਰਮੁਖੀ ਲਿਪੀ ਪ੍ਰਚਲਿਤ ਕੀਤੀ। ਸਮੂਹ ਗੁਰਮੁਖਾਂ ਲਈ ਗੁਰਮੁਖੀ ਲਿਪੀ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਤੇ ਇਸ ਦਾ ਨਾਂ ਗੁਰਮੁਖੀ ਪੈ ਗਿਆ। ਇਸ ਤਰ੍ਹਾਂ ਵਿੱਦਿਅਕ ਅਤੇ ਗਿਆਨ ਦੇ ਖੇਤਰ ਵਿਚ ਪੰਜਾਬੀ ਲਈ ਇਕ ਵਿਸ਼ੇਸ਼ ਲਿਪੀ ਪ੍ਰਚਲਿਤ ਕਰਨਾ ਸਿੱਖ ਧਰਮ ਦੀ ਵੱਡੀ ਪ੍ਰਾਪਤੀ ਹੈ, ਜਿਸ ਨਾਲ ਹਰ ਆਮ ਲਈ ਵਿੱਦਿਆ ਦਾ ਸੰਚਾਰ ਸੁਖਾਲਾ ਹੋ ਗਿਆ। ਇਸ ਨਾਲ ਲੋਕਾਂ ਵਿਚ ਚੇਤਨਾ ਆਈ ਅਤੇ ਸਮਕਾਲੀ ਹਾਕਮਾਂ ਅਤੇ ਪਖੰਡੀ ਧਾਰਮਿਕ ਆਗੂਆਂ ਤੋਂ ਛੁਟਕਾਰਾ ਪਾਉਣ ਦੀ ਇੱਛਾ ਨਾਲ ਲੋਕ ਸਿੱਖ ਧਰਮ ਵਿਚ ਸ਼ਾਮਿਲ ਹੋਣ ਲੱਗ ਪਏ |

ਵਿੱਦਿਆ ਦੇ ਖੇਤਰ ਵਿਚ ਗਿਆਨ ਦੀ ਪ੍ਰਾਪਤੀ ਤੋਂ ਮਗਰੋਂ ਇਸ ਦਾ ਪ੍ਰਚਾਰ-ਪ੍ਰਸਾਰ ਵੱਡੀ ਸਮੱਸਿਆ ਬਣਦਾ ਹੈ। ਸਿੱਖਾਂ ਵਿਚ ਇਹ ਕੰਮ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਪੂਰਾ ਕੀਤਾ। ਉਨ੍ਹਾਂ ਨੇ ਦੂਰ-ਨੇੜੇ ਦੀਆਂ ਸੰਗਤਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਲਈ ਅਤੇ ਉਨ੍ਹਾਂ ਤਕ ਗਿਆਨ, ਵਿੱਦਿਆ ਅਤੇ ਗੁਰ-ਉਪਦੇਸ਼ਾਂ ਦਾ ਸੰਚਾਰ ਕਰਨ ਲਈ ੨੨ ਮੰਜੀਆਂ ਬਣਾ ਕੇ ਪ੍ਰਚਾਰਕ ਥਾਪ ਦਿੱਤੇ। ਇਹ ਮੰਜੀਦਾਰ ਪ੍ਰਚਾਰਕ ਗੁਰੂ ਸਾਹਿਬ ਨੂੰ ਸੰਗਤਾਂ ਤੋਂ ਮਿਲਦੀ ਰਾਜਨੀਤਕ ਤੇ ਆਰਥਿਕ ਸਹਾਇਤਾ ਵੀ ਪਹੁੰਚਾਉਂਦੇ ਸਨ। ਮੰਜੀ ਪ੍ਰਥਾ ਸਿੱਖ ਧਰਮ ਨੂੰ ਇੱਕ ਕੇਂਦਰ ਨਾਲ ਜੋੜਨ ਦਾ ਪਹਿਲਾ ਜਥੇਬੰਦਕ ਢਾਂਚਾ ਸੀ। ਜਿਸ ਤਰ੍ਹਾਂ ਗਿਆਨ, ਬੋਲੀ ਤੇ ਲਿਪੀ ਕਰ ਕੇ ਸਿੱਖ ਧਰਮ ਹਿੰਦੂਆਂ, ਇਸਲਾਮ ਤੇ ਜੋਗ ਮਤ ਨਾਲੋਂ ਵੱਖਰਾ ਅਤੇ ਨਿਵੇਕਲਾ ਦਿੱਸਦਾ ਸੀ। ਗੁਰੂ ਰਾਮਦਾਸ ਜੀ ਨੇ ਆਪਣੇ ਕਾਲ ਵਿਚ ਇਸ ਪ੍ਰਥਾ ਨੂੰ ਹੋਰ ਪੱਕਿਆਂ ਕਰ ਦਿੱਤਾ। ਸਿੱਖ ਧਰਮ ਦੀ ਵਿੱਦਿਅਕ ਲਹਿਰ ਦਾ ਵੱਡਾ ਪੱਖ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ੧੬੦੪ ਈ: ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨਾ ਹੈ। ਇਹ ਸਿੱਖ ਧਰਮ ਦੀ ਵੱਖਰੀ ਹੋਂਦ ਅਤੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਤੌਰ ‘ਤੇ ਨਿਆਰੀ ਹਸਤੀ ਹੋਣ ਦਾ ਅਟੁੱਟ ਪ੍ਰਮਾਣ ਹੈ। ਗੁਰੂ ਸਾਹਿਬ ਨੇ ਇਕ ਖਾਸ ਨਿਵੇਕਲੀ ਵਿਚਾਰਧਾਰਾ, ਇਕ ਪੱਕੇ ਸਿਧਾਂਤਕ ਪ੍ਰਬੰਧ ਦੇ ਨਜ਼ਰੀਏ ਤੋਂ ਸੰਤਾਂ-ਭਗਤਾਂ ਦੀ ਬਾਣੀ ਇਕੱਠੀ ਕੀਤੀ। ਸਮੁੱਚੀ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਮਾਰਗ ਉੱਪਰ ਚੱਲਣਾ ਆਪਣਾ ਧਾਰਮਿਕ ਫ਼ਰਜ਼ ਸਮਝਦੀ ਹੈ। ਸੰਸਾਰ ਪੱਧਰ ਉੱਪਰ ਗਿਆਨ ਦੇ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਮੀਲ ਪੱਥਰ ਹੈ ਜੋ ਅੱਜ ਦੇ ਆਧੁਨਿਕ ਦੌਰ ਵਿਚ ਮਾਨਸਿਕ ਪ੍ਰੇਸ਼ਾਨੀਆਂ ਹੰਢਾ ਰਹੇ ਮਨੁੱਖ ਲਈ ਚਾਨਣ-ਮੁਨਾਰਾ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮਗਰੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਰਾਜਸੀ ਵਿੱਦਿਆ ਦਾ ਅਮਲੀ ਰੂਪ ਲਾਗੂ ਕਰਦੇ ਹਨ, ਜਿਸ ਦਾ ਸਿਧਾਂਤਕ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪਹਿਲਾਂ ਹੀ ਮੌਜੂਦ ਸੀ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰ ਕੇ ਇੱਥੇ ਯੁੱਧ-ਵਿੱਦਿਆ ਦੇਣੀ ਸ਼ੁਰੂ ਕੀਤੀ। ਇਸ ਸਮੇਂ ਤੋਂ ਸਿੱਖਾਂ ਨੂੰ ਵਿਧੀਬੱਧ ਰੂਪ ਵਿਚ ਘੋੜਸਵਾਰੀ, ਤੀਰਅੰਦਾਜ਼ੀ, ਗਤਕੇਬਾਜ਼ੀ ਆਦਿ ਦੀ ਵਿੱਦਿਆ ਦਿੱਤੀ ਜਾਣ ਲੱਗੀ। ਗੁਰੂ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਧਾਰਮਿਕ ਤੇ ਰਾਜਨੀਤਕ ਵਿੱਦਿਆ ਦੇਣ ਦੇ ਪ੍ਰਬੰਧ ਕੀਤੇ ਗਏ। ਇਸ ਵਿੱਦਿਆ ਦੇ ਅਖੀਰਲੇ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਾਹਮਣੇ ਆਏ। ਉਹ ਨੇਜ਼ੇਬਾਜ਼ੀ, ਤੀਰਅੰਦਾਜ਼ੀ, ਘੋੜਸਵਾਰੀ, ਗਤਕੇਬਾਜ਼ੀ ਆਦਿ ਯੁੱਧ-ਵਿੱਦਿਆਵਾਂ ਦੇ ਮਾਹਿਰ ਸਨ। ਉਨ੍ਹਾਂ ਨੇ ਵਿਸ਼ੇਸ਼ ਕੈਂਪਾਂ ਵਿਚ ਵਿੱਦਿਆ ਦਿੱਤੀ। ਸਿੱਖ ਧਰਮ ਵਿਚ ਯੁੱਧ-ਵਿੱਦਿਆ ਦਾ ਬਹੁਤ ਮਹੱਤਵ ਹੈ।

ਵਿੱਦਿਆ ਦੇ ਖੇਤਰ ਵਿਚ ਸਿੱਖ ਗੁਰੂ ਸਾਹਿਬਾਨ ਦੀ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਸਾਰਿਆਂ ਨੇ ਰਾਗੀਆਂ, ਭੱਟਾਂ, ਕਵੀਆਂ ਨੂੰ ਬਹੁਤ ਮਾਣ ਦਿੱਤਾ। ਗੁਰੂ-ਦਰਬਾਰ ਦੇ ਰਬਾਬੀ ਭਾਈ ਮਰਦਾਨਾ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਅਤੇ ਭੱਟ ਸਾਹਿਬਾਨ ਨੂੰ ਪੂਰਾ ਸਤਿਕਾਰ ਦੇ ਕੇ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੀ ਗਈ। ਗੁਰੂ-ਘਰ ਦੇ ਪ੍ਰਚਾਰਕ ਤੇ ਵਿਆਖਿਆਕਾਰ ਭਾਈ ਗੁਰਦਾਸ ਜੀ ਦੀ ਬਾਣੀ ਨੂੰ ‘ਗੁਰਬਾਣੀ ਦੀ ਕੁੰਜੀ’ ਦੇ ਨਾਂ ਨਾਲ ਸਨਮਾਨਿਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ੫੨ ਕਵੀ ਸਨ, ਜਿਨ੍ਹਾਂ ਵਿਚ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਆਦਿ ਵਿੱਦਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਵਿਦਵਾਨਾਂ ਨੂੰ ਮਾਣ ਦੇਣਾ ਮੁੱਖ ਸਮਝਿਆ ਜਾਂਦਾ ਸੀ, ਕਿਉਂਕਿ ਗੁਰੂ-ਘਰ ਨੇ ਸਦਾ ਗੁਣ ਅਤੇ ਗਿਆਨ ਦੀ ਕਦਰ ਕੀਤੀ ਹੈ:

ਗੁਣ ਵੀਚਾਰੇ ਗਿਆਨੀ ਸੋਇ॥
ਗੁਣ ਮਹਿ ਗਿਆਨੁ ਪਰਾਪਤਿ ਹੋਇ॥
ਗੁਣਦਾਤਾ ਵਿਰਲਾ ਸੰਸਾਰਿ ॥
ਸਾਚੀ ਕਰਣੀ ਗੁਰ ਵੀਚਾਰਿ॥ (ਪੰਨਾ ੯੩੧)

ਸੋ ਸਿੱਖ ਧਰਮ ਨੇ ਗਿਆਨ ਤੇ ਵਿੱਦਿਆ ਦੇ ਖੇਤਰ ਵਿਚ ਪੁਰਾਣੇ ਬੰਧਨਾਂ ਨੂੰ ਤੋੜਿਆ ਅਤੇ ਸਾਰੀ ਲੋਕਾਈ ਲਈ ਗਿਆਨ ਦੇ ਨਵੇਂ ਰਾਹ ਨਿਸ਼ਚਿਤ ਕੀਤੇ।
*੮੬, ਟੈਗੋਰ ਨਗਰ, ਜਲੰਧਰ-੧੪੪੦੦੧, ਮੋ: +੯੧੯੮੮੮੧੮੬੦੮੬