89 views 13 secs 0 comments

ਗੁਰਮਤਿ ਦੇ ਸੰਦਰਭ ਵਿਚ ਇਸਤਰੀ

ਲੇਖ
February 13, 2025

-ਬੀਬੀ ਰਜਿੰਦਰ ਕੌਰ

ਅੱਜ ਮਨੁੱਖਤਾ ੨੧ਵੀਂ ਸਦੀ ਵਿਚ ਪੈਰ ਰੱਖ ਚੁੱਕੀ ਹੈ। ਮਨੁੱਖ ਧਰਤੀ, ਅਕਾਸ਼, ਪਤਾਲ, ਗੱਲ ਕੀ ਸਾਰੇ ਬ੍ਰਹਿਮੰਡ ਉੱਤੇ ਹਾਵੀ ਹੋਣ ਦੀ ਪੁਰਜ਼ੋਰ ਕੋਸ਼ਿਸ਼ ਵਿਚ ਹੈ। ਵਿਗਿਆਨ ਦੀਆਂ ਵੰਨ-ਸੁਵੰਨੀਆਂ ਕਾਢਾਂ ਨੇ ਮਨੁੱਖ ਦੀ ਸੋਚਣ-ਸ਼ਕਤੀ ਨੂੰ ਜਿਵੇਂ ਖੰਭ ਲਾ ਦਿੱਤੇ ਹੋਣ। ਉਹ ਨਿੱਤ ਨਵੀਂ ਉਡਾਰੀ ਭਰ ਰਿਹਾ ਹੈ। ਜਿਵੇਂ-ਜਿਵੇਂ ਉਸ ਦੀ ਉਡਾਰੀ ਉੱਚ ਤਕਨੀਕੀ ਅਤੇ ਵਿਗਿਆਨਕ ਹੋ ਰਹੀ ਹੈ ਉਵੇਂ-ਉਵੇਂ ਉਹ ਆਪਣੇ ਮੂਲ ਤੋਂ ਵਿੱਛੜ ਰਿਹਾ ਹੈ। ਨਤੀਜਤਨ ਭੂਚਾਲ, ਹੜ ਅਤੇ ਸੋਕੇ ਜਿਹੀਆਂ ਕੁਦਰਤੀ ਆਫਤਾਂ ਦੇ ਅਤੇ ਇਸਤਰੀਆਂ ਦੀ ਘੱਟ ਰਹੀ ਸੰਖਿਆ ਵਰਗੀਆਂ ਗੈਰ-ਕੁਦਰਤੀ ਸਮੱਸਿਆਵਾਂ ਦੇ ਉਹ ਦਰਪੇਸ਼ ਹੋ ਰਿਹਾ ਹੈ। ਇਹ ਸੱਚ ਹੈ ਕਿ ਵਿਗਿਆਨ ਵਿਵੇਕ ਦੀ ਸਿੱਖਿਆ ਦਿੰਦਾ ਹੈ ਪਰ ਵਿਗਿਆਨ ਨੈਤਿਕਤਾ ਦੇ ਸਿਧਾਂਤਾਂ ਵਿਚ ਸੁਧਾਰ ਨਹੀਂ ਲਿਆ ਸਕਦਾ। ਇਸ ਵਿਗਿਆਨਕ ਯੁੱਗ ਵਿਚ ਅਲਟਰਾ-ਸਾਊਂਡ ਸਕੈਨ ਰਾਹੀਂ ਲੜਕੀ ਨੂੰ ਜਨਮ ਤੋਂ ਪਹਿਲਾਂ ਮਾਰਨ ਦੀ ਪ੍ਰਵਿਰਤੀ ਸਾਹਮਣੇ ਆ ਰਹੀ ਹੈ। ਜ਼ਿਆਦਾ ਦੁਖਦਾਈ ਪੱਖ ਇਹ ਹੈ ਕਿ ਪੜ੍ਹਿਆ-ਲਿਖਿਆ ਵਰਗ ਇਸ ਕੁਕਰਮ ਨੂੰ ਕਰਨ ਵਿਚ ਵੱਧ ਸ਼ਾਮਿਲ ਹੈ। ਇਹੀ ਕਾਰਨ ਹੈ ਕਿ ੨੧ਵੀਂ ਸਦੀ ਦੀ ਇਸਤਰੀ ਆਰਥਿਕ ਰੂਪ ਵਿਚ ਸਵੈ-ਨਿਰਭਰਤਾ ਅਤੇ ਸੁਤੰਤਰਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਸਬਲ ਅਤੇ ਸ਼ਸਕਤ ਨਹੀਂ ਹੈ। ਬੌਧਿਕ, ਮਾਨਸਿਕ ਅਤੇ ਆਤਮਿਕ ਸ਼ਕਤੀ ਦਾ ਬਾਖ਼ੂਬੀ ਪ੍ਰਦਰਸ਼ਨ ਕਰ ਚੁੱਕੀ ਅਤੇ ਕਰ ਰਹੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਵਿਚ ਆਪਣੀ ਕਾਬਲੀਅਤ ਦਾ ਝੰਡਾ ਗੱਡ ਚੁੱਕੀ ਇਸਤਰੀ ਅਜੇ ਤਕ ਆਪਣਾ ਬਣਦਾ ਹੱਕ ਸਮਾਜ ਕੋਲੋਂ ਪ੍ਰਾਪਤ ਨਹੀਂ ਕਰ ਸਕੀ।

ਸਮਾਜ-ਚਿੰਤਕਾਂ ਮੁਤਾਬਿਕ ਜ਼ਰੂਰਤ ਹੈ ਇਸਤਰੀ ਪ੍ਰਤੀ ਸੋਚ ਅਤੇ ਵਤੀਰੇ ਨੂੰ ਬਦਲਣ ਦੀ। ਇਸ ਲਈ ਸਾਨੂੰ ਲੋੜ ਹੈ ਆਪਣੀਆਂ ਸਮਾਜਿਕ ਅਤੇ ਮਾਨਸਿਕ ਕਦਰਾਂ-ਕੀਮਤਾਂ ਬਦਲਣ ਦੀ, ਜਿਸ ਦੀ ਸੇਧ ਸਾਨੂੰ ਕੇਵਲ ਅਤੇ ਕੇਵਲ ਧਰਮ ਤੋਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰਮਤਿ ਦੁਆਰਾ ਜੋ ਨਿਵੇਕਲਾ ਅਤੇ ਸਾਂਵਾਂ ਸਥਾਨ ਇਸਤਰੀ ਨੂੰ ਦਿੱਤਾ ਗਿਆ ਹੈ ਉਹ ਅੱਜ ਦੇ ਸਮਾਜ ਲਈ ਮਾਰਗ-ਦਰਸ਼ਕ ਬਣ ਸਕਦਾ ਹੈ ਅਤੇ ਸਹੀ ਅਰਥਾਂ ਵਿਚ ਔਰਤ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਬਦਲ ਸਕਦਾ ਹੈ।

ਪਿਛੋਕੜ ਵਾਚੀਏ ਤਾਂ ਸ਼ਾਸਤਰਾਂ ਵਿਚ ਨਾਰੀ ਸ਼ਕਤੀ ਅੱਖਾਂ ਨਾਲ ਵੇਖਿਆਂ ਮਮਤਾਮਈ ਅਤੇ ਮਹਿਸੂਸ ਕੀਤਿਆਂ ਹਰ ਘਾੜਤ ਵਿਚ ਘੜਨ ਵਾਲੀ ਹੈ।ਸਮਾਜ ਵਿਚ ਪਈਆਂ ਵੰਡੀਆਂ ਨੇ ਔਰਤਾਂ ਨੂੰ ਪਿੱਛੇ ਧੱਕ ਦਿੱਤਾ। ਭਾਰਤ ਉੱਤੇ ਵਿਦੇਸ਼ੀ ਖਾਸ ਕਰਕੇ ਮੁਗ਼ਲਾਂ ਦੇ ਹਮਲਿਆਂ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ, ਉਨ੍ਹਾਂ ਕਾਰਨ ਇਸਤਰੀ ਦੀ ਸਮਾਜਿਕ ਅਤੇ ਧਾਰਮਿਕ ਸਥਿਤੀ ਨਿਘਾਰ ਵੱਲ ਜਾਣ ਲੱਗ ਪਈ। ਜੰਮਦਿਆਂ ਹੀ ਮਾਰ ਦੇਣਾ ਜਾਂ ਦਫ਼ਨਾ ਦੇਣਾ, ਪਰਦਾ-ਪ੍ਰਥਾ, ਬਾਲ-ਵਿਆਹ, ਬਹੁ-ਵਿਆਹ ਪ੍ਰਣਾਲੀ, ਸਤੀ-ਪ੍ਰਥਾ ਅਤੇ ਦਹੇਜ-ਪ੍ਰਥਾ ਆਦਿ ਬੰਧਨ ਉਸ ਦੀ ਹੋਂਦ ਉੱਤੇ ਹਾਵੀ ਹੋ ਗਏ। ਪੱਥਰ ਦੀ ਬਣੀ ਇਸਤਰੀ ਦੀ ਪੂਜਾ ਤਾਂ ਦੇਵੀ ਦੇ ਰੂਪ ਵਿਚ ਕੀਤੀ ਜਾਂਦੀ ਸੀ ਪਰ ਹੱਡ-ਮਾਸ ਦੀ ਇਸਤਰੀ (ਅਸਲ) ਨਾਲ ਨਿੱਤ ਦੁਰ-ਵਿਵਹਾਰ ਹੁੰਦਾ ਸੀ। ਨਾਰੀ ਸ਼ਕਤੀ ਨੂੰ ਤਾਂ ਪ੍ਰਵਾਨਿਆ ਜਾਂਦਾ ਸੀ ਪਰ ਉਸ ਦੀ ਹੋਂਦ ਨੂੰ ਗਵਾਰਾਂ ਵਾਂਗ ਤ੍ਰਿਸਕਾਰਿਆ ਜਾਂਦਾ ਸੀ। ਗੁਰਮਤਿ ਨੇ ਅਜਿਹੇ ਵਤੀਰੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਹੋਇਆਂ ਇਸਤਰੀ ਨਾਲ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ ਦਾ ਵਿਰੋਧ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਰਾਜਾ ਜੋ ਕਿ ਨਿਹਕਲੰਕੀ ਹੈ, ਉਸ ਨੂੰ ਜਨਮ ਦੇਣ ਵਾਲੀ ਕਲੰਕਣੀ ਕਿਵੇਂ ਹੋ ਸਕਦੀ ਹੈ? ਉਨ੍ਹਾਂ ਨੇ ਸਾਰੇ ਰਿਸ਼ਤਿਆਂ ਦੀ ਸ੍ਰੋਤ ਇਸਤਰੀ ਨੂੰ ਮੰਨਦਿਆਂ ਹੋਇਆਂ ਫੁਰਮਾਨ ਕੀਤਾ:

ਭੰਡਿ ਜੰਮਿਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ੪੭੩)

ਗੁਰਮਤਿ ਵਿਚ ਇਸਤਰੀ ਜਾਤੀ ਨਾਲ ਅਪਣਾਏ ਜਾ ਰਹੇ ਸਾਰੇ ਦੋਹਰੇ ਮਾਪਦੰਡ ਖਾਰਜ ਕੀਤੇ ਹਨ ਅਤੇ ਇਸਤਰੀ ਨੂੰ ਸਿਰਫ ਜਿਸਮ ਜਾਂ ਅਕਾਰ ਦੇ ਰੂਪ ਨਾ ਦੇਖ ਬਲਕਿ ਗੁਣ ਰੂਪ ਵਿਚ ਹੀ ਵਾਚਿਆ ਗਿਆ ਹੈ।

ਗੁਰਮਤਿ ਅਨੁਸਾਰ ਨਾਰੀ ਨੂੰ ਵਿਵਹਾਰ ਅਤੇ ਪਰਮਾਰਥ ਵਿਚ ਸਹਾਇਤਾ ਦੇਣ ਵਾਲੀ ਅਤੇ ਗ੍ਰਹਿਸਥ ਦੀ ਗੱਡੀ ਚਲਾਉਣ ਲਈ ਪੁਰਸ਼ ਦੀ ਤਰ੍ਹਾਂ ਦੂਜਾ ਪਹੀਆ ਮੰਨਿਆ ਗਿਆ ਹੈ। ਇੱਥੋਂ ਤਕ ਕਿ ਗੁਰੂ ਸਾਹਿਬਾਨ ਬਾਣੀ ਸਿਰਜਨਾ ਕਰਦੇ ਸਮੇਂ ਮਨੁੱਖ ਨੂੰ ਇਸਤਰੀ ਬਿੰਬ ਰਾਹੀਂ ਰੂਪਮਾਨ ਕਰਦੇ ਹਨ ਜਿਸ ਦਾ ਪ੍ਰਮਾਣ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਸ ਤੋਂ ਵੱਡਾ ਮਾਣ ਸ਼ਾਇਦ ਹੀ ਇਸਤਰੀ ਲਈ ਕੋਈ ਹੋਰ ਹੋਵੇ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਇਸਤਰੀ ਲਈ ਪਰਦਾ-ਪ੍ਰਥਾ ਦਾ ਖਾਤਮਾ ਕਰਨ ਲਈ ਉਪਦੇਸ਼ ਕੀਤਾ। ਵਿਧਵਾ-ਵਿਆਹ ਨੂੰ ਉਤਸ਼ਾਹਿਤ ਕੀਤਾ ਅਤੇ ਸਤੀ ਦੀ ਭੈੜੀ ਰਸਮ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਨਾਲ ਹੀ ਧਰਮ ਪ੍ਰਚਾਰ ਲਈ ਉਨ੍ਹਾਂ ਜਿਹੜੀਆਂ ੨੨ ਮੰਜੀਆਂ ਸਥਾਪਿਤ ਕੀਤੀਆਂ ਉਨ੍ਹਾਂ ਵਿੱਚੋਂ ੨ ਮੰਜੀਆਂ ਇਸਤਰੀ ਪ੍ਰਚਾਰਕਾਂ ਨੂੰ ਬਖ਼ਸ਼ ਕੇ ਉਨ੍ਹਾਂ ਦੇ ਮਾਣ ਵਿਚ ਇਜ਼ਾਫਾ ਕੀਤਾ।

ਗੁਰਮਤਿ ਅਨੁਸਾਰ ਇਸਤਰੀ ਵਿਚ ਚੱਜ ਹੈ, ਆਚਾਰ ਹੈ, ਸੋਚ ਹੈ ਅਤੇ ਆਤਮਿਕ ਹੁਲਾਰਾ ਦੇਣ ਦੀ ਸ਼ਕਤੀ ਹੈ। ਗੁਣਵਾਨ ਅਤੇ ਨੇਕ ਇਸਤਰੀ ਨੂੰ “ਘਰ ਕੀ ਗੀਹਨਿ” ਕਹਿਣਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ “ਪਾਰਜਾਤੁ ਘਰਿ ਆਗਨਿ ਮੇਰੈ” ਬੁਲਾਉਣਾ, ਭਾਈ ਬਲਵੰਡ ਜੀ ਦਾ ਰਾਮਕਲੀ ਦੀ ਵਾਰ ਵਿਚ ਮਾਤਾ ਖੀਵੀ ਜੀ ਨੂੰ “ਨੇਕ ਜਨ” ਕਹਿਣਾ ਇਸ ਵਿਚਾਰਧਾਰਾ ਨੂੰ ਪ੍ਰਗਟਾਉਂਦੀਆਂ ਉਦਾਹਰਨਾਂ ਹਨ। ਔਰਤ ਯਕੀਨ ਹੈ, ਔਰਤ ਈਮਾਨ ਹੈ, ਇਸੇ ਕਰਕੇ ਹੀ ਗੁਰਮਤਿ ਵਿਚ ਗ੍ਰਿਹਸਥ ਜੀਵਨ ਵਿਚ ਸੰਜਮ ਅਤੇ ਸੱਚ ਵਾਲਾ ਜੀਵਨ ਅਪਣਾਉਣ ਦੀ ਹਦਾਇਤ ਦਿੱਤੀ ਗਈ ਹੈ।ਅਸੀਂ ਪਹਿਰਾਵੇ ਪੱਖੋਂ ਵੀ ਦੇਖੀਏ ਤਾਂ ਗੁਰਮਤਿ ਅਨੁਸਾਰ ਪਹਿਰਾਵਾ ਇੱਜ਼ਤ ਅਤੇ ਮਾਣ ਦਾ ਪ੍ਰਤੀਕ ਹੁੰਦਾ ਹੈ। ਬੜੇ ਸਹਿਜ ਤਰੀਕੇ ਨਾਲ ਗੁਰਮਤਿ ਵਿਚ ਪਹਿਰਾਵੇ ਬਾਰੇ ਹਦਾਇਤ ਕੀਤੀ ਗਈ ਹੈ:

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ ੧੬)

ਘੋਰ ਪਾਪਾਂ ਵਿੱਚੋਂ ਇਕ ਪਾਪ ਹੈ- ‘ਭਰੂਣ ਹੱਤਿਆ’।ਇੰਝ ਜਾਪਦਾ ਹੈ ਕਿ ਜਿਵੇਂ ਅੱਜ ਦੇ ਮਨੁੱਖ ਲਈ ਇਹ ਪਾਪ ਨਹੀਂ ਬਲਕਿ ਇਕ ਰੁਚੀ ਬਣ ਗਈ ਹੋਵੇ। ਲਿੰਗ-ਨਿਰਧਾਰਣ ਕਰਕੇ ਮਨੁੱਖ ਕੁਦਰਤ ਅਤੇ ਕਾਦਿਰ ਦੁਆਰਾ ਬਖ਼ਸ਼ੀ ਹੋਈ ਦਾਤ ਕੋਲੋਂ ਜੀਵਨ ਦਾ ਹੱਕ ਖੋਂਹਦਾ ਹੋਇਆ ਥੋੜਾ ਜਿੰਨਾ ਵੀ ਨਹੀਂ ਸੋਚਦਾ ਕਿ ਦੁਨਿਆਵੀ ਕਾਨੂੰਨ ਤੋਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਪਾਪ ਛੁਪਾਇਆ ਜਾ ਸਕਦਾ ਹੈ ਪਰ ਕੁਦਰਤ ਅਤੇ ਕਾਦਿਰ ਦੇ ਕਾਨੂੰਨ ਤੋਂ ਭੱਜ ਕੇ ਲੁਕਿਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਉਹ ਦਿਨ ਦੂਰ । ਨਹੀਂ ਜਦੋਂ ਸਾਰੇ ਵਿਸ਼ਵ ਸਮਾਜ ਦਾ ਤਾਣਾ-ਬਾਣਾ ਤਹਿਸ-ਨਹਿਸ ਹੋ ਜਾਵੇਗਾ ਅਤੇ ਮਨੁੱਖ ਆਪਣੇ ਹੀ ਬੁਣੇ ਜਾਲ ਵਿਚ ਉਲਝ ਕੇ ਖੁਆਰ ਹੋਵੇਗਾ। ਗੁਰਮਤਿ ਕੰਨਿਆ ਭਰੂਣ-ਹੱਤਿਆ ਨੂੰ ਕੁਰਹਿਤ ਮੰਨਦੀ ਹੈ। ਸਿੱਖ ਰਹਿਤ ਮਰਯਾਦਾ ਵਿਚ “ਗੁਰੂ ਦਾ ਸਿੱਖ ਕੰਨਿਆ ਨਾ ਮਾਰੇ” ਅਤੇ “ਕੁੜੀ ਮਾਰ ਨਾਲ ਨਾ ਵਰਤੇ” ਦੀ ਹਦਾਇਤ ਦੇ ਕੇ ਐਸੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨ ਲਈ ਕਿਹਾ ਗਿਆ ਹੈ। “ਗੁਰ ਬਿਲਾਸ ਪਾਤਸ਼ਾਹੀ ਛੇਵੀਂ” ਵਿਚ ਇਕ ਸਾਖੀ ਹੈ ਕਿ ਜਦ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆਖਿਆ ਕਿ ਜੋੜੀ ਰਲੇ।

ਇਤਿਹਾਸ ਗਵਾਹ ਹੈ ਕਿ ਜਿੱਥੇ ਗੁਰਮਤਿ ਸਿਧਾਂਤਕ ਰੂਪ ਵਿਚ ਇਸਤਰੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਦੀ ਹੈ ਤੇ ਵਿਵਹਾਰ ਵਿਚ ਲਾਗੂ ਕਰਦੀ ਹੈ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਮਿਸਾਲਾਂ ਕਇਮ ਕਰ ਕੇ ਇਸ ਨੂੰ ਹੋਰ ਪੱਕਿਆਂ ਕਰਨ ਦੇ ਸਬੂਤ ਦਿੱਤੇ ਹਨ। ਉਨ੍ਹਾਂ ਹਰ ਪੁਰਸ਼ ਨੂੰ ਆਪਣੇ ਨਾਮ ਪਿੱਛੇ “ਸਿੰਘ” ਸ਼ਬਦ ਲਗਾਉਣ ਦੀ ਹਦਾਇਤ ਕੀਤੀ ਅਤੇ ਔਰਤ ਨੂੰ “ਕੌਰ” ਸ਼ਬਦ ਲਗਾਉਣ ਦੀ ਪਹਿਚਾਣ ਦਿੱਤੀ।

ਅੱਜ ਲੋੜ ਹੈ ਆਪਣੇ ਅੰਦਰ ਝਾਤ ਮਾਰਨ ਦੀ ਅਤੇ ਆਪਣੀ ਸੁੱਤੀ ਹੋਈ ਮਾਨਸਿਕਤਾ ਨੂੰ ਹਲੂਣਾ ਦੇਣ ਦੀ! ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਹ ਧਰਮ ਹੀ ਹੈ ਜੋ ਸਮਾਜ ਨੂੰ ਐਸਾ ਹਲੂਣਾ ਦੇ ਸਕਦਾ ਹੈ ਅਤੇ ਸਹੀ ਸੇਧ ਪ੍ਰਦਾਨ ਕਰਨ ਦੀ ਸਮਰੱਥਾ ਰੱਖਦਾ ਹੈ। ਧਰਮ ਦੇ ਧਾਰਨੀ ਹੋਏ ਬਿਨਾਂ ਮਨੁੱਖ ਜੀਵਨ ਦੀ ਸਾਰਥਿਕਤਾ ਦਾ ਆਨੰਦ ਨਹੀਂ ਮਾਣ ਸਕਦਾ। ਧਰਮ ਦੀ ਲੋਅ ਸਦਕਾ ਹੀ ਮਨੁੱਖ-ਮਾਤਰ ਆਪਣੇ ਮਨਾਂ ਦੇ ਹਨ੍ਹੇਰਿਆਂ ਨੂੰ ਦੂਰ ਕਰ ਕੇ ਜੀਵਨ ਦੀ ਗੱਡੀ ਦੇ ਦੋ ਪਹੀਏ- ਇਸਤਰੀ ਅਤੇ ਪੁਰਸ਼ ਹੀ ਨਹੀਂ ਬਲਕਿ ਸਰਬੱਤ ਮਾਨਵਤਾ ਦੀ ਭਲਾਈ ਦਾ ਰਾਹ ਰੁਸ਼ਨਾਇਆ ਜਾ ਸਕਦਾ ਹੈ। ਜ਼ਰੂਰਤ ਹੈ, ਇਸਤਰੀ ਪ੍ਰਤੀ ਨਜ਼ਰੀਏ ਨੂੰ ਗੁਰਮਤਿ ਅਨੁਸਾਰੀ ਬਣਾਉਣ ਦੀ !

*ਲੈਕਚਰਾਰ ਰਾਜਨੀਤੀ ਸ਼ਾਸ਼ਤਰ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੂਮੈਨ, ਦਸੂਹਾ, ਹੁਸ਼ਿਆਰਪੁਰ