100 views 14 secs 0 comments

ਸਿੱਖ ਪਛਾਣ ਵਿਚ ਨਿਸ਼ਾਨ ਸਾਹਿਬ ਦਾ ਮਹੱਤਵ

ਲੇਖ
February 13, 2025

-ਡਾ. ਪਰਮਵੀਰ ਸਿੰਘ*

ਨਿਸ਼ਾਨ ਸਾਹਿਬ ਸਿੱਖ ਪਛਾਣ ਦਾ ਮਹੱਤਵਪੂਰਨ ਅੰਗ ਹੈ ਜਿਹੜਾ ਕਿ ਹਰ ਇਕ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੁੰਦਾ ਹੈ। ਸਿੱਖ ਪਰੰਪਰਾ ਵਿਚ ‘ਨਿਸ਼ਾਨ` ਸ਼ਬਦ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ ਪਰ ਇਸ ਨੂੰ ਝੰਡਾ ਜਾਂ ਧੁਜਾ ਦੇ ਰੂਪ ਵਿਚ ਪ੍ਰਮੁੱਖ ਤੌਰ ‘ਤੇ ਦੇਖਿਆ ਜਾਂਦਾ ਹੈ। ਕੁਝ ਗੁਰਧਾਮ ਵੀ ਝੰਡਾ ਸਾਹਿਬ ਦੇ ਨਾਂ ‘ਤੇ ਮੌਜੂਦ ਹਨ ਜਿਵੇਂ— ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ ਦਸਵੀਂ, ਝੰਡਾ ਕਲਾਂ; ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ ਛੇਵੀਂ, ਚੱਕ ਪ੍ਰੇਮਾ, ਫਗਵਾੜਾ; ਗੁਰਦੁਆਰਾ ਝੰਡਾ ਸਾਹਿਬ, ਪਡਿਆਲਾ ਆਦਿ। ਰੋਜ਼ਾਨਾ ਦੀ ਅਰਦਾਸ ਵਿਚ “ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ” ਦੀ ਭਾਵਨਾ ਇਸ ਦੇ ਮਹੱਤਵ ਪ੍ਰਤੀ ਦ੍ਰਿੜ੍ਹਤਾ ਪ੍ਰਦਾਨ ਕਰਦੀ ਹੈ। ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਹਨ।

ਸਿੱਖ ਪਰੰਪਰਾ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਨਿਸ਼ਾਨ ਸਾਹਿਬ ਦੀ ਪਰੰਪਰਾ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਪਰੰਤ ਇਸ ਦੇ ਉੱਪਰ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਸੀ। ਪਵਿੱਤਰਤਾ ਤੇ ਸੈਮਾਣ ਦਾ ਇਹ ਚਿੰਨ੍ਹ ਇਕ ਲੰਮੇ ਪੋਲ ’ਤੇ ਲਾਇਆ ਜਾਂਦਾ ਹੈ ਜਿਸ ਦੇ ਸਿਖ਼ਰ ‘ਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਲੱਗਿਆ ਹੁੰਦਾ ਹੈ। ਕਈ ਵਾਰੀ ਇਹ ਗੁਰਦੁਆਰਾ ਸਾਹਿਬ ਦੇ ਗੁੰਬਦ ਉੱਪਰ ਵੀ ਸੁਸ਼ੋਭਿਤ ਹੁੰਦਾ ਹੈ। ਤਿਕੋਣ ਅਕਾਰ ਦੇ ਇਸ ਦੇ ਫਰਹਰੇ ਵਿਚ ਅਕਸਰ ਖੰਡਾ ਅਤੇ ਚੱਕਰ ਦਾ ਨਿਸ਼ਾਨ ਬਣਿਆ ਹੁੰਦਾ ਹੈ। ਜੰਗਾਂ-ਯੁੱਧਾਂ ਮੌਕੇ ਵਰਤੇ ਜਾਣ ਵਾਲੇ ਨਿਸ਼ਾਨ ਸਾਹਿਬ ਉੱਪਰ ਸ਼ਸਤਰਾਂ ਦੇ ਚਿੰਨ੍ਹ ਵੀ ਮੌਜੂਦ ਹੁੰਦੇ ਸਨ। ਮਰਯਾਦਾ-ਪੂਰਵਕ ਹਰ ਇਕ ਗੁਰਧਾਮ ਵਿਚ ਸਥਾਪਿਤ ਕੀਤਾ ਜਾਣ ਵਾਲਾ ਇਹ ਨਿਸ਼ਾਨ ਸਾਹਿਬ ਅਕਸਰ ਬਸੰਤੀ ਰੰਗ ਦਾ ਹੁੰਦਾ ਹੈ, ਨਿਹੰਗ ਸਿੰਘਾਂ ਦੁਆਰਾ ਨਿਸ਼ਾਨ ਸਾਹਿਬ ਲਈ ਨੀਲਾ ਰੰਗ ਵਰਤਿਆ ਜਾਂਦਾ ਹੈ।

ਵੈਸਾਖੀ ਮੌਕੇ ਨਵਾਂ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ ਪਰ ਕਈ ਵਾਰੀ ਕਿਸੇ ਵਿਸ਼ੇਸ਼ ਦਿਵਸ ਮੌਕੇ ਇਹ ਸੇਵਾ ਕੀਤੀ ਜਾਂਦੀ ਹੈ। ਧਾਰਮਿਕ ਸਮਾਗਮ, ਕੈਂਪ ਜਾਂ ਜੋੜ-ਮੇਲ ਦੇ ਅਸਥਾਨ ‘ਤੇ ਵੀ ਵਿਧੀ-ਪੂਰਵਕ ਨਿਸ਼ਾਨ ਸਾਹਿਬ ਝੁਲਾਉਣ ਦੇ ਨਾਲ-ਨਾਲ ਇਸ ਨੂੰ ਸਲਾਮੀ ਦਿੱਤੀ ਜਾਂਦੀ ਰਹੀ ਹੈ। ਸਮਾਗਮ ਸੰਪੂਰਨ ਹੋਣ ‘ਤੇ ਵਿਧੀਵਤ ਢੰਗ ਨਾਲ ਇਸ ਨੂੰ ਆਪਣੇ ਸਥਾਨ ‘ਤੇ ਪਹੁੰਚਾ ਦਿੱਤਾ ਜਾਂਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਲੱਗਭਗ ੧੪ ਵੱਡੀਆਂ ਜੰਗਾਂ ਕੀਤੀਆਂ ਅਤੇ ਸਭਨਾਂ ਵਿਚ ਸਫ਼ਲਤਾ ਪ੍ਰਾਪਤ ਕੀਤੀ। ਜੰਗਾਂ-ਯੁੱਧਾਂ ਸਮੇਂ ਨਿਸ਼ਾਨ ਸਾਹਿਬ ਗੁਰੂ ਜੀ ਦੇ ਨਾਲ ਲਿਜਾਇਆ ਜਾਂਦਾ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਇਕ ਯੁੱਧ ਦੀ ਘਟਨਾ ਵਿਚ ਨਿਸ਼ਾਨ ਸਾਹਿਬ ਦੇ ਮਹੱਤਵ ਦਾ ਵੇਰਵਾ ਦਿੰਦੇ ਹੋਏ ‘ਗੁਰੂ ਕੀਆਂ ਸਾਖੀਆਂ’ ਵਿਚ ਦੱਸਿਆ ਗਿਆ ਹੈ ਕਿ— “ਸਤਿਗੁਰਾਂ ਕਾ ਹੁਕਮਿ ਪਾਇ ਮਾਨ ਸਿੰਘ ਨਿਸ਼ਾਨਚੀ ਨੇ ਆਗੇ ਹੋਇ ਭੂਮੀ ਮੇਂ ਝੰਡਾ ਗਾਡ ਕੇ ਜੰਮ ਕੇ ਲੜਾਈ ਲੜੀ। ਮਾਨ ਸਿੰਘ ਨਿਸ਼ਾਨਚੀ ਜਖ਼ਮੀ ਹੋਇ ਗਿਆ ਤੇ ਨਿਸ਼ਾਨ ਦੁਸ਼ਮਨ ਕੇ ਵਾਰ ਸੇ ਟੂਟ ਕੇ ਭੋਇ ਗਿਰ ਪਿਆ। ਇਸ ਘਟਨਾ ਕੀ ਖਬਰ ਕਿਸੇ ਸਿੱਖ ਨੇ ਤਖਤ ਸ੍ਰੀ ਕੇਸਗੜ੍ਹ ਮੇਂ ਆਇ ਦਈ। ਗੁਰੂ ਜੀ ਨੇ ਉਸੀ ਵਕਤ ਬੜੀ ਦਸਤਾਰ ਕੋ ਉਤਾਰ ਨੀਚੇ ਕੇਸਗੀ ਮੇਂ ਸੇ ਨੀਲੇ ਰੰਗ ਕਾ ਫਰਰਾ ਨਿਕਾਲ ਕੇ ਬਚਨ ਕੀਆ, ਇਹ ਖਾਲਸਾਈ ਨਿਸ਼ਾਨ ਕਭੀ ਆਗੇ ਸੇ ਟੂਟੇਗਾ ਨਹੀਂ। ਇੱਥੋਂ ਹੀ ਨਿਹੰਗ ਸਿੰਘਾਂ ਵਿਚ ਦੁਮਾਲੇ ਨਾਲ ਫਰਹਰਾ ਸਜਾਉਣ ਦੀ ਪਰੰਪਰਾ ਵੀ ਅਰੰਭ ਹੋਈ ਦੱਸੀ ਜਾਂਦੀ ਹੈ। ਜੰਗਾਂ-ਯੁੱਧਾਂ ਸਮੇਂ ਨਿਸ਼ਾਨ ਦੇ ਰੂਪ ਵਿਚ ਸਾਹਮਣੇ ਆਇਆ ਇਹ ਫਰਹਰਾ ਇਨ੍ਹਾਂ ਵਿਚ ਸਥਾਈ ਰੂਪ ਧਾਰਨ ਕਰ ਗਿਆ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਗਏ ਕਿਲ੍ਹਿਆਂ ‘ਤੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ। ਹਰ ਇਕ ਯੁੱਧ ਮੌਕੇ ਇਹ ਨਿਸ਼ਾਨ ਸਾਹਿਬ ਬਾਬਾ ਜੀ ਦੇ ਨਾਲ ਲਿਜਾਇਆ ਜਾਂਦਾ ਸੀ ਅਤੇ ਸਰਹਿੰਦ ਨੂੰ ਜਿੱਤ ਕੇ ਵਜ਼ੀਰ ਖ਼ਾਨ ਦੇ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ, ਇਸ ਦੀ ਯਾਦ ਵਿਚ ਹਰ ਸਾਲ ਸਰਹਿੰਦ ਫਤਿਹ ਦਿਵਸ ਮਨਾਇਆ ਜਾਂਦਾ ਹੈ। ਅਠਾਰ੍ਹਵੀਂ ਸਦੀ ਦੇ ਸੰਘਰਸ਼ ਸਮੇਂ ਸਿੱਖ ੧੨ ਮਿਸਲਾਂ ਵਿਚ ਵੰਡੇ ਗਏ ਸਨ ਅਤੇ ਇਨ੍ਹਾਂ ਵਿੱਚੋਂ ਇਕ ਵਿਸ਼ੇਸ਼ ‘ਨਿਸ਼ਾਨਾਂਵਾਲੀ ਮਿਸਲ’ ਵੀ ਸਾਹਮਣੇ ਆਈ ਜਿਸ ਦਾ ਆਗੂ ਸਰਦਾਰ ਦਸੌਂਧਾ ਸਿੰਘ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਮਿਸਲ ਦੀ ਛਾਉਣੀ ਸੀ ਜਿਹੜੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਸੀ। ਇਸ ਮਿਸਲ ਨਾਲ ਸੰਬੰਧਿਤ ਇਕ ਨਿਸ਼ਾਨ ਸਾਹਿਬ ਹਾਲੇ ਵੀ ਸ਼ਾਹਬਾਦ ਵਿਖੇ ਸੰਭਾਲ ਕੇ ਰੱਖਿਆ ਹੋਇਆ ਹੈ ਜਿਸ ਦੇ ਕਿਸੇ ਵਿਸ਼ੇਸ਼ ਦਿਨ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ।

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਦੋ ਨਿਸ਼ਾਨ ਸਾਹਿਬ ਪ੍ਰਮੁੱਖ ਤੌਰ ‘ਤੇ ਸੁਸ਼ੋਭਿਤ ਹਨ ਅਤੇ ਇਨ੍ਹਾਂ ਨੂੰ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਠਾਰ੍ਹਵੀਂ ਸਦੀ ਵਿਚ ਇਹ ਅਸਥਾਨ ਬਾਹਰੀ ਹਮਲਾਵਰਾਂ ਦੇ ਨਿਸ਼ਾਨੇ ‘ਤੇ ਰਿਹਾ। ਜਦੋਂ-ਜਦੋਂ ਉਹ ਇੱਥੇ ਹਮਲਾ ਕਰ ਕੇ ਇਸ ਨੂੰ ਮਿਟਾਉਣ ਦਾ ਯਤਨ ਕਰਦੇ, ਤਿਉਂ- ਤਿਉਂ ਇਹ ਅਸਥਾਨ ਸਿੱਖਾਂ ਦੇ ਮਨ ਵਿਚ ਪਵਿੱਤਰ ਭਾਵਨਾ ਅਤੇ ਦ੍ਰਿੜ੍ਹਤਾ ਦਾ ਵਾਧਾ ਕਰਦਾ ਰਿਹਾ। ਅਠਾਰ੍ਹਵੀਂ ਸਦੀ ਵਿਚ ਅਤਿ ਸੰਕਟ ਦੇ ਸਮੇਂ ਆਪਣਾ ਜੀਵਨ ਕੁਰਬਾਨ ਕਰ ਕੇ ਵੀ ਸਿੱਖ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ। ੧੭੬੭ ਈ. ਵਿਚ ਅਹਿਮਦ ਸ਼ਾਹ ਦੁਰਾਨੀ ਨੂੰ ਭਜਾ ਕੇ ਭੰਗੀ ਸਰਦਾਰਾਂ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਦਾ ਧਿਆਨ ਇਲਾਕਿਆਂ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਗੁਰਧਾਮਾਂ ਦੀ ਸਾਂਭ-ਸੰਭਾਲ ਵੱਲ ਗਿਆ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਸ਼ਾਨ ਬਹਾਲ ਕਰਦੇ ਹੋਏ ਸਰਦਾਰ ਝੰਡਾ ਸਿੰਘ ਭੰਗੀ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ‘ਤੇ ਨਿਸ਼ਾਨ ਸਾਹਿਬ ਲਾਇਆ ਜਿਸ ਨੂੰ ‘ਅਕਾਲ ਧੁਜਾ’ ਜਾਂ ‘ਸਤਿਗੁਰੂ ਦਾ ਨਿਸ਼ਾਨ` ਕਿਹਾ ਜਾਂਦਾ ਸੀ। ਇਸ ਤੋਂ ਲੱਗਭਗ ੪੦ ਸਾਲ ਬਾਅਦ ਉਦਾਸੀ ਮਹੰਤਾਂ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਨਿਸ਼ਾਨ ਸਾਹਿਬ ਸੁਸ਼ੋਭਿਤ ਕਰਨ ਦਾ ਕਾਰਜ ਕੀਤਾ। ਮਹੰਤ ਸੰਤੋਖ ਦਾਸ ਅਤੇ ਮਹੰਤ ਪ੍ਰੀਤਮ ਦਾਸ ਦੇਹਰਾਦੂਨ ਤੋਂ ਸਾਲ ਦੇ ਰੁੱਖ ਦੀ ਇਕ ਲੰਮੀ ਲੱਕੜ ਸ੍ਰੀ ਅੰਮ੍ਰਿਤਸਰ ਲੈ ਕੇ ਆਏ ਅਤੇ ਉਨ੍ਹਾਂ ਨੇ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਥਾਪਿਤ ਕਰ ਕੇ ਇਸ ‘ਤੇ ਨਿਸ਼ਾਨ ਸਾਹਿਬ ਝੁਲਾਇਆ ਸੀ। ਇਸ ਤੋਂ ਬਾਅਦ ਲੋਹੇ ਦੇ ਨਿਸ਼ਾਨ ਸਾਹਿਬ ਲਗਾਏ ਜਾਣ ਲੱਗੇ ਅਤੇ ਹੁਣ ਆਧੁਨਿਕ ਤਕਨੀਕ ਵਾਲੇ ਨਿਸ਼ਾਨ ਸਾਹਿਬ ਗੁਰਧਾਮਾਂ ਦੀ ਸ਼ੋਭਾ ਵਧਾ ਰਹੇ ਹਨ।

ਨਿਸ਼ਾਨ ਸਾਹਿਬ ਲਗਾਉਣ ਦੀ ਇਕ ਵਿਧੀਵਤ ਪਰੰਪਰਾ ਅਤੇ ਮਰਯਾਦਾ ਹੈ ਪਰ ਇਸ ਦੇ ਨਾਲ ਹੀ ਸਿੱਖਾਂ ਵਿਚ ਖਾਲਸਈ ਨਿਸ਼ਾਨਾਂ ਦੀ ਪਰੰਪਰਾ ਵੀ ਦੇਖਣ ਨੂੰ ਮਿਲਦੀ ਹੈ। ਖਾਲਸਈ ਨਿਸ਼ਾਨ ਕਈ ਰੂਪਾਂ ਵਿਚ ਦੇਖੇ ਜਾ ਸਕਦੇ ਹਨ। ਕਈ ਵਾਰੀ ਨਿਸ਼ਾਨ ਸਾਹਿਬ ਵਰਗੇ ਹੀ ਦਿਖਾਈ ਦੇਣ ਵਾਲੇ ਇਹ ਖਾਲਸਈ ਨਿਸ਼ਾਨ ਕਾਰਾਂ, ਟਰੱਕਾਂ, ਜੀਪਾਂ, ਘਰਾਂ, ਸਿੱਖ ਸਭਾਵਾਂ ਆਦਿ ਵਿਖੇ ਲਗਾਏ ਜਾਂਦੇ ਹਨ। ਵਿਸ਼ੇਸ਼ ਮੌਕਿਆਂ ’ਤੇ ਕੱਢੇ ਜਾਣ ਵਾਲੇ ਨਗਰ ਕੀਰਤਨ ਮੌਕੇ ਬੱਚਿਆਂ ਅਤੇ ਆਮ ਲੋਕਾਂ ਦੇ ਹੱਥਾਂ ਵਿਚ ਵੀ ਇਹ ਆਮ ਦੇਖੇ ਜਾ ਸਕਦੇ ਹਨ। ਆਮ ਤੌਰ ‘ਤੇ ਬਸੰਤੀ ਰੰਗ ਵਿਚ ਤਿਆਰ ਕੀਤੇ ਜਾਣ ਵਾਲੇ ਇਨ੍ਹਾਂ ਨਿਸ਼ਾਨਾਂ ’ਤੇ ਖੰਡਾ ਵੀ ਬਣਿਆ ਹੁੰਦਾ ਹੈ ਜਾਂ ਕਈ ਵਾਰੀ ੴਰੂਪੀ ਚਿੰਨ੍ਹ ਵੀ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਅਤੇ ਖਾਲਸਈ ਨਿਸ਼ਾਨ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਦ੍ਰਿੜ੍ਹਤਾ, ਸ੍ਵੈਮਾਣ, ਸੁਰੱਖਿਆ ਅਤੇ ਸਰਬੱਤ ਦੇ ਭਲੇ ਵਾਲੀ ਭਾਵਨਾ ਪ੍ਰਗਟ ਕਰਦੇ ਹਨ।

*ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ- ੧੪੭੦੦੨; ਮੋ: +੯੧੯੮੭੨੦-੭੪੩੨੨