– ਪ੍ਰਿ. ਪ੍ਰੀਤਮ ਸਿੰਘ
ਕਈ ਲੋਕ ਇਹ ਖਿਆਲ ਰੱਖਦੇ ਹਨ ਕਿ ਚੰਗੇ ਕੰਮ ਕਰੀ ਚੱਲੋ ਕਿਸੇ ਧਰਮ ਦੀ ਲੋੜ ਨਹੀਂ। ਦੂਸਰੇ ਪਾਸੇ ਕਈ ਲੋਕ ਇਹ ਵਿਚਾਰ ਰੱਖਦੇ ਹਨ ਕਿ ਕੁਝ ਧਾਰਮਿਕ ਨਿਯਮਾਂ ਵਿਚ ਯਕੀਨ ਲੈ ਆਉ, ਰੱਬ ਜਾਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰੀ ਚਲੋ, ਕਿਸੇ ਖਾਸ ਸ਼ਰ੍ਹਾ, ਰਹੁਰੀਤ ਤੇ ਮਰਯਾਦਾ ਅਨੁਸਾਰ ਜੀਵਨ ਢਾਲ ਲਓ, ਕਿਸੇ ਸਦਾਚਾਰ ਦੀ ਲੋੜ ਨਹੀਂ। ਇਹ ਦੋਵੇਂ ਦ੍ਰਿਸ਼ਟੀਕੋਣ ਗ਼ਲਤ ਹਨ। ਇਕ ਪ੍ਰਸਿੱਧ ਫ਼ਿਲਾਸਫ਼ਰ ਮਾਰਕ ਹਾਪਕਿਨ ਲਿਖਦਾ ਹੈ: “ਬਿਨਾਂ ਸਦਾਚਾਰ ਦੇ ਧਰਮ ਇਕ ਵਹਿਮ ਤੇ ਭਰਮ ਹੈ ਅਤੇ ਬਿਨਾਂ ਧਰਮ ਦੇ ਸਦਾਚਾਰ ਅਸੰਭਵ ਹੈ। ਮਨੁੱਖ ਦੀ ਗਤੀ ਹੀ ਇਨ੍ਹਾਂ ਦੋਹਾਂ ਦੇ ਮੇਲ ਵਿਚ ਹੈ। ਸੋ, ਸਦਾਚਾਰ ਤੇ ਧਰਮ ਦਾ ਸਬੰਧ ਇਕ ਬੜੇ ਵਿਸ਼ਲੇਸ਼ਣਾਤਮਿਕ ਅਧਿਐਨ ਦੀ ਮੰਗ ਕਰਦਾ ਹੈ।
ਸਦਾਚਾਰ ਦੀ ਲੋੜ
ਠੀਕ ਤੇ ਗ਼ਲਤ ਦੀ ਸੋਝੀ ਤੋਂ ਬਿਨ੍ਹਾਂ ਮਨੁੱਖ ਸਮਾਜ ਵਿਚ ਨਹੀਂ ਰਹਿ ਸਕਦਾ। ਰੋਜ਼ ਦੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਧੰਧਿਆਂ ਵਿਚ ਇਹ ਫੈਸਲਾ ਕਰਨਾ ਪੈਂਦਾ ਹੈ ਕਿ ਫਲਾਣਾ ਕੰਮ ਗ਼ਲਤ ਹੈ ਤੇ ਫਲਾਣਾ ਕੰਮ ਠੀਕ ਹੈ। ਜੇ ਅਜਿਹਾ ਨਾ ਹੋਵੇ ਤਾਂ ਲੋਕ ਇਕੱਠੇ ਨਹੀਂ ਰਹਿ ਸਕਦੇ। ਕਿਸੇ ਨੂੰ ਨਿਰੋਲ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਅਜਿਹੀ ਆਜ਼ਾਦੀ ਸੰਭਵ ਹੀ ਨਹੀਂ। ਬਿਨਾਂ ਕਿਸੇ ਰੋਕ ਦੇ ਸਮਾਜ ਵਿਚ ਜੰਗਲ ਦਾ ਕਾਨੂੰਨ ਪ੍ਰਚਲਿਤ ਹੋ ਜਾਂਦਾ ਹੈ, ਜਿਸ ਵਿਚ ਤਕੜਾ ਮਾੜੇ ਨੂੰ ਖਾਂਦਾ ਹੈ। ਜੇ ਜੰਗਲ ਦਾ ਕਾਨੂੰਨ ਪੂਰਾ ਹੋ ਜਾਏ ਤਾਂ ਸਮਾਜ ਖੇਰੂੰ-ਖੇਰੂੰ ਹੋ ਜਾਂਦਾ ਹੈ। ਇਸ ਲਈ ਪੂਰਨ ਵਿਅਕਤੀਵਾਦ (Individualism) ਸਮਾਜ ਦਾ ਆਧਾਰ ਨਹੀਂ ਬਣ ਸਕਦਾ। ਹਰ ਮਨੁੱਖ ਨੂੰ ਕੁਝ ਨਿਯਮਾਂ ਅਨੁਸਾਰ ਚੱਲਣਾ ਪੈਂਦਾ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਠੀਕ ਹੈ ਅਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਗਲਤੀ ਸਮਝੀ ਜਾਂਦੀ ਹੈ। ਸੋ ਹਰ ਆਦਮੀ ਦੇ ਕੁਝ ਹੱਕ ਹਨ। ਇਕ ਆਦਮੀ ਦੇ ਹੱਕ ਦੂਸਰਿਆਂ ਦਾ ਫ਼ਰਜ਼ ਬਣ ਜਾਂਦੇ ਹਨ। ਹੱਕ ਤੇ ਫ਼ਰਜ਼ ਇਕ ਹੋ ਜਾਂਦੇ ਹਨ। ਇਹ ਕੇਵਲ ਕੁਝ ਸਿਰ ਫਿਰੇ ਹੀ ਕਹਿ ਸਕਦੇ ਹਨ ਕਿ ਇਨਸਾਨ ਨੂੰ ਹਰ ਮਰਜ਼ੀ ਦਾ ਕੰਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ। ਸਭ ਲੋਕ ਕੁਝ ਹੱਕ ਰੱਖਦੇ ਹਨ ਜਿਵੇਂ ਕਿ ਜੀਵਨ ਦਾ ਹੱਕ, ਆਜ਼ਾਦ ਰਾਏ ਦੇਣ ਦਾ ਹੱਕ, ਕੰਮ ਕਰਨ ਦਾ ਹੱਕ, ਆਪਣੀ ਮਰਜ਼ੀ ਦਾ ਧਰਮ ਰੱਖਣ ਦਾ ਹੱਕ ਆਦਿ। ਸਰਕਾਰ ਦਾ ਫ਼ਰਜ਼ ਹੁੰਦਾ ਹੈ ਕਿ ਇਨ੍ਹਾਂ ਹੱਕਾਂ ਦੀ ਰੱਖਿਆ ਕਰੇ। ਇਹ ਰਾਜਸੀ ਹੱਕ ਕਹੇ ਜਾ ਸਕਦੇ ਹਨ। ਇਨ੍ਹਾਂ ਨਿਯਮਾਂ ਤੋਂ ਬਿਨਾਂ ਕੁਝ ਫ਼ਰਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਰਕਾਰ ਲਾਗੂ ਨਹੀਂ ਕਰ ਸਕਦੀ, ਜਿਵੇਂ ਕਿ ਸੱਚ ਬੋਲਣਾ, ਵੱਡਿਆਂ ਦੀ ਇੱਜ਼ਤ ਕਰਨੀ, ਮਨੁੱਖ ਨਾਲ ਹਮਦਰਦੀ ਕਰਨੀ ਆਦਿ। ਇਹ ਸਦਾਚਾਰਕ ਫ਼ਰਜ਼ ਹਨ। ਇਨ੍ਹਾਂ ਹੱਕਾਂ ਤੇ ਫ਼ਰਜ਼ਾਂ ਨੂੰ ਕਦਰਾਂ-ਕੀਮਤਾਂ (values) ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਆਰਥਿਕ ਸੰਗਠਨ ਚਲਾਣ ਲਈ ਵਸਤਾਂ ਦੀਆਂ ਕੀਮਤਾਂ ਨੀਯਤ ਕਰਨੀਆਂ ਪੈਂਦੀਆਂ ਹਨ, ਸਮਾਜ ਚਲਾਣ ਲਈ ਸਮਾਜਿਕ ਕੀਮਤਾਂ ਨੀਯਤ ਕਰਨੀਆਂ ਪੈਂਦੀਆਂ ਹਨ।
ਜਿਸ ਤਰ੍ਹਾਂ ਵਸਤਾਂ ਦੀਆਂ ਕੀਮਤਾਂ ਬਦਲਦੀਆਂ ਰਹਿੰਦੀਆਂ ਹਨ, ਸਮਾਜਿਕ ਕੀਮਤਾਂ ਵਿਚ ਵੀ ਕੁਝ ਤਬਦੀਲੀ ਆਉਂਦੀ ਰਹਿੰਦੀ ਹੈ। ਕਈ ਤਬਦੀਲੀਆਂ ਸਮੇਂ ਨਾਲ ਆਉਂਦੀਆਂ ਹਨ ਅਤੇ ਕਈਆਂ ਦਾ ਨਿਰਭਰ ਦੇਸ਼ ਬਦਲੀ ‘ਤੇ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿਚ ਸਦਾਚਾਰਕ ਕੀਮਤਾਂ ਹੋਰ ਸਨ ਅਤੇ ਅੱਜ ਕੁਝ ਹੋਰ ਹੋ ਗਈਆਂ ਹਨ। ਹਰ ਸੁਸਾਇਟੀ ਆਪਣੀਆਂ ਵੱਖਰੀਆਂ ਕੀਮਤਾਂ ਰੱਖਦੀ ਹੈ ਜਾਂ ਘੱਟੋ-ਘੱਟ ਦਬਾਅ ਪਾਉਣ ਦਾ ਫਰਕ ਹੁੰਦਾ ਹੈ। ਹਰ ਸਮਾਜ ਵਿਚ ਹੱਕਾਂ ਦੀ ਦੁਰਵਰਤੋਂ (exploitation) ਜ਼ਰੂਰ ਹੁੰਦੀ ਹੈ, ਕਿਸੇ ਵਿਚ ਥੋੜੀ ਤੇ ਕਿਸੇ ਵਿਚ ਬਹੁਤੀ ਇਸ ਬਾਰੇ ਵਿਭਿੰਨ ਰਾਵਾਂ ਬਣ ਜਾਂਦੀਆਂ ਹਨ। ਦੂਸਰੇ ਦੇਸ਼ਾਂ ਦੇ ਲੋਕ ਭਾਰਤ ਵਿਚ ਪ੍ਰਚਲਿਤ ਜਾਤ- ਪਾਤ ਦੇ ਸਿਸਟਮ ਨੂੰ ਲੁੱਟ-ਖਸੁੱਟ ਕਹਿੰਦੇ ਹਨ। ਹਿੰਦੂ ਭਰਾ ਇਸ ਨੂੰ ਨਹੀਂ ਮੰਨਦੇ। ਸੋ ਇਸ ਠੀਕ ਤੇ ਗ਼ਲਤ ਦੀ ਚੇਤੰਨਤਾ ਦੇ ਸਿੱਟੇ ਵਜੋਂ ਹਰ ਸਮਾਜ ਇਨਸਾਫ਼ ਤੇ ਜ਼ੁਲਮ, ਪਿਆਰ ਤੇ ਨਫ਼ਰਤ, ਰੂਪਤਾ ਤੇ ਕੁਰੂਪਤਾ ਅਤੇ ਸ਼ਿਸ਼ਟਾਚਾਰ ਤੇ ਭ੍ਰਿਸ਼ਟਾਚਾਰ ਬਾਰੇ ਕੋਈ ਕੀਮਤਾਂ ਦਾ ਨਜ਼ਾਮ ਸਥਾਪਤ ਕਰਦਾ ਹੈ। ਇਹ ਕੀਮਤਾਂ ਸੱਭਿਆਚਾਰ ਦਾ ਇਕ ਜ਼ਰੂਰੀ ਅੰਗ ਬਣ ਜਾਂਦੀਆਂ ਹਨ।
ਮਨੁੱਖ ਹਮੇਸ਼ਾਂ ਸਮਾਜ ਵਿਚ ਰਿਹਾ ਹੈ। ਇਹ ਇਸ ਦਾ ਕੁਦਰਤੀ ਸੁਭਾਵ ਹੈ। ਇਸ ਤੋਂ ਇਲਾਵਾ ਮਨੁੱਖ ਧਰਮ ਤੋਂ ਬਿਨਾਂ ਭੀ ਕਦੀ ਨਹੀਂ ਰਿਹਾ। ਇਤਿਹਾਸ ਇਹ ਦੱਸਦਾ ਹੈ ਕਿ ਕਦੀ-ਕਦੀ ਕੁਝ ਲੋਕ ਧਰਮ ਦੇ ਵਿਰੁੱਧ ਉੱਠਦੇ ਰਹੇ ਹਨ ਪਰ ਇਨ੍ਹਾਂ ਦਾ ਅਸਰ ਥੋੜ੍ਹ-ਚਿਰਾ ਹੀ ਸਾਬਤ ਹੁੰਦਾ ਰਿਹਾ ਹੈ। ਇਸ ਲਈ ਹਰ ਧਰਮ ਨੇ ਕੁਝ ਸਦਾਚਾਰਕ ਕੀਮਤਾਂ ਦਿੱਤੀਆਂ ਹਨ ਅਤੇ ਠੀਕ ਤੇ ਗ਼ਲਤ ਦੇ ਅੰਤਰ ’ਤੇ ਰੋਸ਼ਨੀ ਪਾਈ ਹੈ। ਇਨ੍ਹਾਂ ਕੀਮਤਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ:
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (ਪੰਨਾ ੮)
ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ ਅਨੇਕ ਅਨੰਤ ॥
ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪਿ ਸਚਾ ਦਰਬਾਰੁ॥
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ॥ (ਪੰਨਾ ੭)
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ॥
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ॥ (ਪੰਨਾ ੧੫)
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥੧॥
ਬਾਬਾ ਬੋਲੀਐ ਪਤਿ ਹੋਇ॥
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥ (ਪੰਨਾ ੧੫)
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥
ਰਸ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥੨॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (ਪੰਨਾ ੧੫)
ਕੀ ਇਹ ਕੀਮਤਾਂ ਅੰਤ੍ਰੀਵ ਹੁੰਦੀਆਂ ਹਨ ਜਾਂ ਬਾਹਰਮੁਖੀ?
ਇਸ ਬਾਰੇ ਦੋ ਖਿਆਲ ਹਨ: (੧) ਕਈ ਲੋਕ ਇਨ੍ਹਾਂ ਨੂੰ ਅੰਤ੍ਰੀਵ (subjective) ਸਮਝਦੇ ਹਨ ਭਾਵ ਕਿ ਇਨ੍ਹਾਂ ਦਾ ਨਿਰਭਰ ਮਨੁੱਖ ਦੇ ਆਪਣੇ ਮਨ ਉੱਤੇ ਹੁੰਦਾ ਹੈ। ਕੋਈ ਆਦਮੀ ਕਿਸੇ ਨੂੰ ਚੰਗੀ ਚੀਜ਼ ਸਮਝਦਾ ਹੈ ਅਤੇ ਦੂਸਰਾ ਕਿਸੇ ਹੋਰ ਨੂੰ। ਮਨ ਤੇ ਸੁਭਾਅ ਵੱਖਰੇ ਹੋਣ ਕਰਕੇ ਚੰਗੇ-ਬੁਰੇ ਦੀ ਸੂਝ ਦਾ ਹਰ ਇਕ ਦਾ ਮਿਆਰ ਵੱਖਰਾ ਬਣ ਜਾਂਦਾ ਹੈ। ਜਿਤਨੇ ਮਨੁੱਖ ਉਤਨੇ ਹੀ ਮਿਆਰ। (੨) ਦੂਸਰੇ ਪਾਸੇ ਉਹ ਚਿੰਤਕ ਹਨ ਜੋ ਇਹ ਠੀਕ ਤੇ ਗਲਤ ਦਾ ਭੇਤ ਬਾਹਰ-ਮੁਖੀ ਸਮਝਦੇ ਹਨ। ਅਫ਼ਲਾਤੂਨ ਤੇ ਅਰਸਤੂ ਇਹ ਰਾਏ ਰੱਖਦੇ ਹਨ। ਜੇ ਇਨ੍ਹਾਂ ਕੀਮਤਾਂ ਨੂੰ ਬਾਹਰ-ਮੁਖੀ ਸਮਝੀਏ ਤਦ ਹੀ ਕੋਈ ਸਾਰਿਆਂ ਲਈ ਸਾਂਝਾ ਮਿਆਰ ਬਣ ਸਕਦਾ ਹੈ ਅਤੇ ਲੋਕਾਂ ਨੂੰ ਇਸ ਉੱਤੇ ਚੱਲਣ ਲਈ ਪ੍ਰੇਰਤ ਕੀਤਾ ਜਾ ਸਕਦਾ ਹੈ।
ਕੀਮਤਾਂ ਅਤੇ ਪਦਾਰਥਕ ਉੱਨਤੀ
ਅੱਜ ਸਾਇੰਸ ਨੇ ਬਹੁਤ ਉੱਨਤੀ ਕਰ ਲਈ ਹੈ। ਮਨੁੱਖੀ ਵਿਦਿਆ ਤੇ ਮਾਨਵ ਵਿਗਿਆਨ ਨੇ ਬਹੁਤ ਨਵੀਆਂ ਚੀਜ਼ਾਂ ਲੱਭੀਆਂ ਹਨ। ਉਨ੍ਹਾਂ ਨੇ ਭਿੰਨ-ਭਿੰਨ ਪ੍ਰਕਾਰ ਦੇ ਲੋਕਾਂ ਦੇ ਰਸਮਾਂ-ਰਿਵਾਜਾਂ ਦੀ ਖੋਜ ਕੀਤੀ ਹੈ ਅਤੇ ਉਨ੍ਹਾਂ ਦੀਆਂ ਪ੍ਰਚੱਲਤ ਕੀਮਤਾਂ ਦਾ ਅਧਿਐਨ ਕੀਤਾ ਹੈ। ਇਹ ਕੇਵਲ ਤੱਥਾਂ ਦਾ ਵਰਣਨ ਹੈ। ਇਹ ਕਿਸੇ ਨੇ ਨਹੀਂ ਦੱਸਿਆ ਕਿ ਚੰਗਿਆਈਆਂ ਤੇ ਬੁਰਿਆਈਆਂ ਦਾ ਮਿਆਰ ਕੀ ਹੋਣਾ ਚਾਹੀਦਾ ਹੈ। ਬਹੁਤ ਸਾਇੰਸਦਾਨ ਤਾਂ ਇਹ ਕਹਿਣ ਲੱਗ ਪਏ ਹਨ ਕਿ ਇਨ੍ਹਾਂ ਕੀਮਤਾਂ ਦਾ ਕੋਈ ਸਾਂਝਾ ਮਿਆਰ ਹੀ ਨਹੀਂ ਹੁੰਦਾ। ਇਹ ਸਭ ਸਬੰਧਕੀ (relative) ਹਨ। ਕੁਝ ਹੱਦ ਤਕ ਇਹ ਗੱਲ ਠੀਕ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਹਮੇਸ਼ਾਂ ਹਰ ਪ੍ਰਕਾਰ ਦੀ ਸੁਸਾਇਟੀ ਵਿਚ ਚੰਗੀਆਂ ਮੰਨੀਆਂ ਜਾਂਦੀਆਂ ਹਨ ਜਿਵੇਂ ਕਿ ਸਿਹਤ, ਗਿਆਨ, ਸਿਆਣਪ, ਪਿਆਰ, ਦੋਸਤੀ, ਸ਼ੁਕਰਾਨਾ, ਸੁੰਦਰਤਾ ਆਦਿ।
ਆਧੁਨਿਕ ਸਮੇਂ ਦੀ ਤਕਨੀਕੀ ਉੱਨਤੀ ਨੇ ਸਦਾਚਾਰਕ ਕੀਮਤਾਂ ‘ਤੇ ਬਹੁਤ ਬੁਰਾ ਅਸਰ ਪਾਇਆ ਹੈ। ਸਮਾਜ ਦੇ ਬਹੁਤ ਸਾਰੇ ਹਿੱਸੇ ਨਿਘਰਦੇ ਚਲੇ ਜਾ ਰਹੇ ਹਨ। ਸਾਨੂੰ ਇਹ ਭੁਲੇਖਾ ਰਿਹਾ ਹੈ ਕਿ ਬਹੁਤੀਆਂ ਮਸ਼ੀਨਾਂ ਤੇ ਮੋਟਰ ਕਾਰਾਂ ਆਉਣ ਨਾਲ ਮਨੁੱਖ ਦੀ ਖੁਸ਼ੀ ਵਿਚ ਵਾਧਾ ਹੋਵੇਗਾ ਅਤੇ ਉਸ ਦਾ ਜੀਵਨ ਚੰਗਾ ਬਣ ਜਾਵੇਗਾ ਪਰ ਵੇਖਣ ਵਿਚ ਆਉਂਦਾ ਹੈ ਕਿ ਲੱਖਾਂ ਹੀ ਨਵੇਂ ਆਦਮੀ ਸਮਾਜਿਕ ਅਖਾੜੇ ਵਿਚ ਹਰ ਰੋਜ਼ ਆ ਰਹੇ ਹਨ ਅਤੇ ਵਿੱਦਿਆ ਉੱਚ ਦਰਜੇ ਦੀ ਧੰਧੇ ਬਧਕ (vocational) ਬਣਦੀ ਚਲੀ ਜਾ ਰਹੀ ਹੈ। ਉਨ੍ਹਾਂ ਨੂੰ ਮਸ਼ੀਨਾਂ ਤੇ ਔਜ਼ਾਰਾਂ ਦਾ ਗਿਆਨ ਦਿੱਤਾ ਜਾਂਦਾ ਹੈ ਪਰ ਇਤਿਹਾਸਕ ਤੇ ਸੱਭਿਆਚਾਰਕ ਵਿਰਸੇ ਵਲੋਂ ਉਹ ਬਿਲਕੁਲ ਕੋਰੇ ਹਨ। ਸਦਾਚਾਰਕ ਕੋਡ ਤੇ ਮਿਆਰ ਖ਼ਤਮ ਹੋ ਗਏ ਹਨ। ਇਨ੍ਹਾਂ ਬਿਨਾਂ ਸੱਭਿਆਚਾਰ ਉੱਨਤ ਨਹੀਂ ਹੁੰਦਾ। ਸੋ ਅੱਜ ਦਾ ਮਸ਼ੀਨੀ ਨਜ਼ਾਮ ਵਹਿਸ਼ੀ ਤੇ (Mass man) ਪੈਦਾ ਕਰ ਰਿਹਾ ਹੈ, ਬਹੁਤ ਸਾਰੇ ਸੂਝਵਾਨ ਉਜੱਡ ਬਣਦੇ ਚਲੇ ਜਾ ਰਹੇ ਹਨ। ਅਪਰਾਧ ਵਧ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਅੱਲ੍ਹੜਾਂ ਵਿਚ। ਹਰ ਥਾਂ ਮਸ਼ੀਨ ਹੀ ਮਸ਼ੀਨ ਪਾਈ ਜਾਂਦੀ ਹੈ, ਮਨੁੱਖ ਦੀ ਕਸਵੱਟੀ ਕਿਤੇ ਨਹੀਂ ਦਿਸਦੀ। ਇਸ ਲਈ ਜ਼ਿੰਮੇਵਾਰੀ ਦਾ ਅਹਿਸਾਸ ਖਤਮ ਹੋ ਰਿਹਾ ਹੈ। ਵਿਦਿਆਰਥੀ ਗ਼ਲਤ ਰਸਤਿਆਂ ‘ਤੇ ਪੈ ਰਹੇ ਹਨ। ਇਹ ਤਕਨੀਕੀ ਕਾਢਾਂ ਹਡ-ਭੰਨਵੀਂ ਮੁਸ਼ੱਕਤ ਤੋਂ ਬਚਾ ਸਕਦੀਆਂ ਹਨ ਅਤੇ ਸਭਿਆਚਾਰਕ ਵਿਕਾਸ ਦੇ ਦਰਵਾਜ਼ੇ ਖੋਲ੍ਹ ਸਕਦੀਆਂ ਹਨ ਪਰ ਇਨ੍ਹਾਂ ਦਾ ਅਸਰ ਉਦੋਂ ਘਾਤਕ ਬਣ ਜਾਂਦਾ ਹੈ ਜਦੋਂ ਇਹ ਮਨੁੱਖਤਾ ਹੀਣ ਹੋ ਜਾਣ ਅਤੇ ਆਪੇ ਦਾ ਡਸਿਪਲਨ ਉੱਡ ਜਾਏ।
ਇਸ ਵੇਲੇ ਬੁਨਿਆਦੀ ਸੁਆਲ ਇਹ ਹੈ ਕਿ ਕੀ ਅਸੀਂ ਖ਼ੁਦਗਰਜ਼ੀ ਤੇ ਪਸ਼ੂਪੁਣੇ ਨੂੰ ਵਧਾ ਰਹੇ ਹਾਂ ਜਾਂ ਘਟਾ ਰਹੇ ਹਾਂ। ਕੀ ਸਾਡੇ ਵਿਚ ਪਰਉਪਕਾਰ ਤੇ (creativity) ਦਾ ਅੰਸ਼ ਘੱਟ ਰਿਹਾ ਹੈ ਜਾਂ ਵੱਧ ਰਿਹਾ ਹੈ। ਇਨ੍ਹਾਂ ਸੁਆਲਾਂ ਦੇ ਜੁਆਬ ਉੱਤੇ ਸਾਡੀ ਸਭਿਅਤਾ ਤੇ ਸਭਿਆਚਾਰ ਦਾ ਨਿਰਭਰ ਹੈ। ਸਭਿਆਚਾਰ ਨੂੰ ਬਚਾਉਣ ਲਈ ਅੰਤਮ ਕੀਮਤ self realisation ਦੀ ਹੈ ਜਿਸ ਦਾ ਭਾਵ ਇਹ ਹੈ ਕਿ ਮਨੁੱਖ ਵਿਚ ਪਾਈ ਜਾਂਦੀ ਮਨੁੱਖਤਾ ਦਾ ਵਿਕਾਸ ਹੋਵੇ। ਏਹੀ ਕੀਮਤ ਹੈ ਜਿਸ ਉੱਤੇ ਸਭ ਧਰਮ ਤੇ ਫ਼ਿਲਾਸਫ਼ਰ ਜ਼ੋਰ ਦਿੰਦੇ ਹਨ। ਅੱਜ ਸਾਡੇ ਸਾਹਮਣੇ ਸਮੱਸਿਆ ਨਵੇਂ ਸਿਰੇ ਤੋਂ ਸਮਾਜਿਕ ਕੀਮਤਾਂ ਲੱਭਣ ਦੀ ਹੈ। ਸਾਇੰਸ ਦੀ ਉਨੱਤੀ ਨੇ ਕੋਈ ਵੀ ਨਵੀਂ ਕੀਮਤ ਨਹੀਂ ਦਿੱਤੀ, ਪੁਰਾਣੀਆਂ ਜ਼ਰੂਰ ਖ਼ਤਮ ਕਰ ਦਿੱਤੀਆਂ ਹਨ। ਇਸ ਨੇ ਧਰਮ ਨੂੰ ਜ਼ਰੂਰ ਤਿਲਾਂਜਲੀ ਦੇ ਦਿੱਤੀ ਹੈ ਜੋ ਕਿ ਸਦਾਚਾਰ ਦਾ ਇਕ ਵੱਡਾ ਸੋਮਾ ਸਮਝਿਆ ਜਾਂਦਾ ਸੀ। ਪੁਰਾਣੀਆਂ ਸਦਾਚਾਰਕ ਕੀਮਤਾਂ ਨੂੰ ਛੱਡਣਾ ਤੇ ਨਵੀਆਂ ਪੈਦਾ ਨਾ ਕਰਨੀਆਂ, ਇਕ ਅਜਿਹੀ ਸਥਿਤੀ ਹੈ ਜਿਸ ਕਰਕੇ ਦੁਨੀਆਂ ਕਿਸੇ ਤਬਾਹੀ ਵੱਲ ਨੂੰ ਭੱਜੀ ਜਾ ਰਹੀ ਹੈ। ਸਦਾਚਾਰਕ ਕੀਮਤਾਂ ਵੱਲ ਧਿਆਨ ਦੇਣਾ। ਇਸ ਵੇਲੇ ਸਭ ਤੋਂ ਵੱਡੀ ਸਮਾਜਿਕ ਲੋੜ ਹੈ। ਕੀ ਸਾਇੰਸਦਾਨ ਪ੍ਰਮਾਣੂ ਸ਼ਕਤੀ ਨੂੰ ਲੱਭਣ ਦੀ ਥਾਂ ਕਿਸੇ ਹੋਰ ਸ਼ਕਤੀ ਨੂੰ ਲੱਭਣ ਵੱਲ ਧਿਆਨ ਦੇਣਗੇ ਜੋ ਹਮੇਸ਼ਾਂ ਸਦਾਚਾਰ ਨੂੰ ਮੁਖ ਰੱਖਦੀ ਹੈ?
(੬/੧੯੭੫)
