ਡਾ. ਗੁਰਪ੍ਰੀਤ ਸਿੰਘ
ਸ਼ਮਸ਼ੇਰ ਸਿੰਘ ਅਸ਼ੋਕ ਪੰਜਾਬ ਦਾ ਪ੍ਰਸਿਧ ਖੋਜਕਾਰ, ਸੰਪਾਦਕ ਅਤੇ ਲੇਖਕ ਸੀ। ਇਸ ਦਾ ਜਨਮ ੧੦ ਫਰਵਰੀ ੧੯੦੪ ਈ. ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਦੇ ਪਿੰਡ ਗੁਆਰਾ ਵਿਖੇ ਇਕ ਜ਼ਿਮੀਂਦਾਰ ਸ. ਝਾਬਾ ਸਿੰਘ ਦੇ ਘਰ ਹੋਇਆ। ਅਸ਼ੋਕ ਨੇ ਸੰਸਕ੍ਰਿਤ ਦੀ ਸਿੱਖਿਆ ਸਾਧੂਆਂ ਤੇ ਪੰਡਿਤਾਂ ਪਾਸੋਂ ਅਤੇ ਉਰਦੂ ਫ਼ਾਰਸੀ ਦਾ ਗਿਆਨ ਇਕ ਪਟਵਾਰੀ ਅਤੇ ਮੁਨਸ਼ੀ ਤੋਂ ਪ੍ਰਾਪਤ ਕੀਤਾ। ਅਰਬੀ ਫ਼ਾਰਸੀ ਦਾ ਮੁੱਢਲਾ ਗਿਆਨ ਪਿੰਡ ਨਾਰੀਕੇ ਕਲਾਂ ਦੇ ਇਕ ਮੁਸਲਮਾਨ ਫ਼ਕੀਰ ਤੋਂ ਲਿਆ। ਧਰਮ ਪ੍ਰਚਾਰ ਦੀ ਪ੍ਰਬਲ ਇੱਛਾ ਹੋਣ ਕਾਰਨ ਇਹ ਸਾਧੂ ਬਣਨ ਲਈ ਤਿਆਰ ਸੀ ਪਰ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰੇਰਨਾ ਨੇ ਇਸ ਨੂੰ ਸਾਹਿਤ ਸੇਵਾ ਵਾਲੇ ਪਾਸੇ ਲਾ ਲਿਆ । ੧੯੨੮-੩੧ ਈ. ਵਿਚ ਗਿਆਨੀ, ਪ੍ਰਭਾਕਰ ਆਦਿ ਪ੍ਰੀਖਿਆਵਾਂ ਪਾਸ ਕੀਤੀਆਂ। ੧੯੩੨ ਈ. ਤੋਂ ੧੯੩੮ ਈ. ਤੱਕ ਭਾਈ ਕਾਨ੍ਹ ਸਿੰਘ ਪਾਸ ਜਾਣ-ਆਉਣ ਕਰਕੇ ਲੇਖਕ ਬਣ ਗਏ। ੧੯੩੪ ਈ. ਵਿਚ ਆਪ ਨੇ ਸੰਸਕ੍ਰਿਤ ਨਾਟਕ ਮੁਦ੍ਰਾਰਾਖ਼ਸ਼ ਦਾ ਪੰਜਾਬੀ ਅਨੁਵਾਦ ਕੀਤਾ। ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਚ ਇਤਿਹਾਸਕ ਖੋਜ ਦੀ ਅਸਾਮੀ ’ਤੇ ਜੂਨ ੧੯੪੩ ਈ. ਤੋਂ ਸਤੰਬਰ ੧੯੪੫ ਈ. ਤੱਕ ਖੋਜ ਕਰਦੇ ਰਹੇ। ਫਿਰ ਸਤੰਬਰ ੧੯੪੫ ਈ. ਤੋਂ ਨਵੰਬਰ ੧੯੪੭ ਈ. ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਤਿਹਾਸ ਖੋਜ ਦੀ ਸੇਵਾ ਨਿਭਾਈ ਤੇ ਪ੍ਰਾਚੀਨ ਜੰਗਨਾਮੇ ਪੁਸਤਕ ਤਿਆਰ ਕੀਤੀ। ੧੨ ਅਗਸਤ ੧੯੪੮ ਈ. ਤੋਂ ਅਸ਼ੋਕ ਜੀ ਭਾਸ਼ਾ ਵਿਭਾਗ ਪਟਿਆਲਾ ਵਿਖੇ ਚਲੇ ਗਏ। ੧੦ ਫਰਵਰੀ, ੧੯੪੯ ਈ. ਨੂੰ ਇਸ ਮਹਿਕਮੇ ਤੋਂ ਰਿਟਾਇਰ ਹੋ ਕੇ ੧੯੬੦ ਈ. ਤੋਂ ੧੯੬੩ ਈ. ਤਕ ਫਿਰ ਦੁਬਾਰਾ ਇਥੇ ਨੌਕਰੀ ਕੀਤੀ। ਇਨ੍ਹਾਂ ਤੇਰ੍ਹਾਂ ਚੌਦਾਂ ਵਰ੍ਹਿਆਂ ਦਾ ਸਮਾਂ ਵਧੇਰੇ ਹੱਥ ਲਿਖਤਾਂ ਦੀ ਖੋਜ ਪੜਤਾਲ ‘ਤੇ ਲਾਇਆ। ੧੯੬੩ ਈ. ਤਕ ਇਸ ਨੇ ਪੰਜਾਬੀ ਹੱਥ ਲਿਖਤਾਂ ਦੀਆਂ ਸੂਚੀਆਂ ਤਿਆਰ ਕਰ ਦਿੱਤੀਆਂ ਜਿਨ੍ਹਾਂ ਵਿਚੋਂ ਪਹਿਲੀ ਦੇ ੭੫੨ ਪੰਨੇ ਅਤੇ ਦੂਜੇ ਦੇ ੪੬੪ ਪੰਨੇ ਹਨ। ਇਹ ਕ੍ਰਮਵਾਰ ੧੯੬੧ ਅਤੇ ੧੯੬੩ ਈ. ਵਿਚ ਪ੍ਰਕਾਸ਼ਿਤ ਹੋਈਆਂ।
ਇਨ੍ਹਾਂ ਦੋਹਾਂ ਭਾਗਾਂ ਵਿਚ ਅਸ਼ੋਕ ਜੀ ਦੁਆਰਾ ਤਿੰਨ ਹਜ਼ਾਰ ਹੱਥ ਲਿਖਤ ਸਰੋਤਾਂ ਦੀ ਜਾਣਕਾਰੀ ਦਿੱਤੀ ਗਈ ਜੋ ਪੁਰਾਤਨ ਪੁਸਤਕਾਲਿਆਂ ਅਤੇ ਨਿੱਜੀ ਸੰਗ੍ਰਹਿਆਂ ਤੋਂ ਹਾਸਲ ਕੀਤੀ ਗਈ ਸੀ । ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਕੁਝ ਪ੍ਰਚਲਤ ਕਿਤਾਬਾਂ ਵਿਚ ‘ਪੰਜਾਬ ਦੀਆਂ ਲਹਿਰਾਂ’, ‘ਪੰਜਾਬੀ ਪੱਤਰਕਲਾ’, ‘ਰਾਗਮਾਲਾ ਨਿਰਣਯ’, ‘ਦਸਮ ਗ੍ਰੰਥ ਬਾਰੇ’, ‘ਜੀਵਨ ਭਾਈ ਕਾਨ੍ਹ ਸਿੰਘ ਨਾਭਾ’, ‘ਧਰਮ ਸਾਹਿਤ ਤੇ ਇਤਿਹਾਸ’, ‘ਸ੍ਰੀ ਗੁਰ ਸੋਭਾ’, ‘ਜੰਗਨਾਮਾ ਸ਼ਾਹ ਮਹੁੰਮਦ’, ਆਦਿਕ ਹਨ। ਸ਼ਮਸ਼ੇਰ ਸਿੰਘ ਅਸ਼ੋਕ ਨੇ ਕੋਈ ਅੱਸੀ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਸ ਦੀ ਖੋਜ ਸੰਬੰਧੀ ਪਹੁੰਚ ਵਿਗਿਆਨਕ ਅਤੇ ਤੱਥ ਆਧਾਰਿਤ ਹੈ। ਵਿੱਦਿਆ ਦੇ ਖੇਤਰ ਵਿਚ ਸ਼ਮਸ਼ੇਰ ਸਿੰਘ ਅਸ਼ੋਕ ਨੇ ਭਾਵੇਂ ਕੋਈ ਉਚੇਰੀ ਡਿਗਰੀ ਪ੍ਰਾਪਤ ਨਹੀਂ ਕੀਤੀ ਸੀ, ਪਰ ਅਨੇਕ ਖੋਜੀਆਂ ਨੇ ਉਨ੍ਹਾਂ ਦੁਆਰਾ ਉਪਲਬਧ ਕੀਤੇ ਤੱਥਾਂ ਨੂੰ ਵਰਤ ਕੇ ਖੋਜ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਇਸ ਪ੍ਰਤਿਭਾਸ਼ੀਲ ਖੋਜੀ ਦਾ ਦੇਹਾਂਤ ੧੪ ਜੁਲਾਈ, ੧੯੮੬ ਈ. ਨੂੰ ਹੋਇਆ। ਪਰਮਾਤਮਾ ਕਰੇ ਸਿੱਖ ਕੌਮ ਵਿਚ ਅਜਿਹੇ ਸਿਰੜੀ ਖੋਜੀ ਪੈਦਾ ਹੁੰਦੇ ਰਹਿਣ। ਸਾਨੂੰ ਅਜਿਹੇ ਵਿਦਵਾਨਾਂ ਦੇ ਜੀਵਨ, ਮਿਹਨਤ ਅਤੇ ਸਿਰੜ ਤੋਂ ਪ੍ਰੇਰਨਾ ਲੈ ਕੇ ਇਨ੍ਹਾਂ ਦੁਆਰਾ ਕੀਤੇ ਕੰਮ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।