ਮੇਰੀ ਹੋਂਦ ਤੋਂ ਕਿਤੇ ਵੱਡਾ ਰੁਤਬਾ ਮਾਂ ਦਾ ਹੈ ਤੇ ਮੈਂ ਠੇਠਰ ਨਿੱਤ ਉਸ ਰੁਤਬੇ ਤੋਂ ਵੱਡਾ ਹੋਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਰੋਜ਼ ਬੌਣਾ ਰਹਿ ਜਾਂਦਾ ਹਾਂ।
ਮਾਂ ਬਹੁਤ ਕੁਝ ਸੰਭਾਲੀ ਬੈਠੀ ਹੈ—ਇੱਕ ਲਾਇਬ੍ਰੇਰੀ ਵਾਂਗ।
ਸੰਦੂਕਾਂ ਵਿੱਚ, ਅਲਮਾਰੀ ਵਿੱਚ, ਤੇ ਆਪਣੀ ਚੇਤਨਾ ਅੰਦਰ।
ਜੋ ਉਹਦੀ ਚੇਤਨਾ ਵਿੱਚ ਹੈ, ਉਹ ਮੈਨੂੰ ਕਦੇ ਵੀ ਕਿਤਾਬਾਂ ਵਿੱਚ ਨਹੀਂ ਮਿਲਿਆ।
ਕਈ ਵਾਰ ਬਿਨਾਂ ਪੁੱਛੇ ਹੀ ਕੁਝ ਸਵਾਲਾਂ ਦੇ ਜਵਾਬ ਦੇ ਦਿੰਦੀ ਹੈ।
ਭਾਵੇਂ ਮੈਂ ਖਾਣ ਲਈ ਨਿੱਤ ਮਨਚਾਹਾ ਖਰੀਦ ਲਵਾਂ, ਪਰ ਨਿਗਾਹ ਹਮੇਸ਼ਾ ਗਰਾਂ ਗਈ ਹੋਈ ਦੇ ਬੈਗ ‘ਤੇ ਹੁੰਦੀ ਹੈ ਕਿ ਜਰੂਰ ਕੁਝ ਲੈ ਕੇ ਆਈ ਹੋਵੇਗੀ।
ਇੱਕ ਵਾਰ ਇੱਕ ਸਵਾਲ ਸੀ ਮਨ ਵਿੱਚ—ਦਸਮੇਸ਼ ਪਿਤਾ ਦਾ ਹੁਕਮ ਹੈ 52 ਹੁਕਮਾਂ ਵਿੱਚੋਂ ਕਿ ਧੀ ਦੀ ਕਮਾਈ ਨਹੀਂ ਖਾਣੀ।
ਸੋਚਿਆ, ਜਦੋਂ ਦਸਮੇਸ਼ ਨੇ ਔਰਤ ਨੂੰ ਬਰਾਬਰੀ ਦਾ ਰੁਤਬਾ ਦਿੱਤਾ, ਫਿਰ ਇਹ ਕਿਉਂ ਕਿਹਾ ਕਿ ਧੀ ਦੀ ਕਮਾਈ ਨਹੀਂ ਖਾਣੀ?
ਕੀ ਧੀਆਂ ਕਮਾ ਨਹੀਂ ਸਕਦੀਆਂ?
ਮਾਂ ਨੇ ਜਵਾਬ ਦਿੱਤਾ—
“ਪਹਿਲਾਂ ਧੀਆਂ ਨੂੰ ਵੇਚ ਦਿੱਤਾ ਜਾਂਦਾ ਸੀ, ਉਹਨਾ ਦਾ ਮੁੱਲ ਵੱਟ ਲਿਆ ਜਾਂਦਾ ਸੀ।
ਅੱਜ ਵੀ ਔਰਤ ਦੇ ਹਾਲਾਤ ਓਹੀ ਹਨ, ਬੱਸ ਤਰੀਕਾ ਬਦਲ ਗਿਆ ਹੈ।
ਹੁਣ ਮੌਡਰਨ ਤਰੀਕੇ ਨਾਲ ਵੇਚਿਆ ਜਾਂਦਾ ਹੈ—ਆਈਲੈਟਸ ਕਰਵਾ ਕੇ।
ਫਰਕ ਏਨਾ ਹੀ ਹੈ ਕਿ ਹੁਣ ਧੀਆਂ ਵੇਚਣ ਉੱਤੇ ਕੋਈ ਨਮੋਸ਼ ਨਹੀਂ ਹੁੰਦੀ, ਸਗੋਂ ਢੋਲ ਵਜਾ ਕੇ ਵੇਚਿਆ ਜਾਂਦਾ ਹੈ।”
ਬਾਪੂ ਦਸਮੇਸ਼ ਦੇ ਕਹਿਣ ਦਾ ਭਾਵ ਇਹੀ ਸੀ ਕਿ ਧੀਆਂ ਨੂੰ ਵੇਚ-ਵੱਟ ਕੇ ਉਹਨਾ ਦੀ ਕਮਾਈ ਨਹੀਂ ਖਾਣੀ।
ਚੰਗਾ ਹੈ ਕਿ ਅਜੇ ਤੱਕ ਮਾਂ ਕੋਲ ਹਾਂ।
ਮਾਂ ਮੇਰੇ ਹਨੇਰੇ ਪਏ ਹੋਏ ਜੀਵਨ ‘ਤੇ ਸੂਰਜ ਦੀ ਚਮਕ ਵਰਗੀ ਹੈ—ਕੋਈ ਅਥਭੁਤ ਸ਼ੈਅ।
ਮੈਂ ਕਈ ਵਾਰ ਗੁੰਮ ਹੋ ਜਾਂਦਾ ਹਾਂ—ਬਾਹਰ ਦੀ ਦੁਨੀਆ ਵਿੱਚ, ਆਪਣੇ ਆਪ ਵਿੱਚ।
ਪਰ ਮਾਂ ਲੱਭ ਲੈਂਦੀ ਹੈ।
ਮੈਨੂੰ ਮੇਰੇ ਜੀਉਂਦੇ ਹੋਣ ਤੱਕ ਦਾ ਅਹਿਸਾਸ ਹੈ—ਮਾਂ।
