-ਸ. ਮੋਹਨ ਸਿੰਘ ਉਰਲਾਣਾ
ਸ. ਮੇਹਰਬਾਨ ਸਿੰਘ ਸਿੰਗਾਪੁਰ ਦੀ ਇੱਕ ਨਾਮੀ ਸ਼ਖ਼ਸੀਅਤ ਹੋਈ ਹੈ। ਸੱਤਰਵਿਆਂ ਦੇ ਦਹਾਕੇ ਵਿਚ ਉਨ੍ਹਾਂ ਮੈਨੂੰ ਇਹ ਘਟਨਾ ਸੁਣਾਈ ਜੋ ਕਿ ਮੈਂ ਇੱਥੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।
ਸ. ਮੇਹਰਬਾਨ ਸਿੰਘ ਵੱਲੋਂ ਬਿਆਨੀ ਘਟਨਾ:
ਉਨ੍ਹਾਂ ਦੱਸਿਆ ਕਿ ਅਸੀਂ ਪਾਕਿਸਤਾਨ ਵਿਖੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਗਏ। ਜਨਰਲ ਆਯੂਬ ਖਾਂ ਉਨ੍ਹੀਂ ਦਿਨੀਂ ਪਾਕਿਸਤਾਨ ਦੇ ਸਦਰ (ਰਾਸ਼ਟਰਪਤੀ) ਸਨ। ਉਨ੍ਹਾਂ ਸਾਨੂੰ ਆਪਣੇ ਘਰ ਚਾਹ-ਪਾਣੀ ਵਾਸਤੇ ਸੱਦਿਆ । ਜਦੋਂ ਅਸੀਂ ਉਨ੍ਹਾਂ ਦੇ ਘਰ ਗਏ ਤਾਂ ਉਨ੍ਹਾਂ ਨੇ ਸਾਡਾ ਬੜੀ ਗਰਮਜੋਸ਼ੀ ਨਾਲ ਇਸਤਕਬਾਲ (ਸਵਾਗਤ) ਕੀਤਾ। ਜਦੋਂ ਅਸੀਂ ਡਰਾਇੰਗ ਰੂਮ ਵਿਚ ਦਾਖ਼ਲ ਹੋਏ ਤਾਂ ਮੈਂ ਸਾਹਮਣੀ ਦੀਵਾਰ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਸ ਉੱਪਰ ਪੇਂਟਿੰਗ ਨਾਲ ਲਿਖਿਆ ਹੋਇਆ ਸੀ- “ੴਸਤਿਗੁਰ ਪ੍ਰਸਾਦਿ॥” ਅਤੇ ਇਸ ਦੇ ਹੇਠਾਂ ਦੋ ਫਰੇਮ ਲਟਕ ਰਹੇ ਸਨ, ਇੱਕ ਫਰੇਮ ਵਿਚ ਪੰਜਾਬੀ/ਗੁਰਮੁਖੀ ਲਿਪੀ ਵਿਚ ਤੇ ਦੂਸਰੇ ਵਿਚ ਉਰਦੂ ਲਿਪੀ ਵਿਚ ਮੂਲ ਮੰਤਰ ਲਿਖਿਆ ਹੋਇਆ ਸੀ ਜਿਸਦਾ ਪੰਜਾਬੀ ਰੂਪ ਇਸ ਪ੍ਰਕਾਰ ਸੀ- “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥”
ਸਾਡੀ ਆਪਸ ਵਿਚ ਗੱਲਬਾਤ ਸ਼ੁਰੂ ਹੋਈ। ਮੈਨੂੰ ਮੂਲ-ਮੰਤਰ ਬਾਰੇ ਜਾਣਨ ਦੀ ਬੜੀ ਕਾਹਲੀ ਸੀ ਅਤੇ ਮੈਂ ਗੱਲਾਂ ਨੂੰ ਵਿਚਾਲੇ ਟੋਕ ਕੇ ਪੁੱਛ ਹੀ ਲਿਆ। ਜਿਸ ਬਾਰੇ ਪ੍ਰਸ਼ਨ-ਉੱਤਰ ਇਸ ਪ੍ਰਕਾਰ ਹੋਏ :-
ਪ੍ਰਸ਼ਨ: ਜਨਰਲ ਸਾਹਿਬ ! ਜੇ ਆਪ ਇਜਾਜ਼ਤ ਦੇਵੋ ਤਾਂ ਮੈਂ (ਇਸ਼ਾਰਾ ਕਰ ਕੇ) ਇਸ ਮੂਲ-ਮੰਤਰ ਬਾਰੇ ਜਾਣਨਾ ਚਾਹੁੰਦਾ ਹਾਂ।
ਉਨ੍ਹਾਂ ਇੱਕ ਮਿੰਟ ਲਈ ਚੁੱਪੀ ਸਾਧੀ ਤੇ ਫਿਰ ਬੋਲੇ-
ਉੱਤਰ: ਸਰਦਾਰ ਬਹਾਦਰ ਮੇਹਰਬਾਨ ਸਿੰਘ ਜੀ ! ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਲਾਮ (ਬਾਣੀ) ਹੀ ਹੈ, ਜਿਸ ਦੇ ਸਹਾਰੇ ਅੱਜ ਮੈਂ ਸਦਰ-ਏ-ਪਾਕਿਸਤਾਨ ਦੀ ਪਦਵੀ ਤਕ ਪਹੁੰਚਿਆ ਹਾਂ। ਜਨਾਬ ਆਯੂਬ ਖਾਂ ਨੇ ਆਪਣੇ ਮਾਜੀ/ਅਤੀਤ ਬਾਰੇ ਜਾਣਕਾਰੀ ਵਿਸਥਾਰ ਨਾਲ ਦਿੱਤੀ:-
ਮੈਂ ਐਬਟਾਬਾਦ ਵਿਚ ਪੜ੍ਹਿਆ ਕਰਦਾ ਸਾਂ ਤੇ ਸਭ ਤੋਂ ਨਾਲਾਇਕ ਸਟੂਡੈਂਟ ਹੋਣ ਕਰਕੇ ਮੈਨੂੰ ਸਬਕ ਯਾਦ ਨਾ ਹੋਣ ਕਰਕੇ ਹਰ ਰੋਜ਼ ਜਮਾਤ ਵਿਚ ਕੁੱਟ ਪੈਂਦੀ ਸੀ। ਇੱਕ ਦਿਨ ਮੈਂ ਲੁਕਣ ਵਾਸਤੇ ਗੁਰਦੁਆਰੇ ਸਾਹਿਬ ਚਲਿਆ ਗਿਆ। ਗੁਰਦੁਆਰਾ ਸਾਹਿਬ ਦੇ ਇੰਤਜ਼ਾਮੀਆ/ਪ੍ਰਬੰਧਕ ਬਾਬਾ ਜੀ ਮੈਨੂੰ ਜਾਣਦੇ ਸਨ ਤੇ ਉਨ੍ਹਾਂ ਨੇ ਮੇਰੇ ਲਈਂ ਇਹ ਸਵਾਲ ਕੀਤਾ-
“ਆਯੂਬਿਆ ! ਕਿੱਧਰ ਤੁਰਿਆ ਫਿਰਦਾ ਹੈਂ? ਤੇਰਾ ਤਾਂ ਮਦਰੱਸੇ (ਸਕੂਲ) ਦਾ ਵਕਤ ਹੈ।”
ਮੈਂ ਬੜਾ ਦੁਖੀ ਹੋ ਕੇ ਉਨ੍ਹਾਂ ਨੂੰ ਇਹ ਕਿਹਾ-
ਬਾਬਾ ਜੀ ! ਮੈਂ ਸਕੂਲੇ ਨਹੀਂ ਜਾਣਾ ਮੈਨੂੰ ਤਾਂ ਹਰ ਰੋਜ਼ ਕੁੱਟ ਪੈਂਦੀ ਹੈ, ਮੇਰੇ ਤੋਂ ਕੁੱਟ ਨਹੀਂ ਖਾਧੀ ਜਾਂਦੀ।
ਬਾਬਾ ਜੀ ਨੇ ਬੜੇ ਪਿਆਰ ਨਾਲ ਮੈਨੂੰ ਆਪਣੀ ਬੁੱਕਲ ਵਿਚ ਲੈ ਕੇ ਸਮਝਾਇਆ ਤੇ ਆਖਿਆ-
“ਪੁੱਤਰ ਆਯੂਬਿਆ ! ਅੱਜ ਤੋਂ ਬਾਅਦ ਤੈਨੂੰ ਕਦੇ ਵੀ ਕੁੱਟ ਨਹੀਂ ਪਵੇਗੀ ਤੂੰ ਏਦਾਂ ਕਰੀਂ, ਜਦੋਂ ਸਕੂਲੇ ਜਾਇਆ ਕਰੇਂ ਤਾਂ ਇਸ ਮੂਲ-ਮੰਤਰ ਦਾ ਪਾਠ ਕਰਦਾ ਜਾਇਆ ਕਰੀਂ।’
ਉਨ੍ਹਾਂ ਨੇ ਆਪ ਮੂਲ-ਮੰਤਰ ਦਾ ਪਾਠ ਕਰਦਿਆਂ ਹੋਇਆਂ ਮੈਨੂੰ ਪਿੱਛੇ ਬੋਲਣ ਲਈ ਆਖਿਆ ਤੇ ਕਈ ਵਾਰ ਬਾਬਾ ਜੀ ਨੇ ਦੁਹਰਾਇਆ ਤੇ ਮੈਂ ਵੀ ਬਾਰ-ਬਾਰ ਪਾਠ ਕੀਤਾ ਤੇ ਫਿਰ ਜਦੋਂ ਮੈਨੂੰ ਪਾਠ ਜ਼ਬਾਨੀ ਯਾਦ ਹੋ ਗਿਆ ਤਾਂ ਉਨ੍ਹਾਂ ਨੇ ਮੈਨੂੰ ਆਪਣੇ ਘਰ ਜਾਣ ਵਾਸਤੇ ਆਖਿਆ।
ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਤੇ ਆਪਣੇ ਘਰੇ ਚਲਾ ਗਿਆ। ਅਗਲੇ ਦਿਨ ਮੈਂ ਮੂਲ-ਮੰਤਰ ਦਾ ਜਾਪ ਕਰਦਾ ਹੋਇਆ ਆਪਣੇ ਸਕੂਲੇ ਗਿਆ ਤੇ ਆਪਣੀ ਜਮਾਤ ਵਿਚ ਜਾ ਬੈਠਾ। ਮੁਨਸ਼ੀ/ਮਾਸਟਰ ਜੀ ਕੋਲੋਂ ਮੈਨੂੰ ਕੋਈ ਮਾਰ ਨਾ ਪਈ ਤੇ ਛੁੱਟੀ ਹੋਣ ਮਗਰੋਂ ਖੁਸ਼ੀ-ਖੁਸ਼ੀ ਘਰ ਚਲਿਆ ਗਿਆ। ਮੈਂ ਆਪਣਾ ਨਿੱਤ-ਕਰਮ ਬਣਾਇਆ ਤੇ ਮੂਲ-ਮੰਤਰ ਦਾ ਵੱਧ ਤੋਂ ਵੱਧ ਪਾਠ ਕਰਨ ਲੱਗ ਪਿਆ। ਕਿਉਂਕਿ ਬਾਬੇ ਨਾਨਕ ਜੀ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ਕਲਾਮ/ਮੂਲ-ਮੰਤਰ ਨੇ ਮੈਨੂੰ ਬੜਾ ਉਤਸ਼ਾਹ ਬਖ਼ਸ਼ਿਆ।
ਇਮਤਿਹਾਨਾਂ ਦੇ ਦਿਨ ਆ ਗਏ ਤੇ ਮੈਂ ਗੁਰਦੁਆਰੇ ਸਾਹਿਬ ਜਾ ਕੇ ਪਹਿਲਾਂ ਅੰਦਰ ਮੱਥਾ ਟੇਕਿਆ ਤੇ ਫਿਰ ਬਾਬਾ ਜੀ ਨੂੰ ਪੈਰੀਂ ਪੈਣਾ ਕਹਿ ਕੇ ਜੋਦੜੀ ਕੀਤੀ,
“ਬਾਬਾ ਜੀ! ਕਿਰਪਾ ਕਰੋ ਮੈਂ ਪਾਸ ਹੋ ਜਾਵਾਂ।” ਅੱਗੋਂ ਬਾਬਾ ਜੀ ਨੇ ਬੜੀ ਮੁਹੱਬਤ ਨਾਲ ਮੈਨੂੰ ਇਹ ਆਖਿਆ- “ਆਯੂਬਿਆ ! ਬਾਬੇ ਨਾਨਕ ਦਾ ਕਲਾਮ/ਮੂਲ-ਮੰਤਰ ਤੈਨੂੰ ਦਿੱਤਾ ਹੈ ਇਸਦਾ ਸਹਾਰਾ ਨਾ ਛੱਡੀਂ। ਜਾਹ ! ਜਿਹੜੇ ਮਰਾਤਬੇ ’ਤੇ ਤੂੰ ਪਹੁੰਚਣਾ ਚਾਹੇਂਗਾ ਜ਼ਰੂਰ ਪਹੁੰਚ ਜਾਵੇਂਗਾ।”
ਮੈਂ ਬਾਬਾ ਜੀ ਤੋਂ ਵਿਦਿਆ ਲਈ ਤੇ ਇਮਤਿਹਾਨਾਂ ਵਿੱਚੋਂ ਪਾਸ ਹੋ ਗਿਆ। ਇਸ ਤੋਂ ਮਗਰੋਂ ਮੈਂ ਉੱਚ ਵਿੱਦਿਆ ਪ੍ਰਾਪਤ ਕਰ ਕੇ ਫੌਜ ਵਿਚ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਕਰਦਾ ਇਸ ਰੁਤਬੇ ’ਤੇ ਪਹੁੰਚਿਆ। ਇਹ ਬਾਬੇ ਨਾਨਕ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ਕਲਾਮ ਸਦਕਾ ਤੇ ਬਾਬਾ ਜੀ ਜਿਹੜੇ ਗੁਰੂ ਸਾਹਿਬ ਤੋਂ ਵਰੋਸਾਏ ਹੋਏ ਸਨ ਉਨ੍ਹਾਂ ਦੇ ਵਰ-ਵਾਕ ਨਾਲ ਹੀ ਹੋਇਆ ਹੈ। ਮੈਂ ਬਾਬੇ ਨਾਨਕ (ਸ੍ਰੀ ਗੁਰੂ ਨਾਨਕ ਦੇਵ ਜੀ) ਦਾ ਅਦਨਾ ਜਿਹਾ ਸੇਵਕ ਹਾਂ। ਬਾਬਾ ਜੀ, ਜਿਨ੍ਹਾਂ ਨੇ ਮੈਨੂੰ ਇਹ ਮੂਲ-ਮੰਤਰ ਯਾਦ ਕਰਾਇਆ ਤੇ ਇਸ ਦਾ ਜਾਪ ਕਰਨ ਦਾ ਹੁਕਮ ਲਾਇਆ ਮੈਂ ਉਨ੍ਹਾਂ ਨੂੰ ਵੀ ਸਦਾ ਯਾਦ ਕਰਦਾ ਰਹਿੰਦਾ ਹਾਂ, ਉਨ੍ਹਾਂ ਦਾ ਸੋਹਣਾ ਮੁਖੜਾ ਸਦਾ ਮੇਰੇ ਚੇਤੇ ਵਿਚ ਹੈ। ਆਪ ਜੀ ਨਾਨਕ ਜੀ ਦੇ ਪੈਰੋਕਾਰ ਹੋ, ਮੇਰੇ ਧੰਨ ਭਾਗ ਹਨ ਤੁਸੀਂ ਮੇਰੇ ਘਰ ਵਿਚ ਆਪਣੇ ਮੁਬਾਰਕ ਚਰਨ ਪਾਏ ਹਨ।
ਅਸੀਂ ਇਹ ਸਾਰੀ ਘਟਨਾ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਚਾਹ-ਪਾਣੀ ਆਦਿ ਛਕ ਕੇ ਜਨਰਲ ਸਾਹਿਬ ਤੋਂ ਆਗਿਆ ਮੰਗੀ ਤੇ ਉਹ ਸਾਨੂੰ ਬਾਹਰ ਤਕ ਛੱਡਣ ਆਏ। ਇਹ ਪਿਆਰੀ ਤੇ ਮਿੱਠੀ ਮਿਲਣੀ ਸਾਨੂੰ ਕਦੇ ਵੀ ਭੁੱਲ ਨਹੀਂ ਸਕਦੀ। ਉਪਰੋਕਤ ਜਾਣਕਾਰੀ ਬਠਿੰਡੇ ਵਾਲੇ ਡਾਕਟਰ ਅਨੋਖ ਸਿੰਘ ਜੀ ਨੂੰ ਸ. ਮੇਹਰਬਾਨ ਸਿੰਘ ਜੀ ਨੇ ਦਿੱਤੀ ਸੀ ਜਿਸਨੂੰ ਡਾਕਟਰ ਸਾਹਿਬ ਨੇ ਕਲਮਬਦ ਕੀਤਾ। ਜਦੋਂ ਡਾਕਟਰ ਜੀ ਵੀ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਏ, ਦੇ ਬਾਰੇ ਜ਼ਿਕਰ ਉਨ੍ਹਾਂ ਨੇ ਇਸ ਕਾਰ ਕੀਤਾ ਹੈ:-
ਸੰਨ ੨੦੦੦ ਈਸਵੀ ਵਿਚ ਮੈਨੂੰ ਪਾਕਿਸਤਾਨ ਵਿਚ ਜਾਣ ਦਾ ਸਬੱਬ ਮਿਲਿਆ ਤੇ ਮੈਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰ ਕੇ ਵਡਭਾਗੀ ਬਣਿਆ। ਇੱਕ ਦਿਨ ਲਾਹੌਰ ਸ਼ਹਿਰ ਦੇ ਕਿਸੇ ਬਾਜ਼ਾਰ ਵਿਚ ਘੁੰਮ ਰਿਹਾ ਸੀ ਕਿ ਅਚਨਚੇਤ ਜਨਾਬ ਆਯੂਬ ਖਾਂ ਤੇ ਸ. ਮੇਹਰਬਾਨ ਸਿੰਘ ਜੀ ਦੀ ਮਿਲਣੀ ਵਾਲੀ ਘਟਨਾ ਯਾਦ ਆਈ ਤਾਂ ਮੈਂ ਇਕ ਕਿਤਾਬਾਂ ਦੀ ਦੁਕਾਨ ਵਿਚ ਚਲਿਆ ਗਿਆ ਤੇ ਦੁਕਾਨਦਾਰ ਤੋਂ ਸਦਰ ਆਯੂਬ ਖਾਂ ਦੀ ਆਟੋਬਾਇਓਗਰਾਫੀ/ਸ੍ਵੈ ਜੀਵਨੀ ਮੰਗੀ। ਬੁੱਕ ਸੈਲਰ ਨੇ ਇਕ ਅੰਗਰੇਜ਼ੀ ਦੀ ਪੁਸਤਕ ਮੈਨੂੰ ਦਿੱਤੀ ਜਿਸ ਦਾ ਨਾਂ “ਫਰੈਂਡਸ ਨਾਟ ਮਾਸਟਰਜ਼” ਸੀ, ਮੇਰੇ ਅੱਗੇ ਰੱਖੀ ਤੇ ਮੈਂ ਉਸ ਕਿਤਾਬ ਦੇ ਵਰਕੇ ਫੋਲਣੇ ਸ਼ੁਰੂ ‘ ਕੀਤੇ ਜਿਸ ਵਿੱਚੋਂ ਮੈਨੂੰ ਸਰਦਾਰ ਮੇਹਰਬਾਨ ਸਿੰਘ ਜੀ ਵੱਲੋਂ ਦਿੱਤੀ ਜਾਣਕਾਰੀ ਮਿਲ ਗਈ। ਪ੍ਰਿੰਸੀਪਲ ਸਤਿਬੀਰ ਸਿੰਘ ਹੁਰਾਂ ਨੇ ਵੀ ਇੱਕ ਥਾਂ ’ਤੇ ਆਪਣੀ ਕਿਸੇ ਕਿਤਾਬ ਵਿਚ ਜਨਾਬ ਆਯੂਬ ਖਾਂ ਦੀ ਇਸ ਜੀਵਨ ਘਟਨਾ ਦਾ ਵਰਣਨ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਉਸ ਸਮੇਂ ਮੀਤ ਸਕੱਤਰ ਸ. ਹਰਮਹਿੰਦਰ ਸਿੰਘ ਜੀ ਵੱਲੋਂ ਪ੍ਰਕਾਸ਼ਿਤ ਕਿਤਾਬ ‘ਪਾਕਿਸਤਾਨ ਪ੍ਰਧਾਨ ਆਯੂਬ ਖਾਂ ਉੱਤੇ ਮੂਲ਼-ਮੰਤਰ ਦਾ ਜਾਦੂ ਅਤੇ ਹੋਰ ਹੱਡ-ਬੀਤੇ ਚਮਤਕਾਰ’ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਈ ਹੈ, ਜਿਸਦਾ ਪੁਸਤਕ-ਕ੍ਰਮ ੮੩੨੮ ਹੈ। ਇਸ ਵਿਚ ਹੋਰ ਵੀ ਮਹਾਨ ਸ਼ਖ਼ਸੀਅਤਾਂ ਦੀਆਂ ਮੂਲ-ਮੰਤਰ ਦੀ ਸ਼ਕਤੀ ਬਾਰੇ ਆਪਣੀਆਂ ਹੱਡ-ਬੀਤੀਆਂ ਦਾ ਵਰਣਨ ਕੀਤਾ ਗਿਆ ਹੈ। ਜਨਾਬ ਆਯੂਬ ਖਾਂ ਦੇ ਲੇਖ ਦੇ ਲਿਖਾਰੀ ਡਾਕਟਰ ਅਨੋਖ ਸਿੰਘ ਬਠਿੰਡਾ ਵਾਲੇ ਹਨ। ਕਿਤਾਬ ਦੇ ਪੰਨਾ ੪-੫ ਉੱਤੇ ਇਹ ਜਾਣਕਾਰੀ ਦਿੱਤੀ ਗਈ ਹੈ। ਅਸਲ ਵਿਚ ਸ. ਹਰਮਹਿੰਦਰ ਸਿੰਘ ਇਸ ਦੇ ਸੰਪਾਦਕ ਹਨ। ਇਸ ਪੁਸਤਕ ਵਿਚ ਮੂਲ-ਮੰਤਰ ਦੀ ਸ਼ਕਤੀ ਸੰਬੰਧੀ ਪੜ੍ਹ ਕੇ ਹਰ ਸਿੱਖ ਦੇ ਹਿਰਦੇ ਵਿਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ। ਮੈਂ (ਲੇਖਕ ਮੋਹਨ ਸਿੰਘ ਉਰਲਾਣਾ ਨੇ) ਇਸ ਨੂੰ ਸਪੱਸ਼ਟ ਤੇ ਰੌਚਿਕ ਕਰਨ ਲਈ ਮੂਲ ਪਾਠ ਨੂੰ ਕੁਝ ਕੁ ਬਦਲ ਕੇ ਤੇ ਨਿਖੇੜ ਕੇ ਵਿਸਥਾਰ ਵਿਚ ਵਰਣਨ ਕੀਤਾ ਹੈ।
