122 views 6 secs 0 comments

ਅੰਮ੍ਰਿਤ ਵੇਲਾ

ਲੇਖ
February 20, 2025

-ਗਿ. ਭਗਤ ਸਿੰਘ

੧. ਜਿਸ ਵਕਤ ਜੀਵ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲਗਾ ਕੇ ਤੇ ਸੱਚਾ ਅਨੰਦ ਪ੍ਰਾਪਤ ਕਰ ਲੈਂਦਾ, ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਉਸ ਵਕਤ ਦਾ ਨਾਮ ਅੰਮ੍ਰਿਤ ਵੇਲਾ ਹੈ।
੨. ਮਾਨਸ ਜਨਮ ਵੀ ਅੰਮ੍ਰਿਤ ਵੇਲਾ ਹੀ ਕਿਹਾ ਜਾਂਦਾ ਹੈ।
੩. ਜਿਸ ਵਕਤ ਪਰਮਾਤਮਾ ਦਾ ਨਾਮ ਜਪਿਆ ਜਾਵੇ ਉਸ ਵਕਤ ਦਾ ਨਾਮ ਵੀ ਅੰਮ੍ਰਿਤ ਵੇਲਾ ਹੈ, ਕਿਉਂਕਿ ਉਸ ਵਕਤ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ।
੪. ਸਵੇਰ ਦੇ ਵਕਤ ਨੂੰ ਵੀ ਅੰਮ੍ਰਿਤ ਵੇਲਾ ਆਖਦੇ ਹਨ।

ਪਹੁ ਫੁਟਣ ਤੋਂ ਪਹਿਲਾਂ ਰਾਤ ਦਾ ਪਿਛਲਾ ਹਿੱਸਾ ਜਿਸ ਵਿਚ ਸ਼ੋਰ ਸ਼ਰਾਬਾ ਨਹੀਂ ਹੁੰਦਾ (ਔਰ ਮੇਹਦਾ ਸਾਫ ਹੋਣ ਕਰ ਕੇ ਬੁਧਿ ਬ੍ਰਿਤਿ ਨਿਰਮਲ ਹੁੰਦੀ ਹੈ। ਓਸ ਸਮੇਂ ਜਾਗ ਕੇ ਇਸ਼ਨਾਨ ਕਰਨਾ, ਅਤੇ ਪਰਮ ਪਿਤਾ ਵਾਹਿਗੁਰੂ ਦੇ ਚਰਨਾਂ ਨਾਲ ਲਿਵ ਲਗਾਉਨੀ) ਇਹੋ ਹੀ ਅੰਮ੍ਰਿਤ ਵੇਲਾ ਹੈ, ਤੇ ਸਿੱਖ ਧਰਮ ਵਿਚ ਇਸ ਵੇਲੇ ਜਾਗਣ ਦਾ ਜ਼ਰੂਰੀ ਹੁਕਮ ਹੈ।

ਜੀ ਹਾਂ ਜੀ ! ਨਿਰਾ ਜਾਗਣਾ ਹੀ ਨਹੀਂ, ਉਂਞ ਤਾਂ ਸਾਰੀ ਦੁਨੀਆਂ ਜਾਗਦੀ ਹੈ ਪਰ ਗੁਰੂ ਜੀ ਜਾਗਣ ਲਈ ਇਹ ਹੁਕਮ ਦੇਂਦੇ ਹਨ-
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ॥
(ਮਾਰੂ ਅਸਟਪਦੀਆ ਮ: ੪ ਪੰਨਾ ੧੦੧੮)

ਜਾਗਣ ਵਿਚੋਂ ਐਸਾ ਜਾਗਣਾ ਉਤਮ ਹੈ, ਜੋ ਜਾਗ ਕੇ ਹਰੀ ਜਸ ਕਰਨਾ ਹੈ, ਜੋ ਪੁਰਸ਼ ਇਸ ਵਕਤ (ਪਿਛਲੀ ਰਾਤ) ਜਾਗਦਾ ਨਹੀਂ ਹੈ, ਉਸ ਵਾਸਤੇ ਫਰੀਦ ਜੀ ਹੁਕਮ ਦੇਂਦੇ ਹਨ-
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥
(ਸਲੋਕ ਸੇਖ ਫਰੀਦ ਜੀ, ਪੰਨਾ ੧੩੮੩)

ਫਰੀਦ ਜੀ ਕਹਿੰਦੇ ਹਨ ਜੋ ਅੰਮ੍ਰਿਤ ਵੇਲੇ ਨਹੀਂ ਜਾਗਦਾ ਉਹ ਜੀਂਵਦਾ ਹੀ ਮਰ ਗਿਆ ਹੈ, ਕਿਉਂਕਿ ਉਸ ਨੇ ਜੀਵਨ ਪਦਵੀ ਦੇਣ ਵਾਲੀ ਕਣੀ ਆਪਣੇ ਅੰਦਰ ਪੈਦਾ ਹੀ ਨਹੀਂ ਕੀਤੀ, ਇਸ ਵਾਸਤੇ ਜੀਂਵਦਾ ਹੀ ਮੁਰਦੇ ਦੇ ਤੁਲ ਤੇ ਅਪ੍ਰਵਾਨ ਹੈ। ਜੈਸੇ ਤੇ ਜੀ ਦੱਸਦੇ ਹਨ:
ਅਤਿ ਸੁੰਦਰ ਕੁਲੀਨ ਚਤਰ ਮੁਖਿ ਙਿਆਨੀ ਧਨਵੰਤ॥

ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥ (ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੩)

ਸੋ ਜੇਹੜੇ ਪੁਰਸ਼ ਆਲਸ ਨੂੰ ਛੱਡ ਕੇ ਤੇ ਇਸ ਗੁਰੂ ਜੀ ਦੇ ਵਾਕ ਨੂੰ ਸੁਣ ਕੇ:-
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ॥

ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ॥

ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ॥

ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ॥

ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ॥ (ਵਾਰ ਸੋਰਠਿ ਮ: ੩ ਪੰਨਾ ੬੫੧)

ਅੰਮ੍ਰਿਤ ਵੇਲੇ ਉਠਦੇ ਹਨ ਤੇ ਸਤਿਗੁਰੂ ਜੀ ਦੇ ਇਸ ਹੁਕਮ ਅਨੁਸਾਰ ਆਪਣੇ ਕੰਮ ਨੂੰ ਸ਼ੁਰੂ ਕਰਦੇ ਹਨ ਯਥਾ-
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ॥ (ਸੋਰਠਿ ਮ: ੫ ਪੰਨਾ ੬੧੧)

ਇਸ਼ਨਾਨ ਕਰ ਕੇ ਆਪਣੇ ਮਨ ਨੂੰ ਗੁਰੂ ਨਿਰੰਕਾਰ ਦੇ ਚਰਨਾਂ ਵਿਚ ਲਗਾ ਦੇਂਦੇ ਹਨ ਤੇ ਚਰਨਾਂ ਦੇ ਨਾਲ ਭਵਰ ਰੂਪ ਹੋ ਕੇ ਲਪਟੇ ਰਹਿੰਦੇ ਹਨ। ਐਸੇ ਜੀਵਾਂ ਦੇ ਕਰੋੜਾਂ ਪਾਪ ਦੂਰ ਹੋ ਗਏ ਹਨ, ਤੇ ਉਨ੍ਹਾਂ ਦੇ ਭਲੇ ਸੰਜੋਗ ਪਰਮਾਤਮਾ ਨਾਲ ਪ੍ਰਗਟ ਹੋਏ ਹਨ।

ਸੋ ਉਹਨਾਂ ਮਹਾਂ ਪੁਰਸ਼ਾਂ ਨੇ ਆਪਣੇ ਜਨਮ ਨੂੰ ਸਵਾਰ ਲਿਆ ਹੈ, ਤੇ ਗੁਰੂ ਜੀ ਦੇ ਇਨ੍ਹਾਂ ਹੁਕਮਾਂ ਨੂੰ ਪੂਰਾ ਕੀਤਾ ਹੈ। ਯਥਾ-
– ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ (ਜਪੁਜੀ ਸਾਹਿਬ ਪੰਨਾ ੨)
– ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥
ਕਾਰਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ॥ (ਗਉੜੀ ਬਾਵਨ ਅਖਰੀ ਮ: ੫ ਪੰਨਾ ੨੫੫)
– ਪ੍ਰਾਤਹ ਕਾਲ ਹਰਿ ਨਾਮੁ ਉਚਾਰੀ॥
ਈਤ ਊਤ ਕੀ ਓਟ ਸਵਾਰੀ॥੧॥
ਸਦਾ ਸਦਾ ਜਪੀਐ ਹਰਿ ਨਾਮ॥
ਪੂਰਨ ਹੋਵਹਿ ਮਨ ਕੇ ਕਾਮ॥੧॥ ਰਹਾਉ॥
ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ॥
ਜੀਵਤ ਮਰਤ ਨਿਹਚਲੁ ਪਾਵਹਿ ਥਾਉ॥੨॥
ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ॥
ਖਾਤ ਖਰਚਤ ਸੁਖਿ ਅਨਦ ਵਿਹਾਵੈ॥੩॥
ਜਗ ਜੀਵਨ ਪੁਰਖੁ ਸਾਧ ਸੰਗਿ ਪਾਇਆ॥
ਗੁਰਪ੍ਰਸਾਦਿ ਨਾਨਕ ਨਾਮੁ ਧਿਆਇਆ॥੪॥ ਸੂਹੀ ਮ:੫ ਪੰ:੭੪੩
– ਉਠਿ ਇਸਨਾਨ ਕਰਹੁ ਪਰਭਾਤੇ ਸੋਏ ਹਰਿ ਆਰਾਧੇ॥
ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ॥ (ਬਸੰਤ ਮ: ੫ ਪੰਨਾ ੧੧੮੫)
ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ॥
ਜੋ ਜਾਗੰਨ ਲਹੰਨਿ ਸੇ ਸਾਈ ਕੰਨੋ ਦਾਤਿ॥ ੧੧੨॥ (ਸਲੋਕ ਸੇਖ ਫਰੀਦ ਜੀ ਪੰ: ੧੩੮੪)

ਉਪਰ ਲਿਖੇ ਗੁਰੂ ਜੀ ਦੇ ਹੁਕਮਾਂ ਨੂੰ ਮੰਨਦੇ ਹੋਏ ਸਦਾ ਹੀ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰ ਕੇ ਨਾਮ ਜਪਣ ਲਈ ਤਤਪਰ ਹੁੰਦੇ ਹਨ। ਇਸੇ ਅੰਮ੍ਰਿਤ ਵੇਲੇ ਨੇ ਹੀ ਭਗਤ ਕਬੀਰ ਜੀ ਨੂੰ ਤਾਰ ਦਿੱਤਾ ਜੇ ਅੰਮ੍ਰਿਤ ਵੇਲੇ ਨਾ ਉਠਦੇ ਤਾਂ ਸ੍ਰੀ ਰਾਮਾਨੰਦ ਜੀ ਇਹਨਾਂ ਨੂੰ ਕਿਸ ਤਰ੍ਹਾਂ ਉਪਦੇਸ਼ ਕਰਦੇ? ਇਹਨਾਂ ਦੇ ਉਪਦੇਸ਼ ਬਾਬਤ ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਐਉਂ ਲਿਖਦੇ ਹਨ-
ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾ ਨੰਦ ਗੁਸਾਈਂ॥
ਅੰਮ੍ਰਿਤ ਵੇਲੇ ਉਠ ਕੇ ਜਾਂਦਾ ਗੰਗਾ ਨਾਵਣ ਤਾਈਂ॥
ਅਗੋਂ ਹੀ ਦੇ ਜਾਇ ਕੇ ਲੰਮਾ ਪਿਆ ਕਬੀਰ ਤਿਥਾਈਂ॥
ਪੈਰੀਂ ਟੁੰਬ ਉਠਾਲਿਆ ਬੋਲਹੁ ਰਾਮ ਸਿੱਖ ਸਮਝਾਈ॥ (ਵਾਰ ੧੦ ਪਉੜੀ ੧੫)

ਸੋ ਇਸ ਪ੍ਰਕਾਰ ਸ੍ਰੀ ਰਾਮਾ ਨੰਦ ਜੀ ਨੇ ਸ੍ਰੀ ਕਬੀਰ ਸਾਹਿਬ ਜੀ ਨੂੰ ਉਪਦੇਸ਼ ਦਿੱਤਾ। ਕਬੀਰ ਸਾਹਿਬ ਜੀ ਨੇ ਇਤਨਾ ਹੀ ਉਪਦੇਸ਼ ਸੁਣ ਕੇ ਧਾਰਨ ਕਰ ਲਿਆ। ਰਾਤ ਦਿਨੇ ਨਾਮ ਜਪਣ ਲਈ ਤਤਪਰ ਹੋਏ ਤੇ ਬੜੀ ਉਚ ਪਦਵੀ ਨੂੰ ਪ੍ਰਾਪਤ ਕੀਤਾ।

ਅੱਜ ਕਲ੍ਹ ਤੋਂ ਪਹਿਲੇ ਜ਼ਮਾਨੇ ਵਿਚ ਵੱਡੇ ਵੱਡੇ ਰਾਜੇ ਦੁਨੀਆਂ ਵਿਚ ਹੋਏ, ਪਰੰਤੂ ਉਹਨਾਂ ਦਾ ਨਾਮ ਤਕ ਕੋਈ ਨਹੀਂ ਜਾਣਦਾ। ਪਰ ਭਗਤ ਕਬੀਰ ਸਾਹਿਬ ਜੀ ਦਾ ਨਾਉਂ ਕੁਲ ਦੁਨੀਆਂ ‘ਤੇ ਪਰਗਟ ਅਤੇ ਅਟੱਲ ਹੈ। ਸੋ ਇਹ ਸਭ ਅੰਮ੍ਰਿਤ ਵੇਲੇ ਦੀ ਹੀ ਕਿਰਪਾ ਹੈ, ਜੈਸੇ ਗੁਰੂ ਜੀ ਬਾਣੀ ਦਵਾਰਾ ਦੱਸਦੇ ਹਨ:-
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਨ ਭਗਤੁ ਖਾਇ ਖਰਚਿ ਰਹੇ ਨਿਖੁਟੈ ਨਾਹੀ॥
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ॥ (ਸੂਹੀ ਮ: ੪ ਪੰ: ੭੩੪)

ਸੋ ਅੰਮ੍ਰਿਤ ਵੇਲੇ ਨਾਮ ਜਪਣ ਦਾ ਸੱਚਾ ਵਕਤ ਹੁੰਦਾ ਹੈ, ਇਸੀ ਵਾਸਤੇ ਜੀਵ ਨੂੰ ਚਾਹੀਏ, ਕਿ ਅੰਮ੍ਰਿਤ ਵੇਲੇ ਉਠ ਕੇ ਬੰਦਗੀ ਕਰੇ, ਕਿਉਂਕਿ ਮਾਨਸ ਜਨਮ ਵਿਚ ਸੱਚਾ ਲਾਭ ਭੀ ਇਹੋ ਹੈ, ਨਾਲੇ ਦੁਨਿਆਵੀ ਕੰਮਾਂ ਲਈ ਵੀ ਇਹ ਵਕਤ ਚੰਗਾ ਹੈ।

ਇਸ ਵਕਤ ਉਠਿਆਂ ਹੋਇਆਂ ਸਭ ਕੰਮ ਅਛੀ ਤਰ੍ਹਾਂ ਸਵਾਰ ਲਈਦੇ ਹਨ, ਪਰੰਤੂ ਮਾਨਸ ਜਨਮ ਦੀ ਸਫਲਤਾ ਲਈ ਜਾਗਣਾ (ਚਾਹੇ ਕੰਮ ਕਰਦਾ ਹੋਵੇ ਕੰਮ ਵਿਚ ਲਗਾ ਵੀ ਸਿਮਰਨ ਕਰੀ ਜਾਵੇ) ਇਹੋ ਹੀ ਭਲਾ ਹੈ ਕਿ ਉਠ ਕੇ ਭਜਨ ਬੰਦਗੀ ਕਰੇ ਤੇ ਅੰਮ੍ਰਿਤ ਵੇਲਾ (ਮਾਨਸ ਜਨਮ) ਸਫਲ ਕਰੇ।

ਕਬਿਤ
ਉਠ ਕੇ ਝਲਘੇ ਸਦਾ ਸੋਚ ਇਸ਼ਨਾਨ ਕਰ,
ਲਾਇਕੇ ਬਿਰਤਿ ਹਰਿ ਨਾਮੁ ਮਨੁ ਗਾਵਣਾ॥
ਗਾਵਣਾ ਪ੍ਰੇਮ ਨਾਲ ਫੇਰ ਗੁਰਬਾਣੀ ਤਾਈ,
ਹਰਿ ਹਰਿ ਨਾਮੁ ਮਨ ਸਦਾ ਹੀ ਧਿਆਵਣਾ।
ਜਾਇ ਗੁਰਦੁਵਾਰੇ ਮਾਂਹਿ ਸੁਨਣਾ ਸੁਜੱਸ ਹਰਿ,
ਹਥੀਂ ਕਾਰ ਕਰ ਸਦਾ ਵੰਡ ਕੇ ਛਕਾਵਣਾ।
ਗੁਰ ਸਿਖਾਂ ਵਾਂਗੂੰ ਸਦਾ ਉਠਣਾ ਸਵੇਰ ਭਾਈ,
ਅੰਮ੍ਰਿਤ ਵੇਲਾ, ‘ਭਗਤ’ ਸਫਲਾ ਕਰਾਵਣਾ।