111 views 6 secs 0 comments

ਸਿਰੋਪਾ

ਲੇਖ
February 20, 2025

-ਗਿ. ਸੰਤੋਖ ਸਿੰਘ ਆਸਟ੍ਰੇਲੀਆ

ਸਿਰੋਪਾ ਜਾਂ ਸਿਰੋਪਾਉ ਦਾ ਸ਼ਬਦੀ ਅਰਥ ਹੈ ਸਿਰ ਤੋਂ ਲੈ ਕੇ ਪੈਰਾਂ ਤਕ ਪਰਦਾ ਕੱਜਣ ਵਾਲਾ ਬਸਤਰ। ਗੁਰੂ ਜੀ ਦੀ ਬਖ਼ਸ਼ਸ਼ ਦਾ ਸਦਕਾ ਗੁਰੂ ਦੇ ਸਿੱਖਾਂ ਦੇ ਪਰਦੇ ਗੁਰੂ ਆਪ ਕੱਜਦਾ ਹੈ। ਹੁਕਮ ਵੀ ਹੈ:
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ੫੨੦)

ਗੁਰੂ-ਘਰ ਵੱਲੋਂ ਕਿਸੇ ਵਿਅਕਤੀ ਦੀ ਸੇਵਾ ਦੀ ਪ੍ਰਸੰਸਾ ਵਜੋਂ ਉਸ ਨੂੰ ਸਿਰੋਪੇ ਦੀ ਬਖ਼ਸ਼ਿਸ਼ ਕੀਤੀ ਜਾਂਦੀ ਹੈ। ਅੱਜ-ਕਲ੍ਹ ਆਮ ਤੌਰ ‘ਤੇ ਗਲ ਵਿਚ ਪਾਉਣ ਵਾਲੇ ਬਸੰਤੀ ਰੰਗ ਦੇ ਹਜੂਰੀਏ ਦੇ ਰੂਪ ਵਿਚ ਜਾਂ ਲੋਈ, ਪੁਸਤਕਾਂ ਆਦਿ ਦੇ ਰੂਪ ਵਿਚ, ਗੁਰਦੁਆਰਾ ਸਾਹਿਬ ਵਿਖੇ ਮਹਾਰਾਜ ਦੀ ਹਜ਼ੂਰੀ ਵਿਚ, ਸੰਗਤ ਦੇ ਸਨਮੁਖ, ਗੁਰੂ-ਘਰ ਦੇ ਸੇਵਾਦਾਰਾਂ ਵੱਲੋਂ ਬਖਸ਼ਿਆ ਜਾਂਦਾ ਹੈ। ਬਖ਼ਸ਼ਿਆ ਵੀ ਉਸ ਸੱਜਣ ਨੂੰ ਜਾਂਦਾ ਹੈ ਜਿਸ ਨੇ ਕੋਈ ਧਰਮ ਲਈ, ਮਨੁੱਖਤਾ ਦੀ ਸੇਵਾ ਜਾਂ ਗੁਰੂ-ਘਰ ਦੀ ਕੋਈ ਉਚੇਚੀ ਵਰਣਨਯੋਗ ਸੇਵਾ ਕੀਤੀ ਹੋਵੇ। ਇਸ ‘ਬਖ਼ਸ਼ਿਸ਼’ ਨੂੰ ਕਿਸੇ ਕਿਸਮ ਦੇ ਆਰਥਿਕਤਾ ਦੇ ਪੱਖ ਤੋਂ ਨਹੀਂ ਬਲਕਿ ਸਨਮਾਨ ‘ਬਖ਼ਸ਼ੀਸ਼’ ਵਜੋਂ ਬਖ਼ਸ਼ਿਆ ਅਤੇ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਪ੍ਰਾਪਤ ਕਰਨ ਦਾ ਕੋਈ ਦਾਅਵੇਦਾਰ ਨਹੀਂ ਬਣ ਸਕਦਾ ਬਲਕਿ ਇਸ ਦੀ, ਸਤਿਗੁਰੂ ਜੀ ਦੀ ਮੇਹਰ ਸਦਕਾ, ਗੁਰੂ-ਘਰ ਵੱਲੋਂ ਬਖ਼ਸ਼ਿਸ਼ ਦੇ ਰੂਪ ਵਿਚ ਹੀ ਪ੍ਰਾਪਤੀ ਹੁੰਦੀ ਹੈ। ਇਹ ਇਕ ਚਿੰਨ੍ਹਾਤਮਿਕ ਸਨਮਾਨ ਹੈ ਉਸ ਵਿਅਕਤੀ ਵੱਲੋਂ ਕੀਤੀ ਗਈ ਸੇਵਾ ਨੂੰ ਸਵੀਕਾਰਨ ਦਾ।

ਮੇਰੀ ਇਨ੍ਹਾਂ ਸੰਖੇਪ ਸ਼ਬਦਾਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਗ੍ਰੰਥੀ ਸਿੰਘਾਂ, ਮੀਡੀਆ ਵਾਲਿਆਂ ਅਤੇ ਹੋਰ ਸਰਬੱਤ ਸੰਬੰਧਤ ਸੱਜਣਾਂ ਦੀ ਸੇਵਾ ਵਿਚ, ਨਿਮਰਤਾ ਸਹਿਤ ਬੇਨਤੀ ਹੈ ਕਿ ਉਹ “ਸਿਰੋਪਾ ਭੇਟ ਕੀਤਾ ਗਿਆ” ਆਖਣ ਦੀ ਬਜਾਏ “ਸਿਰੋਪਾ ਬਖ਼ਸ਼ਿਸ਼ ਕੀਤਾ ਗਿਆ” ਕਿਹਾ ਕਰਨ; ਕਿਉਂਕਿ ਭੇਟਾ ਹਮੇਸ਼ਾਂ ਛੋਟੇ ਵੱਲੋਂ ਵੱਡੇ ਨੂੰ ਦਿੱਤੀ ਜਾਂਦੀ ਹੈ ਜਦੋਂ ਕਿ ਸਿਰੋਪਾ, ਮਾਣ ਵਧਾਉਣ ਵਾਸਤੇ ਹਮੇਸ਼ਾਂ ਵੱਡੇ ਵੱਲੋਂ ਛੋਟੇ ਨੂੰ, ਬਖ਼ਸ਼ਿਸ਼ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਸੋ ਜਦੋਂ ਸਤਿਗੁਰੂ ਜੀ ਦੇ ਦਰ ਤੋਂ ਕਿਸੇ ਦੇ ਗੁਰੂ ਕੇ ਲਾਲ ਨੂੰ, ਉਸਦੀ ਸੇਵਾ ‘ਤੇ ਪ੍ਰਸੰਨ ਹੋ ਕੇ ਸਿਰੋਪੇ ਦੀ ਬਖ਼ਸ਼ਿਸ਼ ਕੀਤੀ ਜਾਂਦੀ ਹੈ ਤਾਂ ਅਸੀਂ “ਸਿਰੋਪਾ ਭੇਟ ਕੀਤਾ ਗਿਆ” ਬੋਲ ਕੇ ਜਾਂ ਲਿਖ ਕੇ, ਸਤਿਗੁਰੂ ਜੀ ਦੇ ਸਨਮਾਨ ਨੂੰ ਘਟਾਉਣ ਦੀ ਭੁੱਲ ਕਰ ਰਹੇ ਹੁੰਦੇ ਹਾਂ।

ਇਹ ਵੱਖਰੀ ਗੱਲ ਹੈ ਕਿ ਇਹਨੀਂ ਦਿਨੀਂ ਸਿਰੋਪੇ ਦੀ ਏਨੀ ਬੇਕਦਰੀ ਹੋ ਗਈ ਹੈ ਕਿ ਜਦੋਂ ਕਿਸੇ ਗੁਰਦੁਆਰਾ ਸਾਹਿਬ ਤੋਂ ਰਾਗੀ ਜਥੇ ਨੂੰ ਵਿਦਾਇਗੀ ਵਿਚ ਸਿਰੋਪਾ ਦਿੱਤਾ ਜਾਂਦਾ ਹੈ ਤਾਂ ਕੁਝ ਸੱਜਣ ਜਿਸ ਕਮਰੇ ਵਿਚ ਰਹਿ ਰਹੇ ਹੁੰਦੇ ਹਨ, ਓਥੋਂ ਜਾਣ ਸਮੇਂ ਓਥੇ ਹੀ ਸਿਰੋਪੇ ਵੀ ਛੱਡ ਜਾਂਦੇ ਹਨ ਜਿੱਥੇ ਉਹ ਆਪਣੇ ਪੁਰਾਣੇ ਕੱਪੜੇ, ਵਾਹ ਕੇ ਸੁੱਟੇ ਹੋਏ ਕੇਸ, ਜੂਠੇ ਭਾਂਡੇ ਆਦਿ ਛੱਡ ਜਾਂਦੇ ਹਨ। ਇਨ੍ਹਾਂ ਗੱਲਾਂ ਵੱਲ ਸਾਨੂੰ ਖਾਸ ਧਿਆਨ ਦੀ ਲੋੜ ਹੈ।

ਸਿਰੋਪਾ ਕਿਸੇ ਗੁਰਸਿੱਖ ਦੀ ਖ਼ਾਸ ਸੇਵਾ ਤੋਂ ਪ੍ਰਭਾਵਿਤ ਹੋ ਕੇ, ਗੁਰੂ-ਘਰਾਂ ਦੇ ਪ੍ਰਬੰਧਕ ਬਖ਼ਸ਼ਿਆ ਕਰਦੇ ਸਨ ਪਰ ਹੁਣ ਤਾਂ ਇਹ ਗੱਲ ਏਨੀ ਆਮ ਹੋ ਗਈ ਹੈ ਕਿ ਕਿਸੇ ਨੂੰ ਇਸਦੀ ਕਦਰ ਹੀ ਨਹੀਂ ਰਹੀ। ਰਹੇ ਵੀ ਕਿਵੇਂ ਜਦੋਂ ਕਿ ਹਰੇਕ ਜਣਾ ਖਣਾ ਉਠ ਕੇ ਹਰੇਕ ਜਣੇ ਖਣੇ ਨੂੰ ਸਿਰੋਪਾ ‘ਭੇਟ’ ਕਰਨ ਲੱਗ ਪਿਆ ਹੈ। ਏਥੋਂ ਤਕ ਕਿ ਕਿਸੇ ਰਾਜਨੀਤਕ ਪਾਰਟੀ ਦੀ ਆ ਰਹੀ ਚੋਣ ਵਿਚ ਹਾਰ ਜਾਣ ਦੀ ਅਵਾਈ ਨਾਲ ਹੀ, ਸਾਲਾਂ-ਬੱਧੀ ਉਸ ਪਾਰਟੀ ਦਾ ਖੱਟਿਆ ਖਾਣ ਵਾਲ਼ਾ, ਉਸ ਪਾਰਟੀ ਨਾਲ਼ ਗ਼ਦਾਰੀ ਕਰਕੇ, ਜਦੋਂ ਜੇਤੂ ਹੋ ਰਹੀ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਉਸਦੀ ਗ਼ਦਾਰੀ ਨੂੰ ਪ੍ਰਮਾਣਤ ਕਰਨ ਲਈ, ਉਸ ਨੂੰ ਜਨਤਕ ਤੌਰ ‘ਤੇ ਸਿਰੋਪਾ ‘ਭੇਟ’ ਕਰਨ ਦਾ ਡਰਾਮਾ ਕਰਨ ਦਾ ਰਿਵਾਜ ਵੀ ਹੁਣ ਆਮ ਹੀ ਦਿਸਣ ਲੱਗ ਪਿਆ ਹੈ। ਕਿਤੇ ਅਜਿਹਾ ਨਾ ਹੋਵੇ ਕਿ ਇਹ ਮਹਾਨ ਰਸਮ ਵੀ ਕੇਵਲ ਇਕ ਦਿਖਾਵਾ ਹੀ ਬਣ ਕੇ ਰਹਿ ਜਾਵੇ! ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿਚ ਸਾਖੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਪ੍ਰਸੰਨ ਹੋ ਕੇ ਬਾਬਾ ਬੁੱਢਾ ਜੀ ਨੂੰ ‘ਭਾਈ’ ਪਦ ਬਖ਼ਸ਼ਿਆ:
ਭਾਈ ਪਦ ਬਖ਼ਸ਼ਨ ਕਰਿਉ ਸੁਨਤ ਸਿੱਖ ਸਮੁਦਾਇ॥ (ਸ੍ਰੀ ਗੁਰੂ ਨਾਨਕ ਪ੍ਰਕਾਸ਼)

ਫੇਰ ਜਦੋਂ ਢੋਲਕੀ ਵਾਲ਼ਾ ਭਾਈ, ਚਿਮਟੇ ਵਾਲਾ ਭਾਈ, ਰੇਹੜੀ ਵਾਲ਼ਾ ਭਾਈ, ਮਰੂੰਡੇ ਵਾਲਾ ਭਾਈ, ਵਾਜੇ ਵਾਲ਼ਾ ਭਾਈ, ਗੱਲ ਕੀ ਹਰੇਕ ਬੰਦੇ ਨੂੰ ਤ੍ਰਿਸਕਾਰਤ ਢੰਗ ਨਾਲ਼, ਭਾਈ ਆਖ ਕੇ ਸੰਬੋਧਨ ਕਰਨ ਦਾ ਰਿਵਾਜ ਹੋ ਗਿਆ ਤਾਂ ਲੋਕ ਭਾਈ ਅਖਵਾਉਣੋ ਆਨਾ ਕਾਨੀ ਕਰਨ ਲੱਗ ਪਏ। ਏਹੋ ਹਾਲ ‘ਗਿਆਨੀ’ ਪਦ ਦਾ ਹੋਇਆ, ਜਦੋਂ ਕਿਸੇ ਨੌਜਵਾਨ ਸਿੱਖ ਨੂੰ ਉਸਦੇ ਸਾਥੀ ਟਾਂਚ ਵਜੋਂ ‘ਓਇ ਗਿਆਨੀ’ ਆਖ ਕੇ ਸੰਬੋਧਨ ਕਰਨ ਲੱਗ ਪਏ ਜੋ ਕਿ ਦਾਹੜੀ ਨਹੀਂ ਸੀ ਤਰਾਸ਼ਿਆ ਕਰਦਾ। ਉੱਤਰ ਵਿਚ ਅੱਗੋਂ ਉਹ ਕੁਝ ਗੁੱਸੇ ਤੇ ਰੋਸੇ ਜਿਹੇ ਵਿਚ ਇਉਂ ਆਖਿਆ ਕਰਦਾ ਸੀ, “ਤੈਂ ਮੇਰਾ ਕੀ ਗਿਆਨੀ ਵੇਖਿਆ ਓਇ!” ਕੁਝ ਸਮਾਂ ਹੋਇਆ ਏਥੇ ਇਕ ਪੜ੍ਹੇ ਲਿਖੇ ਸੱਜਣ ਨੂੰ, ਜੋ ਕਿ ਖੁਸ਼ਕਿਸਮਤੀ ਨਾਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰ ਲੈਂਦਾ ਹੈ, ਨੂੰ ਗੁਰਦੁਆਰਾ ਕਮੇਟੀ ਦੇ ਇਕ ਆਗੂ ਨੇ ‘ਗਿਆਨੀ ਜੀ’ ਆਖ ਕੇ ਸੰਬੋਧਨ ਕਰ ਲਿਆ ਜਿਸ ਦਾ ਕਿ ਉਸ ਵਿਦਵਾਨ ਸੱਜਣ ਨੇ ਬੜਾ ਬੁਰਾ ਮਨਾਇਆ। ਏਹੋ ਹਾਲ ਮੈਨੂੰ ‘ਸੰਤ’ ਤੇ ‘ਬਾਬਾ’ ਪਦ ਦਾ ਹੋ ਜਾਣ ਦੇ ਅਮਕਾਨ ਵੀ ਭਾਸਦੇ ਹਨ। ਕਿੱਥੇ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਤੇ ਕਿੱਥੇ ਅੱਜ ਦਾ ਹਰੇਕ ਡੇਰੇਦਾਰ ਸਾਧ, ਮੰਗਤਾ ‘ਬਾਬਾ’ ਬਣ ਗਿਆ ਹੈ। ਮੈਨੂੰ ਡਰ ਹੈ ਕਿ ਕਿਤੇ ਗੁਰੂ ਜੀ ਦੇ ਦੁਆਰੇ ਤੋਂ ਪ੍ਰਾਪਤ ਹੋਣ ਵਾਲ਼ੇ ਇਸ ਅਤੀ ਮਹਾਨ, ਪਵਿੱਤਰ ਤੇ ਸਤਿਕਾਰ ਸਰੂਪ ਚਿੰਨ੍ਹ, ਸਿਰੋਪੇ ਦਾ ਵੀ ਏਹੀ ਹਾਲ ਨਾ ਹੋ ਜਾਵੇ !