94 views 8 secs 0 comments

…ਸਿਰੁ ਧਰਿ ਤਲੀ ਗਲੀ ਮੇਰੀ ਆਉ

ਲੇਖ
February 20, 2025

ਗੁਰਬਾਣੀ ਵਿਚਾਰ

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੨)

ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਦਰਜ ਇਨ੍ਹਾਂ ਪਾਵਨ-ਸਤਰਾਂ ‘ਚ ਜਗਿਆਸੂ ਮਨੁੱਖ ਨੂੰ ਪੂਰਨ ਸਮਰਪਣ ਸਹਿਤ ਪ੍ਰੇਮਾ-ਭਗਤੀ ਦੇ ਰਾਹ ’ਤੇ ਤੁਰਨ ਤੇ ਅਮਲੀ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ ! ਜੇਕਰ ਤੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਂਕ ਰੱਖਦਾ ਹੈ ਤਾਂ ਅਹੰਕਾਰ ਤੇ ਲੋਕ- ਲੱਜਾ ਰੂਪੀ ਆਪਣਾ ਸਿਰ ਹੱਥ ‘ਤੇ ਰੱਖ ਕੇ ਇਸ ਗਲੀ ‘ਚ ਪ੍ਰਵੇਸ਼ ਕਰ। ਇਸ ਰਾਹ ‘ਤੇ ਕਦਮ ਰੱਖਦਿਆਂ ਤੂੰ ਆਪਣਾ ਸਿਰ ਸਤਿਗੁਰੂ ਨੂੰ ਸੌਂਪ ਦੇ। ਤਦ ਹੀ ਤੂੰ ਕਬੂਲ ਹੋ ਸਕਦਾ ਹੈਂ।

ਪਰਮਾਤਮਾ ਦੇ ਭਗਤ ਤੇ ਗੁਰਸਿੱਖ ਲਈ ਅਡੋਲਤਾ, ਪੂਰਨ ਨਿਸਚਾ, ਸਿਦਕ, ਸਮਰਪਣ ਤੇ ਕੁਰਬਾਨੀ ਅਤਿਅੰਤ ਜ਼ਰੂਰੀ ਹਨ। ਇਨ੍ਹਾਂ ਗੁਣਾਂ ਦੇ ਸੰਚਾਰ ਬਿਨਾਂ ਆਪਣੇ ਆਪ ਨੂੰ ਪਰਮਾਤਮਾ ਦਾ ਭਗਤ ਸਮਝਣਾ ਜਾਂ ਗੁਰਸਿੱਖ ਕਹਾਉਣਾ ਠੀਕ ਨਹੀਂ। ਅਸਲ ਸਮੱਸਿਆ ਇਹ ਹੈ ਕਿ ਬਹੁਤੇ ਲੋਕਾਂ ਵੱਲੋਂ ਪਰਮਾਤਮਾ ਦਾ ਪ੍ਰੇਮਾ-ਭਗਤੀ ਦਾ ਮਾਰਗ ਸਹੀ ਰੂਪ ‘ਚ ਸਮਝਿਆ ਹੀ ਨਹੀਂ ਜਾਂਦਾ। ਬਹੁਤੇ ਲੋਕ ਤਾਂ ਦੇਖਾ-ਦੇਖੀ ਜਾਂ ਸ਼ੁਹਰਤ ਤੇ ਸੰਸਾਰਕ ਵਡਿਆਈ ਆਦਿ ਖਾਤਰ ਹੀ ਧਾਰਮਿਕ ਅਸਥਾਨ ‘ਤੇ ਜਾਂਦੇ ਹਨ ਜਾਂ ਧਾਰਮਿਕ ਪੁਸਤਕਾਂ ਦਾ ਪਾਠ ਕਰਦੇ ਹਨ ਤੇ ਆਪਣੇ ਆਪ ਨੂੰ ਸੱਚਾ ਭਗਤ ਜਾਂ ਗੁਰਸਿੱਖ ਸਮਝਣ ਲੱਗ ਪੈਂਦੇ ਹਨ। ਇਹ ਸਮੱਸਿਆ ਉਂਜ ਤਾਂ ਹਰ ਯੁੱਗ ‘ਚ ਰਹੀ ਹੈ ਅਤੇ ਅੱਜ ਵੀ ਹੈ। ਅਸੀਂ ਇਹ ਸਮਝਣ ਤੋਂ ਬਹੁਤ ਦੂਰ ਖੜ੍ਹੇ ਹਾਂ ਕਿ ਗੁਰੂ ਸਾਹਿਬਾਨ ਦੁਆਰਾ ਦ੍ਰਿੜ੍ਹ ਕਰਵਾਇਆ ਪ੍ਰੇਮਾ-ਭਗਤੀ ਦਾ ਮਾਰਗ ਅਸਲ ‘ਚ ਦੁਖੀ ਤੇ ਲੋੜਵੰਦ ਮਨੁੱਖਤਾ ਦੀ ਅਤੇ ਮੁਸੀਬਤਾਂ ਮਾਰੀ ਲੋਕਾਈ ਦੀ ਨਿਸ਼ਕਾਮ ਸੇਵਾ ਹੈ। ਇਹ ਸੇਵਾ ਕਰਦਿਆਂ ਜੇਕਰ ਜਾਨ ਵੀ ਕੁਰਬਾਨ ਕਰਨੀ ਪਵੇ ਤਾਂ ਪਰਮਾਤਮਾ ਦਾ ਸੱਚਾ ਭਗਤ, ਗੁਰੂ ਪ੍ਰਤੀ ਸਮਰਪਿਤ ਗੁਰਸਿੱਖ ਕਦੇ ਵੀ ਝਿਜਕਦਾ ਨਹੀਂ। ਉਹ ਇਹ ਸੇਵਾ ਕਰਦਿਆਂ ਕੋਈ ਅਹਿਸਾਨ ਨਹੀਂ ਕਰਦਾ। ਉਹ ਤਾਂ ਇਸ ਨੂੰ ਆਪਣਾ ਮੂਲ ਫ਼ਰਜ਼ ਸਮਝਦਾ ਹੈ।

ਲੋਕਾਈ ਦੀ ਸੇਵਾ ਲਈ, ਜ਼ੁਲਮ ਅਤੇ ਅਨਿਆਂ ਦੇ ਸ਼ਿਕਾਰ ਲੋਕਾਂ ਲਈ ਗੁਰੂ ਸਾਹਿਬਾਨ ਨੇ ਜਿਹੜਾ ਅਮਲੀ ਕੁਰਬਾਨੀ ਦਾ ਮਾਰਗ ਸਾਨੂੰ ਸਮਝਾਇਆ ਸੀ, ਜਿਸ ਮਾਰਗ ਨੂੰ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਤੇ ਹੋਰ ਹਜ਼ਾਰਾਂ ਗੁਰਸਿੱਖਾਂ ਨੇ ਧਰਮ ਯੁੱਧ ‘ਚ ਜੂਝਦਿਆਂ ਤੇ ਅਸਹਿ ਕਸਟ ਝਲਦਿਆਂ ਹੋਇਆਂ ਆਪਣੀਆਂ ਜਾਨਾਂ ਵਾਰ ਕੇ ਹੋਰ ਰੁਸ਼ਨਾਇਆ ਸੀ। ਅੱਜ ਉਕਤ ਗੁਰੂ- ਫ਼ਰਮਾਨ ਦੀ ਸੇਧ ‘ਚ ਪੂਰਨ ਸਮਰਪਣ ਦੇ ਰਾਹ ਤੁਰਨ ਦੀ ਡਾਢੀ ਲੋੜ ਹੈ।